Home / ਚੋਣਵੀ ਖਬਰ/ਲੇਖ / ਸ਼ੇਰ-ੲੇ-ਪੰਜਾਬ ਮਹਾਰਾਜਾ ਰਣਜੀਤ ਸਿੰਘ

ਸ਼ੇਰ-ੲੇ-ਪੰਜਾਬ ਮਹਾਰਾਜਾ ਰਣਜੀਤ ਸਿੰਘ

–ਹਰਪਾਲ ਸਿੰਘ ਪੰਨੂ

 

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ-ਆਪ ਨੂੰ ਹਮੇਸ਼ਾ ਭੁੱਲਣਹਾਰ ਸਮਝਿਆ। ਉਸ ਨੇ ਫਕੀਰ ਨੂਰ-ਉਦ-ਦੀਨ ਅਤੇ ਸ੍ਰ. ਅਮੀਰ ਸਿੰਘ ਨੂੰ ਲਿਖ ਕੇ ਇਹ ਫੁਰਮਾਨ ਸੌਂਪਿਆ ਕਿ ਮੈਂ, ਮੇਰਾ ਕੋਈ ਸ਼ਾਹਜ਼ਾਦਾ ਜਾਂ ਪ੍ਰਧਾਨ ਮੰਤਰੀ ਜੇ ਕੋਈ ਅਜਿਹਾ ਹੁਕਮ ਜਾਰੀ ਕਰ ਦੇਣ ਜਿਹੜਾ ਲੋਕਾਂ ਦੀ ਭਲਾਈ ਦੇ ਵਿਰੁੱਧ ਜਾਂਦਾ ਹੋਵੇ ਤਾਂ ਦਰੁਸਤ ਕਰਵਾਉਣ ਲਈ ਜਾਂ ਵਾਪਸ ਲੈਣ ਲਈ ਮੇਰੇ ਪਾਸ ਲਿਆਓ। ਸੰਸਾਰ ਵਿਚ ਅਜਿਹੀ ਕੋਈ ਹੋਰ ਉਦਾਹਰਣ ਸਾਨੂੰ ਪ੍ਰਾਪਤ ਨਹੀਂ। ਉਹ ਅਕਾਲੀ ਫੂਲਾ ਸਿੰਘ ਦੇ ਹੁਕਮ ਉਪੱਰ ਫੁੱਲ ਚੜ੍ਹਾਉਣ ਲਈ ਕੋੜੇ ਖਾਣ ਵਾਸਤੇ ਅਕਾਲ ਤਖ਼ਤ ਅਗੇ ਪੇਸ਼ ਹੋ ਸਕਦਾ ਸੀ।

 

7 ਅਪ੍ਰੈਲ 1831 ਨੂੰ ਲਹਿਣਾ ਸਿੰਘ ਮਜੀਠੀਆ ਅਤੇ ਜਰਨੈਲ ਵੈਨਤੂਰਾ ਨੇ ਬਹਾਵਲਪੁਰ ਉਪਰ ਚੜ੍ਹਾਈ ਕਰਨੀ ਸੀ ਤਦ ਮਹਾਰਾਜੇ ਨੇ ਉਨ੍ਹਾਂ ਨੂੰ ਕਿਹਾ, ”ਗਰੀਬਾਂ ਅਤੇ ਕਮਜ਼ੋਰਾਂ ਦਾ ਧਿਆਨ ਰੱਖਣਾ ਤਾਂ ਕਿ ਉਹ ਆਪਣੇ ਘਰਾਂ ਵਿਚ ਵਸਦੇ ਰਸਦੇ ਰਹਿ ਸਕਣ। ਕਿਤੇ ਬਦਕਿਸਮਤ ਭਿਖਾਰੀ ਨਾ ਬਣਾ ਦੇਣਾ ਪਰਜਾ ਨੂੰ”। ਇਵੇਂ ਹੀ ਜਦੋਂ ਖੁਸ਼ਹਾਲ ਸਿੰਘ 1833 ਵਿਚ ਕਸ਼ਮੀਰੀਆਂ ਪਾਸੋਂ ਵੱਡੀ ਰਕਮ ਨਜ਼ਰਾਨਾ ਵਸੂਲ ਕੇ ਲਿਆਇਆ ਤਾਂ ਮਹਾਰਾਜਾ ਬਹੁਤ ਉਦਾਸ ਹੋਇਆ ਕਿਉਂਕਿ ਉਥੇ ਤਾਂ ਕਾਲ ਪਿਆ ਹੋਇਆ ਸੀ। ਉਸ ਨੇ ਹਜ਼ਾਰਾਂ ਖੱਚਰਾਂ ਉਪਰ ਅਨਾਜ ਲੱਦਵਾ ਕੇ ਮੰਦਰਾਂ ਅਤੇ ਮਸਜਿਦਾਂ ਵਿਚ ਪੁਚਾਇਆ ਜਿਥੋਂ ਲੋੜਵੰਦ ਪਰਜਾ ਪੇਟ ਭਰ ਸਕੇ। ਮੁਲਾਜ਼ਮਾਂ ਅਤੇ ਅਫ਼ਸਰਾਂ ਦੀ ਤਨਖਾਹ ਹਿੰਦੁਸਤਾਨ ਵਿਚ ਇੰਨੀ ਕਿਤੇ ਨਹੀਂ ਸੀ ਜਿੰਨੀ ਮਹਾਰਾਜਾ ਦਿੰਦਾ ਸੀ। ਉਸ ਦੀ ਪਰਖ ਕੇਵਲ ਯੋਗਤਾ ਹੁੰਦੀ ਸੀ। ਜੇ ਯੋਗ ਬੰਦਾ ਮਿਲ ਗਿਆ ਤਾਂ ਪੈਸੇ ਦੀ ਕਮੀ ਨਹੀਂ ਰਹਿਣ ਦਿੰਦਾ ਸੀ। ਕਸ਼ਮੀਰ ਦੇ ਨਾਜ਼ਿਮ ਕਿਰਪਾ ਰਾਮ ਦੀ ਤਨਖਾਹ ਇਕ ਲੱਖ ਰੁਪਿਆ ਸਾਲਾਨਾ ਸੀ। ਕਾਰਦਾਰ ਉਸ ਦੇ ਅਧੀਨ ਹੁੰਦੇ ਸਨ ਤੇ ਉਨ੍ਹਾਂ ਦਾ ਕੰਮ ਕਿਲ੍ਹਿਆਂ ਵਿਚ ਅਨਾਜ ਦੇ ਭੰਡਾਰ ਜਮਾਂ ਕਰਨਾ ਹੁੰਦਾ ਸੀ। ਇਹ ਅਨਾਜ ਮੁਲਾਜ਼ਮਾਂ ਨੂੰ ਤਨਖਾਹ ਵਜੋਂ ਵੀ ਦਿੱਤਾ ਜਾਂਦਾ ਸੀ ਤੇ ਜਦੋਂ ਫ਼ੌਜਾਂ ਕੂਚ ਕਰਦੀਆਂ ਸਨ ਉਦੋਂ ਲੰਗਰ ਦੇ ਵੀ ਕੰਮ ਆਉਂਦਾ ਸੀ।

 

ਪ੍ਰਸ਼ਾਸਨ ਇੰਨਾ ਕੁਸ਼ਲ ਸੀ ਕਿ ਚੋਰੀਆਂ ਡਾਕੇ ਬੰਦ ਹੋ ਗਏ ਸਨ। ਵੀਹ ਦਸੰਬਰ 1810 ਨੂੰ ਮਹਾਰਾਜੇ ਪਾਸ ਖ਼ਬਰ ਪੁੱਜੀ ਕਿ ਬੀਤੀ ਰਾਤ ਡਾਕੂ, ਸੁਨਿਆਰਿਆਂ ਪਾਸੋਂ ਸੋਨਾ ਲੁੱਟ ਕੇ ਲੈ ਗਏ ਹਨ। ਮਹਾਰਾਜੇ ਨੇ ਥਾਣੇਦਾਰ ਨੂੰ ਹੁਕਮ ਦਿੱਤਾ ਕਿ ਤੁਰੰਤ ਕਾਰਵਾਈ ਕਰੇ ਤੇ ਸਾਰੇ ਡਾਕੂ ਪੇਸ਼ ਕਰੇ। ਬਾਈ ਦਸੰਬਰ ਨੂੰ ਥਾਣੇਦਾਰ ਬਹਾਦਰ ਸਿੰਘ ਨੇ ਦੋ ਡਾਕੂ ਮਹਾਰਾਜੇ ਅਗੇ ਪੇਸ਼ ਕਰ ਦਿੱਤੇ ਤਾਂ ਮਹਾਰਾਜੇ ਨੇ ਕਿਹਾ, ”ਦੋ ਨਹੀਂ, ਸਾਰੇ ਡਾਕੂ ਪੇਸ਼ ਕਰ ਅਤੇ ਨਾਲ ਹੀ ਉਹ ਮਾਲ ਪੇਸ਼ ਕਰ ਜਿਹੜਾ ਇਨ੍ਹਾਂ ਨੇ ਲੁੱਟਿਆ ਸੀ। ਜੇ ਅਜਿਹਾ ਨਾ ਕੀਤਾ ਤਾਂ ਤੈਨੂੰ ਸਜ਼ਾ ਦਿਆਂਗਾ”।

 

ਨਿਆਂ ਵਾਸਤੇ ਮੁਢਲੀ ਅਦਾਲਤ ਪੰਚਾਇਤ ਸੀ। ਪੰਚਾਇਤ ਦੇ ਫੈਸਲੇ ਦਾ ਸਨਮਾਨ ਕੀਤਾ ਜਾਂਦਾ ਸੀ। ਪੰਚਾਇਤੀ ਫੈਸਲੇ ਵਿਰੁੱਧ ਕਾਰਦਾਰ ਦੀ ਅਦਾਲਤ ਵਿਚ ਅਪੀਲ ਹੋ ਸਕਦੀ ਸੀ ਤੇ ਕਾਰਦਾਰ ਵਿਰੁੱਧ ਨਾਜ਼ਿਮ ਪਾਸ। ਹੈਨਰੀ ਦੁਰਾਂਤ ਲਿਖਦਾ ਹੈ ਕਿ ਮੈਂ ਪੇਸ਼ਾਵਰ ਦੇ ਨਾਜ਼ਿਮ ਅਵੀਤਬਿਲੇ ਨੂੰ ਮਿਲਣ ਗਿਆ ਤਾਂ ਉਹ ਆਪਣੀ ਅਦਾਲਤ ਵਿਚ ਫ਼ੈਸਲੇ ਕਰ ਰਿਹਾ ਸੀ। ਉਸ ਦੀ ਅਦਾਲਤ ਵਿਚ ਜੱਜਾਂ ਦਾ ਜਿਹੜਾ ਬੈਂਚ ਸੀ ਉਸ ਵਿਚ ਦੋ ਮੁਸਲਮਾਨ, ਦੋ ਹਿੰਦੂ ਅਤੇ ਦੋ ਸਿੱਖ ਸਨ। ਮਹਾਰਾਜੇ ਦਾ ਸਖ਼ਤ ਹੁਕਮ ਸੀ ਕਿ ਇਨਸਾਫ ਤਾਂ ਤੁਰੰਤ ਦੇਣਾ ਹੀ ਹੈ, ਜੱਜ ਰਹਿਮਦਿਲੀ ਤੋਂ ਅਵੱਸ਼ ਕੰਮ ਲੈਣ। ਜੱਜ ਨੂੰ ਕਾਜ਼ੀ ਕਿਹਾ ਜਾਂਦਾ ਸੀ। ਵੱਖ-ਵੱਖ ਧਰਮਾਂ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਸੁਣਾਏ ਜਾਂਦੇ ਸਨ। ਮਹਾਰਾਜੇ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਇਕ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਉਸ ਨੂੰ ਵੀ ਨਹੀਂ ਜਿਸ ਨੇ ਮਹਾਰਾਜੇ ਉਪੱਰ ਹਮਲਾ ਕੀਤਾ। ਵਡੀ ਤੋਂ ਵਡੀ ਸਜ਼ਾ ਦੇਸ ਨਿਕਾਲਾ ਸੀ। ਪੰਜਾਬ ਉਨ੍ਹਾਂ ਦਿਨਾਂ ਵਿਚ ਸੁਰਗ ਤੋਂ ਘੱਟ ਨਹੀਂ ਸੀ ਤੇ ਪੰਜਾਬ ਤੋਂ ਬਾਹਰ ਦੇਸ ਨਿਕਾਲਾ ਨਰਕ ਵਿਚ ਧੱਕੇ ਖਾਣ ਬਰਾਬਰ ਸਮਝਿਆ ਜਾਂਦਾ ਸੀ।

 
ਫ਼ੌਜੀਆਂ ਨੂੰ ਚੰਗੀ ਤਨਖਾਹ ਮਿਲਦੀ ਸੀ ਤੇ ਫ਼ੌਜ ਦੀ ਗਿਣਤੀ ਨਿਸ਼ਚਿਤ ਨਹੀਂ ਸੀ। ਸੰਕਟ ਸਮੇਂ ਫ਼ੌਜ ਦੀ ਗਿਣਤੀ ਲੋੜ ਅਨੁਸਾਰ ਵਧਾ ਲਈ ਜਾਂਦੀ ਸੀ। 1810 ਵਿਚ ਮਹਾਰਾਜੇ ਪਾਸ ਲਾਹੌਰ ਵਿਖੇ ਤੀਹ ਹਜ਼ਾਰ ਘੋੜ ਸਵਾਰ ਹੁੰਦੇ ਸਨ ਤੇ ਹਰ ਰੋਜ਼ ਇਕ ਹਜ਼ਾਰ ਘੋੜੇ ਸਵੇਰੇ ਮੁਆਇਨੇ ਲਈ ਖਲਾਰੇ ਜਾਂਦੇ ਸਨ। ਮਹਾਰਾਜਾ ਕੋਈ ਇਕ ਘੋੜਾ ਚੁਣਦਾ ਤੇ ਦੌੜ ਲੁਆਉਂਦਾ। ਕਈ ਵਾਰ ਨਾਸ਼ਤਾ ਉਹ ਘੋੜੇ ਦੀ ਕਾਠੀ ਉਪਰ ਹੀ ਕਰ ਲੈਂਦਾ। ਇਉਂ ਤੀਹ ਦਿਨਾਂ ਵਿਚ ਤੀਹ ਹਜ਼ਾਰ ਘੋੜਿਆਂ ਦੀ ਪਰਖ ਹੋ ਜਾਂਦੀ ਤੇ ਸੰਭਾਲ ਕਰਨ ਵਾਲੇ ਸੁਸਤ ਨਹੀਂ ਹੋ ਸਕਦੇ ਸਨ। ਯੋਗ ਬੰਦੇ ਨੂੰ ਬਹੁਤ ਜਲਦੀ ਤਰੱਕੀ ਦੇ ਮੌਕੇ ਮਿਲਦੇ ਸਨ। ਮਹਾਰਾਜਾ ਮੇਲਿਆਂ ਵਿਚ ਬਹਾਦਰਾਂ ਦੇ ਕਾਰਨਾਮੇ ਦੇਖਦਾ ਤਾਂ ਉਥੇ ਹੀ ਨੌਕਰੀਆਂ ਦੇਣ ਦਾ ਐਲਾਨ ਕਰ ਦਿੰਦਾ। ਜ਼ਾਤਪਾਤ ਕਾਰਨ ਮਹਾਰਾਜੇ ਨੇ ਕਿਸੇ ਨਾਲ ਕਦੀ ਵਿਤਕਰਾ ਨਹੀਂ ਕੀਤਾ। ਮਹਾਰਾਜੇ ਦੀ ਦਰਿਆਦਿਲੀ ਕਾਰਨ ਹੀ ਗੁਸੈਲੇ ਸਿੱਖ ਜੁਆਨ ਉਸ ਦਾ ਕਹਿਣਾ ਮੰਨ ਜਾਂਦੇ ਸਨ ਭਾਵੇਂ ਕਿ ਯੂਰਪੀਅਨ ਜਰਨੈਲਾਂ ਅਧੀਨ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਕਦੀ ਕਦਾਈਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਤਾਂ ਮਹਾਰਾਜਾ ਹੱਲ ਕਰ ਲੈਂਦਾ।

 
ਸੋਹਨ ਲਾਲ ਮਹਾਰਾਜੇ ਦੇ ਦੂਤ ਵਜੋਂ ਫ਼ਾਰਸ ਦੇ ਸ਼ਾਹਜ਼ਾਦਾ ਅੱਬਾਸ ਮਿਰਜ਼ਾ ਨੂੰ ਮਿਲਿਆ। ਈਦ ਉਲ ਫਿਤਰ ਦੇ ਜਸ਼ਨਾਂ ਵਿਚ ਸ਼ਾਹਜ਼ਾਦੇ ਦਾ ਸ਼ਾਮਿਆਨਾ ਬਹੁਤ ਸਜਾਇਆ ਗਿਆ ਸੀ। ਸ਼ਾਹਜ਼ਾਦੇ ਨੇ ਸੋਹਨ ਲਾਲ ਨੂੰ ਪੁੱਛਿਆ, ”ਕੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਇਹੋ ਜਿਹੀ ਸਜਧਜ ਵਾਲਾ ਹੀ ਹੈ, ਤੇ ਕੀ ਮਹਾਰਾਜੇ ਦੀ ਸੈਨਾ ਵੀ ਇਹੋ ਜਿਹੀ ਬਹਾਦਰ ਅਤੇ ਅਨੁਸ਼ਾਸਿਤ ਹੈ ਜਿਹੋ ਜਿਹੀ ਮੇਰੀ”? ਸੋਹਨ ਲਾਲ ਨੇ ਨਿਮਰਤਾ ਨਾਲ ਜਵਾਬ ਦਿੱਤਾ, ”ਮੇਰੀ ਸਰਕਾਰ ਦੇ ਦਰਬਾਰ ਦੀ ਛੱਤ ਕਸ਼ਮੀਰੀ ਪਸ਼ਮੀਨਿਆਂ ਅਤੇ ਸ਼ਾਲਾਂ ਨਾਲ ਜੜੀ ਹੋਈ ਹੈ ਤੇ ਫਰਸ਼ ਉਪਰ ਵੀ ਕਸ਼ਮੀਰੀ ਸ਼ਾਲ ਵਿਛੇ ਹੁੰਦੇ ਹਨ। ਜਿਥੋਂ ਤੱਕ ਬਹਾਦਰੀ ਦਾ ਸਵਾਲ ਹੈ, ਜੇ ਸਾਡਾ ਜਰਨੈਲ ਹਰੀ ਸਿੰਘ ਨਲੂਆ ਸਿੰਧ ਦਰਿਆ ਟੱਪ ਆਵੇ ਤਾਂ ਤੁਸੀਂ ਵਾਪਸ ਤਬਰੇਜ਼ ਪਰਤਣਾ ਠੀਕ ਸਮਝੋਗੇ”। ਅੱਬਾਸ ਮਿਰਜ਼ਾ ਨੇ ਕਿਹਾ, ”ਖੂਬ। ਬਹੁਤ ਖੂਬ”।

 
ਮਹਾਰਾਜਾ ਸਾਦਾ ਲਿਬਾਸ ਪਹਿਨਦਾ। ਉਸ ਨੇ ਕੋਈ ਵਿਸ਼ੇਸ਼ ਤਖ਼ਤ ਨਹੀਂ ਬਣਵਾਇਆ। ਇਕ ਸੁੰਦਰ ਕੁਰਸੀ ਬਣਵਾਈ ਗਈ ਜਿਸ ਉਪਰ ਸੋਨਾ ਲਗਿਆ ਹੋਇਆ ਸੀ ਪਰ ਉਸ ਦੀ ਦਿੱਖ ਸਾਧਾਰਨ ਸੀ। ਇਹ ਕੁਰਸੀ ਲੰਡਨ ਦੇ ਮਿਊਜ਼ਿਅਮ ਵਿਚ ਪਈ ਹੈ। ਪਰ ਮਹਾਰਾਜਾ ਜਿਥੇ ਕਿਤੇ ਹੁੰਦਾ ਉਥੇ ਹੀ ਫ਼ੈਸਲੇ ਸੁਣਾਉਂਦਾ ਰਹਿੰਦਾ। ਕਈ ਵਾਰੀ ਤਾਂ ਜ਼ਮੀਨ ਤੇ ਚੌਕੜੀ ਮਾਰੀ ਉਹ ਨਿਆਂ ਕਰਦਾ। ਮੁਲਾਕਾਤਾਂ ਕਰਨ ਵਾਲੇ ਆਪਣੀ- ਆਪਣੀ ਹੈਸੀਅਤ ਮੁਤਾਬਕ ਨਜ਼ਰਾਨੇ ਭੇਟ ਕਰਦੇ। ਉਸ ਦੀ ਹਾਜ਼ਰੀ ਵਿਚ ਲੋਕ ਖੌਫ਼ਜ਼ਦਾ ਨਹੀਂ ਹੁੰਦੇ ਸਨ। ਲੇਹਲੜੀਆਂ ਕਢਵਾਉਣੀਆਂ ਜਾਂ ਮਿਲਣ ਤੋਂ ਪਹਿਲਾਂ ਜ਼ਮੀਨ ਤੇ ਸਿਰ ਲਾ ਕੇ ਮੱਥਾ ਟੇਕਣ ਵਰਗੀਆਂ ਪਰੰਪਰਾਵਾਂ ਦਾ ਉਸ ਨੂੰ ਬਿਲਕੁਲ ਸ਼ੌਕ ਨਹੀਂ ਸੀ। ਪਰ ਉਸ ਨੇ ਆਪਣੇ ਵਜ਼ੀਰਾਂ, ਜਰਨੈਲਾਂ, ਰਾਜਕੁਮਾਰਾਂ ਅਤੇ ਅਫ਼ਸਰਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਪੂਰੀ ਤਰ੍ਹਾਂ ਸਜਧਜ ਨਾਲ ਕੋਰਟ ਵਿਚ ਪੇਸ਼ ਹੋਣ।

 

ਰਾਜਾ ਗੁਲਾਬ ਸਿੰਘ ਅਤੇ ਸ਼ਾਹਜ਼ਾਦਾ ਹੀਰਾ ਸਿੰਘ ਸਭ ਤੋਂ ਵਧੀਕ ਸਜੇ ਹੋਏ ਵਿਅਕਤੀ ਹੁੰਦੇ ਸਨ। ਜਿਹੜੇ ਬੰਦੇ ਮਹਾਰਾਜੇ ਦੀ ਮੁਲਾਜ਼ਮਤ ਵਿਚ ਹੁੰਦੇ ਸਨ ਉਨ੍ਹਾਂ ਉਪਰ ਦੋ ਬੰਦਸ਼ਾਂ ਲਾਜ਼ਮ ਸਨ। ਇਕ ਵਾਲ ਨਹੀਂ ਮੁੰਨਣੇ ਦੂਜੇ ਤਮਾਕੂ ਦੀ ਵਰਤੋਂ ਨਹੀਂ ਕਰਨੀ। ਇਹ ਹੁਕਮ ਯੋਰਪੀਅਨਾਂ, ਹਿੰਦੂਆਂ ਅਤੇ ਮੁਸਲਮਾਨਾਂ ਸਭਨਾ ਉਪਰ ਲਾਗੂ ਸਨ। ਆਮ ਨਾਗਰਿਕਾਂ ਉਪਰ ਇਹ ਬੰਦਸ਼ ਲਾਗੂ ਨਹੀਂ ਸੀ। ਜਿਹੜੇ ਦੇਸੀ ਵਿਦੇਸੀ ਮਹਿਮਾਨ ਮੁਲਾਕਾਤ ਲਈ ਆਉਂਦੇ ਮਹਾਰਾਜਾ ਆਪਣੇ ਬਰਾਬਰ ਆਪਣੇ ਵਰਗੀ ਕੁਰਸੀ ਉਪਰ ਬਿਠਾਉਂਦਾ ਜਦੋਂ ਕਿ ਉਨ੍ਹਾਂ ਦਿਨਾਂ ਵਿਚ ਅਜਿਹਾ ਰਿਵਾਜ ਨਹੀਂ ਸੀ ਕਿ ਕੋਈ ਵੀ ਬੰਦਾ ਹੁਕਮਰਾਨ ਦੇ ਬਰਾਬਰ ਬੈਠੇ। ਮਹਾਰਾਜੇ ਦੀ ਅੱਖ ਕੇਵਲ ਯੋਗਤਾ ਉਪਰ ਹੁੰਦੀ ਸੀ ਤੇ ਇਸੇ ਕਾਰਨ ਜਗੀਰਾਂ ਉਸ ਨੇ ਜੱਦੀ ਨਹੀਂ ਬਣਨ ਦਿੱਤੀਆਂ। ਜੇ ਪਿਤਾ ਜਗੀਰਦਾਰ ਹੈ ਤਾਂ ਉਸ ਦੀ ਜਗੀਰ ਦੀ ਵਾਰਿਸ ਸੁਤੇਸਿੱਧ ਉਸ ਦੀ ਸੰਤਾਨ ਨਹੀਂ ਹੋ ਸਕਦੀ ਸੀ। ਜਰਨੈਲ ਹਰੀ ਸਿੰਘ ਨਲੂਏ ਦੀ ਸਾਲਾਨਾ ਜਗੀਰ ਅੱਠ ਲੱਖ ਰੁਪਏ ਸਾਲਾਨਾ ਸੀ। ਉਸ ਦੀ ਔਲਾਦ ਉਸ ਵਾਂਗ ਯੋਗ ਸਿੱਧ ਨਾਂ ਹੋਈ ਤਾਂ ਨਲਵਾ ਦੀ ਜਾਇਦਾਦ ਉਸ ਦੀ ਮੌਤ ਉਪਰੰਤ ਜਬਤ ਰਕੇ ਹੋਰਨਾ ਯੋਗ ਬੰਦਿਆਂ ਵਿਚ ਵੰਡ ਦਿੱਤੀ।

 
ਮਹਾਰਾਜੇ ਦੇ ਰਾਜਪ੍ਰਬੰਧ ਵਿਚ ਤਿੰਨ ਡੋਗਰਿਆਂ ਦਾ ਨਾਮ ਖਾਸ ਹੈ। ਧਿਆਨ ਸਿੰਘ ਪ੍ਰਧਾਨ ਮੰਤਰੀ ਸੀ। ਗੁਲਾਬ ਸਿੰਘ ਜਰਨੈਲ ਵੀ ਰਿਹਾ ਗਵਰਨਰ ਵੀ ਤੇ ਇਨ੍ਹਾਂ ਦਾ ਤੀਜਾ ਭਰਾ ਸੁਚੇਤ ਸਿੰਘ ਦਰਬਾਰ ਦੇ ਕੰਮਾਂ ਕਾਜਾਂ ਵਿਚ ਹੱਥ ਵਟਾਉਂਦਾ ਸੀ। ਇਨ੍ਹਾਂ ਤਿੰਨਾ ਭਰਾਵਾਂ ਦੀ ਚੜ੍ਹਤ ਤੋਂ ਸਿਖ ਸਰਦਾਰ ਈਰਖਾ ਕਰਦੇ ਸਨ। ਇਵੇਂ ਹੀ ਤਿੰਨ ਮੁਸਲਮਾਨ ਭਰਾ ਵਡੇ ਰੁਤਬਿਆਂ ਨੂੰ ਮਾਣਦੇ ਰਹੇ। ਫਕੀਰ ਅਜ਼ੀਜ਼ਉਦੀਨ ਵਿਦੇਸ਼ ਮੰਤਰੀ ਰਿਹਾ, ਫਕੀਰ ਨੂਰੁੱਦੀਨ ਲਾਹੌਰ ਕਿਲ੍ਹੇਦਾਰ ਰਿਹਾ ਤੇ ਖਜਾਨੇ ਦੀਆਂ ਚਾਬੀਆਂ ਦਾ ਮਾਲਕ ਵੀ। ਮਹਾਰਾਜਾ ਉਸ ਦਾ ਬੜਾ ਸਤਿਕਾਰ ਕਰਦਾ ਸੀ। ਮਹਾਰਾਜੇ ਦਾ ਖਾਣਾ ਉਸ ਦੀ ਨਿਗਰਾਨੀ ਵਿਚ ਤਿਆਰ ਹੁੰਦਾ ਸੀ।

 

ਤੀਜਾ ਭਰਾ ਫਕੀਰ ਇਮਾਮੁਦੀਨ ਗੋਬਿੰਦਗੜ੍ਹ ਅਤੇ ਅੰਮ੍ਰਿਤਸਰ ਦੇ ਕਿਲ੍ਹਿਆਂ ਦਾ ਰਖਵਾਲਾ ਸੀ। ਲੱਖਾਂ ਰੁਪਏ ਉਸ ਦੇ ਖਜ਼ਾਨੇ ਵਿੱਚ ਸਰਕਾਰ ਵਲੋਂ ਜਮਾਂ ਰਹਿੰਦੇ ਸਨ। ਉਹ ਗਵਰਨਰ ਵੀ ਰਿਹਾ। ਮਜੀਠੀਆ ਸਰਦਾਰਾਂ ਵਿਚੋਂ ਦੇਸਾ ਸਿੰਘ ਤੇ ਲਹਿਣਾ ਸਿੰਘ ਸੱਤਾ ਦੇ ਭਾਗੀਦਾਰ ਰਹੇ। ਸੰਧਾਵਾਲੀਏ ਸਰਦਾਰਾਂ ਵਿਚ ਅਮੀਰ ਸਿੰਘ, ਅਤਰ ਸਿੰਘ, ਲਹਿਣਾ ਸਿੰਘ ਤੇ ਬੁੱਧ ਸਿੰਘ ਬੜੇ ਸਤਿਕਾਰਯੋਗ ਸਨ ਜਿਨਾਂ ਨੂੰ ਲੱਖਾਂ ਰੁਪਿਆ ਜਗੀਰਾਂ ਵਜੋਂ ਮਿਲਦਾ ਸੀ। ਸ਼ਾਮ ਸਿੰਘ ਅਟਾਰੀ ਵਾਲਾ ਮਹਾਰਾਜੇ ਦਾ ਰਸ਼ਤੇਦਾਰ ਸੀ। ਉਸ ਦੀ ਬੇਟੀ ਕੰਵਰ ਨੌਨਿਹਾਲ ਸਿੰਘ ਨੂੰ ਵਿਆਹੀ ਗਈ। ਉਹ ਬੜਾ ਤਕੜਾ ਯੋਧਾ ਸੀ ਤੇ ਅੰਗਰੇਜ਼ਾਂ ਵਿਰੁੱਧ ਲੜਦਾ ਹੋਇਆ 1846 ਵਿਚ ਸ਼ਹੀਦ ਹੋਇਆ। ਸਰ ਲੈਪਲ ਗਰਿਫਿਨ ਉਸ ਬਾਰੇ ਲਿਖਦਾ ਹੈ, ”ਸ਼ਾਮ ਸਿੰਘ ਜੱਟਾਂ ਵਿਚੋਂ ਸਭ ਤੋਂ ਵਧੀਕ ਬਹਾਦਰ ਸੀ ਤੇ ਬਹਾਦਰੀ, ਈਮਾਨਦਾਰੀ, ਤਾਕਤ ਅਤੇ ਹੌਂਸਲੇ ਵਿਚ ਜੱਟ ਦੁਨੀਆਂ ਦੀ ਕਿਸੇ ਨਸਲ ਤੋਂ ਪਿਛੇ ਨਹੀਂ ਹਨ”।

 
ਹਰੀ ਸਿੰਘ ਨਲੂਏ ਬਾਰੇ ਮਹਾਰਾਜਾ ਕਿਹਾ ਕਰਦਾ ਸੀ, ”ਹਕੂਮਤ ਚਲਾਉਣ ਵਾਸਤੇ ਇਹੋ ਜਿਹੇ ਜਰਨੈਲਾਂ ਦੀ ਲੋੜ ਹੁੰਦੀ ਹੈ”। ਜਮਰੌਦ ਦੇ ਕਿਲ੍ਹੇ ਵਿਚੋਂ ਅਫਗਾਨਾਂ ਨਾਲ ਲੜਦਾ ਹੋਇਆ ਅਪ੍ਰੈਲ 1837 ਵਿਚ ਉਹ ਸ਼ਹੀਦ ਹੋਇਆ। ਮਹਾਰਾਜਾ ਮਹੀਨਿਆਂ ਤੱਕ ਉਦਾਸ ਰਿਹਾ ਤੇ ਦਰਬਾਰ ਵਿਚ ਸਭ ਨੂੰ ਇਹ ਨਸੀਹਤ ਕੀਤੀ ਗਈ ਸੀ ਕਿ ਨਲੂਅਾ ਸਰਦਾਰ ਦੀ ਗੱਲ ਮਹਾਰਾਜੇ ਸਾਹਮਣੇ ਨਹੀਂ ਕਰਨੀ। ਕਾਦਰਯਾਰ ਨੇ ਜਦੋਂ ਨਲੂਏ ਦੀ ਵਾਰ ਲਿਖ ਕੇ ਲਿਆਂਦੀ ਤਾਂ ਮਹਾਰਾਜਾ ਉਸ ਨੂੰ ਸੁਣ ਕੇ ਰੋ ਪਿਆ ਤੇ ਸ਼ਾਇਰ ਨੂੰ ਖੂਹ ਸਮੇਤ ਇਕ ਮੁਰੱਬਾ ਜ਼ਮੀਨ ਦਿੱਤੀ।

 

ਹਿੰਦੂ ਜਰਨੈਲਾਂ ਵਿਚੋਂ ਸਭ ਤੋਂ ਵਧੀਕ ਤੇਜਵਾਨ ਦੀਵਾਨ ਮੁਹਕਮ ਚੰਦ ਸੀ। ਉਸ ਨੇ ਸਤਲੁਜ ਸਰਹੱਦ ਦੀ ਰਖਵਾਲੀ ਮਹਾਰਾਜੇ ਤੋਂ ਮੰਗ ਕੇ ਲਈ ਸੀ ਤੇ ਫਲੌਰ ਦਾ ਕਿਲ੍ਹਾ ਜੋ ਹੁਣ ਪੁਲੀਸ ਟਰੇਨਿੰਗ ਸਕੂਲ ਹੈ ਉਸੇ ਦਾ ਬਣਾਇਆ ਹੋਇਆ ਹੈ। ਅੰਗਰੇਜ਼ਾਂ ਨੂੰ ਉਹ ਸਖ਼ਤ ਨਫਰਤ ਕਰਦਾ ਸੀ। ਅਕਾਲੀ ਫੂਲਾ ਸਿੰਘ ਅਤੇ ਮੁਹਕਮ ਚੰਦ ਦੋਵੇਂ ਅੰਗਰੇਜ਼ਾਂ ਨਾਲ ਸੰਧੀਆਂ ਕਰਨ ਦੇ ਸਖ਼ਤ ਵਿਰੁੱਧ ਸਨ। ਅੰਮ੍ਰਿਤਸਰ ਵਿਚ ਅਕਾਲੀ ਜੀ ਨੇ ਤਾਂ ਮੈਟਕਾਫ ਦੀ ਸੁਰੱਖਿਆ ਗਾਰਦ ਨੂੰ ਕੁੱਟ ਦਿਤਾ ਸੀ। ਲਾਹੌਰ ਵਿਚ ਸੰਧੀ ਕਰਨ ਵੇਲੇ ਜਦੋਂ ਉਹ ਆਪਣੀ ਗੱਲ ਉਤੇ ਅੜ ਜਾਂਦਾ ਤਾਂ ਦੀਵਾਨ ਮੁਹਕਮ ਚੰਦ ਨੂੰ ਬੜਾ ਬੁਰਾ ਲਗਦਾ। ਉਸ ਨੇ ਮੈਟਕਾਫ ਨੂੰ ਇਕ ਦਿਨ ਕਿਹਾ, ”ਯੁੱਧ ਦੇ ਮੈਦਾਨ ਵਿਚ ਲਗਦਾ ਹੈ ਸਿੱਖਾਂ ਨੂੰ ਤੁਸੀਂ ਦੇਖਿਆ ਨਹੀਂ ਹੈ। ਜਦੋਂ ਦੇਖੋਗੇ ਤਾਂ ਜਾਣੂ ਹੋ ਜਾਓਗੇ”। ਇਸ ਤੇ ਮੈਟਕਾਫ ਨੇ ਕਿਹਾ, ”ਤੁਸੀਂ ਵੀ ਅੰਗਰੇਜ਼ਾਂ ਨੂੰ ਅੱਜੇ ਦੇਖਿਆ ਨਹੀਂ।”

 
ਦੀਵਾਨ ਮੋਤੀ ਰਾਮ ਪਹਿਲੋਂ ਜਲੰਧਰ ਦਾ ਫਿਰ ਕਸ਼ਮੀਰ ਦਾ ਗਵਰਨਰ ਰਿਹਾ। ਉਹ ਮੁਹਕਮ ਚੰਦ ਦਾ ਪੁੱਤਰ ਸੀ। ਡੋਗਰੇ ਉਸ ਵਿਰੁੱਧ ਸਾਜ਼ਸ਼ਾਂ ਕਰਦੇ ਰਹਿੰਦੇ ਸਨ ਜਿਸ ਕਾਰਨ ਉਹ ਲਾਹੌਰ ਛੱਡ ਕੇ ਬਨਾਰਸ ਚਲਾ ਗਿਆ ਸੀ। ਮੋਤੀ ਰਾਮ ਦਾ ਬੇਟਾ ਰਾਮਦਿਆਲ ਫ਼ੌਜੀ ਅਫਸਰ ਸੀ ਤੇ ਉਹ ਪਠਾਣਾਂ ਵਿਰੁੱਧ ਲੜਦਾ ਹੋਇਆ 1820 ਵਿਚ 28 ਸਾਲ ਦੀ ਉਮਰ ਵਿਚ ਜਾਨ ਵਾਰ ਗਿਆ। ਰਾਮ ਦਿਆਲ ਦਾ ਭਰਾ ਕਿਰਪਾ ਰਾਮ ਜਲੰਧਰ ਦਾ ਪ੍ਰਸ਼ਾਸਕ ਲੱਗਾ ਰਿਹਾ। ਇਸ ਵਿਰੁੱਧ ਵੀ ਡੋਗਰੇ ਗੋਂਦਾਂ ਗੁੰਦਦੇ ਰਹੇ ਜਿਸ ਕਰਕੇ ਇਹ ਵੀ ਆਪਣੇ ਪਿਤਾ ਪਾਸ ਬਨਾਰਸ ਚਲਾ ਗਿਆ। ਦੀਵਾਨ ਭਵਾਨੀਦਾਸ ਕਾਬਲ ਵਿਚ ਸ਼ਾਹ ਸ਼ੁਜਾਅ ਦਾ ਮਾਲ ਅਫ਼ਸਰ ਸੀ। ਕਿਸੇ ਕਾਰਨ ਸ਼ਾਹ ਉਸ ਨਾਲ ਨਾਰਾਜ ਹੋ ਗਿਆ ਤਾਂ ਉਹ ਕਾਬਲ ਛੱਡ ਕੇ 1808 ਵਿਚ ਲਾਹੌਰ ਆ ਗਿਆ ਤੇ ਮਹਾਰਾਜੇ ਨੂੰ ਮਿਲ ਕੇ ਆਪਣੀ ਯੋਗਤਾ ਦੱਸੀ ਤੇ ਨੌਕਰੀ ਲਈ ਅਰਜ਼ ਕੀਤੀ। ਬਾਇੱਜ਼ਤ ਮਹਾਰਾਜੇ ਨੇ ਉਸ ਨੂੰ ਸਟੇਟ ਦੇ ਸਾਰੇ ਅਰਥਚਾਰੇ ਦੀ ਨਿਗਰਾਨੀ ਸੌਪ ਦਿੱਤੀ। ਉਸ ਨੇ ਪਹਿਲੀ ਵਾਰ ਸਹੀ ਲੇਖਾ ਜੋਖਾ ਰੱਖਣ ਦੀ ਪਿਰਤ ਪਾਈ। ਕਈ ਖਜ਼ਾਨਾ ਦਫ਼ਤਰ ਖੋਹਲੇ। ਉਹ ਕਿਸੇ ਵੀ ਜਗੀਰਦਾਰ ਜਾਂ ਸੂਬੇਦਾਰ ਤੋਂ ਹਿਸਾਬ ਮੰਗ ਸਕਦਾ ਸੀ। ਬੜੀ ਵਾਰ ਉਹ ਪੜਤਾਲੀਆ ਅਫ਼ਸਰ ਲੱਗਾ।

 
ਜਮਾਦਾਰ ਖੁਸ਼ਹਾਲ ਸਿੰਘ ਮੇਰਠ ਜਿਲੇ ਦਾ ਬ੍ਰਾਹਮਣ ਸੀ ਜਿਸ ਨੇ ਮਹਾਰਾਜੇ ਪਾਸੋਂ 17 ਸਾਲ ਦੀ ਉਮਰੇ ਪੰਜ ਰੁਪਏ ਮਹੀਨਾ ਸਿਪਾਹੀ ਦੀ ਨੋਕਰੀ ਪ੍ਰਾਪਤ ਕੀਤੀ ਪਰ ਤਿੱਖੀ ਸਮਝ ਸੂਝ ਸਦਕਾ ਅਜਿਹਾ ਮਹਾਰਾਜੇ ਦੀ ਨਜ਼ਰ ਵਿਚ ਚੜ੍ਹਿਆ ਕਿ ਲਾਹੌਰ ਕਿਲ੍ਹੇ ਦਾ ਡਿਊਢੀਦਾਰ ਲੱਗ ਗਿਆ। ਕੋਈ ਵੱਡੇ ਤੋਂ ਵੱਡਾ ਅਫਸਰ ਜਾਂ ਵਜ਼ੀਰ ਉਸ ਦੀ ਆਗਿਆ ਬਗੈਰ ਮਹਾਰਾਜੇ ਨਾਲ ਨਿੱਜੀ ਗੱਲ ਨਹੀਂ ਕਰ ਸਕਦਾ ਸੀ। ਖੁਸ਼ਹਾਲ ਸਿੰਘ ਦਾ ਭਤੀਜਾ ਤੇਜਰਾਮ ਵੀ ਲਾਹੌਰ ਆ ਗਿਆ ਤੇ ਅੰਮ੍ਰਿਤ ਛਕ ਕੇ ਤੇਜਾ ਸਿੰਘ ਬਣਿਆ। ਉਹ ਤਰੱਕੀ ਕਰਦਾ-ਕਰਦਾ ਜਰਨੈਲ ਦੇ ਰੁਤਬੇ ਤੱਕ ਪੁੱਜਾ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਸਟੇਟ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਗਿਆ।

 
ਦੀਵਾਨ ਗੰਗਾ ਰਾਮ ਬਨਾਰਸ ਦਾ ਬਾਸ਼ਿੰਦਾ ਸੀ। ਉਸ ਨੇ ਗਵਾਲੀਅਰ ਦੇ ਮਹਾਰਾਜੇ ਪਾਸ ਨੌਕਰੀ ਪ੍ਰਾਪਤ ਕੀਤੀ। ਕੁਸ਼ਲਤਾ ਅਤੇ ਈਮਾਨਦਾਰੀ ਸਦਕਾ ਉਸ ਦਾ ਅੱਛਾ ਰਸੂਖ ਬਣਿਆ। ਜਦੋਂ ਮਹਾਰਾਜਾ ਸਿੰਧੀਆ ਨੂੰ ਅੰਗਰੇਜ਼ਾਂ ਨੇ ਹਰਾ ਦਿੱਤਾ ਤਾਂ 1803 ਵਿਚ ਉਹ ਦਿੱਲੀ ਆ ਵਸਿਆ। ਕਿਸੇ ਨੇ 1813 ਵਿਚ ਉਸ ਦੀ ਲਿਆਕਤ ਬਾਰੇ ਮਹਾਰਾਜੇ ਪਾਸ ਗੱਲ ਕੀਤੀ ਤਾਂ ਉਸ ਨੇ ਤੁਰੰਤ ਗੰਗਾ ਰਾਮ ਨੂੰ ਲਾਹੌਰ ਬੁਲਾ ਲਿਆ ਅਤੇ ਵਿਤੀ ਮਾਮਲਿਆਂ ਦੀ ਦੇਖਰੇਖ ਕਰਨ ਲਈ ਕਿਹਾ। ਸਟੇਟ ਦੀ ਸ਼ਾਹੀ ਮੁਹਰ ਉਸੇ ਪਾਸ ਹੁੰਦੀ ਸੀ।

 
ਦੀਵਾਨ ਅਜੋਧਿਆ ਪ੍ਰਸ਼ਾਦ ਗੰਗਾ ਰਾਮ ਦਾ ਗੋਦੀ ਲਿਆ ਪੁੱਤਰ ਸੀ। ਉਹ 15 ਸਾਲ ਦੀ ਉਮਰ ਵਿਚ ਲਾਹੌਰ ਆਇਆ। ਪਹਿਲੋਂ ਸਿਪਾਹੀ ਭਰਤੀ ਹੋਇਆ ਤੇ ਫਿਰ ਤਰੱਕੀ ਕਰਦਾ-ਕਰਦਾ ਜਰਨੈਲ ਵੈਨਤੂਰਾ ਦਾ ਲੈਫਟੀਨੈਂਟ ਜਨਰਲ ਬਣ ਗਿਆ। ਅੰਗਰੇਜ਼ੀ ਅਤੇ ਫਰਾਂਸੀਸੀ ਵਿਚ ਨਿਪੁੰਨ ਹੋਣ ਕਰਕੇ ਉਹ ਮਹਾਰਾਜੇ ਪਾਸ ਦੁਭਾਸ਼ੀਏ ਦਾ ਕੰਮ ਵੀ ਕਰਦਾ ਸੀ। ਮਹਾਰਾਜੇ ਨਾਲ ਕੰਮ ਕਰਨ ਤੋਂ ਇਲਾਵਾ ਉਸ ਨੇ ਕੰਵਰ ਖੜਕ ਸਿੰਘ ਅਤੇ ਕੰਵਰ ਸ਼ੇਰ ਸਿੰਘ ਨਾਲ ਵੀ ਕੰਮ ਕੀਤਾ। ਮਹਾਰਾਜੇ ਦੀ ਮੌਤ ਤੋਂ ਬਾਅਦ ਵੀ ਉਸ ਨੇ ਅਹਿਮ ਡਿਊਟੀਆਂ ਨਿਭਾਈਆਂ। ਜਦੋਂ ਸਿੱਖ ਅੰਗਰੇਜ਼ਾਂ ਪਾਸੋਂ ਹਾਰ ਗਏ ਤਦ ਵੀ ਉਸ ਨੇ ਅੰਗਰੇਜ਼ਾਂ ਪਾਸੋਂ ਕੰਵਰ ਦਲੀਪ ਸਿੰਘ ਦੀ ਨਿਗਰਾਨੀ ਕਰਨੀ ਮੰਗੀ। ਜਦੋਂ ਤਕ ਕੰਵਰ ਦਲੀਪ ਸਿੰਘ ਨੂੰ ਇੰਗਲੈਂਡ ਨਹੀਂ ਭੇਜਿਆ ਗਿਆ ਅਜੋਧਿਆ ਪ੍ਰਸ਼ਾਦ ਨੇ ਉਸ ਦੀ ਨਿਗਰਾਨੀ ਦਾ ਕੰਮ ਬਾਖੂਬੀ ਨਿਭਾਇਆ। ਉਹ ਬੜਾ ਦਿਆਲੂ ਅਤੇ ਇਨਸਾਫ ਪਸੰਦ ਸ਼ਾਂਤ ਸੁਭਾਅ ਮਨੁੱਖ ਸੀ। ਅੰਗਰੇਜ਼ਾਂ ਨੇ ਉਸ ਨੂੰ ਲਾਹੌਰ ਦਾ ਮੈਜਿਸਟਰੇਟ ਨਿਯੁਕਤ ਕੀਤਾ। ਇਹ ਉਸ ਦੀ ਵਿਦਿਅਕ ਨਿਪੁੰਨਤਾ ਕਰਕੇ ਹੋਇਆ।
ਇਵੇਂ ਹੀ ਰਾਜਾ ਦੀਨਾ ਨਾਥ, ਮਿਸਰ ਦੀਵਾਨ ਚੰਦ, ਮਿਸਰ ਰੂਪ ਲਾਲ, ਬੇਲੀ ਰਾਮ ਅਤੇ ਸਾਵਣ ਮੱਲ ਆਪਣੀ ਕਾਬਲੀਅਤ ਸਦਕਾ ਨਿਕੀਆਂ ਥਾਵਾਂ ਤੋਂ ਉਠ ਕੇ ਬਹੁਤ ਵਡੇ-ਵਡੇ ਰੁਤਬਿਆਂ ਉਪਰ ਚੜ੍ਹੇ।

 
ਵਿਦੇਸ਼ੀ ਜਰਨੈਲਾਂ ਵਿਚ ਜੀਨ ਫਰਾਂਸਿਸ ਐਲਾਰਡ, ਵੈਨਤੂਰਾ, ਅਵਿਤਬਿਲੇ ਕੋਰਟ ਆਦਿਕ ਉਚ ਕੋਟੀ ਦੇ ਸੂਰਬੀਰਾਂ ਨੇ ਬੜਾ ਨਾਮ ਕਮਾਇਆ। ਸ਼ੁਰੂ ਵਿਚ ਸਿੱਖਾਂ ਨੇ ਉਨ੍ਹਾਂ ਦਾ ਮਖੌਲ ਉਡਾਇਆ ਤੇ ਉਨ੍ਹਾਂ ਅਧੀਨ ਕੰਮ ਕਰਨ ਤੋਂ ਆਨਾਕਾਨੀ ਵੀ ਕੀਤੀ। ਪਰੇਡ ਨੂੰ ਸਿੱਖ ਪਸੰਦ ਨਹੀਂ ਕਰਦੇ ਸਨ ਤੇ ਇਸ ਨੂੰ ਕੰਜਰੀਆਂ ਦਾ ਨਾਚ ਆਖਦੇ ਸਨ। ਪਰ ਹੌਲੀ-ਹੌਲੀ ਸਭ ਮਹਾਰਾਜੇ ਦੀ ਗੱਲ ਮੰਨ ਗਏ ਕਿ ਫ਼ੌਜ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਪਰੇਡ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਦੇਸ਼ੀ ਜਰਨੈਲਾਂ ਨੇ ਖਤਰਨਾਕ ਮੁਹਿੰਮਾਂ ਵਿਚ ਹਿੱਸਾ ਲਿਆ। ਮਹਾਰਾਜੇ ਨੇ ਕੋਈ ਅੰਗਰੇਜ਼ ਕਿਸੇ ਉਚ ਅਹੁਦੇ ਉਪਰ ਤੈਨਾਤ ਨਹੀਂ ਕੀਤਾ।

 
ਜਿਸ ਯਾਤਰੂ ਨੇ ਪੰਜਾਬ ਦੇਖਣਾ ਚਾਹਿਆ, ਉਹ ਮਹਾਰਾਜੇ ਨੂੰ ਮਿਲਣ ਤੋਂ ਬਗੈਰ ਵਾਪਸ ਨਹੀਂ ਪਰਤਿਆ। ਮੁਲਾਕਾਤ ਲਈ ਕੋਈ ਮੁਸ਼ਕਲ ਨਹੀਂ ਆਉਂਦੀ ਸੀ। ਮਹਾਰਾਜਾ ਆਪਣੇ ਨਜ਼ਦੀਕ ਰੁਪਈਆਂ ਅਤੇ ਮੁਹਰਾਂ ਦੀਆਂ ਥੈਲੀਆਂ ਰਖਦਾ। ਯਾਤਰੂਆਂ ਨੂੰ ਮੁਠਾਂ ਭਰ-ਭਰ ਧਨ ਦਿੰਦਾ। ਕੁਝ ਯੋਰਪੀਅਨ ਯਾਤਰੂਆਂ ਨੇ ਜਦੋਂ ਇਸ ਗੱਲ ਦਾ ਬੁਰਾ ਮਨਾਇਆ ਕਿ ਉਹ ਪੈਸੇ ਲੈਣ ਨਹੀ ਆਏ ਤਦ ਉਨ੍ਹਾਂ ਨੂੰ ਦਸਿਆ ਗਿਆ ਕਿ ਹੇਠੀ ਕਰਨ ਲਈ ਨਹੀਂ, ਸਵਾਗਤ ਕਰਨ ਲਈ ਇਹ ਇਥੋਂ ਦਾ ਰਿਵਾਜ ਹੈ। ਆਉਂਦੇ ਜਾਂਦੇ ਆਪਣੇ ਪਿਆਰਿਆਂ ਨੂੰ, ਰਿਸ਼ਤੇਦਾਰਾਂ ਨੂੰ ਇਵੇਂ ਲੋਕ ਪੈਸੇ ਦਿੰਦੇ ਹਨ। ਕਈ ਚਿਤਰਕਾਰ ਆਏ ਜੋ ਮਹਾਰਾਜੇ ਦੀ ਤਸਵੀਰ ਬਣਾਉਣ ਦੇ ਇਛੁਕ ਸਨ। ਉਹ ਮਨ੍ਹਾਂ ਕਰ ਦਿੰਦਾ ਤੇ ਆਖਦਾ, ”ਰਾਜਾ ਧਿਆਨ ਸਿੰਘ ਦੀ ਤਸਵੀਰ ਬਣਾ ਲਓ, ਉਹ ਬੜਾ ਸੁਹਣਾ ਹੈ। ਮਹਾਰਾਣੀ ਜਿੰਦਾਂ ਦੀ ਪੇਟਿੰਗ ਬਣਾਓ”। ਉਨ੍ਹਾਂ ਨੂੰ ਧਨ ਦੇ ਕੇ ਤੋਰ ਦਿੰਦਾ ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਮੈਂ ਸੋਹਣਾ ਨਹੀਂ ਹਾਂ। ਔਸਬੋਰਨ ਲਿਖਦਾ ਹੈ, ”ਪਹਿਲੀ ਨਜ਼ਰੇ ਦੇਖਿਆਂ ਦਿਲ ਤੇ ਸੱਟ ਵਜਦੀ ਹੈ ਕਿ ਸਿਖਾਂ ਦਾ ਰਾਜਾ ਇਹੋ ਜਿਹਾ ਹੈ? ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ ਜਦੋਂ ਪਿਠ ਪਿਛੇ ਢਾਲ ਬੰਨ੍ਹ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਹੈ ਤਦ ਉਹ ਇਕ ਕ੍ਰਿਸ਼ਮਾ ਬਣ ਜਾਂਦਾ ਹੈ। ਉਸ ਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ”।

 

ਲੈਪਲ ਗ੍ਰਿਫਿਨ ਲਿਖਦਾ ਹੈ, ”ਲਾਹੌਰ, ਅੰਮ੍ਰਿਤਸਰ ਅਤੇ ਦਿੱਲੀ ਵਿਚ ਜਿਸ ਨੂੰ ਬੁਰਸ਼ ਚਲਾਉਣਾ ਆਉਂਦਾ ਹੈ ਜਾਂ ਲੱਕੜ/ਪੱਥਰ ਤੇ ਨਕਾਸ਼ੀ ਕਰਨੀ ਆਉਂਦੀ ਹੈ ਉਹ ਮਾਲਾਮਾਲ ਹੋ ਗਿਆ ਹੈ। ਉਸ ਦੀਆਂ ਤਸਵੀਰਾਂ ਧੜਾਧੜ ਵਿਕ ਰਹੀਆਂ ਹਨ। ਉਸ ਦੀਆਂ ਤਸਵੀਰਾਂ ਮਹਿਲਾਂ ਤੋਂ ਲੈ ਕੇ ਝੌਂਪੜੀਆਂ ਦੇ ਅੰਦਰ ਤਕ ਪੁੱਜ ਗਈਆਂ ਹਨ। ਉਹ ਬੰਦਾ ਜਿਹੜਾ ਸੁਹਣਾ ਨਹੀਂ, ਹਰੇਕ ਦਿਲ ਵਿਚ ਵੱਸਣ ਲੱਗ ਗਿਆ ਹੈ”।

 
ਮੈਕਗਰੈਗਰ ਲਿਖਦਾ ਹੈ, ”ਉਸ ਦੀ ਮੁਸਕਾਨ ਮਨਮੋਂਹਦੀ ਹੈ। ਉਸ ਦੀ ਸਾਦਗੀ ਕਰਕੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਬੰਦਾ ਬੇਝਿਜਕ ਗੱਲ ਕਰ ਸਕਦਾ ਹੈ। ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ, ਉਹ ਤੁਰੰਤ ਤਹਿ ਤੱਕ ਪੁੱਜ ਜਾਂਦਾ ਹੈ ਤੇ ਉਸ ਪਾਸ ਸ਼ਬਦਾਂ ਦੀ ਕਦੀ ਘਾਟ ਨਹੀਂ ਆਈ, ਨਾ ਵਿਚਾਰਾਂ ਦੀ ਕਮੀ ਦਿਸੀ। ਯੁੱਧ ਵਿਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਭ ਤੋਂ ਪਿਛੇ। ਸਾਰੀ ਜਿੰਦਗੀ ਉਸ ਨੇ ਯੁੱਧਾਂ ਵਿਚ ਲੰਘਾਈ। ਅੱਜ ਵੀ ਸ਼ਾਨਦਾਰ ਮਹਿਲਾਂ ਵਿਚ ਰਹਿਣ ਦੀ ਥਾਂ ਉਸ ਨੂੰ ਤੰਬੂ ਵਿਚ ਬੈਠਣਾ ਵਧੀਕ ਪਸੰਦ ਹੈ”। ਬਾਰਕ ਨੇ ਲਿਖਿਆ, ”ਖਾਹਮਖਾਹ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ ਨਹੀਂ ਲੱਗਣ ਦਿਤੇ। ਬਗੈਰ ਜ਼ੁਲਮ ਕੀਤਿਆਂ ਏਨੀ ਵੱਡੀ ਹਕੂਮਤ ਕਾਇਮ ਕਰਨ ਵਿਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ”। ਐਚ.ਈ. ਫੇਨ 1837 ਵਿਚ ਲਾਹੌਰ ਆਇਆ ਤੇ ਟਿੱਪਣੀ ਦਿਤੀ, ”ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸਿਧਾਣ ਵਿਚ ਕਾਮਯਾਬ ਹੋਇਆ”।

 

ਜਰਨੈਲ ਅਵਿਤਬਿਲੇ ਨੇ ਪੇਸ਼ਾਵਰ ਵਿਚ ਮਹਾਰਾਜੇ ਦੀ ਆਗਿਆ ਬਗੈਰ ਕੁੱਝ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਮਹਾਰਾਜ ਨੇ ਉਸ ਦੀ ਜਵਾਬਤਲਬੀ ਕਰਕੇ ਆਪਣੀ ਨਾਰਾਜ਼ਗੀ ਪ੍ਰਗਟਾਈ। ਮਹਾਰਾਜੇ ਨੇ ਕਿਹਾ, ”ਤੂੰ ਉਨ੍ਹਾਂ ਨੂੰ ਬੰਦੀ ਬਣਾ ਲੈਂਦਾ। ਡਰਾ ਡਰੂ ਕੇ ਫਿਰ ਭਜਾ ਦਿੰਦਾ। ਇਹੀ ਕਾਫੀ ਸੀ”। ਪਸ਼ੂ ਪੰਛੀ ਦੇ ਕਰਾਹੁਣ ਦੀ ਆਵਾਜ਼ ਉਸ ਨੂੰ ਬੇਚੈਨ ਕਰ ਦਿੰਦੀ। ਫਰਾਂਸੀਸੀ ਯਾਤਰੂ ਜੈਕਮੋਂਟ ਲਿਖਦਾ ਹੈ, ”ਜੇ ਰਣਜੀਤ ਸਿੰਘ ਫ਼ੈਸਲਾ ਕਰ ਲਏ ਕਿ ਕੁਝ ਦਿਨ ਪੰਜਾਬ ਤੋਂ ਬਾਹਰ ਗੁਜਾਰਨੇ ਹਨ ਤਦ ਅਫਗਾਨਿਸਤਾਨ ਜਿੱਤ ਲੈਣਾ ਉਸ ਲਈ ਕੋਈ ਮੁਸ਼ਕਿਲ ਨਹੀਂ।”

 
1808 ਵਿਚ ਬੰਗਾਲ ਰਜਮੈਂਟ ਦਾ ਇਕ ਅਫਸਰ ਮਹਾਰਾਜੇ ਨੂੰ ਮਿਲਣ ਆਇਆ ਲਿਖਦਾ ਹੈ, ”ਕਿਲੇ ਦੇ ਆਲੇ ਦੁਆਲੇ ਉਚੀ ਕੰਧ ਨਹੀਂ ਹੈ। ਉਸ ਨੂੰ ਮਿਲਣ ਲਈ ਮੁਸ਼ਕਲ ਨਹੀਂ ਆਈ, ਵਧੀਕ ਸੁਰੱਖਿਆ ਸੈਨਿਕ ਤੈਨਾਤ ਨਹੀਂ ਸਨ। ਉਹ ਮੈਨੂੰ ਇਕ ਹਾਲ ਵਿਚ ਲੈ ਗਿਆ ਜਿਹੜਾ ਸੌ ਫੁੱਟ ਲੰਮਾ ਸੀ ਤੇ ਛੱਤ ਵਿਚ ਸ਼ੀਸ਼ੇ ਜੜੇ ਹੋਏ ਸਨ। ਕਾਫੀ ਸਾਰੇ ਸ਼ੀਸ਼ੇ ਟੁੱਟੇ ਹੋਏ ਦੇਖ ਕੇ ਮੈਂ ਪੁੱਛਿਆ ਕਿ ਇਹ ਕਿਵੇਂ ਟੁੱਟ ਗਏ? ਉਸ ਨੇ ਦੱਸਿਆ, ”ਸਿੱਖਾਂ ਨੇ ਬੰਦੂਕਾਂ ਕਦੀ ਵਰਤੀਆਂ ਨਹੀਂ ਸਨ। ਜਦੋਂ ਹੱਥ ਆ ਗਈਆਂ ਤਾਂ ਇਥੇ ਸ਼ੀਸ਼ਿਆਂ ਤੇ ਨਿਸ਼ਾਨੇ ਲਾ ਕੇ ਦੇਖਦੇ। ਮੈਂ ਮਨ੍ਹਾਂ ਕੀਤਾ। ਉਨ੍ਹਾਂ ਨੇ ਤਾਂ ਸਾਰੇ ਸ਼ੀਸ਼ੇ ਤੋੜ ਦੇਣੇ ਸਨ”।

 
ਉਸ ਦੀ ਸਾਦਗੀ ਅੱਗੇ ਹਕੂਮਤਾਂ ਦੀ ਸਜ ਧਜ, ਸ਼ਾਨ-ਸ਼ੌਕਤ ਮੱਠੀ ਹੋ ਜਾਂਦੀ ਸੀ। ਇਕ ਅਮਰੀਕਨ ਪਾਦਰੀ ਜਾਨ ਲੋਰੀ ਲਾਹੌਰ ਆਇਆ ਤੇ ਮਹਾਰਾਜੇ ਪਾਸ ਸੁਝਾਅ ਰੱਖਿਆ ਕਿ ਮੈਨੂੰ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਆਗਿਆ ਦਿਉ। ਮਹਾਰਾਜੇ ਦੀ ਵੀ ਇੱਛਾ ਸੀ ਕਿ ਉਸ ਦੇ ਤੇ ਉਸ ਦੇ ਵਜ਼ੀਰਾਂ ਜਰਨੈਲਾਂ ਦੇ ਬੱਚੇ ਅੰਗਰੇਜ਼ੀ ਸਿੱਖਣ ਤੇ ਹੋਰਨਾਂ ਵਿਦਿਆਵਾਂ ਵਿਚ ਨਿਪੁੰਨ ਹੋਣ। ਪਾਦਰੀ ਨੂੰ ਕਿਹਾ ਕਿ ਲਾਹੌਰ ਦੇ ਆਸ ਪਾਸ ਜਿਹੜੀ ਥਾਂ ਚੰਗੀ ਲਗਦੀ ਹੈ ਤੇ ਜਿੰਨੀ ਚਾਹੀਦੀ ਹੈ, ਸਰਵੇ ਕਰ ਆਉ, ਉਹ ਦੇ ਦਿਆਂਗਾ। ਫਿਰ ਪਾਦਰੀ ਨੇ ਉਸਾਰੀ ਦੇ ਖਰਚ ਬਾਬਤ ਗੱਲ ਤੋਰੀ ਤਦ ਉਹ ਸਵੀਕਾਰ ਕਰ ਲਈ ਗਈ। ਪਾਦਰੀ ਨੇ ਕਿਹਾ ਕਿ ਸਟਾਫ ਉਹ ਆਪਣੀ ਮਰਜ਼ੀ ਦਾ ਰੱਖੇਗਾ ਤੇ ਤਨਖਾਹ ਸਰਕਾਰ ਦਏਗੀ। ਇਹ ਵੀ ਮੰਨ ਲਿਆ ਗਿਆ। ਮਹਾਰਾਜੇ ਨੇ ਪੁੱਛਿਆ, ਪਰ ਇਸ ਸਕੂਲ ਵਿਚ ਅੰਗਰੇਜ਼ੀ ਪੜਾਉਗੇ, ਬਾਈਬਲ ਤਾਂ ਨਹੀਂ?” ਪਾਦਰੀ ਨੇ ਕਿਹਾ, ”ਬਾਈਬਲ ਤਾਂ ਜੀ ਲਾਜ਼ਮੀ ਪੜਾਵਾਂਗੇ।” ਮਹਾਰਾਜੇ ਨੇ ਕਿਹਾ, ”ਪਾਦਰੀ ਜੀ, ਕੀ ਤੁਸੀਂ ਮੈਨੂੰ ਪੂਰਾ ਬੇਵਕੂਫ ਸਮਝਦੇ ਹੋ?” ਸਕੂਲ ਖੋਲ੍ਹਣ ਦੀ ਸਾਰੀ ਵਿਉਂਤ ਖਤਮ ਬੇਸ਼ਕ ਕਰ ਦਿੱਤੀ ਪਰ ਫਿਰ ਵੀ 5 ਮਾਰਚ 1835 ਨੂੰ ਮਹਾਰਾਜੇ ਨੇ ਵਿਦਾ ਕਰਨ ਵਕਤ ਜਾਨ ਲੋਰੀ ਨੂੰ ਅਨਮੋਲ ਵਸਤਾਂ ਭੇਟ ਕਰਕੇ ਪੂਰੇ ਸਤਿਕਾਰ ਨਾਲ ਤੋਰਿਆ।

 
ਕੈਪਟਨ ਵੇਡ ਨੇ 1831 ਵਿਚ ਮਹਾਰਾਜੇ ਦੀ ਕਾਰਜਸ਼ੈਲੀ ਦੇਖੀ ਤੇ ਇਸ ਨੂੰ ਕਲਮਬੱਧ ਕੀਤਾ। ਉਸ ਨੇ ਦਸਿਆ ਹੈ ਕਿ ਮਹਾਰਾਜਾ ਪੰਜ ਵਜੇ ਸਵੇਰੇ ਉਠਦਾ ਤੇ ਘੋੜੇ ਦੀ ਸਵਾਰੀ ਕਰਦਾ ਹੈ। ਨਾਸ਼ਤਾ ਬਹੁਤੀ ਵਾਰ ਘੋੜੇ ਦੀ ਪਿਠ ਉਪਰ ਸਵਾਰੀ ਕਰਦਿਆਂ ਹੀ ਕਰ ਲੈਂਦਾ ਹੈ। ਨੌ ਵਜੇ ਵਾਪਸ ਮਹਿਲ ਵਿਚ ਪਰਤਦਾ ਤੇ ਕੰਮਾਂ ਕਾਜਾਂ ਵਿਚ ਰੁਝ ਜਾਂਦਾ ਹੈ। ਫ਼ੈਸਲੇ ਸੁਣਾਉਂਦਾ, ਲੇਖਾ ਜੋਖਾ ਪੁੱਛਦਾ ਤੇ ਦਫ਼ਤਰ ਨੂੰ ਹਦਾਇਤਾਂ ਜਾਰੀ ਕਰਦਾ ਹੈ। ਦੁਪਹਿਰ ਇਕ ਘੰਟਾ ਆਰਾਮ ਕਰਦਾ ਹੈ। ਹਰ ਵਕਤ ਉਸ ਦਾ ਸਕੱਤਰ ਹੁਕਮ ਪ੍ਰਾਪਤ ਕਰਨ ਵਾਸਤੇ ਨਾਲ ਰਹਿੰਦਾ ਹੈ। ਬਾਅਦ ਦੁਪਹਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦਾ, ਕੀਰਤਨ ਸੁਣਦਾ ਤੇ ਵਾਪਸ ਕੋਰਟ ਵਿਚ ਪਰਤ ਕੇ ਸ਼ਾਮ ਦੇਰ ਤਕ ਕੰਮ ਕਰਦਾ ਹੈ। ਆਪਣੇ ਬਿਸਤਰ ਵਲ ਤਕਰੀਬਰਨ 9 ਵਜੇ ਜਾਂਦਾ ਹੈ। ਪਰ ਇਹ ਰੁਟੀਨ ਬਿਲਕੁਲ ਇਸ ਤਰ੍ਹਾਂ ਪੱਕਾ ਨਹੀਂ। ਸਹੀ ਇਹ ਹੈ ਕਿ ਦਿਨ ਰਾਤ ਉਹ ਸਟੇਟ ਦੇ ਪ੍ਰਤੀ ਫ਼ਰਜ਼ ਨਿਭਾਉਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਕਈ ਵਾਰ ਤਾਂ ਦੇਰ ਰਾਤ ਮੰਜੇ ਤੇ ਆਰਾਮ ਕਰਦਿਆਂ ਵੀ ਜੇ ਉਸ ਦੇ ਮਨ ਵਿਚ ਕੋਈ ਖਾਸ ਵਿਚਾਰ ਆ ਜਾਏ ਤਾਂ ਆਪਣੇ ਸਕੱਤਰ ਜਾਂ ਰਾਜਾ ਧਿਆਨ ਸਿੰਘ ਨੂੰ ਹੁਕਮ ਦਿੰਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋਣਾ ਚਾਹੀਦਾ ਹੈ।

 
ਚਾਰਲਸ ਗ਼ਫ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਆਪਣੀ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ। ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ। ਉਹ ਲਗਾਤਾਰ ਚੇਤੰਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ। ਉਹ ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈਂ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ।

 
ਮਹਾਰਾਜੇ ਨੇ ਲਾਰੰਸ ਨੂੰ ਆਪਣੇ ਬਾਰੇ ਜੋ ਸ਼ਬਦ ਕਹੇ ਉਹ ਹਨ, ”ਹਮਦਰਦੀ ਅਨੁਸ਼ਾਸਨ ਅਤੇ ਨੀਤੀਆਂ ਰਾਹੀਂ ਮੈਂ ਆਪਣੀ ਸਰਕਾਰ ਸਥਿਰ ਬਣਾਈ। ਜਿਥੇ ਕਿਤੇ ਮੈਨੂੰ ਬਹਾਦਰੀ ਅਤੇ ਸਿਆਣਪ ਵਰਗੇ ਉੱਤਮ ਗੁਣ ਨਜ਼ਰੀਂ ਪਏ ਮੈਂ ਉਨ੍ਹਾਂ ਨੂੰ ਉੱਚੇ ਚੁੱਕ ਦਿਤਾ ਤੇ ਖਤਰਿਆਂ ਵਿਚ ਆਪ ਕਿਸੇ ਤੋਂ ਪਿਛੇ ਨਹੀਂ ਰਿਹਾ। ਬਰਾਬਰ ਲੜਿਆ ਬਰਾਬਰ ਥੱਕਿਆ। ਮੈਦਾਨ ਅਤੇ ਦਰਬਾਰ ਵਿਚ ਮੈਂ ਪੱਖਪਾਤ ਵਲੋਂ ਅੱਖਾਂ ਬੰਦ ਰਖੀਆਂ ਤੇ ਨਿੱਜੀ ਆਰਾਮ ਵੱਲ ਧਿਆਨ ਘੱਟ ਦਿਤਾ। ਗੁਰੂ ਅਕਾਲ ਪੁਰਖ ਮੇਰੇ ਉਪਰ ਮਿਹਰਬਾਨ ਰਿਹਾ ਤੇ ਇਸ ਸੇਵਕ ਉਪਰ ਏਨੀ ਦਇਆ ਕੀਤੀ ਕਿ ਮੇਰੇ ਰਾਜ ਦੀਆਂ ਹੱਦਾਂ ਚੀਨ ਅਤੇ ਅਫਗਾਨਿਸਤਾਨ ਨੂੰ ਛੂੰਹਦੀਆਂ ਹਨ”।

27 ਜੂਨ 1839 ਨੂੰ 59 ਸਾਲ ਦੀ ਉਮਰ ਵਿਚ ਉਹ ਸੰਸਾਰ ਤੋਂ ਵਿਦਾ ਹੋਏ।

ਟਿੱਪਣੀ ਕਰੋ:

About webmaster

Scroll To Top