Home / ਚੋਣਵੀ ਖਬਰ/ਲੇਖ / ਕਤਲੇਆਮ ’84 ਤੇ ਇਨਸਾਫ਼

ਕਤਲੇਆਮ ’84 ਤੇ ਇਨਸਾਫ਼

ਬੇਗੁਨਾਹਾਂ ਦੇ ਖ਼ੂਨ ਦੇ ਦਾਗ਼ ਸਦੀਆਂ ਤਕ ਨਹੀਂ ਮਿਟਦੇ। ਨੋਬੇਲ ਪੁਰਸਕਾਰ ਜੇਤੂ ਲਾਤੀਨੀ ਅਮਰੀਕੀ ਲੇਖਕ ਮਾਰੀਓ ਵਰਗਸ ਲੋਸਾ ਦੇ ਇਹ ਸਤਰ ਸਾਡੇ ਮੁਲਕ ਦੀ ਕਾਂਗਰਸ ਪਾਰਟੀ ਉੱਤੇ ਪੂਰੀ ਢੁੱਕਦੀ ਹੈ। ਉਸ ਵੱਲੋਂ 1984 ਦੇ ਸਿੱਖ ਕਤਲੇਆਮ ਉੱਤੇ ਪਰਦਾਪੋਸ਼ੀ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤਕ ਨਾਕਾਮ ਰਹੀਆਂ ਹਨ। ਇਹ ਮੁੱਦਾ ਇਸ ਪਾਰਟੀ ਦੀ ਲੀਡਰਸ਼ਿਪ ਦੀ ਪਿਛਲੀ ਪੀੜ੍ਹੀ ਨੂੰ ਵੀ ਜਿੱਚ  ਕਰਦਾ ਰਿਹਾ ਸੀ ਅਤੇ ਮੌਜੂਦਾ ਪੀੜ੍ਹੀ ਦਾ ਵੀ ਓਨੀ ਦੇਰ ਤਕ ਪਿੱਛਾ ਨਹੀਂ ਛੱਡਣ ਵਾਲਾ ਜਦੋਂ ਤਕ ਕਤਲੇਆਮ ਨਾਲ ਜੁੜੇ ਪਾਰਟੀ ਆਗੂਆਂ ਨੂੰ ਢੁਕਵੀਂ ਸਜ਼ਾ ਨਹੀਂ ਮਿਲ ਜਾਂਦੀ।

ਸਿੱਖ ਨਸਲਕੁਸ਼ੀ, ਦਿੱਲੀ

ਅਜਿਹੇ ਇੱਕ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਮੁਹਿੰਮ ਨੇ ਅੱਜਕੱਲ੍ਹ ਜ਼ੋਰ ਫੜਿਆ ਹੋਇਆ ਹੈ। ਕਤਲੇਆਮ ਵਿੱਚ ਟਾਈਟਲਰ ਦੀ ਭੂਮਿਕਾ ਦਾ ਮਾਮਲਾ ਬੁੱਧਵਾਰ ਨੂੰ ਰਾਜ ਸਭਾ ਵਿੱਚ ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਉਠਾਇਆ। ਸ੍ਰੀ ਢੀਂਡਸਾ, ਜੋ ਅਕਾਲੀ ਦਲ ਦੇ ਸਕੱਤਰ ਜਨਰਲ ਵੀ ਹਨ, ਨੇ ਸਿਫ਼ਰ ਕਾਲ ਦੌਰਾਨ ਜਗਦੀਸ਼ ਟਾਈਟਲਰ ਖ਼ਿਲਾਫ਼ ਇੱਕ ਟੀ.ਵੀ. ਚੈਨਲ ਵੱਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਦੇ ਹਵਾਲੇ ਨਾਲ ਮੰਗ ਕੀਤੀ ਕਿ ਕਿਉਂਕਿ ਸਟਿੰਗ ਅਪਰੇਸ਼ਨ ਦੀ ਵੀਡੀਓ ਇਹ ਸੰਕੇਤ ਕਰਦੀ ਹੈ ਕਿ ਕਤਲੇਆਮ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਿ ਹਾਸਲ ਸੀ, ਇਸ ਲਈ ਵੀਡੀਓ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਕਤਲੇਆਮ-ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ।

 
ਜਿਸ ਵੀਡੀਓ ਦਾ ਸ੍ਰ ਢੀਂਡਸਾ ਨੇ ਹਵਾਲਾ ਦਿੱਤਾ, ਉਹ ਕੁਝ ਨਿਊਜ਼ ਚੈਨਲਾਂ ’ਤੇ ਦਿਖਾਈ ਜਾ ਚੁੱਕੀ ਹੈ। ਇਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਚਾਰ ਦਿਨ ਪਹਿਲਾਂ ਸਾਹਮਣੇ ਲਿਆਂਦਾ ਸੀ। ਜੀਕੇ ਦਾ ਦਾਅਵਾ ਸੀ ਕਿ ਸਟਿੰਗ ਅਪਰੇਸ਼ਨ 2011 ਵਿੱਚ ਕੀਤਾ ਗਿਆ ਸੀ। ਵੀਡੀਓ ਵਿੱਚ ਟਾਈਟਲਰ 100 ਸਿੱਖਾਂ ਦੇ ਕਤਲਾਂ ਦੀ ਗੱਲ ਕਥਿਤ ਤੌਰ ’ਤੇ ਕਬੂਲਦੇ ਹਨ ਅਤੇ ਇਹ ‘ਦਾਅਵਾ’ ਕਰਦੇ ਹਨ ਕਿ ਇੱਕ ‘ਫ਼ੋਕੀ’ ਜਾਂਚ ਪੜਤਾਲ ਤੋਂ ਇਲਾਵਾ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ। ਉਹ ਨਿਆਂਪਾਲਿਕਾ ਨਾਲ ਆਪਣੇ ‘ਸਬੰਧ’ ਹੋਣ ਦਾ ਦਾਅਵਾ ਕਰਦੇ ਵੀ ਦਿੱਸਦੇ ਹਨ।

 

ਟਾਈਟਲਰ ਦਾ ਪੱਖ ਹੈ ਕਿ ਇਹ ਵੀਡੀਓ ਜਾਅਲੀ ਹੈ। ਉਨ੍ਹਾਂ ਨੇ ਇਸ ‘ਜਾਅਲੀ’ ਵੀਡੀਓ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਹੈ। ਕਾਂਗਰਸ ਦੇ ਹੋਰ ਨੇਤਾਵਾਂ ਨੇ ਵੀ ਇਹ ਵੀਡੀਓ ਬਣਾਉਣ ਅਤੇ ਪ੍ਰਚਾਰਨ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਹੋਣ ਦੇ ਦੋਸ਼ ਲਾਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੱੁਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਆਪਣੀ ਤਕਰੀਰ ਦੌਰਾਨ   ਸਿੱਖ ਕਤਲੇਆਮ ਦਾ ਚਾਰ ਵਾਰ ਜ਼ਿਕਰ ਕਰਨ ਨੂੰ ਵੀਡੀਓ ਦੇ ਪ੍ਰਸਾਰਨ ਨਾਲ ਜੋੜ ਕੇ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ 2019 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੀ ਲਾਮਬੰਦੀ ਦਾ ਹਿੱਸਾ ਹੈ।

 
ਇਹ ਦੋਸ਼ ਸਹੀ ਹੈ ਕਿ 1984 ਦੇ ਕਤਲੇਆਮ ਪੀੜਤਾਂ ਦੇ ਜ਼ਖ਼ਮਾਂ ਤੇ ਜਜ਼ਬਿਆਂ ਨੂੰ ਭਾਜਪਾ, ਰਾਜਸੀ ਤੌਰ ’ਤੇ ਵਰਤਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਵਰਤੇਗੀ, ਪਰ ਕਾਂਗਰਸ ਨੂੰ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਉਸ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲਣ ਤਕ ਉਹ ਪਾਕ-ਦਾਮਨ ਧਿਰ ਵਜੋਂ ਨਹੀਂ ਵਿਚਰ ਸਕਦੀ। ਉਹ ਟਾਈਟਲਰ ਤੇ ਇੱਕ ਹੋਰ ਸੀਨੀਅਰ ਆਗੂ ਸੱਜਣ ਕੁਮਾਰ ਦੀ ਪੁਸ਼ਤਪਨਾਹੀ ਨਿਰੰਤਰ ਜਾਰੀ ਰੱਖ ਕੇ ਇਹ ਪ੍ਰਭਾਵ ਪੱਕਾ ਕਰਦੀ ਆਈ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਤੀ ਉਹ ਸੰਵੇਦਨਸ਼ੀਲ ਨਹੀਂ।

 

ਇਹ ਕੋਈ ਰਹੱਸ ਨਹੀਂ ਕਿ 1984 ਦੇ ਕਤਲੇਆਮ ਤੇ ਸਿੱਖਾਂ ਦੇ ਦਿੱਲੀ ਵਿੱਚੋਂ ਉਜਾੜੇ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਦਾ ਜ਼ੋਰ, ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਸਜ਼ਾਵਾਂ ਦਿਵਾਉਣ ’ਤੇ ਨਹੀਂ ਸਗੋਂ ਦੋਸ਼ੀਆਂ ਖ਼ਿਲਾਫ਼ ਸਬੂਤ ਮਿਟਾਉਣ ’ਤੇ ਰਿਹਾ। ਇਹੀ ਕਾਰਨ ਹੈ ਕਿ ਹੁਣ ਤਕ ਮਹਿਜ਼ 11 ਮੁਲਜ਼ਮਾਂ ਨੂੰ ਹੀ ਅਦਾਲਤਾਂ ਵੱਲੋਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਨਸਾਫ਼ ਦੀ ਉਡੀਕ ਸਾਢੇ ਤਿੰਨ ਦਹਾਕੇ ਲੰਮੀ ਹੋਣ ਕਾਰਨ ਪੀੜਤਾਂ ਦਾ ਸਬਰ ਵੀ ਜਵਾਬ ਦਿੰਦਾ ਜਾ ਰਿਹਾ ਹੈ। ਇਸਦਾ ਕਾਂਗਰਸ-ਵਿਰੋਧੀ ਧਿਰਾਂ ਵੱਲੋਂ ਰਾਜਸੀ ਲਾਭ ਲਿਆ ਜਾਣਾ ਸੁਭਾਵਿਕ ਹੀ ਹੈ।

ਟਿੱਪਣੀ ਕਰੋ:

About webmaster

Scroll To Top