Home / ਚੋਣਵੀ ਖਬਰ/ਲੇਖ / ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

ਭਾਰਤੀ ਨਿਆ ਪਾਲਿਕਾ: ਸੁਪਰੀਮ ਕੋਰਟ ਦੇ ਜੱਜਾਂ ਨੇ ਸੁਪਰੀਮ ਕੋਰਟ ਨੂੰ ਬਚਾਉਣ ਦਾ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ

 

ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਜੱਜਾਂ ਵੱਲੋਂ ਅੱਜ ਮੀਡੀਆ ਸਾਹਮਣੇ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਿਆ ਕਿ ਭਾਰਤੀ ਨਿਆਪਾਲਕਾ ਵਿੱਚ ਸਭ ਅੱਛਾ ਨਹੀਂ ਹੈ।ਜੱਜਾਂ ਦਾ ਦੋਸ਼ ਹੈ ਕਿ ਮੁੱਖ ਜੱਜ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੇ ਅਤੇ ਕੇਸਾਂ ਦੀ ਵੰਡ ਵਿੱਚ ਤਰਕ ਸੰਗਤ ਤਰੀਕਾ ਨਹੀਂ ਅਪਨਾਇਆ ਜਾਂਦਾ। ਜੱਜਾਂ ਦੀ ਇਸ ਮੀਡੀਆ ਕਾਨਫਰੰਸ ਨਾਲ ਭਾਰਤੀ ਨਿਆਪਾਲਕਾ ਦੇ ਅੰਦਰਲੇ ਹਾਲਾਤ ਸਾਹਮਣੇ ਆ ਗਏ ਹਨ।

ਸੁਪਰੀਮ ਕੋਰਟ ਦੇ ਜੱਜ (ਖੱਬਿਓਂ) ਜਸਟਿਸ ਕੁਰੀਅਨ ਜੋਜ਼ੇਫ਼, ਜਸਟਿਸ ਜੇ. ਚੇਲਾਮੇਸ਼ਵਰ , ਜਸਟਿਸ ਰੰਜਨ ਗੋਗੋਈ ਤੇ ਜਸਟਿਸ ਮਦਨ ਲੋਕੁਰ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਜਸਟਿਸ ਚੇਲਾਮੇਸਵਰ ਦੀ ਰਿਹਾਇਸ਼ ਉੱਤੇ ਬੁਲਾਈ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਚੇਲਾਮੇਸਵਰ ਨੇ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿੱਚ ਇਹ ਆਸਧਾਰਨ ਘਟਨਾ ਹੈ। ਕਈ ਮੌਕਿਆਂ ਉੱਤੇ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਤਰਕਸੰਗਤ ਨਹੀ ਰਹਿੰਦਾ ਤੇ ਪਿਛਲੇ ਮਹੀਨਿਆਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦੀ ਆਸ ਨਹੀ ਕੀਤੀ ਜਾਂਦੀ।

 

ਇਨ੍ਹਾਂ ਜੱਜਾਂ ਨੇ ਚੀਫ ਜਸਟਿਸ ਉੱਤੇ ਕੇਸਾਂ ਦੀ ਵੰਡ ਅਤੇ ਕੁੱਝ ਅਦਾਲਤੀ ਹੁਕਮਾਂ ਨੂੰ ਲੈ ਕੇ ਗੰਭੀਰ ਦੋਸ਼ ਲਾਏ। ਇਸ ਘਟਨਾ ਦੇ ਨਾਲ ਭਾਰਤ ਦੀ ਨਿਆਂ ਪ੍ਰਣਾਲੀ ਦੀਆਂ ਚੂਲਾਂ ਹਿਲ ਗਈਆਂ ਹਨ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਤੋਂ ਬਾਅਦ ਸੀਨੀਅਰ ਜਸਟਿਸ ਜੇ ਚੇਲਾਮੇਸਵਰ ਸਮੇਤ ਚਾਰ ਸੀਨੀਅਰ ਜੱਜਾਂ ਜਿਨ੍ਹਾਂ ਵਿੱਚ ਜਸਟਿਸ ਰੰਜਨ ਗੋਗੋਈ, ਐਮ ਬੀ ਲੋਕੁਰ ਅਤੇ ਕੁਰੀਅਨ ਜੋਸਫ ਸ਼ਾਮਲ ਹਨ, ਵੱਲੋਂ ਕੀਤੀ ਅਣਕਿਆਸੀ ਮੀਡੀਆ ਕਾਨਫਰੰਸ ਵਿੱਚ ਦੇਸ਼ ਦੇ ਸਿਖ਼ਰਲੇ ਜੱਜ ਅਤੇ ਬਾਕੀ ਦੇ ਸੀਨੀਅਰ ਜੱਜਾਂ ਵਿੱਚ ਮੱਤਭੇਦ ਉਭਰ ਕੇ ਸਾਹਮਣੇ ਆ ਗਏ ਹਨ, ਜੋ ਪਿਛਲੇ ਮਹੀਨਿਆਂ ਦੌਰਾਨ ਅੰਦਰੋ-ਅੰਦਰ ਸੁਲਘ ਰਹੇ ਸਨ।

 

ਮੀਡੀਆ ਕਾਨਫਰੰਸ ਵਿੱਚ ਚੀਫ ਜਸਟਿਸ ਨੂੰ ਭੇਜੇ ਸੱਤ ਸਫਿਆਂ ਦੇ ਪੱਤਰ ਨੂੰ ਜਾਰੀ ਕਰਦਿਆਂ ਇਨ੍ਹਾਂ ਜੱਜਾਂ ਨੇ ਦੋਸ਼ ਲਾਇਆ ਉਨ੍ਹਾਂ ਦੀ ਕਾਰਜਸ਼ੈਲੀ ਨਾਲ ਦੇਸ਼ ਦਾ ਨਿਆਂ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ ਤੇ ਹਾਈਕੋਰਟਾਂ ਦੀ ਆਜ਼ਾਦੀ ਉੱਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੀਫ ਜਸਟਿਸ ਮਿਸ਼ਰਾ ਦੇ ਧਿਆਨ ਵਿੱਚ ਕੁੱਝ ਮਾਮਲੇ ਲਿਆਂਦੇ ਸਨ, ਜਿਨ੍ਹਾਂ ਕਰਕੇ ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਸੀ ਤੇ ਚੀਫ ਜਸਟਿਸ ਨੇ ਇਸ ਸਬੰਧੀ ਕੋਈ ਢੁਕਵੇਂ ਕਦਮ ਨਹੀ ਚੁੱਕੇ।

 
ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਚੇਲਾਮੇਸਵਰ ਨੇ ਕਿਹਾ ਕਿ ਜਦੋਂ ਤੱਕ ਸੁਪਰੀਮ ਕੋਰਟ ਨੂੰ ਨਹੀ ਬਚਾਇਆ ਜਾਂਦਾ ਜਮਹੂਰੀਅਤ ਦਾ ਵਿਕਾਸ ਨਹੀ ਹੋ ਸਕਦਾ। ਉਹ ਸੁਪਰੀਮ ਕੋਰਟ ਅਤੇ ਦੇਸ਼ ਦੇ ਦੇਣਦਾਰ ਹਨ ਤੇ ਇਸ ਤਰ੍ਹਾਂ ਅਚਾਨਕ ਪ੍ਰੈਸਕਾਨਫਰੰਸ ਬੁਲਾਉਣਾ ਬੇਹੱਦ ਦੁਖਦਾਈ ਕਦਮ ਹੈ।

 
ਉਨ੍ਹਾਂ ਕਿਹਾ ਕਿ ਚਾਰੇ ਸੀਨੀਅਰ ਜਸਟਿਸ, ਚੀਫ ਜਸਟਿਸ ਨੂੰ ਮੁੱਦੇ ਸਮਝਾਉਣ ਵਿੱਚ ਅਸਫਲ ਰਹੇ ਹਨ ਕਿ ਕੁੱਝ ਗੱਲਾਂ ਸੁਪਰੀਮ ਕੋਰਟ ਵਿੱਚ ਠੀਕ ਨਹੀ ਹੋ ਰਹੀਆਂ, ਇਸ ਕਰਕੇ ਇਹ ਸਿਖ਼ਰਲਾ ਕਦਮ ਚੁੱਕਣਾ ਪਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਸੀਬੀਆਈ ਜੱਜ ਬੀ ਐਚ ਲੋਯਾ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ, ਦੀ ਸੁਣਵਾਈ ਦਾ ਮਾਮਲਾ ਵੀ ਉਨ੍ਹਾਂ ਕੇਸਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਵੰਡ ਦਾ ਮਾਮਲਾ ਚੀਫ ਜਸਟਿਸ ਅੱਗੇ ਉਠਾਇਆ ਗਿਆ ਸੀ।

 
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਚੀਫ ਜਸਟਿਸ ਵਿਰੁੱਧ ਮਹਾਦੋਸ਼ ਲਾਇਆ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਦੇਸ਼ ਕਰੇਗਾ।

ਟਿੱਪਣੀ ਕਰੋ:

About webmaster

Scroll To Top