Home / ਚੋਣਵੀ ਖਬਰ/ਲੇਖ / ਆਪ ਦੇ ਕੌਮੀ ਆਗੂ ਤੇ ਮਨੀਸ਼ ਸਿਸੋਦੀਆ ਨੇ ਸੂਬਾਈ ਲੀਡਰਸ਼ਿਪ ਦੀਆਂ ਖ਼ਾਮੀਆਂ ਘੋਖਣੀਆਂ ਸ਼ੁਰੂ ਕੀਤੀਆਂ

ਆਪ ਦੇ ਕੌਮੀ ਆਗੂ ਤੇ ਮਨੀਸ਼ ਸਿਸੋਦੀਆ ਨੇ ਸੂਬਾਈ ਲੀਡਰਸ਼ਿਪ ਦੀਆਂ ਖ਼ਾਮੀਆਂ ਘੋਖਣੀਆਂ ਸ਼ੁਰੂ ਕੀਤੀਆਂ

ਚੰਡੀਗੜ੍ਹ: ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਤੇ ਮਨੀਸ਼ ਸਿਸੋਦੀਆ ਪੰਜਾਬ ਇਕਾਈ ਦੇ ਇੰਚਾਰਜ਼ ਬਣਾਏ ਗਏ ਹਨ ਅਤੇ ਉਨ੍ਹਾਂ ਨੇ ਪੰਜਾਬ ਇਕਾਈ ਦਾ ਇੰਚਾਰਜ ਬਣਦਿਆਂ ਹੀ ਸੂਬਾਈ ਲੀਡਰਸ਼ਿਪ ਦੀਆਂ ਖ਼ਾਮੀਆਂ ਘੋਖਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਮਨੀਸ਼ ਸਿਸੋਦੀਆ

ਸ੍ਰੀ ਸਿਸੋਦੀਆ ਨੇ ਜਿੱਥੇ ਪੰਜਾਬ ਦੇ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੂੰ ਹੰਗਾਮੀ ਹਾਲਤ ਵਿੱਚ ਦਿੱਲੀ ਸੱਦ ਕੇ ਪੰਜਾਬ ਵਿੱਚ ‘ਆਪ’ ਨੂੰ ਮਿਲ ਰਹੀਆਂ ਹਾਰਾਂ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ, ਉਥੇ ਸਾਰੇ ਵਿਧਾਇਕਾਂ ਅਤੇ ਸੂਬਾ ਤੇ ਜ਼ਿਲ੍ਹਾ ਲੀਡਰਸ਼ਿਪ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਵੀ ਵਿੱਢ ਦਿੱਤੀ ਹੈ।

 

ਸੂਤਰਾਂ ਅਨੁਸਾਰ ਸ੍ਰੀ ਸਿਸੋਦੀਆ ਨੇ ਪਹਿਲੇ ਪੜਾਅ ਵਿੱਚ ਪਾਰਟੀ ਦੇ ਸਾਰੇ ਵਿਧਾਇਕਾਂ, ਸੂਬਾਈ ਨੇਤਾਵਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾ ਕੇ ਪਾਰਟੀ ਦੀ ਸਮੀਖਿਆ ਕਰਨ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ ਮਾੜੀ ਕਾਰਗੁਜ਼ਾਰੀ ਵਾਲੇ ਆਗੂਆਂ ’ਤੇ ਵੀ ਗਾਜ਼ ਡਿੱਗ ਸਕਦੀ ਹੈ ਤੇ ਲੀਡਰਸ਼ਿਪ ਵਿੱਚ ਫੇਰਬਦਲ ਦੀ ਸੰਭਾਵਨਾ ਵੀ ਹੈ।

 

ਇਸੇ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਨਿਗਮ ਚੋਣਾਂ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਲਈ ਸੱਦੀ ਸੂਬਾਈ ਮੀਟਿੰਗ ਨਾਟਕੀ ਢੰਗ ਨਾਲ ਰੱਦ ਕਰ ਦਿੱਤੀ ਹੈ। ਉਧਰ, ਜਾਣਕਾਰੀ ਮਿਲੀ ਹੈ ਕਿ ਸ੍ਰੀ ਸਿਸੋਦੀਆ ਦੇ ਪੀਏ ਨੇ ਪੰਜਾਬ ਦੇ ਪਾਰਟੀ ਵਿਧਾਇਕਾਂ, ਸੂਬਾਈ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਫੋਨ ਨੰਬਰ ਦੇ ਕੇ ਕਿਹਾ ਹੈ ਕਿ ਉਹ ਕਿਸੇ ਵੇਲੇ ਵੀ ਸਿੱਧੇ ਤੌਰ ’ਤੇ ਸ੍ਰੀ ਸਿਸੋਦੀਆ ਨਾਲ ਗੱਲ ਕਰ ਸਕਦੇ ਹਨ। ਸ੍ਰੀ ਸਿਸੋਦੀਆ ਖ਼ੁਦ ਵੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਫੋਨ ’ਤੇ ਗੱਲਬਾਤ ਦੀ ਪ੍ਰਕਿਰਿਆ ਵਿੱਢਣਗੇ।

 

ਸੂਤਰਾਂ ਅਨੁਸਾਰ ਜਦੋਂ ਪਾਰਟੀ ਨੂੰ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਵਿੱਚ ਨਮੋਸ਼ੀ ਭਰੀ ਹਾਰ ਮਿਲੀ ਸੀ ਤਾਂ ਸ੍ਰੀ ਸਿਸੋਦੀਆ ਸਮੇਤ ਕੌਮੀ ਆਗੂ ਆਸ਼ੂਤੋਸ਼ ਤੇ ਗੋਪਾਲ ਰਾਏ ਨੇ ਪੰਜਾਬ ਦੀ ਲੀਡਰਸ਼ਿਪ ਨਾਲ ਦਿੱਲੀ ਵਿੱਚ ਖੁੱਲ੍ਹੀ ਚਰਚਾ ਕੀਤੀ ਸੀ। ਉਸ ਵੇਲੇ ਪੰਜਾਬ ਦੀ ਲੀਡਰਸ਼ਿਪ ਨੇ ਮੰਗ ਕੀਤੀ ਸੀ ਕਿ ਭਗਵੰਤ ਮਾਨ, ਅਮਨ ਅਰੋੜਾ ਤੇ ਸੁਖਪਾਲ ਸਿੰਘ ਖਹਿਰਾ ਦੀ ਸੁਰ ਇਕਸਾਰ ਕਰਨ ਲਈ ਪੰਜਾਬ ਲਈ ਨਵਾਂ ਇੰਚਾਰਜ ਨਿਯੁਕਤ ਕੀਤਾ ਜਾਵੇ।

 

ਸੂਤਰਾਂ ਅਨੁਸਾਰ ਉਸ ਵੇਲੇ ਸ੍ਰੀ ਸਿਸੋਦੀਆ ਨੇ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਖਹਿਰਾ ਨੂੰ ਮਿਲ ਕੇ ਕੰਮ ਕਰਨ ਦੀ ਨਸੀਅਤ ਦਿੰਦਿਆਂ ਸੰਕੇਤ ਦਿੱਤੇ ਸਨ ਤੇ ਕਿਹਾ ਸੀ ਕਿ ਜੇ ਨਿਗਮ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਮਾੜੀ ਰਹੀ ਤਾਂ ਹਾਈਕਮਾਂਡ ਨਵੀਂ ਰਣਨੀਤੀ ਘੜੇਗੀ।

 

ਜਿਉਂ ਹੀ ਨਿਗਮ ਚੋਣਾਂ ਦੌਰਾਨ ‘ਆਪ’ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਈ ਤਾਂ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਸ੍ਰੀ ਸਿਸੋਦੀਆਂ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ।

ਟਿੱਪਣੀ ਕਰੋ:

About webmaster

Scroll To Top