Home / ਚੋਣਵੀ ਖਬਰ/ਲੇਖ / ਘੱਟ-ਗਿਣਤੀਆਂ ਅਤੇ ਦਲਿਤਾਂ ਪ੍ਰਤੀ ਤੁਅੱਸਬੀ ਹੈ ਰਾਜਨੀਤਕ ਵਿਵਸਥਾ

ਘੱਟ-ਗਿਣਤੀਆਂ ਅਤੇ ਦਲਿਤਾਂ ਪ੍ਰਤੀ ਤੁਅੱਸਬੀ ਹੈ ਰਾਜਨੀਤਕ ਵਿਵਸਥਾ

ਕੀ ਭ੍ਰਿਸ਼ਟਾਚਾਰ ਅਤੇ ਜੁਰਮ ਦਾ ਕੋਈ ਜਾਤੀ ਜਾਂ ਫ਼ਿਰਕੂ ਪਹਿਲੂ ਵੀ ਹੁੰਦਾ ਹੈ? ਜਾਂ ਜੇਕਰ ਤੁਸੀਂ ਜਾਤੀ ਵਰਗੀਕਰਨ ਵਿਚ ਹੇਠਲੀ ਜਾਤ ਨਾਲ ਸਬੰਧ ਰੱਖਦੇ ਹੋ ਤਾਂ ਕੀ ਤੁਹਾਡੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਜਾਂ ਫੜੇ ਜਾਣ ਦੀਆਂ ਵਧੇਰੇ ਸੰਭਾਵਨਾਵਾਂ ਹਨ? ਆਓ, ਇਸ ਸਬੰਧੀ ਤੱਥਾਂ ਦੀ ਪੜਤਾਲ ਕਰੀਏ। ਏ. ਰਾਜਾ, ਜਿਹੜੇ ਕਿ ਹੁਣੇ-ਹੁਣੇ ਬਰੀ ਹੋਏ ਹਨ, ਉਨ੍ਹਾਂ ‘ਤੇ 6 ਸਾਲਾਂ ਤੱਕ ਮੁਕੱਦਮਾ ਚਲਿਆ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ 15 ਮਹੀਨੇ ਜੇਲ੍ਹ ਵਿਚ ਰਹੇ, ਉਹ ਦਲਿਤ ਹਨ। ਉਨ੍ਹਾਂ ਦੀ ਪਾਰਟੀ ਵਿਚਲੀ ਸਾਥੀ ਅਤੇ ਸਹਿ-ਦੋਸ਼ੀ ਕਨੀਮੋਝੀ, ਜਿਹੜੀ ਕਿ ਉਨ੍ਹਾਂ ਦੇ ਨਾਲ ਹੀ ਬਰੀ ਹੋਈ ਹੈ, ਵੀ ਪਛੜੀ ਜਾਤ ਨਾਲ ਸਬੰਧਿਤ ਹੈ।

 

ਮਧੂ ਕੋਡਾ, ਜਿਨ੍ਹਾਂ ਨੂੰ ਕੋਲਾ ਘਪਲੇ ਦੇ ਕੇਸ ਵਿਚ ਹੁਣੇ-ਹੁਣੇ ਸਜ਼ਾ ਹੋਈ ਹੈ ਅਤੇ ਸ਼ਿੱਬੂ ਸੋਰੇਨ, ਜਿਨ੍ਹਾਂ ‘ਤੇ ਰਿਸ਼ਵਤ ਲੈਣ ਅਤੇ ਕਤਲ ਕਰਨ ਤੱਕ ਦੇ ਦੋਸ਼ ਲੱਗੇ ਸਨ ਤੇ ਆਖ਼ਰ ਵਿਚ ਬਰੀ ਹੋ ਗਏ ਸਨ, ਉਹ ਦੋਵੇਂ ਵੀ ਕਬਾਇਲੀਆਂ ਨਾਲ ਸਬੰਧਿਤ ਹਨ। ਮਾਇਆਵਤੀ, ਜੋ ਕਿ ਦਲਿਤ ਹੈ, ਲਾਲੂ ਪ੍ਰਸਾਦ ਯਾਦਵ ਅਤੇ ਮੁਲਾਇਮ ਸਿੰਘ, ਜੋ ਕਿ ਹੋਰ ਪਛੜੇ ਵਰਗਾਂ ਨਾਲ ਸਬੰਧਿਤ ਹਨ, ਸਾਰੇ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ਾਂ ਵਿਚ ਫੜੇ ਗਏ ਹਨ। ਸਮੇਂ ਦੀ ਰਾਜਨੀਤੀ ਦੇ ਮੁਤਾਬਿਕ ਇਨ੍ਹਾਂ ਨਾਲ ਸਬੰਧਿਤ ਕੇਸ ਕਦੇ ਧੀਮੇ ਪੈ ਜਾਂਦੇ ਹਨ ਅਤੇ ਕਦੇ ਉੱਭਰ ਕੇ ਸਾਹਮਣੇ ਆ ਜਾਂਦੇ ਹਨ।

 

ਸੱਤਾਧਾਰੀ ਵੱਡੇ ਲੋਕ ਜਦੋਂ ਇਹ ਚਾਹੁੰਦੇ ਹਨ ਕਿ ਉਕਤ ਨੇਤਾ ਖਾਮੋਸ਼ ਰਹਿਣ ਜਾਂ ਉਨ੍ਹਾਂ ਨੂੰ ਸਹਿਯੋਗ ਦੇਣ, ਉਸ ਸਮੇਂ ਇਨ੍ਹਾਂ ਕੇਸਾਂ ਸਬੰਧੀ ਨਵੀਆਂ ਚਾਲਾਂ ਸਾਹਮਣੇ ਆਉਣ ਲਗਦੀਆਂ ਹਨ। ਜਦੋਂ ਸੱਤਾਧਾਰੀ ਵੱਡੇ ਲੋਕਾਂ ਦੇ ਮੰਤਵ ਪੂਰੇ ਹੋ ਜਾਂਦੇ ਹਨ ਤਾਂ ਇਹ ਕੇਸ ਫਿਰ ਧੀਮੇ ਪੈ ਜਾਂਦੇ ਹਨ।

ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਭ ਤੋਂ ਲੰਮੀ ਕੈਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ ਹੈ ਅਤੇ ਉਹ ਇਕ ਜਾਟ ਹਨ। ਉਹ ਭਾਵੇਂ ਪਛੜੀਆਂ ਜਾਤਾਂ ਨਾਲ ਸਬੰਧ ਨਹੀਂ ਰੱਖਦੇ ਪਰ ਜਾਤਾਂ ਦੇ ਵਰਗੀਕਰਨ ਵਿਚ ਉਹ ਸਵਰਨਾਂ ਨਾਲੋਂ ਹੇਠਲੀ ਜਾਤ ਵਿਚ ਹੀ ਆਉਂਦੇ ਹਨ।
ਪਿੱਛੇ ਪਰਤ ਕੇ ਸੰਸਦ ਵਿਚ 2008 ‘ਚ ਸਾਹਮਣੇ ਆਏ ਨਕਦੀ ਬਦਲੇ ਵੋਟ ਘੁਟਾਲੇ ਨੂੰ ਹੀ ਦੇਖ ਲਓ। ਫੱਗਣ ਸਿੰਘ ਕੋਲਸਤੇ, ਅਸ਼ੋਕ ਅਰਗਲ ਅਤੇ ਮਹਾਂਵੀਰ ਸਿੰਘ ਭਾਗੋੜਾ, ਜਿਹੜੇ ਕਿ ਰਾਜਦੀਪ ਸਰਦੇਸਾਈ ਦੇ ਸੀ.ਐਨ.ਐਨ.-ਆਈ.ਬੀ.ਐਨ. ਚੈਨਲ ਵਿਚ ਹੋਣ ਸਮੇਂ ਇਕ ਸਟਿੰਗ ਆਪ੍ਰੇਸ਼ਨ ਵਿਚ ਫੜੇ ਗਏ ਸਨ ਅਤੇ ਇਸ ਮਾਮਲੇ ਵਿਚ ਅਡਵਾਨੀ ਦੇ ਨਜ਼ਦੀਕੀ ਸੁਧੀਂਦਰਾ ਕੁਲਕਰਨੀ ਦੀ ਵੀ ਸ਼ਮੂਲੀਅਤ ਸੀ, ਇਹ ਸਾਰੇ ਵੀ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨਾਲ ਸਬੰਧਿਤ ਸਨ।

 

ਪੈਸੇ ਲੈ ਕੇ ਸਵਾਲ ਪੁੱਛਣ ਨਾਲ ਸਬੰਧਿਤ ਸਟਿੰਗ ਆਪ੍ਰੇਸ਼ਨ, ਜਿਸ ‘ਚ 2005 ਵਿਚ 11 ਸੰਸਦ ਮੈਂਬਰ ਮੁਅੱਤਲ ਕੀਤੇ ਗਏ ਸਨ, ਉਨ੍ਹਾਂ ਵਿਚੋਂ 6 ਭਾਜਪਾ ਨਾਲ ਸਬੰਧਿਤ ਸਨ, 3 ਬਸਪਾ ਨਾਲ, ਇਕ ਕਾਂਗਰਸ ਨਾਲ ਅਤੇ ਇਕ ਰਾਸ਼ਟਰੀ ਜਨਤਾ ਦਲ ਨਾਲ ਸਬੰਧਿਤ ਸੀ। ਇਨ੍ਹਾਂ ਵਿਚੋਂ ਨਰਿੰਦਰਾ ਖੁਸ਼ਵਾਹਾ ਅਤੇ ਰਾਜਾ ਰਾਮ ਪਾਲ ਪਛੜੀਆਂ ਜਾਤਾਂ ਨਾਲ ਸਬੰਧਿਤ ਸਨ ਅਤੇ ਲਾਲ ਚੰਦਰਾ ਕੌਲ ਇਕ ਦਲਿਤ ਸੀ।

 
ਬਿਨਾਂ ਸ਼ੱਕ ਉੱਚੀਆਂ ਜਾਤਾਂ ਨਾਲ ਸਬੰਧਿਤ ਸੁਖਰਾਮ, ਜੈ ਲਲਿਤਾ ਅਤੇ ਸੁਰੇਸ਼ ਕਲਮਾਡੀ ਆਦਿ ਸਿਆਸਤਦਾਨ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸਦੇ ਰਹੇ ਹਨ। ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਰਹੀ ਹੈ। ਉਨ੍ਹਾਂ ਦੇ ਬਚਣ ਦੀਆਂ ਵੀ ਵਧੇਰੇ ਸੰਭਾਵਨਾਵਾਂ ਰਹੀਆਂ ਹਨ ਜਾਂ ਉਨ੍ਹਾਂ ਦੇ ਕੇਸ ਉਂਜ ਹੀ ਲਮਕਦੇ ਰਹੇ ਹਨ। ਭਾਵੇਂ ਕਿ ਸੁਖਰਾਮ ਦੇ ਬਿਸਤਰੇ ਹੇਠੋਂ ਨਕਦੀ ਬਰਾਮਦ ਹੋਈ ਸੀ, ਉਸ ‘ਤੇ ਮੁਕੱਦਮਾ ਵੀ ਚਲਿਆ ਅਤੇ ਉਸ ਨੂੰ ਦੋਸ਼ੀ ਵੀ ਕਰਾਰ ਦਿੱਤਾ ਗਿਆ ਪਰ ਉਸ ਨੂੰ ਕਦੇ ਵੀ ਜੇਲ੍ਹ ਦੀ ਸਜ਼ਾ ਨਹੀਂ ਹੋਈ। ਉਹ ਸਾਰੀ ਜ਼ਿੰਦਗੀ ਕਾਂਗਰਸੀ ਹੀ ਰਹੇ।

 

ਉਹ ਹੁਣ 90 ਸਾਲ ਦੇ ਹਨ ਅਤੇ ਭਾਜਪਾ ਵਿਚ ਉਨ੍ਹਾਂ ਦੀ ਮੁੜ ਬਹਾਲੀ ਹੋ ਗਈ ਹੈ। ਉਨ੍ਹਾਂ ਨੇ ਹਿਮਾਚਲ ਦੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਪਣੇ ਪੁੱਤਰ ਅਨਿਲ ਸਮੇਤ ਦਲ-ਬਦਲੀ ਕੀਤੀ ਸੀ। ਅਨਿਲ ਹੁਣ ਭਾਜਪਾ ਦੇ ਵਿਧਾਇਕ ਹਨ ਅਤੇ ਉਨ੍ਹਾਂ ਦੇ ਮੰਤਰੀ ਬਣਨ ਦੀ ਵੀ ਸੰਭਾਵਨਾ ਹੈ।

 
ਕੀ ਤੁਸੀਂ ਆਸ ਰੱਖਦੇ ਹੋ ਕਿ ਭਾਜਪਾ ਦੇ ਨਾਲ ਏ. ਰਾਜਾ ਜਾਂ ਉਸ ਦੇ ਬੱਚਿਆਂ ਦੀ ਵੀ ਇਸੇ ਤਰ੍ਹਾਂ ਰਾਜਨੀਤਕ ਬਹਾਲੀ ਹੋ ਸਕੇਗੀ? ਇਸ ਤੋਂ ਪਹਿਲਾਂ ਕਿ ਤੁਸੀਂ ਭ੍ਰਿਸ਼ਟਾਚਾਰ ਦਾ ਜਾਤਪਾਤ ਦੇ ਪੱਖ ਤੋਂ ਵਿਸ਼ਲੇਸ਼ਣ ਕਰਨ ਬਦਲੇ ਮੇਰੇ ਨਾਲ ਨਾਰਾਜ਼ ਹੋਣੇ ਸ਼ੁਰੂ ਹੋ ਜਾਓ, ਮਿਹਰਬਾਨੀ ਕਰਕੇ 4 ਤੱਥਾਂ ਨੂੰ ਵੇਖ ਲਓ। ਪਹਿਲਾ ਇਹ ਕਿ ਸੁਖਰਾਮ ਅਤੇ ਏ. ਰਾਜਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਉਸ ਸਮੇਂ ਫੜੇ ਗਏ, ਜਦੋਂ ਦੂਰਸੰਚਾਰ ਵਿਭਾਗ ਦੇ ਮੰਤਰੀ ਸਨ। ਦੂਜਾ ਇਹ ਕਿ ਸੁਖਰਾਮ ਦੋਸ਼ੀ ਕਰਾਰ ਦਿੱਤੇ ਗਏ ਸਨ, ਜਦੋਂ ਕਿ ਏ. ਰਾਜਾ ਬਰੀ ਹੋ ਗਏ ਹਨ। ਤੀਜੀ ਗੱਲ ਇਹ ਕਿ ਸੁਖਰਾਮ ਦੇ ਬਿਸਤਰੇ ਦੇ ਹੇਠੋਂ ਨਕਦੀ ਬਰਾਮਦ ਹੋਈ ਸੀ, ਜਦੋਂ ਕਿ ਏ. ਰਾਜਾ ਦੇ ਮਾਮਲੇ ਵਿਚ ਸਬੰਧਿਤ ਜੱਜ ਇਹ ਪੁੱਛਦੇ ਰਹੇ ਕਿ ਨਕਦੀ ਕਿੱਥੇ ਹੈ? ਅਤੇ ਜੇਕਰ ਕੋਈ ਪੈਸਾ ਬਰਾਮਦ ਹੀ ਨਹੀਂ ਹੋਇਆ ਤਾਂ ਭ੍ਰਿਸ਼ਟਾਚਾਰ ਕਿੱਥੇ ਹੋਇਆ ਹੈ? ਇਸ ਲਈ ਜੱਜ ਨੇ ਏ. ਰਾਜਾ ਨੂੰ ਨਿਰਦੋਸ਼ ਕਰਾਰ ਦੇ ਦਿੱਤਾ।

 
ਚੌਥਾ ਅਤੇ ਮਹੱਤਵਪੂਰਨ ਤੱਥ ਇਹ ਹੈ ਕਿ ਸੁਖਰਾਮ ਇਕ ਬ੍ਰਾਹਮਣ ਹਨ। ਉਨ੍ਹਾਂ ਬਾਰੇ ਲੋਕ ਇਹ ਸੋਚਦੇ ਹਨ ਕਿ ਭਾਵੇਂ ਉਹ ਇਕ ਵਾਰ ਭਟਕ ਗਏ ਹਨ ਪਰ ਆਮ ਤੌਰ ‘ਤੇ ਉਹ ਭ੍ਰਿਸ਼ਟਾਚਾਰੀ ਨਹੀਂ ਹਨ। ਦੂਜੇ ਪਾਸੇ ਏ. ਰਾਜਾ ਜਿਹੜੇ ਕਿ ਦਲਿਤ ਹਨ, ਕੀ ਤੁਸੀਂ ਉਨ੍ਹਾਂ ਬਾਰੇ ਲੋਕਾਂ ਤੋਂ ਅਜਿਹੀ ਸੋਚ ਦੀ ਆਸ ਰੱਖਦੇ ਹੋ? ਉਸ ਦਾ ਦੋਸ਼ ਇਹ ਹੈ ਕਿ ਉਹ ਸੱਤਾ ਅਤੇ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਨਹੀਂ ਨਿਭਾਅ ਸਕੇ। ਪਰ ਫਿਰ ਵੀ ਉਨ੍ਹਾਂ ਨੂੰ ਸ਼ੱਕੀ ਸਮਝਿਆ ਜਾਂਦਾ ਹੈ।

 
ਭਾਜਪਾ ਨਾਲ ਸਬੰਧਿਤ ਇਕ ਦਿਲਚਸਪ ਕੇਸ ਨੂੰ ਹੀ ਲੈ ਲਓ। ਵੱਖ-ਵੱਖ ਸਮਿਆਂ ‘ਤੇ ਉਸ ਦੇ ਦੋ ਆਗੂ ਕੈਮਰੇ ਦੇ ਸਾਹਮਣੇ ਪੈਸੇ ਲੈਂਦੇ ਫੜੇ ਗਏ ਸਨ। ਇਕ ਸਨ ਦਲੀਪ ਸਿੰਘ ਜੁਦਿਓ, ਜਿਨ੍ਹਾਂ ਨੇ 2003 ਵਿਚ 9 ਲੱਖ ਰੁਪਏ ਲਏ ਸਨ, ਉਹ ਇਕ ਉੱਚੀ ਜਾਤੀ ਨਾਲ ਸਬੰਧਿਤ ਹਨ ਅਤੇ ਬੜੀ ਆਸਾਨੀ ਨਾਲ ਉਹ ਰਾਜਨੀਤੀ ਵਿਚ ਮੁੜ ਬਹਾਲ ਹੋ ਗਏ। ਉਨ੍ਹਾਂ ਨੂੰ ਚੋਣਾਂ ਵਿਚ ਦੁਬਾਰਾ ਖੜ੍ਹਾ ਕਰ ਦਿੱਤਾ ਗਿਆ ਅਤੇ ਉਹ ਮੁੜ ਸੰਸਦ ਵਿਚ ਪਰਤ ਆਏ। ਉਹ ਕੈਮਰੇ ਦੇ ਸਾਹਮਣੇ ਪੈਸੇ ਲੈਂਦੇ ਫੜੇ ਗਏ ਸਨ ਅਤੇ ਉਨ੍ਹਾਂ ਨੇ ਨਾ ਭੁੱਲਣ ਵਾਲੀ ਇਹ ਪੰਕਤੀ ਵੀ ਬੋਲੀ ਸੀ, ‘ਪੈਸਾ ਖ਼ੁਦਾ ਤੋ ਨਹੀਂ, ਲੇਕਿਨ ਖ਼ੁਦਾ ਕੀ ਕਸਮ ਖ਼ੁਦਾ ਸੇ ਕਮ ਭੀ ਨਹੀਂ।’ ਕਿਸੇ ਦਿਨ ਕੋਈ ਬਾਲੀਵੁੱਡ ਲਈ ਸਕ੍ਰਿਪਟ ਲਿਖਣ ਵਾਲਾ ਲੇਖਕ ਉਨ੍ਹਾਂ ਦੀ ਇਸ ਪੰਕਤੀ ਦੀ ਨਕਲ ਕਰੇਗਾ। ਉਸ ਸਮੇਂ ਉਹ ਵਾਜਪਾਈ ਦੀ ਸਰਕਾਰ ਵਿਚ ਜੂਨੀਅਰ ਮੰਤਰੀ ਸਨ ਤੇ ਉਕਤ ਪੰਕਤੀ ਉਨ੍ਹਾਂ ਨੇ ਰਿਸ਼ਵਤ ਦੇਣ ਵਾਲੇ ਵਿਅਕਤੀ ਨਾਲ ਬਲੈਕ ਲੇਵਲ ਸ਼ਰਾਬ ਪੀਂਦਿਆਂ ਬੋਲੀ ਸੀ। ਇਹ ਸਾਰਾ ਕੁਝ ਕੈਮਰੇ ਸਾਹਮਣੇ ਵਾਪਰਿਆ ਸੀ।

 
ਭਾਜਪਾ ਦੇ ਦੂਜੇ ਆਗੂ ਬੰਗਾਰੂ ਲਕਸ਼ਮਣ 2001 ਵਿਚ ਤਹਿਲਕਾ ਦੇ ਸਟਿੰਗ ਆਪ੍ਰੇਸ਼ਨ ਦੌਰਾਨ ਇਕ ਲੱਖ ਰੁਪਏ ਲੈਂਦੇ ਫੜੇ ਗਏ ਸਨ। ਜੇਕਰ ਉਨ੍ਹਾਂ ਦੀ ਜੁਦਿਓ ਨਾਲ ਤੁਲਨਾ ਕੀਤੀ ਜਾਵੇ ਤਾਂ ਜੁਦਿਓ ਇਕ ਜੂਨੀਅਰ ਮੰਤਰੀ ਸਨ, ਜਦੋਂ ਕਿ ਬੰਗਾਰੂ ਲਕਸ਼ਮਣ ਭਾਜਪਾ ਦੇ ਕੌਮੀ ਪ੍ਰਧਾਨ ਸਨ। ਉਹ ਇਕ ਦਲਿਤ ਸਨ। ਭਾਜਪਾ ਵਿਚ ਉਹ ਹੀ ਇਕ ਅਜਿਹੇ ਦਲਿਤ ਨੇਤਾ ਸਨ, ਜਿਹੜੇ ਕਿ ਸਭ ਤੋਂ ਉੱਚ ਅਹੁਦੇ ਤੱਕ ਪਹੁੰਚੇ ਸਨ। ਭ੍ਰਿਸ਼ਟਾਚਾਰ ਦੇ ਇਸ ਮਾਮਲੇ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨਾਲੋਂ ਸਬੰਧ ਤੋੜ ਲਏ, ਉਨ੍ਹਾਂ ਦੀ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਉਹ ਤਹਿਲਕਾ ਦੇ ਸਟਿੰਗ ਆਪ੍ਰੇਸ਼ਨ ਸਬੰਧੀ ਕੇਸ ਦਾ ਇਕੱਲੇ ਹੀ ਸਾਹਮਣਾ ਕਰਦੇ ਰਹੇ। ਉਹ ਤਹਿਲਕਾ ਦੇ ਸਟਿੰਗ ਆਪ੍ਰੇਸ਼ਨ ਵਿਚ ਇਕੱਲੇ ਹੀ ਅਜਿਹੇ ਨੇਤਾ ਸਨ, ਜੋ ਜੇਲ੍ਹ ਗਏ। ਭਾਵੇਂ ਇਹ ਬੜੀ ਬਦਕਿਸਮਤੀ ਵਾਲੀ ਵਿਆਖਿਆ ਹੈ ਪਰ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਬੇਹੱਦ ਹੇਠਲੀ ਜਾਤੀ ਵਾਲਾ ਸਮਝ ਕੇ ਪਾਸੇ ਛੱਡ ਦਿੱਤਾ, ਜਦੋਂ ਕਿ ਪਾਰਟੀ ਜੁਦਿਓ ਦੀ ਪੈਰਵੀ ਕਰਦੀ ਰਹੀ। ਇਹ ਹੀ ਭ੍ਰਿਸ਼ਟਾਚਾਰ ਸਬੰਧੀ ਜਾਤ ਆਧਾਰਿਤ ਨਜ਼ਰੀਆ ਹੈ।

 
ਤੁਸੀਂ ਇਹ ਦਲੀਲਬਾਜ਼ੀ ਨਿਆਂਪਾਲਿਕਾ ਤੱਕ ਲਿਜਾ ਸਕਦੇ ਹੋ। ਬਹੁਤ ਸਾਰੇ ਉੱਘੇ ਲੋਕ, ਜਿਨ੍ਹਾਂ ਵਿਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਸਮੇਂ ਅੰਨਾ ਹਜ਼ਾਰੇ ਦੀ ਟੀਮ ਨਾਲ ਸਬੰਧਿਤ ਮੈਂਬਰ ਵੀ ਸ਼ਾਮਿਲ ਸਨ, ਵਲੋਂ ਇਸ਼ਾਰੇ ਨਾਲ ਇਹ ਦੋਸ਼ ਲਾਏ ਜਾਂਦੇ ਰਹੇ ਹਨ ਕਿ ਸਾਡੇ ਪਿਛਲੇ ਸਰਬਉੱਚ ਅਦਾਲਤ ਦੇ ਮੁੱਖ ਜੱਜ ਵੀ ਭ੍ਰਿਸ਼ਟ ਰਹੇ ਹਨ। ਪਰ ਨਾਂਅ ਲੈ ਕੇ ਜਿਸ ਇਕ ਮੁੱਖ ਜੱਜ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਕੌਣ ਸਨ? ਉਹ ਇਕ ਦਲਿਤ ਕੇ.ਜੀ. ਬਾਲਾਕ੍ਰਿਸ਼ਨਨ ਹੀ ਸਨ। ਇਕ ਦਹਾਕੇ ਬਾਅਦ ਵੀ ਉਨ੍ਹਾਂ ਦੇ ਖਿਲਾਫ਼ ਕੁਝ ਵੀ ਸਾਬਤ ਨਹੀਂ ਹੋਇਆ। ਦੋ ਹਫ਼ਤੇ ਪਹਿਲਾਂ ਹੀ ਸਰਬਉੱਚ ਅਦਾਲਤ ਨੇ ਉਨ੍ਹਾਂ ਸਬੰਧੀ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ਼ ਚੱਲ ਰਹੀਆਂ ਜਾਂਚਾਂ ਨੂੰ ਕਿਉਂ ਨਾ ਖ਼ਤਮ ਕਰ ਦਿੱਤਾ ਜਾਏ।

 

ਅੱਗੇ ਹੋਰ ਦੇਖ ਲਓ। ਪੇਸ਼ਾਵਰ ਗ਼ਲਤ ਵਤੀਰੇ ਕਾਰਨ ਉਪਰਲੀ ਨਿਆਂਪਾਲਿਕਾ ਦੀ ਮਾਣਹਾਨੀ ਕਰਨ ਦੇ ਦੋਸ਼ ਵਿਚ ਉੱਚ ਅਦਾਲਤ ਦਾ ਇਕੋ-ਇਕ ਜੱਜ, ਜੋ ਕਿ ਜੇਲ੍ਹ ਗਿਆ ਹੈ, ਉਹ ਸੀ.ਐਸ. ਕਰਨਾਨ ਇਕ ਦਲਿਤ ਹੈ। ਤਿੰਨ ਹੋਰ ਜੱਜ, ਜਿਨ੍ਹਾਂ ਦੇ ਖਿਲਾਫ਼ ਸਰੀਰਕ ਸ਼ੋਸ਼ਣ ਦੇ ਦੋਸ਼ ਸਨ, ਬਿਨਾਂ ਕਿਸੇ ਦਾਗ਼ ਤੋਂ ਬਚ ਨਿਕਲੇ। ਉਨ੍ਹਾਂ ਵਿਚੋਂ ਇਕ ਜੱਜ ਨੇ 2 ਜੀ ਕੇਸ ਦੇ ਮਾਮਲੇ ਵਿਚ ਏ. ਰਾਜਾ ਵਲੋਂ 122 ਟੈਲੀਕਾਮ ਕੰਪਨੀਆਂ ਨੂੰ ਦਿੱਤੇ ਗਏ ਲਾਇਸੰਸਾਂ ਨੂੰ ਰੱਦ ਕਰਨ ਦੇ ਅਹਿਮ ਫ਼ੈਸਲੇ ‘ਤੇ ਵੀ ਦਸਤਖ਼ਤ ਕੀਤੇ ਸਨ। ਉਕਤ ਜੱਜਾਂ ਨਾਲ ਸਬੰਧਿਤ ਸਾਰੇ ਕੇਸ ਦਬਾਅ ਦਿੱਤੇ ਗਏ। ਇਕ ਜੱਜ ਦੇ ਮਾਮਲੇ ਵਿਚ ਤਾਂ ਉੱਚ ਅਦਾਲਤ ਨੇ ਮੀਡੀਆ ਨੂੰ ਇਹ ਵੀ ਆਦੇਸ਼ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਲੱਗੇ ਦੋਸ਼ਾਂ ਬਾਰੇ ਚਰਚਾ ਨਾ ਕਰੇ। ਮੈਨੂੰ ਇਹ ਗੱਲ ਵੀ ਕਹਿ ਲੈਣ ਦਿਓ ਕਿ ਉਨ੍ਹਾਂ ਵਿਚੋਂ ਤਿੰਨ ਜੱਜ ਤਰੱਕੀ ਲੈ ਕੇ ਸਰਬਉੱਚ ਅਦਾਲਤ ਤੱਕ ਪਹੁੰਚੇ ਅਤੇ ਇਕ ਨੂੰ ਸੇਵਾ-ਮੁਕਤ ਹੋਣ ਤੋਂ ਬਾਅਦ ਵੀ ਵੱਡਾ ਅਹੁਦਾ ਪ੍ਰਾਪਤ ਹੋਇਆ। ਇਨ੍ਹਾਂ ਵਿਚੋਂ ਕੋਈ ਵੀ ਹੇਠਲੀ ਜਾਤ ਜਿਹੜੀ ਕਿ ਆਮ ਤੌਰ ‘ਤੇ ਸ਼ੱਕੀ ਸਮਝੀ ਜਾਂਦੀ ਹੈ, ਨਾਲ ਸਬੰਧਿਤ ਨਹੀਂ ਸੀ।

 

 

ਕੀ ਇਸ ਦਾ ਅਰਥ ਇਹ ਹੈ ਕਿ ਉਪਰਲੀਆਂ ਜਾਤਾਂ ਨਾਲ ਸਬੰਧਿਤ ਲੋਕ ਆਮ ਤੌਰ ‘ਤੇ ਇਮਾਨਦਾਰ ਸਮਝੇ ਜਾਂਦੇ ਹਨ ਜਾਂ ਸਾਡੀ ਰਾਜਨੀਤਕ ਵਿਵਸਥਾ ਹੇਠਲੀਆਂ ਜਾਤਾਂ ਦੇ ਖਿਲਾਫ਼ ਤੁਅੱਸਬ ਰੱਖਦੀ ਹੈ? ਮੁਸਲਮਾਨਾਂ ਦੀ ਹਾਲਤ ਸਬੰਧੀ ਸੱਚਰ ਕਮੇਟੀ ਦੀ ਰਿਪੋਰਟ ਨੇ ਸਾਨੂੰ ਦੱਸਿਆ ਸੀ ਕਿ ਆਪਣੀ ਆਬਾਦੀ ਦੇ ਅਨੁਪਾਤ ਅਨੁਸਾਰ ਉੱਚੇ ਅਹੁਦਿਆਂ ਖ਼ਾਸ ਕਰਕੇ ਸਰਕਾਰੀ ਨੌਕਰੀਆਂ ‘ਤੇ ਮੁਸਲਮਾਨਾਂ ਦੀ ਗਿਣਤੀ ਘੱਟ ਹੈ ਪਰ ਇਕੋ-ਇਕ ਥਾਂ ਜੇਲ੍ਹਾਂ ਵਿਚ ਉਹ ਆਪਣੀ ਆਬਾਦੀ ਦੇ ਅਨੁਪਾਤ ਨਾਲੋਂ ਕਿਤੇ ਜ਼ਿਆਦਾ ਵਧੇਰੇ ਹਨ। ਸੋ, ਇਕ ਵਾਰ ਫਿਰ ਇਹ ਸਵਾਲ ਉੱਠਦਾ ਹੈ ਕਿ ਮੁਸਲਮਾਨ ਹਿੰਦੂਆਂ ਨਾਲੋਂ ਵਧੇਰੇ ਮੁਜਰਮ ਹੁੰਦੇ ਹਨ ਜਾਂ ਸਾਡੀ ਰਾਜਨੀਤਕ ਵਿਵਸਥਾ ਹੀ ਉਨ੍ਹਾਂ ਦੇ ਖਿਲਾਫ਼ ਵਧੇਰੇ ਤੁਅੱਸਬ ਰੱਖਦੀ ਹੈ?

 

 

ਇਸ ਨੁਕਤੇ ਨੂੰ ਹੋਰ ਅੱਗੇ ਲੈ ਕੇ ਜਾਂਦੇ ਹਾਂ। ਇਕ ਪ੍ਰਸਿੱਧ ਸਟੇਜ ਸ਼ੋਅ ਜੋ ਕਿ ‘ਡਾਰਕ ਪੁਲੀਟੀਕਲ ਕਾਮੇਡੀ ਗਰੁੱਪ’ ‘ਐਸੀ ਤੈਸੀ ਡੈਮੋਕ੍ਰੇਸੀ’ ਵਲੋਂ ਕੀਤਾ ਗਿਆ ਸੀ, ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਕਤਲ ਦੇ ਦੋਸ਼ ਵਿਚ ਜਿਨ੍ਹਾਂ ਲੋਕਾਂ ਨੂੰ ਫਾਂਸੀ ਹੋਈ ਹੈ, ਉਨ੍ਹਾਂ ਵਿਚੋਂ ਵਧੇਰੇ ਘੱਟ-ਗਿਣਤੀਆਂ ਜਾਂ ਹੇਠਲੀਆਂ ਜਾਤਾਂ ਨਾਲ ਸਬੰਧਿਤ ਹਨ। ਬ੍ਰਾਹਮਣ ਨੂੰ ਫਾਂਸੀ ਚੜ੍ਹਾਉਣ ਸਮੇਂ ਵਿਵਸਥਾ ਦੀ ਧਾਰ ਹੀ ਖੁੰਡੀ ਪੈ ਜਾਂਦੀ ਹੈ। ਕੋਈ ਬ੍ਰਾਹਮਣ ਤਾਂ ਹੀ ਫਾਂਸੀ ‘ਤੇ ਚੜ੍ਹੇਗਾ ਜੇਕਰ ਉਸ ਨੇ ਮਹਾਤਮਾ ਗਾਂਧੀ ਦੇ ਰੁਤਬੇ ਦੇ ਬਰਾਬਰ ਵਿਅਕਤੀ ਨੂੰ ਕਤਲ ਕੀਤਾ ਹੋਵੇਗਾ।

 
ਇਸ ਲਈ ਕੁਝ ਮਹੱਤਵਪੂਰਨ ਸਵਾਲ ਉੱਭਰਦੇ ਹਨ। ਕੀ ਭ੍ਰਿਸ਼ਟਾਚਾਰ ਜਾਂ ਜੁਰਮ ਦਾ ਉਤਪਤੀ ਵਿਗਿਆਨ ਨਾਲ ਕੋਈ ਸਬੰਧ ਹੈ? ਜਾਂ ਸਾਰੀ ਦੁਨੀਆ ਵਿਚ ਪੁਲਿਸ, ਜੱਜ, ਮੀਡੀਆ ਅਤੇ ਜਨਤਕ ਰਾਇ ਸਾਰੇ ਪਛੜੇ ਅਤੇ ਹੇਠਲੇ ਵਰਗਾਂ ਦੇ ਖਿਲਾਫ਼ ਤੁਅੱਸਬਾਂ ਨਾਲ ਭਰੇ ਹੋਏ ਹਨ। ਪੁਲਿਸ ਮੁਕਾਬਲਿਆਂ ਵਿਚ ਆਪਣੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਅਫਰੀਕਨ-ਅਮਰੀਕੀ ਮਰਦੇ ਹਨ ਅਤੇ ਜੇਲ੍ਹਾਂ ਵਿਚ ਵੀ ਉਨ੍ਹਾਂ ਦੀ ਗਿਣਤੀ ਆਪਣੀ ਆਬਾਦੀ ਦੇ ਅਨੁਪਾਤ ਨਾਲੋਂ ਵਧੇਰੇ ਹੈ। ਉਹ ਵੀ ਨਸਲੀ ਪੱਖ ਤੋਂ ਭਾਰਤ ਦੇ ਹੇਠਲੀਆਂ ਜਾਤਾਂ ਵਰਗੇ ਲੋਕ ਹੀ ਹਨ। ਭਾਰਤ ਵਿਚ ਇਹ ਮਾਮਲਾ ਥੋੜ੍ਹਾ ਜਿਹਾ ਉਸ ਸਮੇਂ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ, ਜਦੋਂ ਘੱਟ-ਗਿਣਤੀਆਂ ਅਤੇ ਕਬੀਲਿਆਂ ਨੂੰ ਵੀ ਹੇਠਲੀਆਂ ਜਾਤਾਂ ਦੇ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ।

 
ਇਹ ਤੁਅੱਸਬ ਅਜੇ ਵੀ ਜਾਰੀ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਬ੍ਰਾਹਮਣ ਸੁਖਰਾਮ ਦੋਸ਼ੀ ਗਰਦਾਨੇ ਜਾਣ ਦੇ ਬਾਵਜੂਦ ਜੇਲ੍ਹ ਵਿਚ ਨਾ ਜਾਏ ਅਤੇ ਏ. ਰਾਜਾ ਭਾਵੇਂ ਬਰੀ ਹੋ ਜਾਵੇ, ਫਿਰ ਵੀ ਉਸ ਨੂੰ ਚੋਰ ਹੀ ਸਮਝਿਆ ਜਾਵੇ। ਇਸ ਦਾ ਅਰਥ ਇਹ ਵੀ ਹੈ ਕਿ ਜੁਦਿਓ ਦੀ ਮੁੜ ਬਹਾਲੀ ਹੋ ਸਕਦੀ ਹੈ ਅਤੇ ਬੰਗਾਰੂ ਲਕਸ਼ਮਣ ਨੂੰ ਇਕੱਲਿਆਂ ਸੜਨ ਅਤੇ ਮਰਨ ਲਈ ਛੱਡਿਆ ਜਾ ਸਕਦਾ ਹੈ।
E. mail : singhrajgopal40@gmail.com

 

ਟਿੱਪਣੀ ਕਰੋ:

About webmaster

Scroll To Top