Home / ਚੋਣਵੀ ਖਬਰ/ਲੇਖ / ਚੋਣ ਕਮਿਸ਼ਨ ਦਾ ਜ਼ਾਬਤਾ ਮੰਨਣ ਵਾਲਿਓ, ਕੌਮ ਦਾ ਜ਼ਾਬਤ ਵੀ ਮੰਨ ਲਓ…

ਚੋਣ ਕਮਿਸ਼ਨ ਦਾ ਜ਼ਾਬਤਾ ਮੰਨਣ ਵਾਲਿਓ, ਕੌਮ ਦਾ ਜ਼ਾਬਤ ਵੀ ਮੰਨ ਲਓ…

-ਜਸਪਾਲ ਸਿੰਘ ਹੇਰਾਂ

 

ਧਰਮ ਤੋਂ ਰਾਜਨੀਤੀ ਪਿਆਰੀ ਹੈ, ਇਹ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਦਾ ਅੰਦਰੂਨੀ ਮੰਤਵ ਹੈ। ਜਿਸਦੀ ਉਹ ਸਮੇਂ-ਸਮੇਂ ਪੂਰਤੀ ਕਰਦੀਆਂ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਸ ਤਰਾਂ ਸ਼ਹੀਦੀ ਦਿਹਾੜਿਆਂ ਤੇ ਸਿਆਸੀ ਕਾਨਫ਼ਰੰਸਾਂ ਸਬੰਧੀ ਮੋੜ ਕੱਟਿਆ ਹੈ। ਉਸਨੇ ਇੱਕ ਵਾਰ ਫ਼ਿਰ ਇਹ ਸਾਬਤ ਕਰ ਦਿੱਤਾ ਕਿ ਇਸ ਸਮੇਂ ਧਰਮ, ਸਿਆਸਤ ਦੀ ਤਾਬਿਆ ਹੈ। ਧਰਮ ਦੀ ਹਿੰਮਤ ਨਹੀਂ ਕਿ ਉਹ ਸੱਚ ’ਤੇ ਪਹਿਰਾ ਦੇ ਕੇ ਰਾਜਨੀਤੀ ਦੇ ਕੂੜ ਦਾ ਵਿਰੋਧ ਕਰ ਸਕੇ।

 

ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ’ਤੇ ਜਿਸ ਖਦਰਾਣੇ ਦੀ ਢਾਬ ’ਤੇ 40 ਬੇਦਾਵੀ ਸਿੰਘਾਂ ਨੇ ਸੀਸ ਵਾਰ ਕੇ ‘ਮੁਕਤੀ’ ਪ੍ਰਾਪਤ ਕੀਤੀ ਸੀ। ਉਸ ਧਰਤੀ ਨੂੰ ਰਾਜਸੀ ਚਿੱਕੜ ਤੋਂ ਮੁਕਤ ਰੱਖਣ ਲਈ ਕੌਮ ਨੇ ਆਪਣੇ ਮਨ ਦੇ ਵਲਵਲੇ , ਜਜ਼ਬਾਤ, ਭਾਵਨਾ ਸਾਰੀਆਂ ਸਿਆਸੀ ਧਿਰਾਂ ਨਾਲ ਸਾਂਝੇ ਕੀਤੇ ਅਤੇ ਉਨਾਂ ਨੂੰ ਇਸ ਦਿਹਾੜੇ ਨੂੰ ਸਿਰਫ਼ ਮਾਈ ਭਾਗੋ ਤੇ ਚਾਲੀ ਮੁਕਤਿਆਂ ਦੀ ਸਾਂਝ ਅਤੇ ਗੁਰੂ ਸਾਹਿਬ ਦੇ ਸਿੱਖਾਂ ਪ੍ਰਤੀ ਮੋਹ ਪਿਆਰ ਤੱਕ ਸੀਮਤ ਰੱਖਣ ਦੀ ਵਾਰ-ਵਾਰ ਬੇਨਤੀ ਕੀਤੀ।

 

ਸਿਆਸੀ ਧਿਰਾਂ ਲਈ ਤਾਂ ਰਾਜਨੀਤੀ ਧਰਮ ਤੋਂ ਪਿਆਰੀ ਹੈ। ਉਹ ਸੰਗਤਾਂ ਦੇ ਵੱਡੇ ਇਕੱਠ ਨੂੰ, ਸ਼੍ਰੋਮਣੀ ਕਮੇਟੀ ਦੇ ਲੰਗਰ ਸਹਾਰੇ ਆਪਣੀ ਹੀ ਰਾਜਨੀਤੀ ਲਈ ਵਰਤਣ ਤੋਂ ਭਲਾ ਕਿਵੇਂ ਬਾਜ਼ ਆ ਸਕਦੇ ਹਨ। ਉਨਾਂ ਨੇ ‘‘ਮੈਂ ਨਾਂ ਮਾਨੂੰ’’ ਦੀ ਰੱਟ ਲਾ ਕੇ ਤੰਬੂ ਗੱਡ ਦਿੱਤੇ। ਹੁਣ ਟੁੱਟੀ ਗੰਢਾਉਣ ਦੇ ਦਿਹਾੜੇ ਕੌਮ ਜੇ ਉਲਟਾ ਗੁਰੂ ਨੂੰ ਇੱਕ ਹੋਰ ਬੇਦਾਵਾ ਦੇਣਾ ਚਾਹੰੁਦੀ ਹੈ ਤਾਂ ਗੁਰੂ ਸਾਹਿਬ ਇਸ ਕੌਮ ਦੀ ਪ੍ਰਤੀਤ ਕਿਉਂ ਕਰਨਗੇ? ਪਿਛਲੇ ਸਾਲ ਇਨਾਂ ਦਿਹਾੜਿਆਂ ਸਮੇਂ ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਸੀ ਅਤੇ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਸੀ। ਹਰ ਸਿਆਸੀ ਧਿਰ ਨੇ ਉਸ ਚੋਣ ਜ਼ਾਬਤੇ ਦੀ ਜਿਹੜਾ ਦੁਨਿਆਵੀ ਸਰਕਾਰ ਵੱਲੋਂ ਲਾਇਆ ਗਿਆ ਸੀ, ਬਿਨਾਂ ਕਿਸੇ ਹੀਲ-ਹੁਜਤ ਦੇ ਪੂਰੀ-ਪੂਰੀ ਪਾਲਣਾ ਕੀਤੀ। ਪੰ੍ਰਤੂ ਇਸ ਵਾਰ ਜੇ ਕੌਮ ਇੱਕ ਜ਼ਾਬਤਾ ਲਾਗੂ ਕਰਨ ਦੀ ਗੱਲ ਕਰਦੀ ਹੈ ਤਾਂ ਉਸਨੂੰ ਮੰਨਣ ਲਈ, ਪ੍ਰਵਾਨ ਕਰਨ ਲਈ ਕੋਈ ਤਿਆਰ ਨਹੀਂ।

 

ਸਾਫ਼ ਹੈ ਕਿ ਸਿਆਸੀ ਧਿਰਾਂ ਲਈ ਚੋਣ ਕਮਿਸ਼ਨ ਦਾ ਡੰਡਾ ਮਾਇਨੇ ਰੱਖਦਾ ਹੈ ਪੰ੍ਰਤੂ ਕੌਮ ਦੇ ਜਜ਼ਬਾਤ, ਗੁਰੂ ਦਾ ਆਦਰ-ਸਤਿਕਾਰ ਕੋਈ ਅਰਥ ਨਹੀਂ ਰੱਖਦਾ। ਫ਼ਿਰ ਇਹ ਟੁੱਟੀ ਗੰਢਣ ਦੇ ਦਿਹਾੜੇ ਗੁਰੂ ਸਾਡੇ ਬੇਦਾਵੇ ਭਲਾ ਕਿਉਂ ਪਾੜਨਗੇ? ਸਿਆਸੀ ਧਿਰਾਂ ਲਈ ਵਾਰ-ਵਾਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਮੌਕੇ ਆਉਦੇ ਹਨ। ਉਨਾਂ ਮੌਕਿਆਂ ’ਤੇ ਉਹ ਜਿਹੜਾ ਮਰਜ਼ੀ ਚੀਖ਼-ਚਿਹਾੜਾ ਪਾਈ ਜਾਣ, ਕੋਈ ਮਨਾਂ ਨਹੀਂ ਕਰਦਾ। ਪੰ੍ਰਤੂ ਇਤਿਹਾਸਕ ਸ਼ਹੀਦੀ ਦਿਹਾੜਿਆਂ ’ਤੇ ਇਹ ਚੀਖ਼-ਚਿਹਾੜੇ ਕਿਵੇਂ ਵੀ ਸ਼ੋਭਾ ਨਹੀਂ ਦਿੰਦੇ। ਚਾਲੀ ਮੁਕਤਿਆਂ ਨੇ ਸਮੇਤ ਦਸ਼ਮੇਸ਼ ਪਿਤਾ ਦੇ ਉਸ ਸਮੇਂ ਦੇ ਸਾਥੀ ਸਿੰਘਾਂ ਨਾਲ ਮਿਲ ਕੇ ਰਣਤੱਤੇ ’ਚ ਜੂਝ ਕੇ ਸ਼ਹੀਦੀਆਂ ਵੀ ਪਾਈਆਂ, ਜਿੱਤ ਵੀ ਪ੍ਰਾਪਤ ਕੀਤੀ।

 

ਆਖ਼ਰ ਬਾਦਲਕੇ ਜਿਨਾਂ ਨੇ ਢਾਈ ਸਾਲ ਗੁਰੂ ਸਾਹਿਬ ਦੀ ਬੇਅਦਬੀ ਆਪਣੀ ਸਰਪ੍ਰਸਤੀ ’ਚ ਕਰਵਾਈ, ਸਿੱਖ ਸੰਗਤ ਨੂੰ ਗੋਲੀਆਂ ਨਾਲ ਵਿੰਨਿਆ। ਉਹ ਰਣਤੱਤੇ ’ਚ ਜੂਝਣ ਵਾਲੇ ਚਾਲੀ ਮੁਕਤਿਆਂ ਦਾ ਸਾਹਮਣਾ ਕਿਸ ਮੂੰਹ ਨਾਲ ਕਰ ਸਕਣਗੇ। ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਸ਼ਹੀਦਾਂ ਦੀ ਧਰਤੀ ਅਤੇ ਸ਼ਹੀਦੀ ਦੇ ਕੇ ਗੁਰੂ ਨੂੰ ਰਿਝਾਉਣ ਦੀ ਧਰਤੀ ਹੈ। ਇਸ ਧਰਤੀ ’ਤੇ ਚਾਪਲੂਸਾਂ, ਗ਼ਦਾਰਾਂ, ਲੋਭੀ-ਲਾਲਸੀਆਂ, ਦੰਭੀ-ਕਪਟੀਆਂ, ਹੰਕਾਰੀਆਂ ਤੇ ਲੋਟੂਆਂ ਲਈ ਕੋਈ ਥਾਂ ਨਹੀਂ।

 

 

ਇਸੇ ਕਾਰਣ ਕੌਮ ਦੁਹਾਈ ਦੇ ਰਹੀ ਹੈ ਕਿ ਅਜਿਹੇ ਦਾਗ਼ੀ ਚਿਹਰੇ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਾਪ ਦਾ ਬੋਝ ਨਾਂਹ ਵਧਾਉਣ, ਉਨਾਂ ਨੂੰ ਜ਼ੇਰਾ ਨਹੀਂ ਕਿ ਉਹ ਗੁਰੂ ਦੇ ਸਨਮੁੱਖ ਹੋ ਸਕਣ। ਇਸ ਲਈ ਚੰਗਾ ਹੋਵੇ ਕਿ ਸਿਆਸੀ ਧਿਰਾਂ, ਕੌਮ ਦੇ ਜ਼ਾਬਤੇ ਨੂੰ ਪ੍ਰਵਾਨ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਰਾਜਸੀ ਚਿੱਕੜ ਤੋਂ ਬਚਾਈ ਰੱਖਣ ਲਈ ਫੈਸਲਾ ਲੈ ਲੈਣ ਨਹੀਂ ਤਾਂ ਫ਼ਿਰ ਕੌਮ ਦਾ ਜ਼ਾਬਤਾ ਆਪਣਾ ਰੰਗ ਜ਼ਰੂਰ ਦਿਖਾੳੂਗਾ।

ਟਿੱਪਣੀ ਕਰੋ:

About webmaster

Scroll To Top