Home / ਚੋਣਵੀ ਖਬਰ/ਲੇਖ / ਗੁਰੂ ਘਰ ਦੇ ਦਰਵਾਜ਼ੇ ਹਰ ਕਿਸੇ ਲਈ ਹਮੇਸ਼ਾਂ ਖੁੱਲੇ ਹਨ ,ਪਰ…

ਗੁਰੂ ਘਰ ਦੇ ਦਰਵਾਜ਼ੇ ਹਰ ਕਿਸੇ ਲਈ ਹਮੇਸ਼ਾਂ ਖੁੱਲੇ ਹਨ ,ਪਰ…

 

-ਜਸਪਾਲ ਸਿੰਘ ਹੇਰਾਂ
 
 

ਜਸਪਾਲ ਸਿੰਘ ਹੇਰਾਂ

ਸਿੱਖੀ ਸਰਬੱਤ ਦਾ  ਭਲਾ ਮੰਗਦੀ ਹੈ। ਸਿੱਖੀ ਦਾ ਮਿਸ਼ਨ ਮਾਨਵਤਾ ਦੀ ਭਲਾਈ ਹੈ। ਇਸੇ ਲਈ ਸਿੱਖਾਂ ਦੇ ਧਾਰਮਿਕ ਅਸਥਾਨ, ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਰ ਕਿਸੇ ਲਈ ਸਦੀਵੀ ਖੁੱਲੇ ਹਨ ਅਤੇ ਖੁੱਲੇ ਰਹਿਣਗੇ। ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ,ਇਸ ਸੰਦੇਸ਼ ਨੂੰ ਰਹਿੰਦੀ ਦੁਨੀਆਂ ਤੱਕ ਦਿੰਦੇ ਰਹਿਣਗੇ। ਪ੍ਰੰਤੂ ਅੱਜ-ਕੱਲ ਵਿਦੇਸ਼ਾਂ ਦੀ ਧਰਤੀ ‘ਤੇ  ਬੈਠੇ ਸਿੱਖਾਂ ਦੀ ,ਸਿੱਖਾਂ ਨਾਲ ਹੁੰਦੇ ਵਿਤਕਰੇ, ਬੇਇਨਸਾਫ਼ੀ, ਜ਼ੋਰ-ਜ਼ਬਰ ਦੀ ਚੀਸ ਦੇ ਪ੍ਰਗਟਾਵੇ ਨੂੰ ਜਿਸ ਤਰਾਂ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਸਦਾ ਜਵਾਬ ਦੇਣਾ ਜ਼ਰੂਰੀ ਬਣਦਾ ਹੈ।

 

ਸਿੱਖ ਇਸ ਦੇਸ਼ ‘ਚ,ਜਿਸ ਦੇਸ਼ ਦੀ ਆਜ਼ਾਦੀ ਲਈ ਉਹਨਾਂ 85 ਫ਼ੀਸਦੀ ਕੁਰਬਾਨੀਆਂ ਕੀਤੀਆਂ,ਇਸ ਭੁੱਖੇ ਦੇਸ਼ ਦਾ ਢਿੱਡ ਭਰਨ ਲਈ 90 ਫ਼ੀਸਦੀ ਅੰਨ ਭੰਡਾਰ ‘ਚ ਹਿੱਸਾ ਪਾਇਆ, ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ 95 ਫ਼ੀਸਦੀ ਜਾਨਾਂ ਦਿੱਤੀਆਂ,ਉਸ ਕੌਮ ਨੂੰ, ਉਸ ਕੌਮ ਦੇ ਵਾਰਿਸਾਂ ਨੂੰ ਇਸ ਦੇਸ਼ ਦੀਆਂ ਹੁਕਮਰਾਨ ਹਿੰਦੂਤਵੀ ਤਾਕਤਾਂ ਗੁਲਾਮ ਮੰਨਦੀਆਂ ਹਨ। ਉਹਨਾਂ ਨਾਲ ਬਰਾਬਰ ਦੇ ਸ਼ਹਿਰੀਆਂ ਵਾਲਾ ਸਲੂਕ ਨਹੀਂ ਹੁੰਦਾ। ਉਹਨਾਂ ਦੇ ਮੁੱਢਲੇ ਅਧਿਕਾਰਾਂ ਦਾ ਨੰਗਾ-ਚਿੱਟਾ ਕਤਲ ਕੀਤਾ ਜਾਂਦਾ ਹੈ। ਉਹਨਾਂ ਲਈ ਇਸ ਦੇਸ਼ ‘ਚ ਕਤਲੇਆਮ ਤਾਂ ਹੈ, ਪ੍ਰੰਤੂ ਇਨਸਾਫ਼ ਨਹੀਂ। ਜੇ ਉਹ ਸੱਤਾ ਦੇ ਜ਼ੁਲਮ ਵਿੱਰੁਧ ਆਵਾਜ਼ ਕੱਢਦੇ ਹਨ ਤਾਂ “ਅੱਤਵਾਦੀ-ਵੱਖਵਾਦੀ ” ਦਾ ਫੱਟਾ ਲਾ ਕੇ, ਗੋਲੀਆਂ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ। ਜਾਂ ਜੇਲਾਂ ‘ਚ ਤੁੰਨ ਦਿੱਤਾ ਜਾਂਦਾ ਹੈ। ਉਮਰਾਂ ਦੀਆਂ ਉਮਰਾਂ ਜੇਲਾਂ ਦੀਆਂ ਕਾਲ ਕੋਠੜੀਆਂ ‘ਚ ਲੰਘ ਜਾਂਦੀਆਂ ਹਨ। ਕੋਈ ਪੁੱਛਦਾ ਤੱਕ ਨਹੀਂ।

 

ਸਿੱਖਾਂ ਨਾਲ ਹੁੰਦੇ ਇਸ ਵਿਤਕਰੇ,ਧੱਕੇ ,ਜ਼ੋਰ-ਜ਼ਬਰ, ਬੇਇਨਸਾਫ਼ੀ ਦਾ ਵਿਰੋਧ ਕਰਨ ਲਈ ਜਦੋਂ ਆਜ਼ਾਦ ਮੁਲਕ ਦੀ ਆਜ਼ਾਦ ਹਵਾ ਦਾ ਨਿੱਘ ਮਾਣ ਰਹੇ ਸਿੱਖ,ਇਸ ਬੇਇਨਸਾਫ਼ੀ ਦਾ ਵਿਰੋਧ ਕਰਨ ਲਈ ਇਨਾਂ ਜ਼ਾਬਰ ਹਿੰਦੂਤਵੀ ਤਾਕਤਾਂ ਨਾਲੋਂ ਆਪਣਾ ਸੰਬੰਧ ਤੋੜਨ ਦਾ ਐਲਾਨ ਕਰਦੇ ਹਨ ਅਤੇ ਇਹ ਮਤੇ ਪਾਉਂਦੇ ਹਨ ਕਿ ਇਨਾਂ ਤਾਕਤਾਂ ਦੇ ਪੁਰਜ਼ਿਆਂ ਨੂੰ ਸਿੱਖਾਂ ਦੇ ਧਾਰਮਿਕ ਅਸਥਾਨਾਂ ਭਾਵ ਗੁਰਦੁਆਰਾ ਸਾਹਿਬਾਨਾਂ ‘ਚ ਕੋਈ ਮਾਣ-ਸਨਮਾਨ ਨਹੀਂ ਦਿੱਤਾ ਜਾਵੇਗਾ। ਕੋਈ ਪੁੱਛ-ਗਿੱਛ ਨਹੀਂ ਕੀਤੀ ਜਾਵੇਗੀ ਤਾਂ ਇਹ ਸਿੱਖ ਦੁਸ਼ਮਣ ਤਾਕਤਾਂ, ਸਿੱਖਾਂ ਵਿੱਰੁਧ ਜ਼ਹਿਰੀਲਾ ਪ੍ਰਚਾਰ ਆਰੰਭ ਦਿੰਦੀਆਂ ਹਨ ਕਿ ਸਿੱਖਾਂ ਨੇ ਗੁਰੁ ਘਰਾਂ ਦੇ ਦਰਵਾਜ਼ੇ  ਇਨਾਂ ਲਈ ਬੰਦ ਕਰ ਦਿੱਤੇ ਹਨ। ਜਦੋਂ ਕਿ ਸਿੱਖ ਧਰਮ ਰਹਿੰਦੀ ਦੁਨੀਆਂ ਤੱਕ ਮਾਨਵਤਾ ਦੀ ਭਲਾਈ ਲਈ ਸਰਬੱਤ ਦੇ ਭਲੇ ਲਈ ਵਚਨਬੱਧ ਹੈ ਅਤੇ ਗੁਰੂ ਘਰਾਂ ਦੇ ਦਰਵਾਜ਼ੇ ਚੌਵੀ ਘੰਟੇ ਹਰ ਇਨਸਾਨ ਲਈ ਖੁੱਲੇ ਹਨ। ਹਾਂ!

 

ਜਿਹੜਾ ਕੋਈ ਸਿੱਖ ਦੋਖੀ,ਚਾਹੇ ਉਹ ਸਿੱਖੀ ਭੇਸ ‘ਚ ਹੀ ਹੋਵੇ,ਜੇ ਗੁਰੂ ਘਰਾਂ ਦੀ ਅਧਿਆਤਮਕਤਾ ਸ਼ਾਂਤੀ ‘ਚ ਖਲਲ ਪਾਉਣ ਦੀ ਕੋਝੀ ਕੋਸ਼ਿਸ਼ ਕਰੂਗਾ ਤਾਂ ਕੌਮ ਉਸ ਨੂੰ ਕਦਾਚਿੱਤ ਬਖਸ਼ੇਗੀ ਨਹੀਂ। ਭਾਰਤੀ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਉੱਚ ਅਫ਼ਸਰ,ਖੁਫੀਆ ਏਜੰਸੀਆਂ ਤੇ ਸਿੱਖੀ ਸਰੂਪ ਵਾਲੇ ਭਗਵਿਆਂ ਦੇ ਜ਼ਰ ਖ੍ਰੀਦ ਗੁਲਾਮਾਂ ਨੂੰ ਚਿਤਾਵਨੀ ਦੇਣ ਲਈ ਸਿੱਖਾਂ ਨੇ ਉਹਨਾਂ ਨੂੰ ਮੂੰਹ ਨਾਂਹ ਲਾਉਣ ਦਾ ਫ਼ੈਸਲਾ, ਕੌਮੀ ਹਿੱਤਾਂ ਲਈ ਲਿਆ ਹੈ ਅਤੇ ਸਿੱਖਾਂ ਦੇ  ਇਸ ਅਧਿਕਾਰ ਨੂੂੰ  ਕਿ ਕਿਸ ਸ਼ਖਸੀਅਤ ਨੂੰ ਗੁਰਦੁਆਰਾ ਸਾਹਿਬ ‘ਚ ਸਨਮਾਨ ਦੇਣਾ ਹੈ, ਕਿਸ ਨੂੰ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਦੇਣਾ ਹੈ, ਕੋਈ ਗਲਤ ਨਹੀਂ ਠਹਿਰਾ ਸਕਦਾ ਅਤੇ ਨਾ ਹੀ ਇਸ ਅਧਿਕਾਰ ਨੂੰ ਚੈਲਿੰਜ ਕੀਤਾ ਜਾ ਸਕਦਾ ਹੈ ।

 

ਵਿਦੇਸ਼ਾਂ ਦੀ ਧਰਤੀ ‘ਤੇ ਬੈਠੇ ਸਿੱਖ , ਜਿਨਾਂ ਨੇ ਇਹ ਫ਼ੈਸਲਾ ਲਿਆ ਹੈ,ਉਹ ਬਾ-ਖੂਬੀ ਜਾਣਦੇ ਹਨ ਕਿ ਉੁਹਨਾਂ ਨੂੰ ਇਸ ਫ਼ੈਸਲੇ ਦੀ ਕਿੰਨੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ  ਹੈ ,ਹਿੰਦ ਸਰਕਾਰ ,ਉਹਨਾਂ ਦੇ ਹਿੰਦੁਸਤਾਨ ਦੀ ਧਰਤੀ ‘ਤੇ ਪੈਰ ਰੱਖਣ ਤੱਕ ‘ਤੇ ਪਾਬੰਦੀ ਲਾ ਸਕਦੀ ਹੈ। ਉਹ ਜੀਵਨ ਭਰ ਆਪਣੀ ਜਨਮ ਭੂਮੀ ਨੂੰ ਨਤਮਸਤਕ ਹੋਣ ਤੋਂ ਵਾਂਝੇ ਹੋ ਸਕਦੇ ਹਨ। ਇਸ ਦੇ ਬਾਵਜੂਦ,ਉਹਨਾਂ ਨੇ ਹਿੰਦੂਤਵੀ, ਸਿੱਖ ਦੁਸ਼ਮਣ ਤਾਕਤਾਂ ਨਾਲ ਸਾਫ-ਸਾਫ ਲਕੀਰ ਖਿੱਚ ਲਈ ਹੈ।

 

ਆਪਣੀ ਕੌਮ ਦੀ ਗੁਲਾਮੀ ਦਾ ਦੁਨੀਆਂ ਨੂੰ ਅਹਿਸਾਸ ਕਰਾਉਣ ਲਈ, ਜਿਹੜੀ ਕੀਮਤ ਵਿਦੇਸ਼ਾਂ ‘ਚ ਬੈਠੇ ਸਿੱਖਾਂ ਨੇ ਤਾਰਨ ਦਾ ਹੌਸਲਾ ਕੀਤਾ ਹੈ ,ਉਹ ਬੇਮਿਸਾਲ ਹੈ। ਅਸੀਂ ਉਸ ਭਾਵਨਾ ਨੂੰ,ਉਸ ਅਹਿਸਾਸ ਨੂੰ,ਉਸ ਜ਼ਜ਼ਬੇ ਨੂੰ “ਸੈਲੂਟ” ਕਰਦੇ ਹਾਂ। ਅਸੀਂ ਇਹ ਵੀ ਚਾਹਾਂਗੇ ਕਿ ਵਿਦੇਸ਼ਾਂ ਦੀ ਧਰਤੀ ‘ਤੇ ਬੈਠੇ ਸਿੱਖ ਆਪਣੀ ਏਕਤਾ ਨੂੰ ਚਟਾਨ ਤੋਂ ਵੀ ਵੱਧ ਮਜ਼ਬੂਤ ਬਣਾਉਣ। ਦੁਸ਼ਮਣ ਮਕਾਰ ਵੀ ਹੈ ਤੇ ਸ਼ੈਤਾਨ ਵੀ। ਸ਼ਕਤੀਸ਼ਾਲੀ ਵੀ ਹੈ। ਉਸ ਨੇ ਹਰ ਹੀਲਾ-ਹਰਬਾ ਵਰਤ ਕੇ ਸਿੱਖਾਂ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕਰਕੇ, ਉਹਨਾਂ ਦੇ ਇਸ ਫ਼ੈਸਲੇ ਨੂੰ ਤਾਰਪੀਡੋ ਕਰਨ ਦਾ ਯਤਨ ਕਰਨਾ ਹੈੈ। ਜੇ ਫੁੱਟ ਨਾ ਪਾ ਸਕਿਆ ਫਿਰ ਆਪਣੇ ਜ਼ਰ ਖ੍ਰੀਦ ਸਿੱਖੀ ਭੇਸ ਵਾਲੇ ਦਲਾਲਾਂ ਦੀ ਘੁੱਸਪੈਠ ਕਰਵਾਈ ਜਾਵੇਗੀ। ਕਿਉਂਕਿ ਉਹਨਾਂ ਦਾ ਮਿਸ਼ਨ ਸਿੱਖੀ ਭੇਸ ਵਾਲਿਆਂ ਨੂੰ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਵਿਖਾ ਕੇ ਦੁਨੀਆਂ ‘ਚ ਬਦਨਾਮ ਕਰਨਾ ਹੈ। ਜਿਸ ਤਰਾਂ ਵਿਦੇਸ਼ਾਂ ਦੀ ਧਰਤੀ ‘ਤੇ ਸਿੱਖਾਂ ‘ਚ ਜਾਗਰੂਕਤਾ ਪੈਦਾ ਹੋ ਰਹੀ ਹੈ, ਏਕਾ ਵੱਧ ਰਿਹਾ ਹੈ, ਉਸ ਨੂੰ ਕਮਜ਼ੋਰ ਕਰਨਾ, ਤਾਰ-ਤਾਰ ਕਰਨਾ, ਬਦਨਾਮ ਕਰਨਾ, ਸਿੱਖ ਦੁਸ਼ਮਣ ਤਾਕਤਾਂ ਦਾ ਹੁਣ ਪਹਿਲਾ ਨਿਸ਼ਾਨਾ ਬਣ ਗਿਆ ਹੈ। ਇਸ ਲਈ ਜਾਗਰੂਕ ਪਹਿਰੇਦਾਰੀ ਹੁਣ ਸਭ ਤੋਂ ਵੱਧ ਜ਼ਰੂਰੀ ਹੈ।

 

ਅਸੀਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ, ਕੌਮ ਦੇ ਬੁੱਧੀਜੀਵੀਆਂ ਤੇ ਕੌਮੀ ਮੀਡੀਏ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਵਿਦੇਸ਼ਾਂ ‘ਚ ਬੈਠੇ ਸਿੱਖਾਂ ਵੱਲੋਂ ਸਿੱਖ ਦੁਸ਼ਮਣ ਤਾਕਤਾਂ ਨਾਲ ਖਿੱਚੀ ਲਕੀਰ ਨੂੰ, ਉਸ ਦੇ ਕਾਰਨਾਂ ਨੂੰ ਸੱਮੁਚੀ ਦੁਨੀਆਂ ਅੱਗੇ ਪੇਸ਼ ਕੀਤਾ ਜਾਵੇ। ਇਹ ਫ਼ੈਸਲਾ ਕੌਮ ਦੀ ਹੋਣੀ ਦਾ ਫ਼ੈਸਲਾ ਕਰਨ ਵਾਲਾ ਸਿੱਧ ਹੋ ਸਕਦਾ ਹੈ। ਇਸ ਲਈ ਇਸ ਪ੍ਰਤੀ ਬੇਹੱਦ ਗੰਭੀਰ ਹੋਣ ਦੀ ਲੋੜ ਹੈ। ਇਸ ਦੀ ਅਸਲ ਮੱਹਤਤਾ ਨੂੰ ਸਮਝਣ ਦੀ ਲੋੜ ਹੈ। ਇਸ ਨੂੰ ਸਿਆਣਪ ,ਦੂਰ-ਅੰਦੇਸ਼ੀ ਅਤੇ ਸੁਹਿਰਦਤਾ ਨਾਲ ਲਾਗੂ ਕਰਨ ਦੀ ਲੋੜ ਹੈ। ਛੋਟੇ ਸਾਹਿਬਜ਼ਾਦਿਆਂ ਦੀ ਮਾਸੂਮ ਸ਼ਹਾਦਤ ਤੋਂ ਬਾਅਦ ਜਿਹੜੀ ਲਕੀਰ ਸਿੱਖਾਂ ਤੇ ਜ਼ਾਬਰ ਤਾਕਤਾਂ ਵਿਚਕਾਰ ਖਿੱਚੀ ਗਈ ਸੀ,ਉਸ ਸਮੇਂ ਨੂੰ ਯਾਦ ਕਰਦਿਆਂ ,ਵਰਤਮਾਨ ਸਮੇਂ ਵਿਦੇਸ਼ਾਂ ਦੀ ਧਰਤੀ ‘ਤੇ ਖਿੱਚੀ ਗਈ ਲਕੀਰ ਦੀ ਕੌਮ ਦਿ੍ਰੜਤਾ ਨਾਲ ਪਹਿਰੇਦਾਰੀ ਕਰੇ । ਇਹੋ ਸਾਡਾ ਅੱਜ ਦਾ ਹੋਕਾ ਹੈ।  

ਟਿੱਪਣੀ ਕਰੋ:

About webmaster

Scroll To Top