Home / ਚੋਣਵੀ ਖਬਰ/ਲੇਖ / ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

ਪੰਥਕ ਵਿਹੜੇ ‘ਚ ਵਾਪਸੀ ਲਈ ਪੰਥ ਦੀ ਪ੍ਰਵਾਨਗੀ ਵੀ ਜ਼ਰੂਰੀ…

-ਜਸਪਾਲ ਸਿੰਘ ਹੇਰਾਂ

 

ਅੱਜ ਜਦੋਂ ਪੰਜਾਬ ਵਿਚ ਕਿਸੇ ਸਮੇਂ ਪੰਥ ਦੀ ਪ੍ਰਤੀਨਿਧ ਅਖਵਾਉਂਦੀ ਜਮਾਤ, ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਅਤੇ ਇਸੇ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਨੂੰ ਤੀਜੇ ਥਾਂ ਪਟਕਾ ਮਾਰਿਆ ਸੀ। ਉਸ ਸਮੇਂ ਅੱਜ ਦੇ ਦਿਨ ਦਾ ਉਹ ਇਤਿਹਾਸ ਜਦੋਂ ਸਿੱਖ ਪੰਥ ਨੇ ਪਹਿਲੀ ਵਾਰ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ 140 ਸੀਟਾਂ ਵਿਚੋਂ 137 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈਆ ਸਨ, ਉਹ ਯਾਦ ਆਉਣਾ ਸੁਭਾਵਿਕ ਹੈ।

 

ਅਸੀਂ 17 ਜਨਵਰੀ 1927 ਨੂੰ ਯਾਦ ਕਰਦੇ ਹਾਂ, ਜਦੋਂ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ 1925 ‘ਚ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਬਣੀ ਸੰਸਥਾ ਸੈਂਟਰਲ ਬੋਰਡ ਦਾ ਨਾਮ ਅਕਾਲੀਆਂ ਦੇ ਦਬਾਅ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨਿਆ ਗਿਆ ਸੀ ਅਤੇ 17 ਜਨਵਰੀ 1960 ਨੂੰ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਚੋਣਾਂ ‘ਚ ਅਕਾਲੀ ਦਲ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ 140 ਸੀਟਾਂ ਵਿੱਚੋਂ 137 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਅੱਜ ਉਹੀ ਅਕਾਲੀ ਦਲ ਜਿਹੜਾ ਅੱਜ ਅਕਾਲੀ ਦਲ ਤੋਂ ਬਾਦਲ ਦਲ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ, ਉਸ ਦੇ ਭੋਗ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਹਨ।

 

ਅੱਜ ਜਦੋਂ ਹਰ ਸੂਬੇ ‘ਚ ਉਥੋਂ ਦੀ ਸੂਬਾ ਪੱਧਰੀ ਸਰਕਾਰ ਦੀ ਚੜ੍ਹਤ ਹੈ। ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੂੰ ਬਹੁਤੇ ਲੋਕ ਆਪਣੇ ਸੂਬੇ ਪ੍ਰਤੀ ਮੋਹ, ਸਥਾਨਿਕ ਮੁੱਦਿਆਂ ਕਾਰਨ, ਸੂਬਾ ਪੱਧਰੀ ਪਾਰਟੀਆਂ ਦੇ ਮੁਕਾਬਲੇ ਮੂੰਹ ਨਹੀਂ ਲਾਉਂਦੇ। ਦੇਸ਼ ਦੇ ਲਗਭਗ ਸਾਰੇ ਵੱਡੇ ਸੂਬਿਆਂ, ਜਿਨ੍ਹਾਂ ਵਿੱਚ ਬਿਹਾਰ., ਉੜੀਸਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ‘ਚ ਖੇਤਰੀ ਪਾਰਟੀਆਂ ਦਾ ਬੋਲਬਾਲਾ ਹੈ। ਉਸ ਸਮੇਂ ਪੰਜਾਬ ‘ਚ ਪੰਜਾਬ ਦੇ ਲੋਕ ਸਿੱਖਾਂ ਵਲੋਂ ਸਿੱਖਾਂ ਦੀ ਪ੍ਰਤੀਨਿੱਧ ਅਖਵਾਉਂਦੀ ਪਾਰਟੀ ਨੂੰ ਐਨੀ ਨਫ਼ਰਤ ਕਰਨਾ ਇਹ ਸਾਫ਼ ਕਰਦਾ ਹੈ ਕਿ ਇਸ ਪਾਰਟੀ ਨੇ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਥਾਂ ਉਨ੍ਹਾਂ ਤੇ ਡਾਕਾ ਮਾਰਿਆ।

 

2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸਿੱਖ ਪੰਥ ਨੇ ਇਹ ਫ਼ੈਸਲਾ ਲਿਆ ਕਿ ਹੁਣ ਪਾਪਾਂ ਦਾ ਘੜਾ ਇਨ੍ਹਾਂ ਭਰ ਗਿਆ ਹੈ ਕਿ ਅੱਜ ਕੌਮ ਆਪਣੇ ਹੱਥੀਂ ਆਪਣਾ ਘਰ ਢਾਹੁੰਣ ਲਈ ਤਿਆਰ ਹੋ ਗਈ ਹੈ। ਬਾਦਲੋ! ਅੱਤ ਅਤੇ ਰੱਬ ਦਾ ਵੈਰ ਹੁੰਦਾ ਹੈ। ਹੁਣ ਤੁਹਾਡੀ ਅੱਤ ਇਨ੍ਹੀਂ ਹੱਦ ਤੱਕ ਪੁੱਜ ਗਈ ਹੈ ਕਿ ਕੌਮ ਤੁਹਾਨੂੰ ”ਚੰਦੂ ਅਤੇ ਗੰਗੂ” ਦੀ ਸ਼੍ਰੇਣੀ ਵਿੱਚ ਖੜ੍ਹਾ ਦੇਖ ਰਹੀ ਹੈ।

 

ਸਿੱਖੀ ਦੇ ਵਿਹੜੇ ‘ਚ ਤੁਸੀਂ ਸਿੱਖੀ ਦਾ ਬੂਟਾ ਪੁੱਟਣ ਲੱਗੇ ਹੋਏ ਹੋ। ਜਿਸ ਕਾਰਣ ਕੌਮ ਤੁਹਾਨੂੰ ”ਚੰਦੂ ਤੇ ਗੰਗੂ” ਵਾਲੀ ਸਜ਼ਾ ਦੇਣ ਤੱਕ ਉਤਾਰੂ ਹੋ ਚੁੱਕੀ ਹੈ। ਅਕਾਲੀ ਦਲ ਅਕਾਲ ਦੇ ਪੁਜਾਰੀਆਂ ਦੀ ਜਮਾਤ ਸੀ। ਦਸਮੇਸ਼ ਦੇ ਲਾਡਲੇ ਬਹਾਦਰ ਸੂਬਿਆਂ ਦੀ ਫੌਜ ਸੀ, ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਲੇ ਪਰਮ ਮਨੁੱਖ ਦਾ ਕਾਫ਼ਲਾ ਸੀ, ਸਿੱਖੀ ਸਿਧਾਂਤਾਂ ਦੇ ਪਹਿਰੇਦਾਰਾਂ ਦਾ ਗੂੰਜਵਾਂ ਹੋਕਾ ਸੀ, ਜਿਸਦਾ ਦਾ ਸੱਤਾ ਲਾਲਸਾ ਲਈ ਬਾਦਲਕਿਆਂ ਨੇ ਵਹਿਸ਼ੀਆਨਾ ਕਤਲੇਆਮ ਕਰ ਦਿੱਤਾ।

 

ਕੌਮ ਨਾਲ ਕਿਥੇ ਕਿਥੇ ਗਦਾਰੀ ਨਹੀਂ ਹੋਈ? ਅਨੰਦਪੁਰ ਦਾ ਮਤਾ ਜਿਸਨੂੰ ਕਦੇ ਅਕਾਲੀ ਦਲ ਨੇ ਹੀ ਸਿੱਖਾਂ ਦੇ ਸਾਰੇ ਦੁੱਖਾਂ ਦਾ ਦਾਰੂ ਐਲਾਨਿਆ ਸੀ, ਉਸਦਾ ਬਾਦਲਕਿਆਂ ਨੇ ਭੋਗ ਪਾਇਆ, ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੇ ਭਗਵਾਂ ਬ੍ਰਿਗੇਡ ਅੱਗੇ ਪੂਰਨ ਰੂਪ ਵਿੱਚ ਆਤਮ ਸਮਰਪਿਤ ਕਰ ਦਿੱਤਾ। ਗੁਰਬਾਣੀ ਸਿੱਖ ਇਤਿਹਾਸ, ਸਿੱਖ ਵਿਰਸੇ, ਸਿੱਖ ਸੱਭਿਆਚਾਰ ‘ਚ ਰੌਲ-ਗਲੌਚ ਪੈਦਾ ਕਰ ਦਿੱਤਾ। ਸਿੱਖਾਂ ਨੂੰ ਵੱਖਰੀ ਕੌਮ ਐਲਾਨੇ ਜਾਣ ਦੀ ਮੰਗ ਭੁੱਲੀ ਵਿਸਰੀ ਬਣਾ ਦਿੱਤੀ।

 

ਸਿੱਖਾਂ ਨੂੰ ”ਅੱਤਵਾਦੀ-ਵੱਖਵਾਦੀ” ਚੁੱਪ-ਚਪੀਤੇ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਅਤੇ ਪੰਜਾਬ ਦੀ ਜੁਆਨੀ ਦੀ ਤਬਾਹੀ ਚਾਹੇ ਉਹ ਨਸ਼ਿਆਂ ਦੇ ਮਾਰੂ ਹਥਿਆਰ ਨਾਲ ਹੋ ਰਹੀ ਹੈ, ਚਾਹੇ ਬੇਰੁਜ਼ਗਾਰੀ ਦੇ ਦੈਂਤ ਨਾਲ ਅਤੇ ਚਾਹੇ ਪੰਜਾਬ ਦੀ ਆਰਥਿਕ ਤਬਾਹੀ ਕਾਰਨ ਕਰਜ਼ੇ ਦੀ ਪੰਡ ਨੂੰ ਭਾਰੀ ਕਰਕੇ ਸਿਵਿਆਂ ਦੇ ਰਾਹ ਖੋਲ੍ਹ ਕੇ ਹੋ ਰਹੀ ਹੋਵੇ। ਜੇ ਅੱਜ ਪੰਜਾਬ ਦੇ ਲੋਕਾਂ ‘ਚ ਬਾਦਲਾਂ ਪ੍ਰਤੀ ਲੋਹੜੇ ਦੀ ਨਫ਼ਰਤ ਹੈ ਉਸ ਪਿਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੀ ਹੋਈ ਬੇਅਦਬੀ ਸਭ ਤੋਂ ਪ੍ਰਮੁੱਖ ਕਾਰਨ ਹੈ।

 

ਸਿੱਖ ਹੋਰ ਤਾਂ ਸਭ ਕੁਝ ਭੁੱਲ ਸਦਾ ਹੈ, ਮਾਫ਼ ਵੀ ਕਰ ਸਕਦਾ। ਪ੍ਰੰਤੂ ਆਪਣੇ ਗੁਰੂ ਨਾਲ ਵਾਪਰੀ ਅਣਹੋਣੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਭੁੱਲ ਸਕਦਾ। ਭਾਵੇਂ ਕਿ ਸੱਤਾ ਤੋਂ ਬਾਹਰ ਹੋ ਕੇ ਬਾਦਲਕਿਆਂ ਨੂੰ ਪੰਥ ਮੁੜ ਯਾਦ ਆਉਣ ਲੱਗ ਪਿਆ ਹੈ ਪ੍ਰੰਤੂ 140 ਚੋਂ 137 ਸੀਟਾਂ ਜਿੱਤਣ ਵਾਲੀ ਜਮਾਤ ਜਦੋਂ ਤੱਕ ਯਾਦ ਨਹੀਂ ਆਉਂਦੀ ਅਤੇ ਉਸ ਨੂੰ ਪੁਨਰ ਸੁਰਜੀਤ ਨਹੀਂ ਕੀਤਾ ਜਾਂਦਾ ਉਦੋ ਤੱਕ ਪੰਥਕ ਵਿਹੜੇ ‘ਚ ਵਾਪਸੀ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ।

ਟਿੱਪਣੀ ਕਰੋ:

About webmaster

Scroll To Top