Home / ਚੋਣਵੀ ਖਬਰ/ਲੇਖ / ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

ਸੁਖਬੀਰ ਜੀ ! ਸੁਪਰੀਮ ਕੋਰਟ ਦੇ ਜੱਜ ਦੀ ਜਾਂਚ ਤੋਂ ਪਹਿਲਾਂ ਕੌਮ ਦੇ ਸੁਆਲਾਂ ਦੇ ਜੁਆਬ ਦੇ ਦਿਓ…

-ਜਸਪਾਲ ਸਿੰਘ ਹੇਰਾਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਰਕਾਰ ਦੇ ਕਰਤਾ-ਧਰਤਾ ਰਹੇ ,ਜਿਸ ਸਰਕਾਰ ਦੇ ਕਾਰਜਕਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੰਤਰ ਢਾਈ ਸਾਲ ਬੇਅਦਬੀ ਹੁੰਦੀ ਰਹੀ, ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ, ਸੁਖਬੀਰ ਬਾਦਲ ਨੇ ਹੁਣ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਅਸੀਂ ਸੁਖਬੀਰ ਬਾਦਲ ਦੀ ਇਸ ਮੰਗ ਦੀ ਹਮਾਇਤ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਤੋਂ ਕੁਝ ਸੁਆਲ ਪੁੱਛਣੇ ਚਾਹੁੰਦੇ ਹਾਂ। ਪਹਿਲਾ ਸੁਆਲ ਢਾਈ ਸਾਲ, ਗੁਰੂੁ ਸਾਹਿਬ ਦੀ ਬੇਅਦਬੀ ਹੁੰਦੀ ਰਹੀ, ਉਦੋਂ ਸੁਖਬੀਰ ਬਾਦਲ ਕਿਥੇ ਸਨ? ਬਤੌਰ ਉਪ ਮੁੱਖ ਮੰਤਰੀ ਉਦੋਂ ਉਹਨਾਂ ਨੂੰ ਬੇਅਦਬੀ ਦੀ ਜਾਂਚ, ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦਾ ਚੇਤਾ ਕਿਉਂ ਨਾ ਆਇਆ?

 

 

ਦੂਜਾ ਸੁਆਲ ਸੁਖਬੀਰ ਨੂੰ ਕਾਂਗਰਸ ਸਰਕਾਰ ਵੱਲੋਂ ਸਥਾਪਿਤ ਜਸਟਿਸ ਰਣਜੀਤ ਸਿੰਘ ਦੀ ਜਾਂਚ ਤੋਂ ਰਿਪੋਰਟ ਆਉਣ ਤੋਂ ਪਹਿਲਾਂ ਹੀ ਡਰ ਕਿਉਂ ਸਤਾ ਰਿਹਾ ਹੈ? ਕੀ ਦਾਲ ‘ਚ ਕੁਝ ਕਾਲਾ ਹੈ? ਕੀ ਅੰਦਰਲੇ ਪਾਪ ਕੰਬਦੇ ਹਨ? ਕੀ ਸੱਚ ਦੇ ਉਜਾਗਰ ਹੋਣ ਦਾ ਡਰ ਹੈ? ਤੀਜਾ ਸੁਆਲ ਸੁਖਬੀਰ, ਉਸ ਵੇਲੇ ਸੂਬੇ ਦੇ ਗ੍ਰਹਿ ਮੰਤਰੀ ਸਨ, ਪੁਲਿਸ ਵਿਭਾਗ ਗ੍ਰਹਿ ਮੰਤਰੀ ਦੇ ਅਧੀਨ ਹੁੰਦਾ ਹੈ, ਫਿਰ ਬਹਿਬਲ ਕਲਾਂ ‘ਚ ਗੁਰੂ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੀਆਂ ਸ਼ਾਂਤਮਈ ਸਿੱਖ ਸੰਗਤਾਂ ‘ਤੇ ਪੁਲਿਸ ਨੇ ਗੋਲੀ ਕਿਸ ਦੇ ਹੁਕਮਾਂ ‘ਤੇ ਚਲਾਈ ਸੀ? ਗੋਲੀ ਚਲਾਉਣ ਵਾਲੇ ਪੁਲਿਸ ਦੇ ਵਰਦੀਧਾਰੀ ਮੁਲਾਜ਼ਮ ਅਣਪਛਾਤੇ ਕਿਵੇਂ ਹੋ ਗਏ?

 

ਕੀ ਸੂਬੇ ਦੇ ਗ੍ਰਹਿ ਮੰੰਤਰੀ ਨੂੰ ਢਾਈ ਸਾਲ ਇਹ ਰਿਪੋਰਟ ਹੀ ਨਹੀਂ ਮਿਲੀ ਕਿ ਗੋਲੀ ਕਿਸ ਦੇ ਹੁਕਮ ਨਾਲ ਚਲਾਈ ਗਈ? ਗੋਲੀ ਚਲਾਉਣ ਵਾਲੇ ਕੌਣ ਸਨ? ਜਿਸ ਗ੍ਰਹਿ ਮੰਤਰੀ ਨੂੰ ਢਾਈ ਸਾਲ ਇਹ ਹੀ ਪਤਾ ਨਹੀਂ ਲੱਗਦਾ, ਫਿਰ ਉਸ ਨੂੰ ਆਪਣੇ ਅਹੁਦੇ ‘ਤੇ ਬੈਠੇ ਰਹਿਣ ਦਾ ਕੀ ਇਖਲਾਕੀ ਹੱਕ ਸੀ? ਸੁਖਬੀਰ ਨੂੰ ਜਵਾਬ ਦੇਣਾ ਬਣਦਾ ਹੈ ਕਿ ਉਸ ਨੂੰ ਜਾਣਕਾਰੀ ਸੀ,ਪਰ ਉਸਨੇ ਲੁਕਾ ਲਈ ਜਾਂ ਫਿਰ ਉਸ ਨੂੰ ਜਾਣਾਕਰੀ ਮਿਲੀ ਹੀ ਨਹੀਂ।

 

ਦੋਵਾਂ ਹਾਲਾਤਾਂ ਵਿੱਚ ਸੁਖਬੀਰ ਨੂੰ ਜ਼ੁੰਮੇਵਾਰ ਅਹੁਦੇ ‘ਤੇ ਬੈਠਣ ਦਾ ਕੋਈ ਹੱਕ ਨਹੀਂ ਬਣਦਾ। ਜੇ ਉਸਨੇ ਜਾਣਕਾਰੀ ਲੁਕੋਈ ਹੈ ਤਾਂ ਉਹ ਗੁਰੁ ਗ੍ਰੰਥ ਸਾਹਿਬ ਦਾ ਦੋਸ਼ੀ ਹੈ। ਜੇ ਉਸ ਨੂੰ ਜਾਣਕਾਰੀ ਮਿਲੀ ਹੀ ਨਹੀਂ ਤਾਂ ਉਸ ਤੋਂ ਨਾਲਾਇਕ ਗ੍ਰਹਿ ਮੰਤਰੀ ਹੋਰ ਕੋਈ ਹੋ ਹੀ ਨਹੀਂ ਸਕਦਾ। ਅਗਲਾ ਸੁਆਲ,ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਾਰਾ ਪੰਜਾਬ ਸੜਕਾਂ ‘ਤੇ ਆ ਗਿਆ, ਪੰਦਰਾਂ ਦਿਨ ਪੰਜਾਬ ਠੱਪ ਰਿਹਾ,ਪ੍ਰੰਤੂ ਕਿਹੜੀ ਵੱਡੀ ਮਜ਼ਬੂਰੀ ਸੀ ਕਿ ਬਾਦਲ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਸੰਗਤਾਂ ਸਾਹਮਣੇ ਬੇਨਕਾਬ ਕਰਨ ਤੋਂ ਭੱਜਦੀ ਰਹੀ?

 

ਢਾਈ ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ। ਜਿਹੜੀ ਸਰਕਾਰ ਢਾਈ ਸਾਲ ਦੇ ਲੰਬੇ ਸਮੇਂ ‘ਚ ਬੇਅਦਬੀ ਕਾਂਡ ਦਾ ਖੁਰਾ-ਖੋਜ ਨਹੀਂ ਕੱਢ ਸਕੀ। ਉਸ ਸਰਕਾਰ ਦਾ ਕਰਤਾ ਧਰਤਾ ਹੁਣ ਦੂਜਿਆਂ ‘ਤੇ ਦੋਸ਼ ਕਿਵਂੇਂ ਲਾ ਰਿਹਾ ਹੈ? ਅਸੀਂ ਚਾਹੁੰਦੇ ਹਾਂ ਕਿ ਸੁਖਬੀਰ ਉਕਤ ਸਾਰੇ ਸੁਆਲਾਂ ਦੇ ਜੁਆਬ ਕੌਮ ਨੂੰ ਜ਼ਰੂਰ ਦੇਵੇ। ਜੇ ਉਹ ਇਨਾਂ ਸੁਆਲਾਂ ਦੇ ਸੰਤੁਸ਼ਟੀਜਨਕ ਜਵਾਬ ਦੇ ਦਿੰਦਾ ਹੈ ਤਾਂ ਕੌਮ ਉਸਦੀ ਇਸ ਮੰਗ ਦਾ ਕਿ ਬੇਅਦਬੀ ਕਾਂਡ ਦੀ ਜਾਂਚ ਸੁਪਰੀਮਕੋਰਟ ਦੇ ਵਰਤਮਾਨ ਜੱਜ ਤੋਂ ਕਰਵਾਈ ਜਾਵੇ,ਜ਼ਰੂਰ ਹੁੰਗਾਰਾ ਭਰੇਗੀ। ਪ੍ਰੰਤੂ ਸੁਖਬੀਰ ਨੂੰ ਇਹ ਜ਼ਰੂਰ ਯਾਦ ਰੱਖਣਾ ਹੋਵੇਗਾ ਕਿ ਸੁਪਰੀਮ ਕੋਰਟ ਦਾ ਜੱਜ, ਬਹਿਬਲ ਕਲਾਂ ‘ਚ ਗੋਲੀ ਚਲਾਉਣ ਵਾਲੇ ਪੁਲਸੀਆਂ ਨੂੰ ਪੰਜਾਬ ਪੁਲਿਸ ਦੇ ਹੀ ਦੱਸੇਗਾ,ਬਿਹਾਰ ਪੁਲਿਸ ਦੇ ਨਹੀਂ।

 

ਗੁਰੂੁ ਸਾਹਿਬਾਨ ਦੀ ਬੇਅਦਬੀ ਦੇ ਮੁੱਦੇ ਨੂੰ ਖਾਲਸਾ ਪੰਥ ਨਾ ਭੁੱਲ ਸਕਦਾ ਹੈ, ਨਾ ਮੁਆਫ਼ ਕਰ ਸਕਦਾ ਹੈ। ਭਾਵੇਂ ਕਿ ਸੁਖਬੀਰ ਨੂੰ ਅਸਮਾਨੋਂ ਧਰਤੀ ‘ਤੇ ਸੁੱਟਕੇ, ਸਿੱਖ ਕੌਮ ਨੇ ਬੇਅਦਬੀ ਕਾਂਡ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਇਹ ਹਾਲੇ ਹੇਠਲੀ ਅਦਾਲਤ ਦੀ ਸਜ਼ਾ ਹੈ। ਉਪਰਲੀ ਅਦਾਲਤ ਦਾ ਫੈਸਲਾ ਤਾਂ ਹਾਲੇ ਆਉਣਾ ਬਾਕੀ ਹੈ। ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਤਾਂ ਸੁਪਰੀਮਕੋਰਟ ਦੇ ਜੱਜ ਦੀ ਜਾਂਚ ਵਰਗੇ ਢਕੌਂਸਲੇ ਤਾਂ ਕੀਤੇ ਜਾ ਸਕਦੇ ਹਨ,ਪ੍ਰੰਤੂ ਸੱਚ ਨੂੰ ਤੇ ਕੁਦਰਤ ਦੇ ਇਨਸਾਫ਼ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਅਟੱਲ ਨਿਯਮ ਦਾ ਸ਼ਾਇਦ ਬਾਦਲਕਿਆਂ ਨੇ ਅਧਿਐਨ ਕਰਨਾ ਹੈ ।

ਟਿੱਪਣੀ ਕਰੋ:

About webmaster

Scroll To Top