Home / ਚੋਣਵੀ ਖਬਰ/ਲੇਖ / ਸ਼੍ਰੋਮਣੀ ਕਮੇਟੀ ਲੋੜਵੰਦਾਂ ਪਰਿਵਾਰਾਂ ਦੀ ਕੜੀਆਂ ਦੇ ਵਿਆਹਾਂ ਅਤੇ ਗਰੀਬ ਪਰਿਵਾਰਾਂ ਵਿੱਚ ਮੌਤ ਮੌਕੇ ਅਖੰਡ ਪਾਠ ਦੀ ਭੇਟਾ ਦੇਣ ਦਾ ਫ਼ੈਸਲਾ ਕੀਤਾ

ਸ਼੍ਰੋਮਣੀ ਕਮੇਟੀ ਲੋੜਵੰਦਾਂ ਪਰਿਵਾਰਾਂ ਦੀ ਕੜੀਆਂ ਦੇ ਵਿਆਹਾਂ ਅਤੇ ਗਰੀਬ ਪਰਿਵਾਰਾਂ ਵਿੱਚ ਮੌਤ ਮੌਕੇ ਅਖੰਡ ਪਾਠ ਦੀ ਭੇਟਾ ਦੇਣ ਦਾ ਫ਼ੈਸਲਾ ਕੀਤਾ

 

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਮੌਕੇ ਅਤੇ ਗਰੀਬ ਪਰਿਵਾਰਾਂ ਵਿੱਚ ਮੌਤ ਮੌਕੇ ਅਖੰਡ ਪਾਠ ਦੀ ਭੇਟਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅੱਜ ਧਰਮ ਪ੍ਰਚਾਰ ਕਮੇਟੀ ਦੀ ਕੁਰੂਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਮੌਕੇ ਅਖੰਡ ਪਾਠ ਦੀ ਭੇਟਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਗਰੀਬ ਸਿੱਖਾਂ ਦੀ ਮੌਤ ਸਮੇਂ ਵੀ ਅਖੰਡ ਪਾਠ ਦੀ ਭੇਟਾ ਸ਼੍ਰੋਮਣੀ ਕਮੇਟੀ ਦੇਵੇਗੀ।

ਕੁਰੂਕੇਸ਼ਤਰ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਦੇ ਹੋਏ ਗੋਬਿੰਦ ਸਿੰਘ ਲੌਂਗੋਵਾਲ।

ਸ਼੍ਰੋਮਣੀ ਕਮੇਟੀ ਵੱਲੋਂ ਗਰੀਬ ਬਸਤੀਆਂ ਅਤੇ ਸਰਹੱਦੀ ਖੇਤਰਾਂ ਵਿੱਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਡਾਕਟਰੀ ਸਹੂਲਤਾਂ ਵਾਲੀਆਂ ਵੈਨਾਂ ਭੇਜੀਆਂ ਜਾਣਗੀਆਂ, ਜਿਨ੍ਹਾਂ ਵਿੱਚ ਡਾਕਟਰ, ਸਰਾਫ਼ ਨਰਸ ਸਮੇਤ ਹੋਰ ਲੋੜੀਂਦਾ ਸਟਾਫ਼ ਅਤੇ ਲੋੜ ਅਨੁਸਾਰ ਦਵਾਈਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਫੈਸਲਿਆਂ ਸਬੰਧੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਇੱਕ ਮਹੀਨੇ ਮਗਰੋਂ ਇਹ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਲੋੜੀਂਦਾ ਬਜਟ ਵੀ ਅਗਾਮੀ ਬਜਟ ਵਿੱਚ ਰੱਖਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ 100 ਪ੍ਰਚਾਰਕ, 20 ਢਾਡੀ ਜਥੇ ਅਤੇ 10 ਕਵੀਸ਼ਰੀ ਜਥੇ ਹੋਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਚਾਰਕ ਜਥੇ ਸਥਾਨਕ ਪੱਧਰ ਤੋਂ ਹੀ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਗ੍ਰੰਥੀ ਸਿੰਘਾਂ ਦੀ ਸੰਥਿਆ ਕਰਵਾਉਣ ਲਈ ਕੈਂਪ ਲਾਏ ਜਾਣਗੇ ਅਤੇ ਇਨ੍ਹਾਂ ਕੈਂਪਾਂ ਦੀ ਸ਼ੁਰੂਆਤ ਤਖ਼ਤ ਸਾਹਿਬਾਨ ਤੋਂ ਹੋਵੇਗੀ।
ਗੁਰਬਾਣੀ ਦੀ ਸੰਥਿਆ ਸਫਲਤਾਪੂਰਵਕ ਲੈਣ ਵਾਲੇ ਗ੍ਰੰਥੀ ਸਿੰਘਾਂ ਨੂੰ ਸਤਿਕਾਰ ਵਜੋਂ 5100 ਰੁਪਏ, ਸਰਟੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ। ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਵੇਰੇ-ਸ਼ਾਮ ਕਥਾ ਕਰਨ ਵਾਲੇ ਗ੍ਰੰਥੀਆਂ ਨੂੰ 1100 ਰੁਪਏ ਸੇਵਾਫਲ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਪ੍ਰੰਤੂ ਇਸ ਲਈ ਗ੍ਰੰਥੀ ਸਿੰਘਾਂ ਨੂੰ ਇੱਕ ਟੈਸਟ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।
ਸ਼੍ਰੋਮਣੀ ਕਮੇਟੀ ਨੇ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਵਿੱਚ ਸਿੱਖ ਧਰਮ ਦਾ ਵਿਸ਼ਾ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਉਣ ਦਾ ਫੈਸਲਾ ਕੀਤਾ, ਜਿਸ ਤਹਿਤ ਹਰ ਸਕੂਲ ਕਾਲਜ ਵਿੱਚ ਧਾਰਮਿਕ ਅਧਿਆਪਕ ਅਤੇ ਲੈਕਚਰਾਰ ਭਰਤੀ ਕੀਤੇ ਜਾਣਗੇ।
ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਅਵਤਾਰ ਸਿੰਘ ਵਣਵਾਲਾ, ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਟਿੱਪਣੀ ਕਰੋ:

About webmaster

Scroll To Top