Home / ਚੋਣਵੀ ਖਬਰ/ਲੇਖ / ਸਿੱਖ ਕਤਲੇਆਮ: ਸੁਪਰੀਮ ਕੋਰਟ ਨੇ ਸਾਬਕਾ ਜੱਜ ਐਸ. ਐਨ. ਢੀਂਗਰਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ

ਸਿੱਖ ਕਤਲੇਆਮ: ਸੁਪਰੀਮ ਕੋਰਟ ਨੇ ਸਾਬਕਾ ਜੱਜ ਐਸ. ਐਨ. ਢੀਂਗਰਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ

ਨਵੀਂ ਦਿੱਲੀ: ਸਿੱਖ ਨਸਲਕੁਸ਼ੀ 1984 ਦੇ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਲਈ ਅੱਜ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਐਸ. ਐਨ. ਢੀਂਗਰਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕੀਤਾ ਹੈ ।

 
ਇਸ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵਿੱਚ ਜਸਟਿਸ ਢੀਂਗਰਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਕਾਡਰ ਦੇ ਸੇਵਾ ਨਿਭਾਅ ਰਹੇ ਆਈ. ਪੀ. ਐਸ. ਅਧਿਕਾਰੀ ਅਭਿਸ਼ੇਕ ਦੁਲਾਰ ਅਤੇ ਇਕ ਆਈ. ਜੀ. ਰੈਂਕ ਦੇ ਸੇਵਾਮੁਕਤ ਅਧਿਕਾਰੀ ਰਾਜਦੀਪ ਸਿੰਘ ਨੂੰ ਐਸ. ਆਈ. ਟੀ. ਦਾ ਮੈਂਬਰ ਬਣਾਇਆ ਗਿਆ ਹੈ । ਇਸ ਟੀਮ ਨੂੰ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਦੋ ਮਹੀਨਿਆਂ ਵਿਚ ਆਪਣੀ ਜਾਂਚ ਰਿਪੋਰਟ (ਸਟੇਟਸ ਰਿਪੋਰਟ) ਪੇਸ਼ ਕਰਨ ਲਈ ਕਿਹਾ ਹੈ ।

ਸਿੱਖ ਨਸਲਕੁਸ਼ੀ, ਦਿੱਲੀ

ਇਨ੍ਹਾਂ ਮਾਮਲਿਆਂ ਵਿਚ ਇਸ ਤੋਂ ਪਹਿਲਾਂ ਮਾਮਲੇ ਬੰਦ ਕਰਨ (ਕਲੋਜ਼ਰ ਰਿਪੋਰਟ) ਬਾਰੇ ਰਿਪੋਰਟ ਪੇਸ਼ ਕੀਤੀ ਗਈ ਸੀ । ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ ।

 

ਦੱਸਣਯੋਗ ਹੈ ਕਿ ਗੁਰਲਾਡ ਸਿੰਘ ਕਾਹਲੋਂ ਦੀ ਪਟੀਸ਼ਨ ‘ਤੇ ਚਲ ਰਹੀ ਸੁਣਵਾਈ ਦੌਰਾਨ ਬੀਤੇ ਕੱਲ੍ਹ ਸਪੁਰੀਮ ਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਨਵੀਂ ਐਸ. ਆਈ. ਟੀ. ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ ।

 

ਅਦਾਲਤ ਦੇ ਆਦੇਸ਼ ਉਪਰੰਤ ਐਸ. ਆਈ. ਟੀ. ਦੇ ਗਠਨ ਲਈ ਸਰਕਾਰ ਨੇ ਕਈ ਨਾਂਅ ਸੁਝਾਏ ਸਨ ਪਰ ਅਦਾਲਤ ਨੇ ਉਨ੍ਹਾਂ ਨਾਵਾਂ ‘ਤੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਅਦਾਲਤ ਨੇ ਕੱਲ੍ਹ ਕਿਹਾ ਸੀ ਕਿ ਪਿਛਲੀ ਐਸ. ਆਈ. ਟੀ. ਨੇ ਇਨ੍ਹਾਂ 186 ਮਾਮਲਿਆਂ ਦੀ ਹੋਰ ਜਾਂਚ ਨਹੀਂ ਕੀਤੀ ਅਤੇ ਮਾਮਲੇ ਬੰਦ ਕਰਨ ਬਾਰੇ ਰਿਪੋਰਟ ਦਾਇਰ ਕਰ ਦਿੱਤੀ ਸੀ ਅਤੇ ਹੁਣ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਦੋ ਪੁਲਿਸ ਅਧਿਕਾਰੀਆਂ ‘ਤੇ ਆਧਾਰਿਤ ਐਸ. ਆਈ. ਟੀ. ਗਠਿਤ ਕਰਨ ਦੀ ਹਦਾਇਤ ਕੀਤੀ ਹੈ ।

 

ਬੈਂਚ ਜਿਸ ਵਿਚ ਜਸਟਿਸ ਏ. ਐਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ੍ਹ ਹਨ, ਨੇ ਕੱਲ੍ਹ ਕਿਹਾ ਸੀ ਕਿ ਉਨ੍ਹਾਂ ਨੇ ਨਿਗਰਾਨ ਕਮੇਟੀ ਦੀ ਰਿਪੋਰਟ ਦਾ ਅਧਿਐਨ ਕੀਤਾ ਹੈ । ਅਧਿਐਨ ਵਿਚ ਅਸੀਂ ਦੇਖਿਆ ਕਿ ਐਸ. ਆਈ. ਟੀ. ਨੇ 186 ਮਾਮਲਿਆਂ ਦੀ ਅੱਗੋਂ ਜਾਂਚ ਨਹੀਂ ਕੀਤੀ । ਇਸ ਤੋਂ ਪਹਿਲੀ ਨਿਗਰਾਨ ਕਮੇਟੀ ਜਿਸ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ, ਵਿਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਸਹਿਬਾਨ ਜਸਟਿਸ ਜੇ. ਐਮ. ਪੰਚਾਲ ਅਤੇ ਜਸਟਿਸ ਕੇ. ਐਸ. ਪੀ. ਰਾਧਾਕ੍ਰਿਸ਼ਨਨ ਸ਼ਾਮਿਲ ਸਨ ।

 

ਪਿਛਲੇ ਸਾਲ 16 ਅਗਸਤ ਨੂੰ ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ 241 ਮਾਮਲਿਆਂ ਨੂੰ ਬੰਦ ਕਰਨ ਦੇ ਪਹਿਲੀ ਐਸ. ਆਈ. ਟੀ. ਦੇ ਫ਼ੈਸਲੇ ਦੀ ਜਾਂਚ ਲਈ ਨਿਗਰਾਨ ਕਮੇਟੀ ਨਿਯੁਕਤ ਕੀਤੀ ਸੀ । ਕੇਂਦਰ ਨੇ ਕਿਹਾ ਸੀ ਕਿ ਦੰਗਿਆਂ ਦੇ 250 ਮਾਮਲਿਆਂ ਜਿਨ੍ਹਾਂ ਦੀ ਜਾਂਚ ਐਸ. ਆਈ. ਟੀ. ਨੇ ਕੀਤੀ ਸੀ, ‘ਚੋਂ 241 ਵਿਚ ਮਾਮਲੇ ਬੰਦ ਕਰਨ ਬਾਰੇ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਸਨ । ਇਸ ਦਾ ਕਹਿਣਾ ਸੀ ਕਿ 9 ਮਾਮਲਿਆਂ ਦੀ ਐਸ. ਆਈ. ਟੀ. ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ ।

 

ਇਸ ਤੋਂ ਪਹਿਲਾਂ ਬਿਨੈਕਾਰ ਕਾਹਲੋਂ ਨੇ ਬੈਂਚ ਨੂੰ ਦੱਸਿਆ ਸੀ ਕਿ ਕਤਲੇਆਮ  ਨਾਲ ਸਬੰਧਿਤ ਕੁੱਲ 293 ਮਾਮਲਿਆਂ ਦੀ ਪਹਿਲਾਂ ਗਠਿਤ ਕੀਤੀ ਐਸ. ਆਈ. ਟੀ. ਨੇ ਜਾਂਚ ਕੀਤੀ ਸੀ ਜਿਸ ਨੇ ਛਾਣਬੀਣ ਪਿੱਛੋਂ ਉਨ੍ਹਾਂ ‘ਚੋਂ 199 ਮਾਮਲੇ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਹਲੋਂ ਨੇ ਦੰਗਾ ਪੀੜਤਾਂ ਨੂੰ ਤੇਜ਼ੀ ਨਾਲ ਨਿਆਂ ਦਿਵਾਉਣ ਲਈ ਇਕ ਹੋਰ ਐਸ. ਆਈ. ਟੀ. ਗਠਿਤ ਕਰਨ ਲਈ ਅਦਾਲਤ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ ਸੀ ।
ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਕੌਮੀ ਰਾਜਧਾਨੀ ਤੇ ਦੇਸ਼ ਵਿਚ ਹੋਰਨੀਂ ਥਾਈਾ ਵੱਡੇ ਪੱਧਰ ‘ਤੇ ਸਿੱਖ ਕਤਲੇਆਮ ਕੀਤਾ ਗਿਆ ਸੀ । ਸਰਕਾਰੀ ਅੰਕੜਿਆਂ ਮੁਤਾਬਕ ਇਕੱਲੀ ਦਿੱਲੀ ਵਿਚ 2733 ਸਿੱਖਾਂ ਦੀ ਹੱਤਿਆ ਕੀਤੀ ਗਈ ਸੀ।
ਜਸਟਿਸ ਢੀਂਗਰਾ ’84 ਦੇ ਇਕ ਮਾਮਲੇ ‘ਚ ਦੋਸ਼ੀ ਕਿਸ਼ੋਰੀ ਲਾਲ ਤੇ ਇਕ ਹੋਰ ਨੂੰ ਸੁਣਾ ਚੁੱਕੇ ਨੇ ਮੌਤ ਦੀ ਸਜ਼ਾ
ਸੁਪਰੀਮ ਕੋਰਟ ਵਲੋਂ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਗਠਿਤ ਐਸ. ਆਈ. ਟੀ. ਦੇ ਮੁਖੀ ਜਸਟਿਸ (ਸੇਵਾਮੁਕਤ) ਐਸ. ਐਨ. ਢੀਂਗਰਾ ਜਿਹੜੇ ਦਿੱਲੀ ਹਾਈ ਕੋਰਟ ਤੋਂ ਸੇਵਾ ਮੁਕਤ ਹੋਏ ਹਨ, ਨੇ ਹੇਠਲੀ ਅਦਾਲਤ ਦੇ ਜੱਜ ਵਜੋਂ ਜਸਟਿਸ ਢੀਂਗਰਾ ਨੇ ਹੇਠਲੀ ਅਦਾਲਤ ਦੇ ਜੱਜ ਵਜੋਂ 1990 ਦੇ ਦਹਾਕੇ ਵਿਚ ਪੂਰਬੀ ਦਿੱਲੀ ਦੇ ਤਿ੍ਲੋਕਪੁਰੀ ਇਲਾਕੇ ਵਿਚ ਕਤਲੇਆਮ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਕੀਤੀ ਅਤੇ ਮੁੱਖ ਦੋਸ਼ੀ ਕਿਸ਼ੋਰੀ ਲਾਲ ਅਤੇ ਇਕ ਹੋਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ । ਹਾਈ ਕੋਰਟ ਨੇ ਵੀ ਕਿਸ਼ੋਰੀ ਲਾਲ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤੀ ਸੀ । ਦੂਸਰੇ ਦੋਸ਼ੀ ਦੀ ਸਜ਼ਾ ਹਾਈ ਕੋਰਟ ਨੇ ਹੀ ਉਮਰ ਕੈਦ ਵਿਚ ਬਦਲ ਦਿੱਤੀ ਸੀ ।

 

ਉਹ ਇਕ ਮੈਂਬਰੀ ਕਮੇਟੀ ਵਜੋਂ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਦੀ ਸ਼ਮੂਲੀਅਤ ਵਾਲੇ ਹਰਿਆਣਾ ਜ਼ਮੀਨ ਘੁਟਾਲਾ ਮਾਮਲੇ ਦੀ ਜਾਂਚ ਕੀਤੀ । ਜਸਟਿਸ ਢੀਂਗਰਾ ਨੇ ਹੇਠਲੀ ਅਦਾਲਤ ਦੇ ਜੱਜ ਵਜੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਈ ਮਾਮਲਿਆਂ ਦੀ ਸੁਣਵਾਈ ਕੀਤੀ ਅਤੇ ਲਗਪਗ 16 ਮਾਮਲਿਆਂ ਵਿਚ ਉਨ੍ਹਾਂ ਦੇ ਫ਼ੈਸਲਿਆਂ ਦੇ ਸਿੱਟੇ ਵਜੋਂ ਦੋਸ਼ੀਆਂ ਨੂੰ ਸਜ਼ਾ ਮਿਲੀ ।

 

ਬੁਲੰਦ ਸ਼ਹਿਰ ਸਮੂਹਿਕ ਜਬਰ ਜਨਾਹ ਮਾਮਲੇ ਦੀ ਜਾਂਚ ਨਾਲ ਜੁੜੇ ਰਹੇ ਅਭਿਸ਼ੇਕ ਦੁਲਾਰ
ਆਈ. ਪੀ. ਐਸ. ਅਧਿਕਾਰੀ ਅਭਿਸ਼ੇਕ ਦੁਲਾਰੇ ਜਿਨ੍ਹਾਂ ਨੇ ਸ਼ਿਮਲਾ ਦੇ ਪੁਲਿਸ ਕਪਤਾਨ ਵਜੋਂ ਸੇਵਾ ਨਿਭਾਈ, ਮੌਜੂਦਾ ਸਮੇਂ ਸੀ. ਬੀ. ਆਈ. ਵਿਚ ਡੈਪੂਟੇਸ਼ਨ ‘ਤੇ ਹਨ ਅਤੇ ਉਨ੍ਹਾਂ ਬੁਲੰਦ ਸ਼ਹਿਰ ਹਾਈਵੇ ਸਮੂਹਿਕ ਜਬਰ ਜਨਾਹ ਮਾਮਲੇ ਦੀ ਜਾਂਚ ਕੀਤੀ ਸੀ ।

 

1979 ਬੈਚ ਦੇ ਅਧਿਕਾਰੀ ਰਾਜਦੀਪ ਸਿੰਘ
‘ਸਿਟ’ ਦੇ ਤੀਸਰੇ ਮੈਂਬਰ ਰਾਜਦੀਪ ਸਿੰਘ 1979 ਬੈਚ ਦੇ ਆਈ. ਪੀ. ਐਸ. ਅਧਿਕਾਰੀ ਹਨ ਅਤੇ ਉਹ ਹੀ ਹਾਲ ਵਿਚ ਸਰਹੱਦੀ ਸੁਰੱਖਿਆ ਬਲ ਦੇ ਸਪੈਸ਼ਲ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ।

ਟਿੱਪਣੀ ਕਰੋ:

About webmaster

Scroll To Top