Home / ਚੋਣਵੀ ਖਬਰ/ਲੇਖ / ਬਰਤਾਨੀਆ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਦਾਖਲੇ ਦਾ ਮਾਮਲਾ: ਕਮਿਸ਼ਨ ਦੇ ਅਧਿਕਾਰੀਆਂ ਸਾਊਥਾਲ ਦੇ ਗੁਰਦੁਆਰੇ ਵਿੱਚ ਸਿੱਖ ਆਗੂਆਂ ਨਾਲ ਕੀਤੀ ਗੱਲਬਾਤ

ਬਰਤਾਨੀਆ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਦਾਖਲੇ ਦਾ ਮਾਮਲਾ: ਕਮਿਸ਼ਨ ਦੇ ਅਧਿਕਾਰੀਆਂ ਸਾਊਥਾਲ ਦੇ ਗੁਰਦੁਆਰੇ ਵਿੱਚ ਸਿੱਖ ਆਗੂਆਂ ਨਾਲ ਕੀਤੀ ਗੱਲਬਾਤ

 

ਲੰਡਨ: ਬਰਤਾਨੀਆ ਦੀ ਵਕਾਰੀ ਸਿੱਖ ਜੱਥੇਬੰਦੀ ਸਿੱਖ ਫੈਡਰੇਸ਼ਨ ਯੂਕੇ (ਐਸਐਫਯੂਕੇ) ਵੱਲੋਂ ਗੁਰਦੁਆਰਿਆਂ ’ਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਦੇ ਦਾਖ਼ਲੇ ’ਤੇ ਲਾਈ ਗਈ ਪਾਬੰਦੀ ਦੇ ਪ੍ਰਤੀਕਰਨ ਵਜੋਂ ਬਰਤਾਨੀਆ’ਚ ਭਾਰਤੀ ਹਾਈ ਕਮਿਸ਼ਨ ਨੇ ਸਨਿੱਚਰਵਾਰ ਨੂੰ ਇਸ ਦਾ ਵਿਰੋਧ ਕਰਦਿਆਂ ਲੰਡਨ ’ਚ ਸਾਊਥਾਲ ਦੇ ਗੁਰਦੁਆਰੇ ਜਾਕੇ ਉਥੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ।

 

ਪੰਜਾਬੀ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਸਫਾਰਤਖਾਨੇ ਦੇ ਅਧਿਕਾਰੀ ਐਤਵਾਰ ਨੂੰ ਮਿਡਲੈਂਡਜ਼ ਦੇ ਗੁਰਦੁਆਰੇ ’ਚ ਵੀ ਜਾਣਗੇ ਅਤੇ ਸਿੱਖ ਆਗੂਆਂ ਨਾਲ ਗੱਲਬਾਤ ਕਰਨਗੇ।

 

ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ,‘‘ਗੁਰਦੁਆਰਾ ਇਬਾਦਤ ਦਾ ਅਸਥਾਨ ਹੈ ਅਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।’’

 

ਐਸਐਫਯੂਕੇ ਜਥੇਬੰਦੀ, ਕੌਮਾਂਤਰੀ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ’ਚੋਂ ਨਿਕਲੀ ਹੈ ਜਿਸ ’ਤੇ ਬ੍ਰਿਟਿਸ਼ ਸਰਕਾਰ ਨੇ 2001 ’ਚ ਯੂਕੇ ਦੇ ਦਹਿਸ਼ਤੀ ਐਕਟ ਤਹਿਤ ਪਾਬੰਦੀ ਲਾ ਦਿੱਤੀ ਸੀ। ਇਹ ਰੋਕ 2016 ’ਚ ਤਤਕਾਲੀ ਗ੍ਰਹਿ ਮੰਤਰੀ ਟੈਰੇਜ਼ਾ ਮੇਅ (ਹੁਣ ਪ੍ਰਧਾਨ ਮੰਤਰੀ) ਨੇ ਹਟਾ ਲਈ ਸੀ। ਐਸਐਫਯੂਕੇ ਜਥੇਬੰਦੀ ਦਾ ਇਹ ਕਦਮ ਕੈਨੇਡਾ ਦੇ ਅਜ਼ਾਦੀ ਪਸੰਦ ਸਿੱਖਾਂ ਦੀ ਤਰਜ਼ ’ਤੇ ਹੈ ਜਿਨ੍ਹਾਂ ਇਸ ਹਫ਼ਤੇ ਦੇ ਸ਼ੁਰੂ ’ਚ ਅਜਿਹੇ ਹੁਕਮ ਦਿੱਤੇ ਸਨ।

 

ਸਿੱਖ ਫੈਡਰੇਸ਼ਨ ਯੂਕੇ (ਐਸਐਫਯੂਕੇ) ਨੇ ਦਾਅਵਾ ਕੀਤਾ ਕਿ 70 ਗੁਰਦੁਆਰਿਆਂ ਨੇ ‘ਪਾਬੰਦੀ’ ਲਾਗੂ ਕਰਨ ਲਈ ਹਾਮੀ ਭਰੀ ਹੈ। ਯੂਕੇ ਆਧਾਰਿਤ ਸਿੱਖ ਜਗਤਾਰ ਸਿੰਘ ਜੌਹਲ ਦੀ ਭਾਰਤ ’ਚ ਗ੍ਰਿਫ਼ਤਾਰੀ ਮਗਰੋਂ ਇਹ ਮਾਮਲਾ ਭਖਿਆ ਹੈ।

 

ਭਾਰਤੀ ਹਾਈ ਕਮਿਸ਼ਨ ਵੱਲੋਂ 2017 ’ਚ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ, ਵਿਸਾਖੀ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਸਿੱਖ ਭਾਈਚਾਰੇ ਨਾਲ ਮੇਲ-ਜੋਲ ਵਧਾਉਣ ਨੂੰ ਜਥੇਬੰਦੀ ਨੇ ਸਿੱਖਾਂ ਦੇ ਮਾਮਲੇ ’ਚ ਦਖ਼ਲ ਅਤੇ ਸਿੱਖ ਵਿਰੋਧੀ ਸਰਗਰਮੀਆਂ ਕਰਾਰ ਦਿੱਤਾ ਸੀ।

ਟਿੱਪਣੀ ਕਰੋ:

About webmaster

Scroll To Top