Home / ਚੋਣਵੀ ਖਬਰ/ਲੇਖ / ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਕੁੱਟਮਾਰ ਦਾ ਸ਼ਿਕਾਰ ਕਸ਼ਮੀਰੀ ਵਿਦਿਆਰਥੀ ਨੇ ਕਿਹਾ: ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਮਿਹਣੇ ਸਹਿਣੇ ਪੈਂਦੇ ਹਨ

ਚੰਡੀਗੜ੍ਹ: ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਹੋਏ ਹਮਲੇ ਨੇ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਬਹੁ-ਗਿਣਤੀ ਦੇ ਦਬਦਬੇ ਅਤੇ ਘੱਟ ਗਿਣਤੀਆਂ ਦੀ ਤਰਸਯੋਗ ਹਾਲਤ ਨੂੰ ਮੁੜ ਇੱਕ ਵਾਰ ਸਾਹਮਣੇ ਲਿਆਦਾ ਹੈ। ਹਰਿਆਣਾ ਸੈਂਟਰਲ ਯੂਨੀਵਰਸਿਟੀ ਦੇ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸ਼ੁੱਕਰਵਾਰ ਦੀ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।

 

ਹਮਲੇ ਵਿੱਚ ਫੱਟੜ ਹੋਏ ਆਫ਼ਤਾਬ ਅਹਿਮਦ ਨੇ ਆਪਣੀ ਹੱਡਬੀਤੀ ਸੁਣਾਦਿਆਂ ਦੱਸਿਆ, “ਮੈਂ ਜੁੱਮੇਂ ਦੀ ਨਮਾਜ਼ ਪੜ੍ਹਨ ਲਈ ਤਿਆਰ ਹੋ ਕੇ ਮਸਜਿਦ ਗਿਆ ਸੀ। ਮੇਰੇ ਦਾੜੀ ਹੈ ਤੇ ਮੇਰੇ ਸਿਰ ‘ਤੇ ਟੋਪੀ ਵੀ ਸੀ। ਮੈਂ ਕੁਰਤਾ ਪਜਾਮਾ ਪਾਇਆ ਹੋਇਆ ਸੀ।”


ਆਫ਼ਤਾਬ ਦਾ ਇਲਜ਼ਾਮ ਹੈ ਕਿ ਹਮਲਾਵਰ ਇੱਕ ਦਰਜਨ ਤੋਂ ਵੱਧ ਸਨ ਤੇ ਉਨ੍ਹਾਂ ਨੇ ਮਸਜਿਦ ‘ਚੋਂ ਨਿਕਲਦਿਆਂ ਹੀ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬੇਵਜਾ ਕੁੱਟਿਆ ਗਿਆ।

 
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦਾ ਕੁਝ ਦੇਰ ਪਹਿਲਾਂ ਉੱਤਰ ਪ੍ਰਦੇਸ਼ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਕਰਕੇ ਉਨ੍ਹਾਂ ਨੇ ਕਸ਼ਮੀਰੀ ਵਿਦਿਆਰਥੀ ਨੂੰ ਉਨ੍ਹਾਂ ਦਾ ਹੀ ਹਮਾਇਤੀ ਸਮਝ ਕੇ ਉਸ ਉੱਪਰ ਹਮਲਾ ਕਰ ਦਿੱਤਾ।ਹਾਲਾਂਕਿ ਆਫ਼ਤਾਬ ਨੂੰ ਪੁਲਿਸ ਦੀ ਇਹ ਸਫ਼ਾਈ ਹਜਮ ਨਹੀਂ ਹੋ ਰਹੀ।

 
ਆਫ਼ਤਾਬ ਨੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੂੰ ਦੱਸਿਆ, “ਉਹ ਮੈਨੂੰ ਕੁੱਟ ਰਹੇ ਸਨ ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਮੇਰਾ ਕਸੂਰ ਕੀ ਹੈ। ਮੈਂ ਆਖ਼ਰ ਕੀਤਾ ਕੀ ਹੈ ਜੋ ਤੁਸੀਂ ਮੈਨੂੰ ਕੁੱਟ ਰਹੇ ਹੋ।ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਮੈਂ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ।”

 
ਆਫ਼ਤਾਬ ਦਸਦੇ ਹਨ, “ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਮੈਂ ਬੇਹੋਸ਼ ਹੋ ਗਿਆ ਸੀ। ਕਈ ਲੋਕ ਦੇਖ ਰਹੇ ਸਨ ਪਰ ਕੋਈ ਮਦਦ ਲਈ ਅੱਗੇ ਨਹੀਂ ਆਇਆ।”

 
ਆਫ਼ਤਾਬ ਨੇ ਹੋਰ ਦੱਸਿਆ, “ਮੈਂ ਨਹੀਂ ਜਾਣਦਾ ਕਿ ਹਮਲਾਵਰ ਕੌਣ ਸਨ, ਉਹਨਾਂ ਨੇ ਮੇਰੇ ਤੇ ਹਮਲਾ ਕਿਉਂ ਕੀਤਾ ਪਰ ਮੈਂ ਇਸ ਤੋਂ ਮਗਰੋਂ ਡਰਿਆ ਹੋਇਆ ਹਾਂ। ਪੜ੍ਹਾਈ ਪੂਰੀ ਕਰਨਾ ਮੁਸ਼ਕਿਲ ਹੋਵੇਗਾ।”

 
ਹਰਿਆਣਾ ਸੈਂਟਰਲ ਯੂਨੀਵਰਸਿਟੀ ਵਿੱਚ ਭੂਗੋਲ ਵਿੱਚ ਐਮਐਸਸੀ ਕਰ ਰਹੇ ਆਫ਼ਤਾਬ ਕਹਿੰਦੇ ਹਨ ਕਿ ਜਦੋਂ ਉਹ ਇੱਥੇ ਪੜ੍ਹਨ ਆਏ ਸਨ ਤਾਂ ਉਹਨਾਂ ਦੇ ਮਨ ਵਿੱਚ ਡਰ ਸੀ ਪਰ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਹਮਲਾ ਹੋ ਜਾਵੇਗਾ।

 
ਆਫ਼ਤਾਬ ਕਹਿੰਦੇ ਹਨ, “ਕਸ਼ਮੀਰੀ ਹੋਣ ਕਰਕੇ ਸਾਨੂੰ ਕਈ ਤਰ੍ਹਾਂ ਦੇ ਸਵਾਲਾਂ ਅਤੇ ਮਿਹਣਿਆਂ ਦਾ ਸਹਿਣੇ ਪੈਂਦੇ ਹਨ ਪਰ ਅਸੀਂ ਕਦੇ ਜਵਾਬ ਨਹੀਂ ਦਿੰਦੇ। ਹੁਣ ਅਣਜਾਣ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹਨਾਂ ਨੇ ਜਾਨੀ ਹਮਲਾ ਕੀਤਾ ਹੈ। ਇਹ ਇੱਕ ਸੋਚਿਆ ਸਮਝਿਆ ਹਮਲਾ ਸੀ।”

 

ਪੁਲਿਸ ਦੀ ਸਫਾਈ
ਪੁਲਿਸ ਦਾ ਕਹਿਣਾ ਹੈ ਕਿ ਹਮਲਾ ਸੜਕ ‘ਤੇ ਹੋਏ ਇੱਕ ਝਗੜੇ ਨੂੰ ਲੈ ਕੇ ਹੋਇਆ ਸੀ ਤੇ ਤਿੰਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸਪੀ ਨਾਰਨੌਲ ਕਮਲਦੀਪ ਗੋਇਲ ਨੇ ਬੀਬੀਸੀ ਨੂੰ ਦੱਸਿਆ, “ਸ਼ੁੱਕਰਵਾਰ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਮੋਟਰਸਾਈਕਲਾਂ ਦੀ ਟੱਕਰ ਨੂੰ ਲੈ ਕੇ ਪੰਜ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਮਗਰੋਂ ਮੋਟਰਸਾਈਕਲ ਵਾਲੇ ਨੌਜਵਾਨ ਕੁਝ ਹੋਰ ਮੁੰਡਿਆਂ ਨੂੰ ਲੈ ਕੇ ਪਰਤੇ।”

 
ਪੁਲਿਸ ਮੁਤਾਬਕ ਫੜ੍ਹੇ ਗਏ ਤਿੰਨੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੋਵਾਂ ਕਸ਼ਮੀਰੀ ਮੁੰਡਿਆਂ ਨੂੰ ਪੰਜ ਮੁੰਡਿਆਂ ਨਾਲ ਖੜ੍ਹੇ ਦੇਖਿਆ ਸੀ।
ਇਸ ਲਈ ਉਹਨਾਂ ਨੇ ਇਨ੍ਹਾਂ ਤਿੰਨਾਂ ਨੂੰ ਉਹਨਾਂ ਦੇ ਸਾਥੀ ਸਮਝ ਕੇ ਕੁੱਟਿਆ। ਫੱਟੜ ਹੋਏ ਵਿਦਿਆਰਥੀ ਉਸ ਸਮੇਂ ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ।ਕਮਲਦੀਪ ਗੋਇਲ ਨੇ ਦੱਸਿਆ ਕਿ ਕੁੱਲ ਛੇ ਹਮਲਾਵਰਾਂ ਦੀ ਪਛਾਣ ਹੋਈ ਹੈ ਤੇ ਬਾਕੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਜਾਰੀ ਹੈ।

 
ਉਮਰ ਅਬਦੁੱਲਾ ਤੋਂ ਮੰਗੀ ਮਦਦ

ਆਫ਼ਤਾਬ ਅਤੇ ਉਹਨਾਂ ਨਾਲ ਫੱਟੜ ਹੋਏ ਅਮਜ਼ਦ ਅਲੀ ਹਾਲੇ ਹੋਸਟਲ ਵਿੱਚ ਹੀ ਹਨ। ਆਫ਼ਤਾਬ ਕਹਿੰਦੇ ਹਨ ਕਿ ਉਹਨਾਂ ਨੇ ਟਵੀਟ ਦੇ ਜ਼ਰੀਏ ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੂੰ ਘਟਨਾ ਬਾਰੇ ਦੱਸਿਆ ਹੈ।

 

‘ਜਾਵੇਦ ਇਕਬਾਲ ਜਗਲ’ ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੁੱਕਰਵਾਰ ਰਾਤ ਨੂੰ ਕੀਤੇ ਗਏ ਟਵੀਟ ਵਿੱਚ ਫੱਟੜ ਆਫ਼ਤਾਬ ਦੀਆਂ ਤਸਵੀਰਾਂ ਨਾਲ ਲਿਖਿਆ ਗਿਆ ਸੀ, “ਸਰ, ਅਸੀਂ ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ ਦੇ ਵਿਦਿਆਰਥੀ ਹਾਂ। ਅਸੀਂ ਕੈਂਪਸ ਤੋਂ ਬਾਹਰ ਨਮਾਜ਼ ਪੜ੍ਹਨ ਲਈ ਗਏ ਸੀ ਅਤੇ ਕੁਝ ਸਥਾਨਕ ਗੁੰਡਿਆਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ।”

 
ਇਸ ਮਗਰੋਂ ਉਮਰ ਨੇ ਟਵੀਟ ਕਰਕੇ ਜਵਾਬ ਦਿੱਤਾ, “ਇਹ ਭਿਆਨਕ ਹੈ ਅਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਜੋ ਕਿਹਾ ਸੀ ਉਸ ਭਾਵਨਾ ਦੇ ਖਿਲਾਫ਼ ਹੈ। ਮੈਨੂੰ ਉਮੀਦ ਹੈ ਕਿ ਹਰਿਆਣਾ ਪ੍ਰਸ਼ਾਸਨ ਜਲਦ ਹੀ ਹਿੰਸਾ ਦੇ ਖਿਲਾਫ਼ ਕਦਮ ਚੁੱਕੇਗਾ।”

 
ਜੰਮੂ ਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਇਸ ਬਾਰੇ ਤੁਰੰਤ ਪ੍ਰਤੀਕਿਰਿਆ ਦਿੱਤੀ।ਉਹਨਾਂ ਨੇ ਟਵੀਟ ਕੀਤਾ, “ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲੇ ਦੀ ਰਿਪੋਰਟ ਸੁਣ ਕੇ ਹੈਰਾਨ ਤੇ ਪਰੇਸ਼ਾਨ ਹਾਂ। ਮੈਂ ਅਧਿਕਾਰੀਆਂ ਨੂੰ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰਦੀ ਹਾਂ।”

 
ਮਹਿਬੂਬਾ ਮੁਫ਼ਤੀ ਦੇ ਟਵੀਟ ਦਾ ਜਵਾਬ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਿਖਿਆ ਹੈ ਕਿ ਮੁਲਰਮਾਂ ਨੂੰ ਸਜ਼ਾ ਜਰੂਰ ਹੋਵੇਗੀ।

 
ਉਹਨਾਂ ਨੇ ਲਿਖਿਆ, “ਮਾਮਲਾ ਬਾਈਕ ਦੀ ਟੱਕਰ ਵਰਗੀ ਛੋਟੀ ਘਟਨਾ ਤੋਂ ਸ਼ੁਰੂ ਹੋਇਆ। ਤਿੰਨ ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।”

ਟਿੱਪਣੀ ਕਰੋ:

About webmaster

Scroll To Top