Home / ਚੋਣਵੀ ਖਬਰ/ਲੇਖ / ਕੀ ਸਿੱਖ ਮਾਘੀ ਦੇ ਦਿਹਾੜੇ ਦਾ ਇਤਿਹਾਸ ਭੁੱਲ ਗਏ ਹਨ…?

ਕੀ ਸਿੱਖ ਮਾਘੀ ਦੇ ਦਿਹਾੜੇ ਦਾ ਇਤਿਹਾਸ ਭੁੱਲ ਗਏ ਹਨ…?

-ਜਸਪਾਲ ਸਿੰਘ ਹੇਰਾਂ

 
ਕੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨਾਂ ਨੂੰ ਪੱਕਾ ਬੇਦਾਵਾ ਦੇ ਚੁੱਕੀ ਹੈ ਜਾਂ ਫਿਰ ਉਹ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਗਈ ਹੈ, ਜਾਂ ਫਿਰ ਸਾਡੇ ‘ਚ ਭੇਡ-ਚਾਲ ਹੀ ਲੋੜ ਤੋਂ ਵੱਧ ਭਾਰੂ ਹੋ ਗਈ ਹੈ? ਇਹ ਸੁਆਲ ਅੱਜ ਸਿੱਖਾਂ ਵੱਲੋਂ ਮੁਬਾਇਲ ਸੁਨੇਹਿਆਂ, ਫਲੈਕਸੀਆਂ, ਇਸ਼ਤਿਹਾਰਾਂ ਅਤੇ ਇਕ-ਦੂਜੇ ਨੂੰ ਮਿਲਣ ਸਮੇਂ ‘ਮਾਘੀ ਦੀਆਂ ਵਧਾਈਆਂ’, ‘ਹੈਪੀ ਮਾਘੀ’ ਆਦਿ ਸ਼ਬਦਾਂ ਦੀ ਵਰਤੋਂ ਕਰਨ ਤੇ ਖੜ੍ਹਾ ਹੋਇਆ ਹੈ।

 

ਅਸੀਂ ਇਸ ਤੋਂ ਪਹਿਲਾ ਵੀ ਲਿਖਿਆ ਸੀ ਕਿ ‘ਮਾਘੀ ਮੇਲਾ’ ਸ਼ਬਦ ਦੀ ਵਰਤੋਂ ਤੋਂ ਪਹਿਲਾ ਹਰ ਸਿੱਖ ਨੂੰ ਹਜ਼ਾਰ ਵਾਰੀ ਸੋਚਣਾ ਚਾਹੀਦਾ ਹੈ ਕਿ ਇਸ ‘ਦਿਹਾੜੇ’ ਨੂੰ ਅਸੀਂ ਕਿਹੜੀ ਯਾਦ ‘ਚ ਮਨਾਉਂਦੇ ਹਾਂ। ਇਹ ਦਿਹਾੜਾ ਸਿੱਖਾਂ ਲਈ ‘ਟੁੱਟੀ ਗੰਢਾਉਣ’ ਅਤੇ ‘ਬੇਦਾਵਾ ਨੂੰ ਪੜ੍ਹਵਾਉਣ’ ਦਾ ਦਿਹਾੜਾ ਹੈ। ਇਹ ਦਿਹਾੜਾ ਇਸ ਗੱਲ ਨੂੰ ਯਾਦ ਕਰਨ ਦਾ ਦਿਹਾੜਾ ਹੈ ਕਿ, ”ਜੇ ਸਿੱਖ ਕੋਈ ਗਲਤੀ ਕਰ ਲੈਂਦਾ ਹੈ ਤਾਂ ਉਸ ਗਲਤੀ ਨੂੰ ਬਖ਼ਸਾਉਣ ਲਈ ਕਿੰਨਾ ਵੱਡਾ ਮੁੱਲ ਤਾਰਦਾ ਹੈ।” ਪ੍ਰੰਤੂ ਅਫ਼ਸੋਸ ਹੈ ਕਿ ਕੌਮ ਨੂੰ ‘ਸਬਕ ਸਿਖਾਉਣ ਵਾਲੇ’ ਇਸ ਦਿਹਾੜੇ ਨੂੰ ਅਸੀਂ ਮੇਲੇ ‘ਚ ਬਦਲ ਲਿਆ ਹੈ ਅਤੇ ਉਸਤੋਂ ਵੀ ਅੱਗੇ ਜਾਂਦੇ ਹੋਏ ਇਸਨੂੰ ‘ਹੈਪੀ ਮਾਘੀ’ ਬਣਾ ਲਿਆ ਹੈ।

 

‘ਹੈਪੀ ਮਾਘੀ’ ਬਣਾਉਣ ਪਿੱਛੇ ‘ਬ੍ਰਾਹਮਣਵਾਦੀ ਪਾਖੰਡੀ ਸੋਚ’ ਭਾਰੂ ਹੈ। ਮਾਘ ਮਹੀਨੇ ਨੂੰ ਹਿੰਦੂ ਸੰਸਕ੍ਰਿਤੀ ਪਵਿੱਤਰ ਮਹੀਨਾ ਮੰਨਦੀ ਹੈ, ਇਸ ਮਹੀਨੇ ‘ਦਾਨ, ਪੁੰਨ, ਇਸ਼ਨਾਨ’ ਨਾਲ ਪਾਪ ਕੱਟੇ ਜਾਣ ਦਾ ਵਹਿਮ ਹਰ ਮਨ ਮਸਤਕ ਤੇ ਪੱਕੇ ਰੂਪ ‘ਚ ਬਿਠਾਇਆ ਗਿਆ ਹੈ, ਇਸ ਲਈ ਮਾਘ ਮਹੀਨੇ ਦੀ ਆਮਦ ਨੂੰ ‘ਹੈਪੀ’ ਮੰਨਿਆ ਜਾਂਦਾ ਹੈ ਤਾਂ ਕਿ ਸਿਰਫ਼ ਕੁਝ ਆਡੰਬਰ ਨਾਲ ਅਸੀਂ ਆਪਣੇ ਕੀਤੇ ਪਾਪਾਂ ਤੋਂ ਛੁਟਕਾਰਾ ਪਾ ਲਵਾਂਗੇ।

 

ਅਸੀਂ ਵਾਰ-ਵਾਰ ਕੌਮ ਨੂੰ ਅਤੇ ਖ਼ਾਸ ਕਰਕੇ ਕੌਮ ਦੇ ਬੁੱਧੀਜੀਵੀਆਂ ਨੂੰ ‘ਹੋਕਾ’ ਦਿੱਤਾ ਹੈ ਕਿ ਉਹ ‘ਟੋਕਣਾ’ ਭੁੱਲ ਗਏ ਹਨ। ਅਸੀਂ ਨਵੇਂ-ਨਵੇਂ ਵਾਦਾ- ਵਿਵਾਦ ਤਾਂ ਆਏ ਦਿਨ ਖੜ੍ਹੇ ਕਰ ਰਹੇ, ਪ੍ਰੰਤੂ ਕੁਰਾਹੇ ਪਈ ਕੌਮ ਨੂੰ ਗਲਤੀਆਂ ਦਾ ਅਹਿਸਾਸ ਕਰਵਾਉਣ ਲਈ ਬਾ-ਦਲੀਲ ‘ਟੋਕਣਾ’ ਛੱਡ ਦਿੱਤਾ ਹੈ, ਜਿਸ ਕਾਰਣ ਝੂਠ ਤੇ ਕੂੜ ਦਾ ਪਾਸਾਰਾ ਦਿਨੋ-ਦਿਨ ਵੱਧ ਰਿਹਾ ਹੈ। ‘ਮਾਘੀ ਦਿਹੜੇ’ ਦੀ ਮਹਾਨਤਾ, ਮੇਲੇ ਤੇ ਜੋੜ-ਮੇਲੇ ਦਾ ਫ਼ਰਕ ਸ਼ਾਇਦ ਬਹੁਗਿਣਤੀ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ। ਜੋੜ ਮੇਲਾ ਅਧਿਆਤਮਕ ਰੰਗ ‘ਚ ਰੰਗੀਆਂ ਰੂਹਾਂ ਦਾ ਮਿਲਾਪ ਹੁੰਦਾ ਹੈ, ਜਿਨ੍ਹਾਂ ਦੀ ਸੁਰਤੀ ਗੁਰੂ ਚਰਨਾਂ ਨਾਲ ਜੁੜੀ ਹੁੰਦੀ ਹੈ।

 

ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਸ਼ਹਾਦਤਾਂ ਨੂੰ ਨਤਮਸਤਕ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ ਜਾਣ ਵਾਲੇ ਬੱਚਿਆਂ ਨੂੰ ‘ਬੇਦਾਵੇ, ਚਾਲੀ ਮੁਕਤੇ ਤੇ ਮਾਈ ਭਾਗੋ’ ਬਾਰੇ ਕੁਝ ਦੱਸਿਆ ਹੀ ਨਹੀਂ ਜਾਂਦਾ। ਉਨ੍ਹਾਂ ਦੇ ਦਿਲੋ-ਦਿਮਾਗ ਤੇ ਸਿਰਫ਼ ਮੇਲੇ ਦਾ ਰੰਗ ਛਾਇਆ ਹੁੰਦਾ ਹੈ। ਸ੍ਰੀ ਮੁਕਤਸਰ ਸਾਹਿਬ ਪੁੱਜਣ ਤੇ ਸਿਆਸੀ ਕਾਨਫਰੰਸਾਂ ਦੀ ਘੜਮੱਸ ਤੇ ਚਾਲੀ ਮੁਕਤਿਆਂ ਦੀ ਕੁਰਬਾਨੀ ਦੀ ਚਰਚਾ ਦੀ ਥਾਂ ਹੁੰਦੀ, ਸਿਆਸੀ ਦੂਸ਼ਣਬਾਜ਼ੀ, ਇਸ ਪਵਿੱਤਰ ਦਿਹਾੜੇ ਨੂੰ ਜੋੜ ਮੇਲਾ ਰਹਿਣ ਹੀ ਨਹੀਂ ਦਿੰਦੀ, ਸਗੋਂ ਸੱਚੀ-ਮੁੱਚੀ ਮੇਲਾ ਬਣਾ ਛੱਡਦੀ ਹੈ।ਇਹੋ ਪ੍ਰਭਾਵ ਫਿਰ ਸਾਰੀ ਉਮਰ ਹੀ ਭਾਰੂ ਰਹਿੰਦਾ ਹੈ।

 

 

ਇਸੇ ਤਰ੍ਹਾਂ ਦੀਵਾਲੀ ਨੂੰ ਜਾਨੂੰਨੀ ਖੁਸ਼ੀ ‘ਚ ਮਨਾਉਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਕੌਮੀ ਦਿਹਾੜੇ ‘ਵਿਸਾਖੀ’ ਨੂੰ ਕੌਮੀ ਦਿਹਾੜੇ ਵਜੋਂ ਮਨਾਉਣ ਦੀ ਯਾਦ ਦਿਵਾਉਣ ਦੀ ਵੰਗਾਰ ਕਿਧਰੋਂ ਆਉਂਦੀ ਹੀ ਨਹੀਂ। ਸਿੱਖ ਸਭਿਆਚਾਰ ਨੂੰ ਅੱਜ ਅਸੀਂ ਪੂਰੀ ਤਰ੍ਹਾਂ ਵਿਸਰ ਗਏ ਹਾਂ, ਇਸ ਲਈ ਕੌਮ ‘ਚ ਸਿੱਖ ਸੱਭਿਆਚਾਰ ਦੇ ਤਿੰਨੋ ਬੁਨਿਆਦੀ ਗੁਣ, ‘ਕਿਰਤ ਕਰੋ, ਨਾਮ ਜਪੋ, ਵੰਡ ਛੱਕੋ’, ਆਲੋਪ ਹੋ ਗਏ ਹਨ। ਜਿਸ ਕਾਰਣ ਸਿੱਖ ਮਨੁੱਖ ਤੋਂ ਪਰਮ-ਮਨੁੱਖ ਬਣਨ ਦੀ ਅਵਸਥਾ ਤੋਂ ਥਿੜਕ ਗਏ ਹਨ।

 

ਅਸੀਂ ਚਾਹੁੰਦੇ ਹਾਂ ਕਿ ਉਹ ਜੋੜ ਮੇਲੇ ਜਾਂ ਸ਼ਹੀਦੀ ਸਭਾਵਾਂ ਜਿਹੜੀਆਂ ਸਿੱਖ ਇਤਿਹਾਸ ‘ਚ ਹੋਈਆਂ ਲਾਸਾਨੀ ਸ਼ਹਾਦਤਾਂ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਨੂੰ ਮਨਾਉਣ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ‘ਚ ਸਾਰੀਆਂ ਪੰਥਕ ਧਿਰਾਂ, ਸਿੱਖ ਚਿੰਤਕ ਅਤੇ ਕੌਮ ਦਰਦੀ, ਫੈਸਲਾ ਲੈਣ ਅਤੇ ਕੌਮ ਨੂੰ ਇਨ੍ਹਾਂ ਦਿਹਾੜੇ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਫਿਰ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿੱਜਠਿਆ ਜਾਵੇ। ਸਿੱਖੀ ਦੀ ਬੁਨਿਆਦ ਸ਼ਹਾਦਤਾਂ ਤੇ ਰੱਖੀ ਹੋਈ ਹੈ, ਸ਼ਹਾਦਤ ਹਰ ਸਿੱਖ ਲਈ ਮਾਣ ਵਾਲੀ ਗੱਲ ਹੈ, ਪ੍ਰੰਤੂ ਮਹਾਨ ਸ਼ਹਾਦਤ ਦੀ ਯਾਦ, ਉਸ ਸ਼ਹਾਦਤ ਤੋਂ ਸੇਧ, ਹੱਕ-ਸੱਚ ਤੇ ਪਹਿਰਾ ਦੇਣ ਦੀ ਦ੍ਰਿੜਤਾ ਅਤੇ ਕੌਮ ਪ੍ਰਤੀ ਕੁਰਬਾਨੀ ਦਾ ਜ਼ਜਬਾ ਪ੍ਰਾਪਤ ਕਰਨ ਲਈ ਮਨਾਈ ਜਾਂਦੀ ਹੈ।

 

ਮਨ ਪ੍ਰਚਾਵੇ ਜਾਂ ਸਿਆਸੀ ਲਾਹੇ ਲਈ ਸ਼ਹਾਦਤਾਂ ਦੀ ਵਰਤੋਂ ਸਿਰਫ਼ ਮੂਰਖ ਤੇ ਅਕ੍ਰਿਤਘਣ ਲੋਕ ਹੀ ਕਰ ਸਕਦੇ ਹਨ। ਅੱਜ ਅਸੀਂ ਇਕੱਵੀ ਸਦੀ ਦੇ ਦੂਜੇ ਦਹਾਕੇ ‘ਚੋਂ ਲੰਘ ਰਹੇ ਹਾਂ, ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਮੋਲ ਰੂਹਾਨੀਅਤ ਦੇ ਚਾਨਣ ਨੇ ਦੁਨੀਆ ਨੂੰ ਪਾਖੰਡ, ਆਡੰਬਰ ਤੇ ਸ਼ੋਸ਼ਣ ਦੇ ਹਨੇਰੇ ‘ਚ ਬਾਹਰ ਕੱਢਣਾ ਹੈ, ਪ੍ਰੰਤੂ ਜੇ ਇਸ ਅਨਮੋਲ ਖ਼ਜ਼ਾਨੇ ਦੇ ਵਾਰਿਸ ਹੀ ਇਸ ਕਾਲੇ ਹਨੇਰੇ ‘ਚ ਡਿੱਗ ਪਏ, ਫਿਰ ਗੁਰੂ ਸਾਹਿਬਾਨ ਦੇ ਮਿਸ਼ਨ ਦੀ ਪ੍ਰਾਪਤੀ ਕਿਵੇਂ ਹੋਵੇਗੀ? ਇਸ ਲਈ ਅਸੀਂ ਅੱਜ ਕੌਮ ਦੇ ਸਾਰੇ ‘ਜਾਗਦੇ ਸਿਰਾਂ’ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਉਹ ਕੌਮ ‘ਚ ਆ ਚੁੱਕੇ ਨਿਘਾਰ ਤੇ ਲੱਗੇ ਖੋਰੇ ਨੂੰ ਰੋਕਣ ਲਈ ਜ਼ਰੂਰ ਅੱਗੇ ਆਉਣ ਅਤੇ ਕੌਮ ਨੂੰ ਗਫ਼ਲਤ ਦੀ ਨੀਂਦ ‘ਚ ਜਗਾਉਣ ਲਈ ਜੋ ਕਰ ਸਕਦੇ ਹਨ ਉਹ ਜ਼ਰੂਰ ਕਰਨ।

ਟਿੱਪਣੀ ਕਰੋ:

About webmaster

Scroll To Top