Home / ਚੋਣਵੀ ਖਬਰ/ਲੇਖ / ਕਰਜ਼ੇ ਦਾ ਬੋਝ: ਖੁਦਕੁਸ਼ੀਆਂ ਕਰਨ ਵਾਲੇ ਮਜ਼ਦੂਰਾਂ ਵਿੱਚ 12 ਫੀਸਦੀ ਬੀਬੀਆਂ : ਰਿਪੋਰਟ

ਕਰਜ਼ੇ ਦਾ ਬੋਝ: ਖੁਦਕੁਸ਼ੀਆਂ ਕਰਨ ਵਾਲੇ ਮਜ਼ਦੂਰਾਂ ਵਿੱਚ 12 ਫੀਸਦੀ ਬੀਬੀਆਂ : ਰਿਪੋਰਟ

-ਹਰਮਨਦੀਪ ਸਿੰਘ

ਪੰਜਾਬ ’ਚ ਕਿਰਸਾਨੀ ਸੰਕਟ ਏਨੇ ਨਾਜ਼ੁਕ ਦੌਰ ਵਿੱਚ ਪਹੁੰਚ ਗਿਆ ਹੈ ਕਿ ਕਰਜ਼ੇ ਦੀ ਪੰਡ ਥੱਲੇ ਸੁਆਣੀਆਂ ਦੇ ਵੀ ਸਾਹ ਮੁੱਕਣ ਲੱਗੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈ਼ਸਰ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਸਰਵੇਖਣ ਤੋਂ ਖੁਲਾਸਾ ਹੋਇਆ ਹੈ ਕਿ ਪਿਛਲੇ ਡੇਢ ਦਹਾਕੇ ਵਿੱਚ ਕਰਜ਼ੇ ਦੇ ਬੋਝ ਨੇ ਸਿਰਫ਼ ਪੁਰਸ਼ਾਂ ਦੀ ਹੀ ਨਹੀਂ ਸਗੋਂ ਵੱਡੀ ਗਿਣਤੀ ਔਰਤਾਂ ਦੀ ਵੀ ਜਾਨ ਲਈ ਹੈ। ਪ੍ਰੋ. ਸੁਖਪਾਲ ਸਿੰਘ ਨੇ ਦੱਸਿਆ ਕਿ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਔਰਤਾਂ ਤੋਂ ਵੱਧ ਮਜ਼ਦੂਰ ਔਰਤਾਂ ਖੁਦਕੁਸ਼ੀ ਕਰਦੀਆਂ ਹਨ।

ਸਾਲ 2000 ਤੋਂ 2015 ਤੱਕ ਹੋਈਆਂ ਮਜ਼ਦੂਰ ਖੁਦਕੁਸ਼ੀਆਂ ਵਿੱਚੋਂ 12 ਫ਼ੀਸਦੀ ਖੁਦਕੁਸ਼ੀਆਂ ਮਜ਼ਦੂਰ ਪਰਿਵਾਰ ਦੀਆਂ ਔਰਤਾਂ ਨੇ ਕੀਤੀਆਂ ਹਨ। ਪ੍ਰੋ. ਸੁਖਪਾਲ ਸਿੰਘ ਅੱਜ ਇੱਥੇ ਕਲਾ ਭਵਨ ਵਿੱਚ ਚੱਲ ਰਹੇ ‘ਡਾ. ਐੱਮਐੱਸ ਰੰਧਾਵਾ ਕਲਾ ਤੇ ਸਾਹਿਤ ਉਤਸਵ’ ਦੇ ਤੀਜੇ ਦਿਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ 2000 ਤੋਂ 2015 ਤੱਕ ਸੱਤ ਹਜ਼ਾਰ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ ਤੇ ਹਰ 100 ਮਜ਼ਦੂਰਾਂ ਪਿੱਛੇ ਆਤਮਘਾਤ ਕਰਨ ਵਾਲਿਆਂ ਵਿੱਚ 12 ਮਜ਼ਦੂਰ ਔਰਤਾਂ ਸ਼ਾਮਲ ਹਨ। 

 

ਕਿਸਾਨ ਪਰਿਵਾਰ ਦੀਆਂ ਸੁਆਣੀਆਂ ਦੇ ਮੁਕਾਬਲੇ ਮਜ਼ਦੂਰ ਪਰਿਵਾਰ ਦੀਆਂ ਸੁਆਣੀਆਂ ਦੀ ਹਾਲਤ ਵਧੇਰੇ ਤਰਸਯੋਗ ਹੈ। ਕਰਜ਼ੇ ਕਾਰਨ ਕਿਸਾਨ ਪਰਿਵਾਰ ਵਿੱਚ ਸੌ ਖੁਦਕੁਸ਼ੀਆਂ ਪਿੱਛੇ ਅੱਠ ਔਰਤਾਂ ਆਪਣੀ ਜੀਵਨ ਲੀਲਾ ਸਮਾਪਤ ਕਰਦੀਆਂ ਹਨ। ਪ੍ਰੋ. ਸੁਖਪਾਲ ਸਿੰਘ ਨੇ ਕਿਹਾ ਕਿ ਖੇਤੀ ’ਤੇ ਨਿਰਭਰ ਵੱਸੋਂ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ, ਪਰ ਕੇਂਦਰ ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਹਾਲੇ ਵੀ ਬਜਟ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ। ਬਜਟ ਵਿੱਚ ਖੁ਼ਦਕੁਸ਼ੀ ਪੀੜਤ ਪਰਿਵਾਰਾਂ ਨੂੰ ਅਤੇ ਕਰਜ਼ੇ ਦੇ ਭਾਰ ਹੇਠ ਦੱਬੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

 

ਸਾਹਿਤ ਬਾਰੇ ਉਨ੍ਹਾਂ ਕਿਹਾ ਕਿ ਸੂਬੇ ਦਾ ਆਰਥਿਕ ਸੰਕਟ ਜਿੰਨਾ ਡੂੰਘਾ ਹੈ, ਓਨਾ ਹੀ ਸਾਹਿਤ ਵਿੱਚੋਂ ਇਹ ਵਿਸ਼ਾ ਗ਼ੈਰਹਾਜ਼ਰ ਰਿਹਾ ਹੈ।  ਇਸ ਮੌਕੇ ਸੰਬੋਧਨ ਕਰਦਿਆਂ ਪੀਏਯੂ ਦੇ ਪ੍ਰੋਫੈ਼ਸਰ ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਾਨਸਿਕ ਕਾਰਨਾਂ ਦੇ ਹੱਲ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਖੁਦਕੁਸ਼ੀਆਂ ਦੀਆਂ 20 ਕੋਸ਼ਿਸ਼ਾਂ ਪਿੱਛੇ ਇੱਕ ਮੌਤ ਹੁੰਦੀ ਹੈ ਤੇ ਇਨ੍ਹਾਂ ਖੁਦਕੁਸ਼ੀਆਂ ਨੂੰ ਰੋਕਣ ਲਈ ਮੁਢਲੀ ਮਾਨਸਿਕ ਸਹਾਇਤਾ ਦਿੱਤੀ ਜਾਣੀ ਲੋੜੀਂਦੀ ਹੈ।

ਟਿੱਪਣੀ ਕਰੋ:

About webmaster

Scroll To Top