Home / ਚੋਣਵੀ ਖਬਰ/ਲੇਖ / ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਪ੍ਰਤੀ ਵੀ.ਪੀ. ਸਿੰਘ ਬਦਨੌਰ ਵਲੋਂ ਧਾਰੀ ਚੁੱਪ ਵਿਰੁੱਧ ਪੰਜਾਬੀ ਪ੍ਰੇਮੀ ਭੁੱਖ ਹੜਤਾਲ ਕਰਨਗੇ

ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਪ੍ਰਤੀ ਵੀ.ਪੀ. ਸਿੰਘ ਬਦਨੌਰ ਵਲੋਂ ਧਾਰੀ ਚੁੱਪ ਵਿਰੁੱਧ ਪੰਜਾਬੀ ਪ੍ਰੇਮੀ ਭੁੱਖ ਹੜਤਾਲ ਕਰਨਗੇ

 

ਚੰਡੀਗੜ੍ਹ: ਮਾਂ ਬੋਲੀ ਪੰਜਾਬੀ ਪਿਆਰਿਆਂ ਵੱਲੋਂ ਗੈਰ-ਸੰਵਿਧਾਨਕ ਢੰਗ ਨਾਲ ਯੂਟੀ ਪ੍ਰਸ਼ਾਸਨ ਉਪਰ ਥੋਪੀ ਅੰਗਰੇਜ਼ੀ ਭਾਸ਼ਾ ਤੋਂ ਖਹਿੜਾ ਛੁਡਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਧਾਰੀ ਚੁੱਪ ਵਿਰੁੱਧ 19 ਫਰਵਰੀ ਨੂੰ ਸੈਕਟਰ-17 ਸਥਿਤ ਪਲਾਜ਼ਾ ਵਿਖੇ ਸਮੂਹਿਕ ਭੁੱਖ ਹੜਤਾਲ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।


ਦੱਸਣਯੋਗ ਹੈ ਕਿ ਮੰਚ ਵਲੋਂ ਪਹਿਲੀ ਨਵੰਬਰ ਨੂੰ ਮਾਰੇ ਧਰਨੇ ਦੌਰਾਨ ਸ੍ਰੀ ਬਦਨੌਰ ਨੇ ਵਫ਼ਦ ਨੂੰ ਪੰਜਾਬ ਰਾਜ ਭਵਨ ਵਿਖੇ ਸੱਦ ਕੇ ਗੱਲਬਾਤ ਦੌਰਾਨ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਦਾ ਵਾਅਦਾ ਕੀਤਾ ਸੀ।

 
ਇਸ ਮਾਮਲੇ ਉਪਰ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਮੰਚ ਨੇ ਮੁੜ ਸੰਘਰਸ਼ ਦੇ ਰਾਹ ਪੈਣ ਦਾ ਫੈਸਲਾ ਲਿਆ ਹੈ। ਇਸ ਤਹਿਤ ਮੰਚ ਵਲੋਂ 19 ਫਰਵਰੀ ਨੂੰ ਕੀਤੀ ਜਾ ਰਹੀ ਭੁੱਖ ਹੜਤਾਲ ਦੌਰਾਨ ਪੁਆਧੀ ਗਾਇਕੀ ਦਾ ਅਖਾੜਾ ਲਾਇਆ ਜਾਵੇਗਾ, ਜਿਸ ਦੌਰਾਨ ਪੁਆਧ ਦੇ ਪ੍ਰਮੁੱਖ ਗਾਇਕ ਸਮਰ ਸਿੰਘ ਸ਼ੰਮੀ ਰਵਾਇਤੀ ਗੀਤ-ਸੰਗੀਤ ਰਾਹੀਂ ਪੁਆਧ ਦੀ ਧਰਤੀ ਉਪਰੋਂ ਹਾਕਮਾਂ ਵਲੋਂ ਮਾਂ-ਬੋਲੀ ਦੇ ਕੀਤੇ ਜਾ ਰਹੇ ਉਜਾੜੇ ਦੀ ਗਾਥਾ ਸੁਣਾਉਣਗੇ।

 
ਇਸ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਅਗਵਾਈ ਹੇਠ ਨਾਟਕ ‘ਸੂਲਾਂ ਵਿੰਨਿਆ ਅੰਦਰ’ ਖੇਡ ਕੇ ਪੰਜਾਬੀ ਭਾਸ਼ਾ ਦੀ ਬੇਕਦਰੀ ਦਾ ਦਰਦ ਬਿਆਨਿਆ ਜਾਵੇਗਾ।

 
ਮੰਚ ਦੀ ਸੈਕਟਰ 34 ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਚੇਅਰਮੈਨ ਸਿਰੀਰਾਮ ਅਰਸ਼, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਤੇ ਖਜ਼ਾਨਚੀ ਸੁਖਜੀਤ ਸਿੰਘ ਸਰਪੰਚ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਰਘਬੀਰ ਸਿੰਘ ਸੰਧੂ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਰਾਜ ਕੁਮਾਰ, ਸੇਵੀ ਰਾਇਤ, ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਡਾ. ਸੁਖਦੇਵ ਸਿੰਘ ਕਾਹਲੋਂ, ਨੀਤੂ ਸ਼ਰਮਾ, ਮੇਜਰ ਸਿੰਘ ਆਦਿ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀ, ਮਾਰਕੀਟ ਕਮੇਟੀ ਅਤੇ ਸਮੂਹ ਪੰਚਾਇਤਾਂ ਕੋਲੋਂ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦੇ ਮਤੇ ਪਾਸ ਕਰਵਾਉਣ ਦੀ ਮੁਹਿੰਮ ਚਲਾਈ ਗਈ ਹੈ।

 
ਮੰਚ ਵਲੋਂ 19 ਫਰਵਰੀ ਨੂੰ ਰੱਖੀ ਜਾ ਰਹੀ ਭੁੱਖ ਹੜਤਾਲ ਦੌਰਾਨ ਇਹ ਮਤੇ ਪ੍ਰਸ਼ਾਸਨ ਨੂੰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਇਥੋਂ ਦੀਆਂ ਲੋਕ ਸੰਸਥਾਵਾਂ ਦੀ ਰਾਏ ਅਨੁਸਾਰ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕੀਤੀ ਜਾਵੇ।ਆਗੂਆਂ ਨੇ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਨ ਦੀ ਮੁਹਿੰਮ ਵੀ ਛੇੜਨ ਦਾ ਫੈਸਲਾ ਲਿਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਪਿਛਲੇ 17 ਸਾਲਾਂ ਤੋਂ ਸ਼ਹਿਰ ਦੇ ਸਮੂਹ ਸਾਈਨ ਬੋਰਡਾਂ ਅਤੇ ਸਰਕਾਰੀ ਦਫਤਰਾਂ ਵਿਚ ਪੰਜਾਬੀ ਭਾਸ਼ਾ ਵਿਚ ਬੋਰਡ ਲਾਉਣ ਸਮੇਤ ਪੰਜਾਬੀ ਭਾਸ਼ਾ ਵਿਚ ਮਿਲੇ ਪੱਤਰ ਦਾ ਜਵਾਬ ਇਸੇ ਭਾਸ਼ਾ ਵਿਚ ਦੇਣ ਦੇ ਵਾਅਦੇ ਕਰਦਾ ਆ ਰਿਹਾ ਹੈ ਪਰ ਹਾਲੇ ਤੱਕ ਇਹ ਨਿੱਕੀ ਜਿਹੀ ਮੰਗ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ।

 

ਇਸ ਦੌਰਾਨ ਫਿਰ ਯੂਟੀ ਦੇ ਸਾਬਕਾ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਪ੍ਰਸ਼ਾਸਨ ਵਿਚ ਤਿੰਨ ਭਾਸ਼ਾਈ ਫਾਰਮੂਲਾ (ਪੰਜਾਬੀ, ਹਿੰਦੀ ਤੇ ਅੰਗਰੇਜ਼ੀ) ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਯੂਟੀ ਦੇ ਕਿਸੇ ਵੀ ਵਿਭਾਗ ਵਿਚ ਇਹ ਫੈਸਲਾ ਲਾਗੂ ਨਹੀਂ ਹੋਇਆ। ਇਥੋਂ ਤੱਕ ਕਿ ਲੋਕ ਸੰਪਰਕ ਵਿਭਾਗ ਵਲੋਂ ਵੀ ਅੰਗਰੇਜ਼ੀ ਭਾਸ਼ਾ ’ਚ ਹੀ ਪ੍ਰੈਸ ਨੋਟ ਜਾਰੀ ਕਰਕੇ ਪ੍ਰਸ਼ਾਸਕ ਦੇ ਫੈਸਲੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

 

ਆਗੂਆ ਨੇ ਐਲਾਨ ਕੀਤਾ ਕਿ ਗੈਰ-ਸੰਵਿਧਾਨਕ ਢੰਗ ਨਾਲ ਯੂਟੀ ਪ੍ਰਸ਼ਾਸਨ ਉਪਰ ਥੋਪੀ ਅੰਗਰੇਜ਼ੀ ਭਾਸ਼ਾ ਤੋਂ ਖਹਿੜਾ ਛੁਡਾਉਣ ਲਈ ਪੰਜਾਬ ਦੇ ਸਮੂਹ ਮੰਤਰੀਆਂ ਤੇ ਵਿਧਾਇਕਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੰਗ ਪੱਤਰ ਦੇ ਕੇ ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀਆਂ ਦੀ ਮਾਂ-ਬੋਲੀ ਬਚਾਉਣ ਦੀ ਅਰਜ਼ੋਈ ਕੀਤੀ ਜਾਵੇਗੀ।

ਟਿੱਪਣੀ ਕਰੋ:

About webmaster

Scroll To Top