Home / ਚੋਣਵੀ ਖਬਰ/ਲੇਖ / ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਰਾਜੋ ਪਿੰਡੀ ਦੀ ਸਿੱਖ ਛਾਉਣੀ

-ਸੁਰਿੰਦਰ ਕੋਛੜ

 

ਪਾਕਿਸਤਾਨ ਦੇ ਸ਼ਹਿਰ ਜਿਹਲਮ ਵਿਚ ਕਿਲ੍ਹਾ ਰੋਹਤਾਸ ਤੋਂ ਚੜ੍ਹਦੇ ਵੱਲ ਨਾਲਾ ਘਾਣ ਪਾਰ ਕਰਦਿਆਂ ਹੀ ਸਿਰਫ਼ 2-3 ਫਰਲਾਂਗ (500-600 ਗਜ਼) ਦੀ ਦੂਰੀ ‘ਤੇ ਪੁਰਾਣੀ ਜਰਨੈਲੀ ਸੜਕ ਦੇ ਐਨ ਉਪਰ ਪਿੰਡ ਰਾਜੋ ਪਿੰਡੀ ਵਿਚ ਇਕ ਕਿਲ੍ਹੇਨੁਮਾ ਮੁਗਲਸ਼ਾਹੀ ਆਲੀਸ਼ਾਨ ਸਰਾਂ ਮੌਜੂਦ ਹੈ। ਇਸ ਸਰਾਂ ਦੇ ਅਸਲ ਨਾਂਅ ਬਾਰੇ ਜਾਂ ਇਸ ਦੇ ਇਤਿਹਾਸ ਸਬੰਧੀ ਕਿਸੇ ਵੀ ਦਸਤਾਵੇਜ਼ ਜਾਂ ਇਤਿਹਾਸ ਦੀ ਪੁਸਤਕ ਵਿਚ ਕੋਈ ਜਾਣਕਾਰੀ ਪੜ੍ਹਨ ਨੂੰ ਨਹੀਂ ਮਿਲਦੀ। ਸ਼ਾਇਦ ਇਹੋ ਕਾਰਨ ਹੈ ਕਿ ਇਹ ਸਰਾਂ ਅੱਜ ਵੀ ਆਪਣੇ ਅਸਲ ਨਾਂਅ ਦੀ ਬਜਾਏ ਪਿੰਡ ਦੇ ਨਾਂਅ ਨਾਲ ‘ਸਰਾਂ ਰਾਜੋ ਪਿੰਡੀ’ ਕਰਕੇ ਜਾਣੀ ਜਾਂਦੀ ਹੈ। ਇਸ ਸਮਾਰਕ ਸਬੰਧੀ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਪਾਕਿਸਤਾਨੀ ਵਿਦਵਾਨਾਂ ਦਾ ਦਾਅਵਾ ਹੈ ਕਿ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦੇ ਅਧੀਨ ਇਸ ਵਿਚ ਫ਼ੌਜੀ ਛਾਉਣੀ ਤਾਇਨਾਤ ਕੀਤੀ ਗਈ ਹੋਣ ਕਰਕੇ ਇਸ ਨੂੰ ‘ਸਿੱਖਾਂ ਦੀ ਛਾਉਣੀ’ ਅਤੇ ‘ਗੜ੍ਹ ਮਹਿਲ’ ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ।


ਪਿੰਡ ਰਾਜੋ ਪਿੰਡੀ ਮੌਜੂਦਾ ਸਮੇਂ ਦੀਨਾ ਤੋਂ ਰੋਹਤਾਸ ਨੂੰ ਜਾਂਦੀ ਜਰਨੈਲੀ ਸੜਕ ‘ਤੇ ਰੋਹਤਾਸ ਤੋਂ ਸਿਰਫ਼ 5 ਕਿਲੋਮੀਟਰ ਦੀ ਦੂਰੀ ‘ਤੇ ਆਬਾਦ ਹੈ, ਜਦੋਂ ਕਿ ਲਾਹੌਰ ਤੋਂ ਰੋਹਤਾਸ ਕਰੀਬ 182 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਪਿੰਡ ਦੇ ਨਾਲ ਹੀ ਪਿੰਡ ਚੱਠਾ, ਨਿਰਖੀਆਂ ਅਤੇ ਕਾਜ਼ੀ ਹੁਸੈਨ ਆਬਾਦ ਹਨ। ਇਨ੍ਹਾਂ ਪਿੰਡਾਂ ਵਿਚ ਹਿੰਦੂ-ਸਿੱਖਾਂ ਦੀ ਆਬਾਦੀ ਤਾਂ ਬਿਲਕੁਲ ਵੀ ਨਹੀਂ ਹੈ, ਪਰ 4-5 ਹਿੰਦੂ-ਸਿੱਖ ਸਮਾਧਾਂ ਅਤੇ ਐਨੀ ਹੀ ਗਿਣਤੀ ਵਿਚ ਮੰਦਰਾਂ ਦੇ ਖੰਡਰ ਜ਼ਰੂਰ ਮੌਜੂਦ ਹਨ।

 
ਸੰਨ 1765 ਵਿਚ ਭੰਗੀ ਮਿਸਲ ਦੇ ਸ: ਗੁਜਰ ਸਿੰਘ ਭੰਗੀ ਅਤੇ ਸ਼ੁਕਰਚੱਕੀਆ ਮਿਸਲ ਦੇ ਸ: ਚੜ੍ਹਤ ਸਿੰਘ (ਸ਼ੇਰੇ-ਪੰਜਾਬ ਮਹਾਰਾਜਾ ਸਿੰਘ ਦਾ ਦਾਦਾ) ਨੇ ਰਲ ਕੇ ਇਸ ਦੇ ਆਸ-ਪਾਸ ਦਾ ਸਾਰਾ ਇਲਾਕਾ ਫ਼ਤਹਿ ਕੀਤਾ। ਬਾਅਦ ਵਿਚ ਸ: ਗੁਜਰ ਸਿੰਘ ਭੰਗੀ ਨੇ ਰਾਜਨੀਤਕ ਸੋਚ-ਵਿਚਾਰ ਕਰ ਕੇ ਜਿਹਲਮ ਪਾਰ ਦੇ ਸਾਰੇ ਇਲਾਕਿਆਂ ‘ਤੇ ਸ: ਚੜ੍ਹਤ ਸਿੰਘ ਦਾ ਅਧਿਕਾਰ ਸਵੀਕਾਰ ਕਰ ਲਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ‘ਤੇ ਆਪਣਾ ਅਧਿਕਾਰ ਕਾਇਮ ਕੀਤਾ ਤਾਂ ਉਸ ਦੇ ਬਾਅਦ ਇਸ ਸਰਾਂ ਵਿਚ ਫ਼ੌਜ ਦੀ ਛਾਉਣੀ ਅਤੇ ਥਾਣਾ ਕਾਇਮ ਕੀਤਾ ਗਿਆ।

 
ਮੁਨਸ਼ੀ ਸੋਹਣ ਲਾਲ ‘ਉਮਦਾਤੁੱਤਵਾਰੀਖ਼’ ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 ‘ਤੇ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ 6 ਮਈ, 1837 ਨੂੰ ਰੋਹਤਾਸ ਦੇ ਮੁਕਾਮ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਆਰੇ ਤੇ ਸੂਰਬੀਰ ਜਰਨੈਲ ਸ: ਹਰੀ ਸਿੰਘ ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਚੁੱਕੇ ਹਨ।

 
ਕਰੀਬ ਛੇ ਮੁਰੱਬੇ ਵਿਚ ਬਣੀ ਇਹ ਸਰਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਬਣਾਈ ਗਈ ਦੱਸੀ ਜਾਂਦੀ ਹੈ। ਇਸ ਦੀਆਂ ਬਾਹਰੀ ਦੀਵਾਰਾਂ 30 ਫੁੱਟ ਉੱਚੀਆਂ ਤੇ ਸਾਢੇ ਚਾਰ ਫੁੱਟ ਚੌੜੀਆਂ ਹਨ। ਇਸ ਦਾ ਪ੍ਰਮੁੱਖ ਪ੍ਰਵੇਸ਼ ਦੁਆਰ 18 ਫੁੱਟ ਉੱਚਾ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ ‘ਚ)

ਟਿੱਪਣੀ ਕਰੋ:

About webmaster

Scroll To Top