Home / ਚੋਣਵੀ ਖਬਰ/ਲੇਖ / ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਹਰਿਆਣਾ ਵਿੱਚ ਦੂਜੀ ਵਾਰ ਹੋਈ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ

ਅੰਬਾਲਾ: ਹਰਿਆਣਾ ਵਿੱਚ ਦਸ ਦਿਨਾਂ ਵਿੱਚ ਦੂਜੀ ਵਾਰ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਦੀ ਘਟਨਾ ਵਾਪਰੀ ਹੈ।ਮੁਲਾਣਾ (ਅੰਬਾਲਾ) ਦੀ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਵਿੱਚ ਇੱਕ ਕਸ਼ਮੀਰੀ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਅਫ਼ਸੋਸਨਾਕ ਘਟਨਾ ਹੈ।

 
ਪਿਛਲੇ ਸਾਲ ਵੀ ਇਸ ਰਾਜ ਵਿੱਚ ਅਜਿਹੀਆਂ ਤਿੰਨ ਘਟਨਾਵਾਂ ਹੋਈਆਂ ਸਨ। ਇਨ੍ਹਾਂ ਤੋਂ ਜ਼ਾਹਿਰ ਹੈ ਕਿ ਕਸ਼ਮੀਰੀਆਂ ਖ਼ਿਲਾਫ਼ ਲੋਕ ਮਨਾਂ ਵਿੱਚ ਜ਼ਹਿਰ ਇਸ ਹੱਦ ਤਕ ਭਰਿਆ ਜਾ ਚੁੱਕਾ ਹੈ ਕਿ ਉਨ੍ਹਾਂ ਨੂੰ ਮੁੱਖ ਧਾਰਾ ਦਾ ਹਿੱਸਾ ਹੀ ਨਹੀਂ ਸਮਝਿਆ ਜਾਂਦਾ। ਐੱਮ.ਐੱਮ ਯੂਨੀਵਰਸਿਟੀ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਦਿਆਰਥੀ ਬੀਐੱਸਸੀ ਪਹਿਲੇ ਸਾਲ ਵਿੱਚ ਪੜ੍ਹਦਾ ਹੈ। ਉਸਦੀ ਪਲਵਲ ਤੋਂ ਆਏ ਬੀ. ਫਾਰਮਾ ਦੇ ਇੱਕ ਵਿਦਿਆਰਥੀ ਤੇ ਉਸਦੇ ਸਾਥੀਆਂ ਨੇ ਕੁੱਟਮਾਰ ਕੀਤੀ।

ਕੁਝ ਦਿਨ ਪਹਿਲਾਂ ਮਹਿੰਦਰਗੜ੍ਹ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਕਸ਼ਮੀਰੀ ਵਿਦਿਆਰਥੀ

ਹਮਲਾਵਰ ਵਿਦਿਆਰਥੀ ਨੂੰ ਭਾਵੇਂ ਯੂਨੀਵਰਸਿਟੀ ਨੇ ਹੁਣ ਮੁਅੱਤਲ ਕਰ ਦਿੱਤਾ ਹੈ, ਫਿਰ ਵੀ ਸਮੁੱਚੇ ਮਾਮਲੇ ਵਿੱਚ ਪਹਿਲਾਂ ਯੂਨੀਵਰਸਿਟੀ ਅਧਿਕਾਰੀਆਂ, ਅਤੇ ਫਿਰ ਪੁਲੀਸ ਦੀ ਭੂਮਿਕਾ ਗ਼ੈਰ-ਮੁਨਸਿਫ਼ਾਨਾ ਰਹੀ। ਪੁਲੀਸ ਦਾ ਦਾਅਵਾ ਹੈ ਕਿ ਕਸ਼ਮੀਰੀ ਵਿਦਿਆਰਥੀ ਨੇ ਇਹ ਲਿਖ ਕੇ ਦਿੱਤਾ ਸੀ ਕਿ ਉਹ ਕੁੱਟਮਾਰ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਚਾਹੁੰਦਾ। ਦੂਜੇ ਪਾਸੇ, ਕਸ਼ਮੀਰੀ ਵਿਦਿਆਰਥੀ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਹੱਦ ਤਕ ਡਰਾ ਦਿੱਤਾ ਗਿਆ ਹੈ ਕਿ ਉਸ ਨੇ ਕੋਈ ਪੁਲੀਸ ਕਾਰਵਾਈ ਨਾ ਕੀਤੇ ਜਾਣ ਸਬੰਧੀ ਕਾਗਜ਼ਾਤ ਉੱਤੇ ਸਹੀ ਪਾ ਦਿੱਤੀ।

 
ਕਸ਼ਮੀਰ ਨੂੰ ਭਾਰਤੀ ਸੰਘ ਦਾ ਅਟੁੱਟ ਹਿੱਸਾ ਦੱਸਣ ਦੇ ਬਾਵਜੂਦ ਕੁਝ ਲੋਕ ਕਸ਼ਮੀਰੀਆਂ ਨੂੰ ਬਹੁਤੀ ਵਾਰ ਆਪਣਿਆਂ ਵਾਂਗ ਨਹੀਂ ਦੇਖਦੇ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਜਾਂ ਉਨ੍ਹਾਂ ਦੀ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਆਮ ਹਨ। ਵਿਦਿਅਰਥੀਆਂ ਤੋਂ ਇਲਾਵਾ ਕਸ਼ਮੀਰੀ ਕਾਰੋਬਾਰੀਆਂ ਨੂੰ ਜਿੱਚ ਕੀਤੇ ਜਾਣ ਵਰਗਾ ਵਰਤਾਰਾ ਵੀ ਆਮ ਹੀ ਵਾਪਰਦਾ ਆ ਰਿਹਾ ਹੈ। ਇਹ ਸਿਰਫ਼ ਉੱਤਰੀ ਜਾਂ ਪੱਛਮੀ ਭਾਰਤ ਤਕ ਹੀ ਸੀਮਤ ਨਹੀਂ, ਧੁਰ ਦੱਖਣ ਤਕ ਫੈਲਿਆ ਹੋਇਆ ਹੈ।

 

 

ਇਹੀ ਵਜ੍ਹਾ ਹੈ ਕਿ ਬੰਗਲੁਰੂ ਤੇ ਕੋਇੰਬਟੂਰ ਵਿੱਚ ਕਸ਼ਮੀਰੀ ਕਾਰੋਬਾਰੀਆਂ ਨੂੰ ਮਾਰਨ-ਕੁੱਟਣ ਤੇ ਲੁੱਟਣ ਦੀਆਂ ਘਟਨਾਵਾਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਵਾਪਰੀਆਂ। ਸਾਨੂੰ ਸਭ ਨੂੰ ਪਤਾ ਹੈ ਕਿ ਕਸ਼ਮੀਰ ਵਾਦੀ ਦੇ ਹਾਲਾਤ ਪੁਰਅਮਨ ਨਾ ਹੋਣ ਅਤੇ ਗਭਰੇਟਾਂ ਦੇ ਇੰਤਹਾਪਸੰਦੀ ਦੇ ਪ੍ਰਭਾਵ ਹੇਠ ਆਉਣ ਦੇ ਖ਼ਦਸ਼ਿਆਂ ਤੇ ਖ਼ਤਰਿਆਂ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਦੂਰ-ਦਰਾਜ਼ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਲਈ ਭੇਜਦੇ ਆ ਰਹੇ ਹਨ। ਬਾਕੀ ਭਾਰਤੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਗਭਰੇਟਾਂ ਵਿੱਚ ਇਹ ਅਹਿਸਾਸ ਤਕ ਨਾ ਪਨਪਣ ਦੇਣ ਕਿ ਉਨ੍ਹਾਂ ਨੂੰ ਬੇਗ਼ਾਨੇ ਸਮਝਿਆ ਜਾਂਦਾ ਹੈ। ਪਰ ਹੁੰਦਾ ਇਸ ਤੋਂ ਉਲਟ ਹੈ।

 
ਉਨ੍ਹਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਹੋਸਟਲਾਂ ਦੇ ਕੁਝ ਸੀਮਤ ਜਿਹੇ ਕਮਰਿਆਂ ਤਕ ਮਹਿਦੂਦ ਕਰ ਦਿੱਤਾ ਜਾਂਦਾ ਹੈ। ਉਪਰੋਂ, ਉਨ੍ਹਾਂ ਦੀ ਹਰ ਸਰਗਰਮੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

 
ਮੁਲਾਣਾ ਜਾਂ ਗੁਰੂਗ੍ਰਾਮ ਵਰਗੀਆਂ ਘਟਨਾਵਾਂ ਪ੍ਰਤੀ ਪੁਲੀਸ ਤੇ ਸਿਵਿਲ ਪ੍ਰਸ਼ਾਸਨ ਦਾ ਰੁਖ਼ ਬਹੁਤ ਸੰਵੇਦਨਸ਼ੀਲ ਰਹਿਣਾ ਚਾਹੀਦਾ ਸੀ। ਉਨ੍ਹਾਂ ਨੇ ਸੰਵੇਦਨਸ਼ੀਲਤਾ ਨਹੀਂ ਦਿਖਾਈ। ਪਹਿਲਾਂ ਉੱਤਰ ਪੂਰਬੀ ਰਾਜਾਂ ਨਾਲ ਸਬੰਧਤ ਵਿਦਿਆਰਥੀਆਂ, ਖ਼ਾਸ ਕਰਕੇ ਮੁਟਿਆਰਾਂ ਨਾਲ ਜ਼ਿਆਦਤੀਆਂ ਦੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ ਸਨ। ਹੁਣ ਕਸ਼ਮੀਰੀ ਵਿਦਿਆਰਥੀ, ਹੁੱਲੜਬਾਜ਼ਾਂ ਦੇ ਨਿਸ਼ਾਨੇ ’ਤੇ ਜਾਪਦੇ ਹਨ।

ਟਿੱਪਣੀ ਕਰੋ:

About webmaster

Scroll To Top