Home / ਚੋਣਵੀ ਖਬਰ/ਲੇਖ / ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ

ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ

ਪੰਚਕੂਲਾ: ਸੌਦਾ ਸਾਧ ਡੇਰੇ ਦੀ ਮੁੱਖ ਬੁਲਾਰੀ ਅਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਮੁੱਖ ਰਾਜਦਾਰਾਂ ਵਿੱਚੋਂ ਇੱਕ ਵਿਪਾਸਨਾ ਇੰਸਾ ਦੇ ਗ੍ਰਿਫਤਾਰੀ ਦੇ ਵਾਰੰਟ ਪੰਚਕੂਲਾ ਦੀ ਇੱਕ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।

 

ਵਿਪਾਸਨਾ

ਇਹ ਵਾਰੰਟ 25 ਅਗਸਤ ਨੂੰ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੀ ਸਾਜਿਸ਼ ‘ਚ ਸ਼ਾਮਿਲ ਹੋਣ ਦੇ ਦੋਸ਼ ਹੇਠ ਜਾਰੀ ਕੀਤੇ ਗਏ ਹਨ ।
ਪੰਚਕੂਲਾ ਅਦਾਲਤ ਵਲੋਂ ਐਸ. ਆਈ. ਟੀ. ਵਲੋਂ ਲਾਈ ਗਈ ਅਰਜ਼ੀ ਤੋਂ ਬਾਅਦ ਇਹ ਵਾਰੰਟ ਜਾਰੀ ਕੀਤੇ ਗਏ ਹਨ । ਵਾਰੰਟ ਜਾਰੀ ਹੋਣ ਤੋਂ ਬਾਅਦ ਵਿਪਾਸਨਾ ਨੂੰ ਗਿ੍ਫ਼ਤਾਰ ਕਰਨ ਲਈ ਏ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਅਗਵਾਈ ਵਾਲੀ ਐਸ. ਆਈ. ਟੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।

 

ਐਸ. ਆਈ. ਟੀ. ਇੰਚਾਰਜ ਏ. ਸੀ. ਪੀ. ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪੁਲਿਸ ਦੇ ਹੱਥ ਕੁਝ ਸਬੂਤ ਲੱਗੇ ਹਨ, ਜਿਨ੍ਹਾਂ ‘ਚ ਵਿਪਾਸਨਾ ਇੰਸਾਂ ਦੀ 25 ਅਗਸਤ ਤੋਂ ਪਹਿਲਾਂ ਸਿਰਸਾ ‘ਚ 17 ਅਗਸਤ ਨੂੰ ਹੋਈ ਬੈਠਕ ‘ਚ ਮੌਜੂਦਗੀ ਦਾ ਪਤਾ ਲੱਗਾ ਹੈ । ਉਨ੍ਹਾਂ ਦੱਸਿਆ ਕਿ ਪਹਿਲੀ ਜਾਂਚ ‘ਚ ਵਿਪਾਸਨਾ ਦੇ ਖਿ਼ਲਾਫ਼ ਸਬੂਤ ਨਹੀਂ ਮਿਲੇ ਸਨ ਅਤੇ ਹੁਣ ਸਬੂਤ ਹੱਥ ਲਗਦੇ ਹੀ ਗਿ੍ਫ਼ਤਾਰੀ ਵਾਰੰਟ ਜਾਰੀ ਕਰਵਾ ਕੇ ਵਿਪਾਸਨਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

 

ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਜਾਂਚ ਦੌਰਾਨ ਪਿਛਲੇ ਸਾਲ ਐਸ. ਆਈ. ਟੀ. ਵਲੋਂ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਪੰਚਕੂਲਾ ਬੁਲਾਇਆ ਗਿਆ ਸੀ । ਦੋ ਵਾਰ ਨੋਟਿਸ ਭੇਜੇ ਗਏ, ਪਰ ਵਿਪਾਸਨਾ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਪੰਚਕੂਲਾ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ । ਤੀਜੀ ਵਾਰ ਨੋਟਿਸ ਭੇਜਣ ‘ਤੇ ਵਿਪਾਸਨਾ ਪੰਚਕੂਲਾ ਪਹੁੰਚੀ ਸੀ ਅਤੇ ਪੰਚਕੂਲਾ ਦੇ ਚੰਡੀਮੰਦਰ ਥਾਣਾ ‘ਚ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ । ਇਸੇ ਦੌਰਾਨ ਐਸ. ਆਈ. ਟੀ. ਵਲੋਂ ਗਿ੍ਫ਼ਤਾਰ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾਂ ਅਤੇ ਵਿਪਾਸਨਾ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ । ਇਸੇ ਦੌਰਾਨ ਵਿਪਾਸਨਾ ਤੋਂ ਹਨੀਪ੍ਰੀਤ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ, ਜੋ ਹਨੀਪ੍ਰੀਤ ਫ਼ਰਾਰ ਹੋਣ ਤੋਂ ਪਹਿਲਾਂ ਉਸ ਨੂੰ ਫੜਾ ਕੇ ਗਈ ਸੀ ।

 

ਹੁਣ ਵਿਪਾਸਨਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ । ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਵਿਪਾਸਨਾ ਇੰਸਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਪਾਸਨਾ ਇੰਸਾਂ ਰੂਪੋਸ਼ ਹੋ ਚੁੱਕੀ ਹੈ, ਜਿਸ ਦੀ ਪੁਲਿਸ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ।

ਟਿੱਪਣੀ ਕਰੋ:

About webmaster

Scroll To Top