Home / ਚੋਣਵੀ ਖਬਰ/ਲੇਖ / ਮੌੜ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰਾ ਸਰਸਾ ਦਾ ਹੱਥ: ਮੀਡੀਆ ਰਿਪੋਰਟ

ਮੌੜ ਬੰਬ ਧਮਾਕੇ ਵਿੱਚ ਸੌਦਾ ਸਾਧ ਡੇਰਾ ਸਰਸਾ ਦਾ ਹੱਥ: ਮੀਡੀਆ ਰਿਪੋਰਟ

 ਬੰਬ ਵਾਲੀ ਕਾਰ ਡੇਰੇ ਦੀ ਵਰਕਸ਼ਾਪ ‘ਚ ਹੋਈ ਸੀ ਤਿਆਰ

ਪੁਲਿਸ ਨੇ ਚਾਰ ਗਵਾਹਾਂ ਦੇ ਅਦਾਲਤ ‘ਚ ਦਿਵਾਏ ਬਿਆਨ •

 ਰਾਮ ਰਹੀਮ ਦੇ ਨੇੜਲੇ ਤਿੰਨ ਸ਼ਰਧਾਲੂ ਦੱਸੇ ਜਾਂਦੇ ਹਨ ਮੁੱਖ ਮੁਲਜ਼ਮ

ਜਲੰਧਰ: ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਲਸੇ ਦੌਰਾਨ ਮੌੜ ਵਿਖੇ ਹੋਏ ਬੰਬ ਧਮਾਕੇ ਪਿੱਛੇ ਸੋਦਾ ਸਾਧ ਡੇਰਾ ਸਰਸਾ ਦਾ ਹੱਥ ਹੋਣ ਦਾ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਦਾਅਵਾ ਕੀਤਾ ਹੈ। ਪੰਜਾਬੀ ਅਖਬਾਰ ਅਜੀਤ ਨੇ ਬਹੁਤ ਹੀ ਭਰੋਸੇਮੰਦ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਾਂਚ ਟੀਮ ਨੇ ਸਾਲ ਭਰ ਦੀ ਸਖ਼ਤ ਮਿਹਨਤ ਨਾਲ ਕੜੀ ਨਾਲ ਕੜੀ ਜੋੜਦਿਆਂ ਆਖਰ ਸਾਰੇ ਮਾਮਲੇ ਉੱਪਰੋਂ ਪਰਦਾ ਚੁੱਕ ਲਿਆ ਹੈ । ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਲੋਂ ਸਿਰਸਾ ਦੇ ਆਸ-ਪਾਸ ਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਡੇਰਾ ਸਿਰਸਾ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਸੀ । ਪਤਾ ਲੱਗਾ ਹੈ ਕਿ ਫੜੇ ਗਏ ਅਜਿਹੇ ਵਿਅਕਤੀਆਂ ਨੇ ਹੀ ਅੱਗੋਂ ਕੜੀਆਂ ਜੋੜਨ ਲਈ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ ।

ਪੰਜਾਬ ਪੁਲਿਸ ਲਈ ਇਸ ਕੇਸ ਦਾ ਸੁਰਾਗ ਲਗਾਉਣਾ ਵੀ ਵੱਡਾ ਵੱਕਾਰ ਦਾ ਸੁਆਲ ਬਣਿਆ ਹੋਇਆ ਸੀ । ਸਰਕਾਰ ਨੇ ਇਸ ਮਾਮਲੇ ਦੀ ਤਫ਼ਤੀਸ਼ ਲਈ ਬਠਿੰਡਾ ਦੇ ਸਾਬਕਾ ਡੀ. ਆਈ. ਜੀ. ਤੇ ਅੱਜਕਲ੍ਹ ਕਾਊਾਟਰ ਇੰਟੈਲੀਜੈਂਸ ਪਟਿਆਲਾ ਵਿਖੇ ਡੀ. ਆਈ. ਜੀ. ਵਜੋਂ ਤਾਇਨਾਤ ਸ: ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਸੌ ਾਪੀ ਹੋਈ ਸੀ ।

 

ਅਖਬਾਰ ਮੁਤਾਬਿਕ ਪੁਲਿਸ ਨੇ ਇਸ ਵਾਰ ਤਫ਼ਤੀਸ਼ ਤੇ ਕਾਰਵਾਈ ਕਰਨ ਦਾ ਵੱਖਰਾ ਹੀ ਰਸਤਾ ਅਖ਼ਤਿਆਰ ਕੀਤਾ ਹੈ । ਪਤਾ ਲੱਗਾ ਹੈ ਕਿ ਪੁਲਿਸ ਜਾਂਚ ਟੀਮ ਨੇ ਛੋਟੇ-ਮੋਟੇ ਢੰਗ ਨਾਲ ਬੰਬ ਧਮਾਕੇ ‘ਚ ਸ਼ਾਮਿਲ ਹੋਣ ਵਾਲਿਆਂ ਨੂੰ ਮੁਕੱਦਮੇ ਵਿਚ ਸ਼ਾਮਿਲ ਕਰਨ ਦੀ ਬਜਾਏ, ਉਨ੍ਹਾਂ ਨੂੰ ਗਵਾਹ ਵਜੋਂ ਭੁਗਤਾਉਣ ਦਾ ਰਸਤਾ ਅਖ਼ਤਿਆਰ ਕੀਤਾ ਹੈ । ਪੰਜਾਬ ਅੰਦਰ ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਕਿਸੇ ਵੱਡੇ ਮਾਮਲੇ ‘ਚ ਜੁੜੇ ਛੋਟੇ ਮੁਲਜ਼ਮਾਂ ਨੂੰ ਮੁਲਜ਼ਮ ਦੀ ਥਾਂ ਗਵਾਹ ਬਣਾਉਣ ਦਾ ਫ਼ੈਸਲਾ ਕੀਤਾ ਹੈ ।

 

ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿਚ ਅੱਜ ਅਜਿਹੇ ਚਾਰ ਵਿਅਕਤੀਆਂ ਦੀ ਤਲਵੰਡੀ ਸਾਬੋ ਦੀ ਅਦਾਲਤ ਵਿਚ ਦਫ਼ਾ 164 ਅਧੀਨ ਗਵਾਹੀ ਦਰਜ ਕਰਵਾਈ ਗਈ ਹੈ । ਇਸ ਮੌਕੇ ਖਟੜਾ ਤੋਂ ਇਲਾਵਾ ਜਾਂਚ ਟੀਮ ‘ਚ ਸ਼ਾਮਿਲ ਐਸ. ਪੀ. ਸ: ਰਾਜਿੰਦਰ ਸਿੰਘ ਸੋਹਲ ਤੇ ਇੰਸਪੈਕਟਰ ਦਲਵੀਰ ਸਿੰਘ ਵੀ ਹਾਜ਼ਰ ਸਨ ।

 
ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੰਬ ਧਮਾਕੇ ਦੀ ਸਾਰੀ ਯੋਜਨਾ ਤੇ ਤਿਆਰੀ ਡੇਰਾ ਸਿਰਸਾ ਵਿਖੇ ਹੋਈ ਸੀ । ਜਾਂਚ ਟੀਮ ਦੇ ਮੁਖੀ ਸ: ਖਟੜਾ ਨੇ ਵਿਸਥਾਰ ਦੇਣ ਦੀ ਬਜਾਏ ਇਹ ਗੱਲ ਪ੍ਰਵਾਨ ਕੀਤੀ ਕਿ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ‘ਚੋਂ ਹੀ ਨਿਕਲੀ ਹੈ ।

 

ਅਖਬਾਰ ਨੇ ਅੱਗੇ ਲਿਖਿਆ ਕਿ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਸਿਰਸਾ ਦੇ ਅੰਦਰ ਕਾਰਾਂ ਲਈ ਦੋ ਵਰਕਸ਼ਾਪਾਂ ਹਨ । ਇਕ ਵਰਕਸ਼ਾਪ ਡੇਰੇ ਦੀ ਅੰਦਰਲੀ ਹੈ ਜਿਥੇ ਸਿਰਫ਼ ਡੇਰਾ ਮੁਖੀ ਦੀਆਂ ਗੱਡੀਆਂ ਜਾਂ ਉਨ੍ਹਾਂ ਦੇ ਕਹਿਣ ‘ਤੇ ਆਉਣ ਵਾਲੀਆਂ ਗੱਡੀਆਂ ਦੀ ਹੀ ਮੁਰੰਮਤ ਹੁੰਦੀ ਸੀ । ਦੂਜੀ ਵਰਕਸ਼ਾਪ ਆਮ ਲੋਕਾਂ ਵਾਲੀ ਸੀ । ਪਤਾ ਲੱਗਾ ਹੈ ਧਮਾਕੇ ਲਈ ਵਰਤੀ ਗਈ ਮਾਰੂਤੀ ਕਾਰ ਡੇਰੇ ਅੰਦਰਲੀ ਵਰਕਸ਼ਾਪ ਵਿਚ ਹੀ ਤਿਆਰ ਕੀਤੀ ਗਈ ਸੀ ਤੇ ਇਸ ‘ਚ ਰੱਖੀ ਗਈ ਧਮਾਕਾ ਕਰਨ ਵਾਲੀ ਬੈਟਰੀ ਸਿਰਸਾ ਦੀ ਅਪੋਲੋ ਬੈਟਰੀਆਂ ਵਾਲੀ ਇਕ ਦੁਕਾਨ ਤੋਂ ਖਰੀਦੀ ਗਈ ਸੀ ।

 

ਇਹ ਵੀ ਪਤਾ ਲੱਗਾ ਹੈ ਕਿ ਅਪੋਲੋ ਬੈਟਰੀਆਂ ਦੀ ਦੁਕਾਨ ਦੇ ਮਾਲਕ ਨੇ ਜਾਂਚ ਟੀਮ ਨੂੰ ਦੱ ਸਿਆ ਕਿ ਡੇਰਾ ਮੁਖੀ ਦਾ ਇਕ ਖਾਸ ਚੇਲਾ ਜੋ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹੈ, ਬੈਟਰੀ ਖਰੀਦ ਕੇ ਲੈ ਗਿਆ ਸੀ । ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਮੁੱਖ ਮੁਲਜ਼ਮਾਂ ਵਜੋਂ ਤਿੰਨ ਜਣਿਆਂ ਦੀ ਪਛਾਣ ਕੀਤੀ ਹੈ । ਇਨ੍ਹਾਂ ਤਿੰਨਾਂ ਵਿਚ ਡੇਰਾ ਮੁਖੀ ਦੇ ਮਾਨਸਾ ਜ਼ਿਲ੍ਹੇ ਦੇ ਖਾਸ ਬੰਦੇ ਤੋਂ ਇਲਾਵਾ ਇਕ ਡੱਬਵਾਲੀ ਤੇ ਤੀਜਾ ਗੂਹਲਾ ਚੀਕਾ ਖੇਤਰ ਦਾ ਰਹਿਣਾ ਵਾਲਾ ਹੈ ਤੇ ਇਹ ਤਿੰਨੋਂ ਜਣੇ ਫਰਾਰ ਦੱਸੇ ਜਾਂਦੇ ਹਨ ।

 
ਸੂਤਰਾਂ ਮੁਤਾਬਿਕ ਤਲਵੰਡੀ ਸਾਬੋ ਅਦਾਲਤ ‘ਚ ਗਵਾਹ ਦੇ ਤੌਰ ‘ਤੇ ਬਿਆਨ ਰਿਕਾਰਡ ਕਰਵਾਉਣ ਵਾਲੇ ਚਾਰੇ ਜਣੇ ਹਰਿਆਣਾ ਦੇ ਵਾਸੀ ਹਨ ਤੇ ਬੀਤੇ ਦਿਨ ਥਾਣਾ ਮੌੜ ਵਿਖੇ ਉਨ੍ਹਾਂ ਨੇ ਬੰਬ ਧਮਾਕੇ ‘ਚ ਵਰਤੀ ਕਾਰ ਦੀ ਸ਼ਨਾਖਤ ਵੀ ਕੀਤੀ ਹੈ ।

 

ਐਸ. ਐਸ. ਪੀ. ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਸੰਪਰਕ ਕਰਨ ‘ਤੇ ਪੁਸ਼ਟੀ ਕੀਤੀ ਕਿ ਵਿਸ਼ੇਸ਼ ਜਾਂਚ ਟੀਮ ਮੌੜ ਥਾਣੇ ਆਈ ਸੀ ਤੇ ਤਫਤੀਸ਼ ਵੀ ਕਰ ਕੇ ਗਈ ਹੈ । ਪਤਾ ਲੱਗਾ ਹੈ ਕਿ ਗਵਾਹ ਵਜੋਂ ਬਿਆਨ ਰਿਕਾਰਡ ਕਰਵਾਉਣ ‘ਚ ਵਰਕਸ਼ਾਪ ਦਾ ਪੇਂਟਰ, ਮਕੈਨਿਕ ਅਤੇ ਆਟੋ ਪਾਰਟਸ ਸਪਲਾਈ ਕਰਨ ਵਾਲਾ ਵਿਅਕਤੀ ਵੀ ਸ਼ਾਮਿਲ ਹੈ । ਪੇਂਟਰ ਨੇ ਹੀ ਦੱ ਸਿਆ ਕਿ ਲਾਲ ਰੰਗ ਦੀ ਮਾਰੂਤੀ ਨੂੰ ਉਨ੍ਹਾਂ ਚਿੱਟਾ ਰੰਗ ਪੇਂਟ ਕੀਤਾ ਸੀ । ਮੌੜ ਥਾਣੇ ਵਿਚ ਉਪਨ ਖੜ੍ਹੀ ਕਾਰ ਦੀ ਸ਼ਨਾਖਤ ਵੀ ਕੀਤੀ ।

 

ਪਤਾ ਲੱਗਾ ਹੈ ਕਿ ਡੱਬਵਾਲੀ ਨੇੜਲੇ ਪਿੰਡ ਅਲੀਕੇ ਦੇ ਕਾਲਾ ਨਾਂਅ ਦੇ ਵਿਅਕਤੀ ਦਾ ਨਾਂਅ ਸਾਹਮਣੇ ਆ ਰਿਹਾ ਹੈ । ਜੋ ਕਾਰ ਵਰਕਸ਼ਾਪ ‘ਚ ਲੈ ਕੇ ਆਇਆ ਤੇ ਫਿਰ ਰੰਗ ਵਗੈਰਾ ਬਦਲ ਕੇ ਬੈਟਰੀ ਰੱਖੀ ਗਈ । ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਾਲੇ ਦੀ ਗਿ੍ਫ਼ਤਾਰੀ ਨਾਲ ਹੀ ਪਤਾ ਲੱਗੇਗਾ ਕਿ ਇਹ ਕਾਰ ਕਿਸ ਦੇ ਕਹਿਣ ਉੱਪਰ ਡੇਰੇ ‘ਚ ਆਈ ਤੇ ਕਿਸ ਦੇ ਹੁਕਮ ਨਾਲ ਅੱਗੋਂ ਸਾਰੀ ਤਿਆਰ ਹੋਈ ।
ਰਾਮ ਰਹੀਮ ਤੇ ਹਨੀਪ੍ਰੀਤ ਵੀ ਸ਼ਾਮਿਲ ਕੀਤੇ ਜਾ ਸਕਦੇ ਨੇ ਜਾਂਚ ‘ਚ
ਗੁਰਮੀਤ ਰਾਮ ਰਹੀਮ ਅਤੇ ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਦੋਸ਼ ਜੇਲ੍ਹ ‘ਚ ਬੰਦ ਹਨੀਪ੍ਰੀਤ ਦੀਆਂ ਵੀ ਮੁਸ਼ਕਿਲਾਂ ਵਧ ਸਕਦੀਆਂ ਹਨ ਤੇ ਉਨ੍ਹਾਂ ਦੋਵਾਂ ਨੂੰ ਵੀ ਬੰਬ ਧਮਾਕੇ ਦੀ ਸਾਜਿਸ਼ ਹੇਠ ਜਾਂਚ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ । ਜਾਂਚ ਟੀਮ ਦੇ ਹਵਾਲੇ ਮੁਤਾਬਿਕ ਬੰਬ ਧਮਾਕੇ ਦੀ ਤਿਆਰੀ ਡੇਰਾ ਸਿਰਸਾ ਵਿਖੇ ਹੋਣ ਕਾਰਨ ਇਹ ਬੜਾ ਸੰਗੀਨ ਮਾਮਲਾ ਹੈ ਤੇ ਦੋਵਾਂ ਦੀ ਪੁੱਛ-ਪੜਤਾਲ ਹੋਣੀ ਕੁਦਰਤੀ ਹੈ । ਗੁਰਮੀਤ ਰਾਮ ਰਹੀਮ ਨੂੰ ਅਗਸਤ ਮਹੀਨੇ ਸਜ਼ਾ ਸੁਣਾਈ ਗਈ ਤੇ ਜੇਲ੍ਹ ਭੇਜਿਆ ਸੀ । ਬੰਬ ਧਮਾਕੇ ਸਮੇਂ ਉਹ ਡੇਰੇ ਵਿਚ ਹੀ ਸਨ ।

ਜ਼ਿਕਰਯੋਗ ਹੈ ਕਿ ਮੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ: ਹਰਮਿੰਦਰ ਸਿੰਘ ਜੱਸੀ ਸਨ ਜੋ ਡੇਰਾ ਸਿਰਸਾ ਦੇ ਮੁਖੀ ਤੇ ਜਬਰ-ਜਨਾਹ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਕੁੜਮ ਹਨ । 31 ਜਨਵਰੀ 2017 ਦੀ ਸ਼ਾਮ ਨੂੰ ਬਠਿੰਡਾ ਜ਼ਿਲ੍ਹੇ ‘ਚ ਪੈਂਦੇ ਮੌੜ ਕਸਬੇ ‘ਚ ਜਦ ਸ: ਹਰਮਿੰਦਰ ਸਿੰਘ ਜੱਸੀ ਰੈਲੀ ‘ਚ ਬੋਲ ਰਹੇ ਸਨ ਤਾਂ ਉਸ ਸਮੇਂ ਸਟੇਜ ਦੇ ਨਜ਼ਦੀਕ ਕਾਰ ਬੰਬ ਫਟਿਆ ਸੀ ਜਿਸ ਵਿਚ 7 ਜਣਿਆਂ ਦੀ ਮੌਤ ਹੋ ਗਈ ਸੀ ਤੇ 12 ਵਿਅਕਤੀ ਜ਼ਖ਼ਮੀ ਹੋ ਗਏ ਸਨ ।

ਟਿੱਪਣੀ ਕਰੋ:

About webmaster

Scroll To Top