Home / ਚੋਣਵੀ ਖਬਰ/ਲੇਖ / ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਦਸਵੰਧ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਿੱਖ ਧਰਮ ਦੀ ਉਤਪਤੀ ਹੋਈ। ਧਰਮਾਂ ਦੇ ਇਤਿਹਾਸ ਵਿਚ ਇਹ ਸਭ ਤੋਂ ਛੋਟੀ ਉਮਰ ਦਾ, ਨਿਵੇਕਲੀ ਅਤੇ ਨਿਰਾਲੀ ਕਿਸਮ ਦਾ ਧਰਮ ਹੈ। ਇਸ ਨਿਵੇਕਲੇ ਅਤੇ ਨਿਰਾਲੇ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਕਈ ਅਹਿਮ ਸਿਧਾਂਤਾਂ ਉੱਪਰ ਕਾਇਮ ਕੀਤੀ, ਜਿਨ੍ਹਾਂ ਵਿਚੋਂ ਤਿੰਨ ਸਿਧਾਂਤਾਂ ਨੂੰ ਸਿੱਖ ਧਰਮ ਦੇ ਸੁਨਹਿਰੀ ਸਿਧਾਂਤ ਮੰਨਿਆ ਗਿਆ ਹੈ। ਇਹ ਹਨ : ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਨ੍ਹਾਂ ਤਿੰਨਾਂ ਸਿਧਾਂਤਾਂ ਦਾ ਤਰਤੀਬ ਵਿਚ ਹੋਣਾ ਵੀ ਅਰਥਹੀਣ ਨਹੀਂ।

 

ਸੰਸਾਰ ਵਿਚ ਰਹਿੰਦਿਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਰਤੀ ਹੋਣਾ ਬਹੁਤ ਜ਼ਰੂਰੀ ਹੈ। ਕਿਰਤੀ ਇਨਸਾਨ ਹੀ ਨਾਮ ਜਪ ਸਕਦਾ ਹੈ, ਕਿਉਂਕਿ ਇਹ ਵਿਹਲੜ ਮਨੁੱਖ ਦੇ ਵੱਸ ਦੀ ਗੱਲ ਨਹੀਂ ਅਤੇ ਨਾਮ ਜਪਣ ਵਾਲਾ ਇਨਸਾਨ ਹੀ ਵੰਡ ਕੇ ਛਕ ਸਕਦਾ ਹੈ, ਕਿਉਂਕਿ ਨਾਮ ਜਪਣ ਨਾਲ ਸਾਰੀ ਮਨੁੱਖਤਾ ਵਿਚ ਪਰਮਾਤਮਾ ਨਜ਼ਰੀਂ ਆਉਣ ਲੱਗ ਪੈਂਦਾ ਹੈ। ਫਿਰ ਸਾਰੀ ਮਨੁੱਖਤਾ ਇਕ ਪਰਿਵਾਰ ਵਾਂਗ ਹੀ ਜਾਪਦੀ ਹੈ। ਸੋ, ਇਸ ਅਵਸਥਾ ਵਿਚ ਇਨਸਾਨ ਵੰਡ ਛਕਣ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਹੈ। ਵੰਡ ਛਕਣ ਤੋਂ ਭਾਵ ਕੇਵਲ ਭੋਜਨ ਦੇ ਵੰਡ ਛਕਣ ਤੋਂ ਹੀ ਨਹੀਂ ਹੈ। ਇਹ ਸਿਧਾਂਤ ਸਾਨੂੰ ਮਨੁੱਖਤਾ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਸੰਕੇਤ ਦਿੰਦਾ ਹੈ। ਇਸ ਸਿਧਾਂਤ ਨੂੰ ਸਦੀਵਤਾ ਅਤੇ ਨਿਰੰਤਰਤਾ ਪ੍ਰਦਾਨ ਕਰਨ ਲਈ ਗੁਰੂ ਸਾਹਿਬਾਨ ਨੇ ‘ਦਸਵੰਧ’ ਪ੍ਰਥਾ ਦੀ ਸ਼ੁਰੂਆਤ ਕੀਤੀ।

 


ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦਸਵੰਧ ਸ਼ਬਦ ਦੀ ਵਿਉਂਤਪਤੀ ‘ਦਸਮਾਂਸ’ ਤੋਂ ਹੋਈ ਹੈ, ਜਿਸ ਦਾ ਭਾਵ ਹੈ ਦਸਵਾਂ ਜਾਂ ਦਸਵਾਂ ਭਾਗ। ‘ਦਸਵੰਧ ਇਕ ਅਜਿਹੀ ਮਰਿਆਦਾ ਹੈ, ਜੋ ਸੰਸਾਰ ਵਿਚ ਮਨੁੱਖਤਾ ਦੇ ਚਾਰ ਵੈਰੀਆਂ ਗ਼ਰੀਬੀ, ਬੇਕਾਰੀ, ਬਿਮਾਰੀ ਤੇ ਅਨਪੜ੍ਹਤਾ ਨੂੰ ਜੜ੍ਹ ਤੋਂ ਉਖੇੜ ਕੇ ਜਗਤ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ।’ ਉਂਝ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵੀ ਇਸ ਨਾਲ ਰਲਦਾ-ਮਿਲਦਾ ਅਰਥ ਰੱਖਣ ਵਾਲਾ ਸ਼ਬਦ ‘ਦਾਨ’ ਭਾਰਤੀ ਸੰਸਕ੍ਰਿਤੀ ਅੰਦਰ ਸਦੀਆਂ ਤੋਂ ਪ੍ਰਚਲਿਤ ਸੀ। ਦਾਨ ਤੋਂ ਭਾਵ ਉਹ ਵਸਤੂ ਜੋ ਅਮੀਰ ਵਲੋਂ ਗ਼ਰੀਬ ਵਿਅਕਤੀ ਨੂੰ ਦਿੱਤੀ ਜਾਵੇ। ਦਾਨ ਦੀ ਇਹ ਪ੍ਰਣਾਲੀ ਦੇਣ ਅਤੇ ਲੈਣ ਵਾਲਿਆਂ ਦੋਵਾਂ ਧਿਰਾਂ ਲਈ ਮਾਨਸਿਕ ਗਿਰਾਵਟ ਦਾ ਕਾਰਨ ਬਣਦੀ ਹੈ। ਕਿਉਂਕਿ ਇਸ ਨਾਲ ਦਾਨੀ ਧਿਰ ਹੰਕਾਰੀ ਅਤੇ ਦਾਨ ਲੈਣ ਵਾਲੀ ਧਿਰ ਅੰਦਰ ਹੀਣ ਭਾਵਨਾ ਪੈਦਾ ਹੁੰਦੀ ਹੈ। ਧਨਵਾਨ ਆਪਣੇ-ਆਪ ਨੂੰ ਦਾਤਾ ਅਤੇ ਦਾਨ ਲੈਣ ਵਾਲਾ ਗ਼ਰੀਬ ਅਤੇ ਭਿਖਾਰੀ ਬਣਿਆ ਮਹਿਸੂਸ ਕਰਦਾ ਹੈ।

 
ਗੁਰਮਤਿ ਨੇ ਕੇਵਲ ਇਕ ਪਰਮਾਤਮਾ ਨੂੰ ਹੀ ਦਾਤਾ ਮੰਨਿਆ ਹੈ ਅਤੇ ਬਾਕੀ ਸਾਰਾ ਜਗਤ ਉਸ ਅੱਗੇ ਭਿਖਾਰੀ ਹੈ। ਇਸ ਲਈ ਗੁਰਮਤਿ ਦਾ ਦ੍ਰਿਸ਼ਟੀਕੋਣ ਦਾਨ ਦੇ ਮਸਲੇ ‘ਤੇ ਅਲੱਗ ਹੈ। ਗੁਰਮਤਿ ਵਿਚ ਦਾਨ ਦੀ ਥਾਂ ਦਸਵੰਧ ਸ਼ਬਦ ਨੂੰ ਪ੍ਰਵਾਨ ਕੀਤਾ ਗਿਆ ਹੈ, ਕਿਉਂਕਿ ਇਹ ਸ਼ਬਦ ਸਨਮਾਨ ਤੇ ਸਤਿਕਾਰ ਪ੍ਰਦਾਨ ਕਰਦਾ ਹੈ। ਸਿੱਖ ਦਸਵੰਧ, ਗੁਰੂ-ਪ੍ਰਥਾਏ ਕੱਢਦਾ ਹੈ। ਦਸਵੰਧ ਨਾਲ ਜਦੋਂ ਵੀ ਕਿਸੇ ਲੋੜਵੰਦ ਜਾਂ ਗ਼ਰੀਬ ਦੀ ਮਦਦ ਕੀਤੀ ਜਾਂਦੀ ਹੈ ਤਾਂ ਉਹ ਮਦਦ ਗੁਰੂ ਵਲੋਂ ਹੁੰਦੀ ਹੈ, ਨਾ ਕਿ ਸਿੱਖ ਵਲੋਂ। ਇਸ ਕਰਕੇ ਨਾ ਹੀ ਦੇਣ ਵਾਲੇ ਵਿਚ ਹੰਕਾਰ ਆਉਂਦਾ ਹੈ ਤੇ ਨਾ ਹੀ ਲੈਣ ਵਾਲੇ ਦੇ ਸਵੈ-ਮਾਣ ਨੂੰ ਸੱਟ ਵੱਜਦੀ ਹੈ।

 
‘ਦਸਵੰਧ’ ਸ਼ਬਦ ਦੀ ਆਪਣੀ ਇਹ ਖੂਬਸੂਰਤੀ ਹੈ ਕਿ ਜੇ ਗ਼ਰੀਬ ਵਿਅਕਤੀ ਮਹੀਨੇ ਦੇ ਇਕ ਹਜ਼ਾਰ ਰੁਪਏ ਕਮਾਉਂਦਾ ਹੈ ਤਾਂ ਉਸ ਦਾ 100 ਰੁਪਈਆ ਵੀ ਦਸਵੰਧ ਹੈ ਅਤੇ ਜੇਕਰ ਕੋਈ ਅਮੀਰ ਵਿਅਕਤੀ ਇਕ ਲੱਖ ਰੁਪਏ ਮਹੀਨਾ ਕਮਾਉਂਦਾ ਹੈ ਤਾਂ ਉਸ ਦਾ 10 ਹਜ਼ਾਰ ਵੀ ਦਸਵੰਧ ਹੀ ਕਹਿਲਾਏਗਾ। ਗੁਰੂ ਦੀ ਨਜ਼ਰ ਵਿਚ ਗ਼ਰੀਬ ਦਾ 100 ਤੇ ਅਮੀਰ ਦਾ 10 ਹਜ਼ਾਰ ਇਕ ਬਰਾਬਰ ਹੈ। ਇਸ ਲਈ ਕੋਈ ਅਮੀਰ ਜਾਂ ਗ਼ਰੀਬ ਕਿੰਨੇ ਰੁਪਏ ਦਸਵੰਧ ਦੇ ਰੂਪ ਵਿਚ ਕੱਢ ਰਿਹਾ ਹੈ, ਇਹ ਮਾਇਨੇ ਨਹੀਂ ਰੱਖਦਾ, ਮਾਇਨੇ ਕੇਵਲ ਦਸਵੰਧ ਕੱਢਣਾ ਰੱਖਦਾ ਹੈ।

 
ਸਿੱਖ ਧਰਮ ਵਿਚ ਮਨੁੱਖਤਾ ਦੇ ਭਲੇ ਹਿੱਤ ਅਤੇ ਸਾਂਝੇ ਕਾਰਜਾਂ ਵਾਸਤੇ ਸਰਦਾ-ਬਣਦਾ ਹਿੱਸਾ ਪਾਉਣ ਦੀ ਰੀਤ ਗੁਰੂ ਨਾਨਕ ਸਾਹਿਬ ਹੋਂਦ ਵਿਚ ਲੈ ਕੇ ਆਏ। ਉਸ ਸਮੇਂ ਵਿਚ ਜਿੱਥੇ ਲੁੱਟ-ਖੋਹ ਕਰਕੇ ਗੁਜ਼ਾਰਾ ਕਰਨ ਦੀ ਆਦਤ ਬਣ ਗਈ ਹੋਵੇ, ਉੱਥੇ ਕਿਰਤ ਦਾ ਪਾਠ ਪੜ੍ਹਾਉਣਾ ਅਤੇ ਫਿਰ ਕਿਰਤ-ਕਮਾਈ ਵਿਚੋਂ ਧਰਮ-ਅਰਥ ਅਤੇ ਮਨੁੱਖਤਾ ਦੇ ਭਲੇ ਹਿੱਤ ਹਿੱਸਾ ਕੱਢਣ ਲਈ ਪ੍ਰੇਰਨਾ, ਅਲੂਣੀ ਸਿਲ ਚੱਟਣ ਦੇ ਬਰਾਬਰ ਸੀ।

 

ਗੁਰੂ ਜੀ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਖ਼ੁਦ 20 ਰੁਪਏ ਦਾ ਭੁੱਖੇ ਲੋੜਵੰਦ ਸਾਧੂਆਂ ਨੂੰ ਭੋਜਨ ਛਕਾ ਕੇ ਇਸ ਦੀ ਆਰੰਭਤਾ ਕੀਤੀ। ਕਰਤਾਰਪੁਰ ਸਾਹਿਬ ਰਹਿੰਦਿਆਂ ਖੁਦ ਖੇਤੀ ਕਰਕੇ ਪੈਦਾ ਕੀਤੇ ਅੰਨ-ਦਾਣੇ ਨੂੰ ਗੁਰੂ ਜੀ ਨੇ ਸਾਂਝੇ ਰੂਪ ਵਿਚ ਵਰਤਿਆ ਅਤੇ ਉਸੇ ਅਨਾਜ ਵਿਚੋਂ ਹੀ ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ। ਕਰਤਾਰਪੁਰ ਦੇ ਲੋਕਾਂ ਨੇ ਇਹ ਪਹਿਲਾ ਧਾਰਮਿਕ ਗੁਰੂ ਦੇਖਿਆ ਸੀ, ਜੋ ਲੋਕਾਂ ਕੋਲੋਂ ਮੰਗਣ ਦੀ ਬਜਾਏ ਆਪਣੇ ਕੋਲੋਂ ਵੰਡ ਰਿਹਾ ਸੀ। ਨਹੀਂ ਤਾਂ ਪਹਿਲਾਂ, ਲੋਕਾਂ ਕੋਲੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਧਾਰਮਿਕ ਆਗੂ ਤਾਂ ਬਥੇਰੇ ਦੇਖੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਨੇ ਵੀ ਲੰਗਰ ਵਿਚ ਸਰਦਾ-ਬਣਦਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ।

 
ਇਹ ਪ੍ਰਥਾ ਨਿਰੰਤਰ ਚਲਦੀ ਰਹੀ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਦਸਵੰਧ ਦਾ ਪੱਕਾ ਨਿਯਮ ਬਣਾ ਦਿੱਤਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਬਹੁਤ ਪ੍ਰਫੁੱਲਤ ਹੋ ਗਿਆ। ਦਸਵੰਧ ਸਦਕਾ ਹੀ ਗੁਰੂ ਸਾਹਿਬਾਨ ਨੇ ਕਿਲ੍ਹੇ ਬਣਵਾਏ, ਕਈ ਨਵੇਂ ਨਗਰ ਵਸਾਏ, ਜ਼ੁਲਮ ਦਾ ਨਾਸ਼ ਕਰਨ ਹਿੱਤ ਫੌਜਾਂ ਰੱਖੀਆਂ, ਪਾਣੀ ਦੀ ਸਹੂਲਤ ਲਈ ਖੂਹ ਲਗਵਾਏ, ਸਰੋਵਰ ਖੁਦਵਾਏ, ਭੁੱਖਿਆਂ ਅਤੇ ਲੋੜਵੰਦਾਂ ਲਈ ਹਰ ਵਕਤ ਲੰਗਰ ਚਲਾਏ, ਗ਼ਰੀਬਾਂ ਲਈ ਮੁਫ਼ਤ ਦਵਾਖਾਨੇ ਖੋਲ੍ਹੇ, ਲੋੜਵੰਦ ਪਰਿਵਾਰਾਂ ਦੀ ਬਿਨਾਂ ਵਿਤਕਰੇ ਸਹਾਇਤਾ ਕੀਤੀ, ਧਰਮਸ਼ਾਲਾਵਾਂ ਨੂੰ ਵਿੱਦਿਆ ਦੇ ਕੇਂਦਰ ਬਣਾਇਆ, ਤਾਂ ਜੋ ਜੀਵਨ ਦੇ ਹਰ ਪਹਿਲੂ ਦੀ ਸੁਚੱਜੀ ਜੀਵਨ-ਜਾਚ ਮਿਲਦੀ ਰਹੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ ‘ਚ)
-ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 8283838323 js.mukerian@gmail.com

ਟਿੱਪਣੀ ਕਰੋ:

About webmaster

Scroll To Top