Home / ਚੋਣਵੀ ਖਬਰ/ਲੇਖ / ਭਾਰਤੀ ਅਧਿਕਾਰੀਆਂ ‘ਤੇ ਗੁਰਦੁਆਰਿਆਂ ਵਿੱਚ ਪਾਬੰਦੀ ਲਈ ਕੈਪਟਨ ਅਤੇ ਮੋਦੀ ਜ਼ਿਮੇਵਾਰ: ਅਕਾਲੀ ਦਲ ਸਾਂਝਾ

ਭਾਰਤੀ ਅਧਿਕਾਰੀਆਂ ‘ਤੇ ਗੁਰਦੁਆਰਿਆਂ ਵਿੱਚ ਪਾਬੰਦੀ ਲਈ ਕੈਪਟਨ ਅਤੇ ਮੋਦੀ ਜ਼ਿਮੇਵਾਰ: ਅਕਾਲੀ ਦਲ ਸਾਂਝਾ

 

ਚੰਡੀਗੜ੍ਹ: ਵਿਦੇਸ਼ਾਂ ਦੇ ਗੁਰਦੁਵਾਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਦੇ ਮਾਮਲੇ ਵਿੱਚ
ਯੂਨਾਈਟਡ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।
ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਇਆ ਕਿ ਜਦੋਂ ਭਾਰਤ ਅਤੇ ਪੰਜਾਬ ਸਰਕਾਰ ਵਿਦੇਸ਼ੀ ਸਿੱਖਾਂ ਦੇ ਇੱਥੇ ਆਉਂਦੇ ਨੁਮਾਇੰਦਿਆਂ ਨੂੰ ਜ਼ਲੀਲ ਕਰਨਗੇ ਤਾਂ ਉਨ੍ਹਾਂ ਕੋਲ ਅਜਿਹੇ ਫ਼ੈਸਲੇ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ।

ਯੂਨਾਈਟਿਡ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੀ ਝਲਕ।

ਉਨ੍ਹਾਂ ਕਿਹਾ ਕਿ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇੱਥੇ ਦੌਰੇ ’ਤੇ ਆਏ ਸਨ ਤਾਂ ਜਿੱਥੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਰੁਤਬੇ ਮੁਤਾਬਕ ਸਨਮਾਨ ਨਹੀਂ ਦਿੱਤਾ ਸੀ, ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਖਾਲਿਸਤਾਨੀਆਂ ਦੇ ਹਮਾਇਤੀ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਦੇ ਅਜਿਹੇ ਵਤੀਰੇ ਰਹੇ ਤਾਂ ਸਾਰੇ ਸਿੱਖ ਹੀ ਅਜਿਹੇ ਬਾਈਕਾਟ ਕਰਨ ਲਈ ਮਜਬੂਰ ਹੋਣਗੇ।

 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮਾਨ ਵਿੱਚ ਕਈ ਅਹੁਦਿਆਂ ’ਤੇ ਕੰਮ ਕਰ ਚੁੱਕੇ ਇੰਦਰਪ੍ਰੀਤ ਸਿੰਘ ਗੋਗਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਡਾ. ਸੁਖਦੇਵ ਸਿੰਘ ਕਾਹਲੋਂ ਨੂੰ ਚੰਡੀਗੜ੍ਹ ਦਾ ਪ੍ਰਧਾਨ, ਹਰਮੇਸ਼ ਸਿੰਘ ਕਜਹੇੜੀ ਨੂੰ ਚੰਡੀਗੜ੍ਹ ਦਿਹਾਤੀ ਦਾ ਪ੍ਰਧਾਨ, ਕਰਮ ਸਿੰਘ ਨੂੰ ਮਨੀਮਾਜਰਾ ਸਰਕਲ ਦਾ ਪ੍ਰਧਾਨ, ਅਮਰਜੀਤ ਸਿੰਘ ਖ਼ਾਲਸਾ ਨੂੰ ਯੂਥ ਅਕਾਲੀ ਦਲ ਚੰਡੀਗੜ੍ਹ ਦਾ ਪ੍ਰਧਾਨ ਅਤੇ ਖੁਸ਼ਹਾਲ ਸਿੰਘ ਖ਼ਾਲਸਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

 

ਇਸੇ ਤਰ੍ਹਾਂ ਪਰਮਜੀਤ ਸਿੰਘ ਗਿੱਲ ਨੂੰ ਮੁਹਾਲੀ, ਨਾਇਬ ਸਿੰਘ ਨੂੰ ਮੁਹਾਲੀ ਦਿਹਾਤੀ ਅਤੇ ਲਹਿਣਾ ਸਿੰਘ ਨੂੰ ਡੇਰਾਬਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਨੇ ਜਥੇਦਾਰ ਗੁਰਨਾਮ ਸਿੰਘ ਸਿੱਧੂ ਅਤੇ ਡਾ. ਭਗਵਾਨ ਸਿੰਘ ਸਮੇਤ ਐਲਾਨ ਕੀਤਾ ਕਿ 4 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਧਰਮ ਯੁੱਧ ਕਨਵੈਨਸ਼ਨ ਕਰ ਕੇ ਕੈਪਟਨ ਅਤੇ ਬਾਦਲਾਂ ਦੇ ਕਥਿਤ ਗੱਠਜੋੜ ਵੱਲੋਂ ਪੰਜਾਬੀਆਂ ਨਾਲ ਕੀਤੇ ਜਾ ਰਹੇ ਮਜ਼ਾਕ ਦਾ ਖੁਲਾਸਾ ਕਰ ਕੇ ਵਿਸ਼ਾਲ ਸੰਘਰਸ਼ ਛੇੜਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਪ੍ਰੋਗਰਾਮ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ।

ਟਿੱਪਣੀ ਕਰੋ:

About webmaster

Scroll To Top