Home / ਚੋਣਵੀ ਖਬਰ/ਲੇਖ / ਪੋਹ ਦਾ ਮਹੀਨਾ ਬਨਾਮ ਸਿੱਖ…

ਪੋਹ ਦਾ ਮਹੀਨਾ ਬਨਾਮ ਸਿੱਖ…

-ਜਸਪਾਲ ਸਿੰਘ ਹੇਰਾਂ

 

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਲ ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਦੇ ਬੁਰਕੇ ਥੱਲੇ ਜਾਰੀ ਕੀਤੇ ਬਿਕਰਮੀ ਕੈਲੰਡਰ ਮੁਤਾਬਕ ਅੱਜ ਪੋਹ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਭਾਵੇਂ ਸਿੱਖੀ ’ਚ ਸ਼ਹਾਦਤਾਂ ਦੀ ਲੜੀ ਐਨੀ ਲੰਬੀ ਹੈ, ਕਿ ਕੋਈ ਮਹੀਨਾ, ਕੋਈ ਦਿਨ ਸ਼ਹਾਦਤਾਂ ਦੀ ਗਾਥਾ ਤੋਂ ਖ਼ਾਲੀ ਨਹੀਂ। ਸਿੱਖੀ ਦੇ ਮਾਰਗ ਤੇ ਸਿਰ ਨੂੰ ਤਲੀ ਤੇ ਟਿਕਾ ਕੇ ਹੀ ਤੁਰਿਆ ਜਾਂਦਾ ਸੀ, ਇਸ ਲਈ ਸਿੱਖੀ ਤੇ ਸ਼ਹਾਦਤ ਨੂੰ ਨਿਖੇੜਿਆ ਹੀ ਨਹੀਂ ਜਾ ਸਕਦਾ। ਪ੍ਰੰਤੂ ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦਿ੍ਰੜਤਾ, ਬਹਾਦਰੀ, ਅਣਖ਼ ਦਾ ਸਿਖ਼ਰ ਹੈ ਅਤੇ ਇਸ ਮਹੀਨੇ ਭਾਵ 1705 ਈਸਵੀ ਦੇ ਦਸੰਬਰ ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਿਰਜੀ ਅਨੰਦਪੁਰੀ ਨੂੰ ਅਲਵਿਦਾ ਆਖੀ।

 

ਇਨਾਂ ਚੰਦਰੇ ਦਿਨਾਂ ’ਚ ਹੀ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਿਆ, ਤੇ ਚਮਕੌਰ ਤੇ ਸਰਹਿੰਦ ਦੇ ਖੂਨੀ ਸਾਕੇ ਹੋਏ, ਬਿਨਾਂ ਬਾਜ, ਬਿਨਾਂ ਤਾਜ, ਲੀਰੋ-ਲੀਰ ਜਾਮੇ ਤੇ ਪੈਰੀਂ ਛਾਲਿਆਂ ਨਾਲ ਦਸਮੇਸ਼ ਪਿਤਾ ਨੇ ਸਿਰਫ਼ ਸਮਸ਼ੀਰ ਦੇ ਨਿੱਘ ਨਾਲ, ਪੋਹ ਦੀ ਠਰੀ-ਠੰਡੀ ਰਾਤ, ਮਾਛੀਵਾੜੇ ਦੇ ਜੰਗਲਾਂ ’ਚ ‘ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ’ ਦੱਸਦਿਆਂ ਲੰਘਾਈ ਸੀ, ਇਸੇ ਮਹੀਨੇ ਹੀ ਖਦਰਾਣੇ ਦੀ ਢਾਬ ਤੇ ਆਪਣੇ ਬੇਦਾਵੇ ਤੋਂ ਮੁਕਤੀ ਪ੍ਰਾਪਤ ਕਰਨ ਲਈ 40 ਮੁਕਤਿਆਂ ਦੀ ਸ਼ਹੀਦੀ ਨੂੰ ਮੁਕਤਸਰ ਦੀ ਪਵਿੱਤਰ ਧਰਤੀ ’ਤੇ ਯਾਦ ਕੀਤਾ ਜਾਂਦਾ ਹੈ।

 

ਸਿੱਖੀ ’ਚ ਹਰ ਸ਼ਹਾਦਤ, ਨਿਸ਼ਾਨੇ ਦੀ ਪ੍ਰਾਪਤੀ ਲਈ ਨਵਾਂ ਜੋਸ਼ ਪੈਦਾ ਕਰਦੀ ਹੈ, ਇਸ ਲਈ ਸ਼ਹਾਦਤ ਤੇ ਮਾਣ ਕੀਤਾ ਜਾਂਦਾ ਹੈ, ਕਿਉਂਕਿ ਸਿੱਖੀ ਦੇ ਸਕੂਲ ’ਚ ਦਾਖ਼ਲਾ ਲੈਣ ਲਈ ‘ਪੁਰਜਾ ਪੁਰਜਾ ਕਟਿ ਮਰੈ’ ਦਾ ਨਾਅਰਾ ਬੁਲੰਦ ਕਰਕੇ ਇਸ ਮਾਰਗ ਤੇ ਚੱਲਣ ਦਾ ਪ੍ਰਣ ਲੈਣਾ ਪੈਂਦਾ ਹੈ। ਪ੍ਰੰਤੂ ਪੋਹ ਮਹੀਨੇ ਨੇ ਸ਼ਹਾਦਤ ਦੀ ਇਬਾਰਤ ਦੀ ਅਜਿਹੀ ਸਿਰਜਣਾ ਕੀਤੀ ਹੈ, ਜਿਸ ਦੀ ਦੁਨੀਆ ’ਚ ਹੋਰ ਕਿਧਰੇ ਮਿਸ਼ਾਲ ਨਹੀਂ ਮਿਲਦੀ, ਇਸ ਕਾਰਣ ਸਾਡੇ ਪੁਰਾਤਨ ਬਜ਼ੁਰਗਾਂ ਨੇ ਇਸ ਪੋਹ ਮਹੀਨੇ ਨੂੰ ਸ਼ਹੀਦਾਂ ਦੀ ਯਾਦ ਦਾ ਮਹੀਨਾ ਮਿਥਿਆ ਸੀ। ਪ੍ਰੰਤੂ ਅੱਜ ਕੌਮ ਭੁੱਲ ਗਈ ਹੈ ਅਤੇ ਉਸਨੇ ਕਦੇ ਇਹ ਅਹਿਸਾਸ ਕਰਨ ਦਾ ਯਤਨ ਹੀ ਨਹੀਂ ਕੀਤਾ  ਕਿ ਅਸੀਂ ‘ਸਰਬੰਸਦਾਨੀ’ ਦੇ ਸਰਬੰਸ ਵਾਰਨ ਨੂੰ ਮਹਿਜ਼ ਦੋ ਸ਼ਬਦਾਂ ਤੱਕ ਸੀਮਤ ਤਾਂ ਨਹੀਂ ਕਰ ਲਿਆ।

 

 

ਇਸ ਕੁਰਬਾਨੀ ਤੇ ਬਲੀਦਾਨ ’ਚ ਬਹੁਤ ਵੱਡਾ ਲਾਸਾਨੀ ਇਤਿਹਾਸ ਸਮਾਇਆ ਹੋਇਆ ਹੈ। ਆਪਣੀ ਨਿੱਕੀ ਉਮਰੇ ਪਿਤਾ ਦੀ ਕੁਰਬਾਨੀ ਦੇਣੀ, ਸਿਹਰੇ ਬੰਨਣ ਦੀ ਉਮਰ ਵਾਲੇ ਦੋ ਪੁੱਤਰਾਂ ਨੂੰ ਆਪਣੇ ਹੱਥੀ ਸ਼ਹਾਦਤ ਦੇਣ ਲਈ ਜੰਗ ’ਚ ਤੋਰਣਾ ਅਤੇ ਫ਼ਿਰ ਉਨਾਂ ਦੀਆਂ ਲਾਸ਼ਾਂ ਕੋਲੋ ਰੱਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਲੰਘ ਜਾਣਾ, ਬੰਦ ਕਲੀਆ ਵਰਗੇ, ਮਾਸੂਮ ਪੁੱਤਰਾਂ ਦੀ ਜਿੳੂਂਦੇ ਜੀਅ ਨੀਂਹਾਂ ’ਚ ਕੁਰਬਾਨੀ ਦੇਣੀ ਅਜਿਹਾ ਦਾਨ, ਸਰਬੰਸਦਾਨੀ ਹੀ ਦੇਣ ਦੇ ਸਮਰੱਥ ਸੀ। ਨਾਂ ਕੋਈ ਹੋਰ ਅਜਿਹਾ ਦਾਨ ਦੇ ਸਕਦਾ ਸੀ ਅਤੇ ਨਾਂ ਹੀ ਦੇ ਸਕੇਗਾ। ਫ਼ਿਰ ਇਹ ਮਹਾਨ ਸ਼ਹੀਦੀ ਗਾਥਾ, ਜਿਹੜੀ ਹਰ ਵਰੇ ਸ਼ਹੀਦੀ ਸਭਾ ਮੌਕੇ ਨਿਕਲਣ ਵਾਲੇ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਰਹਿੰਦ ਇਕੱਤਰ ਹੋਈ ਸੰਗਤ ਦੀਆਂ ਅੱਖਾਂ ’ਚ ਆਪ ਮੁਹਾਰੇ ਹੰਝੂਆਂ ਅਤੇ ਅੰਬਰ ਵੱਲੋਂ ਹਲਕੀ ਬੂੰਦਾਂ-ਬਾਂਦੀ ਦੇ ਰੂਪ ’ਚ ਸ਼ਹੀਦਾਂ ਨੂੰ ਭੇਂਟ ਕੀਤੀ ਜਾਂਦੀ ਅਕੀਦਤ, ਆਖ਼ਰ ਹੁਣ ਸਿਰਫ਼ ਜੋੜ ਮੇਲਾ ਕਿਉਂ ਬਣ ਗਈ ਹੈ ਤੇ ਕੁਦਰਤ ਵੀ ਸਾਡੇ ਤੋਂ ਕਿਉਂ ਰੁੱਸ ਗਈ ਹੈ?

 

ਪੋਹ ਮਹੀਨੇ ਦੀ ਆਰੰਭਤਾ ਸਮੇਂ ਇਹ ਸੁਆਲ ਕੌਮ ਤੋਂ ਜਵਾਬ ਜ਼ਰੂਰ ਮੰਗਦੇ ਹਨ। ਪ੍ਰੰਤੂ ਜਿਸ ਮਹੀਨੇ ਸਾਡੇ ਬਜ਼ੁਰਗ ਸ਼ਹੀਦੀ ਦੀ ਯਾਦ ਨੂੰ ਸਿਜਦਾ ਕਰਨ ਲਈ ਮੰਜਿਆਂ ਤੱਕ ਦਾ ਤਿਆਗ ਕਰਕੇ, ਜ਼ਮੀਨ ਤੇ ਸੌਦੇ ਸੀ, ਉਸ ਮਹੀਨੇ ਹੁਣ ਪੰਜਾਬ ’ਚ ਸ਼ਗਨਾਂ ਦੇ ਗਾਨੇ ਬੰਨ ਕੇ ਘੋੜੀਆਂ ਤੇ ਚੜਕੇ, ਸ਼ਰਾਬ ’ਚ ਗਲਤਾਨ ਹੋ ਕੇ ਭੰਗੜੇ ਪੈਦੇ ਤੇ ਢੋਲ-ਵੱਜਦੇ, ਪੰਜਾਬ ’ਚ ਥਾਂ-ਥਾਂ ਵੇਖੇ ਜਾ ਸਕਦੇ ਹਨ। ਪੋਹ ਦਾ ਮਹੀਨਾ ਸਿੱਖਾਂ ਲਈ ਸ਼ਹਾਦਤਾਂ, ਕੁਰਬਾਨੀਆਂ ਤੇ ਤਸੀਹਿਆਂ ਦੀ ਪ੍ਰੀਖਿਆ ਦਾ ਮਹੀਨਾ ਰਿਹਾ ਸੀ, ਇਸੇ ਲਈ ਪੁਰਾਤਨ ਸਿੱਖਾਂ ਦੇ ਮਨ ’ਚ ਇਸ ਮਹੀਨੇ ਵੈਰਾਗ ਦੀ ਭਾਵਨਾ ਭਾਰੂ ਰਹਿੰਦੀ ਸੀ। ਪ੍ਰੰਤੂ ਜੇ ਉਹ ਭਾਵਨਾ ਕੌਮ ’ਚੋਂ ਸਮਾਪਤ ਹੋ ਗਈ ਹੈ ਤਾਂ ਇਸਦਾ ਅਰਥ ਹੈ ਕਿ ਅੱਜ ਦੇ ਸਿੱਖ ਦੀ ਸੋਚ ’ਚ ਵੱਡਾ ਫ਼ਰਕ ਆ ਗਿਆ ਹੈ ਅਤੇ ਪਦਾਰਥਵਾਦੀ ਤੇ ਸੁਆਰਥੀ ਰੁਚੀਆ ਕਾਰਣ ਉਹ ਸਿਰਫ਼ ਨਿੱਜ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸਾਈ ਧਰਮ ਦੇ ਰਹਿਬਰ ਹਜ਼ਰਤ ਈਸਾ ਮਸੀਹ ਦੀ ਇਕ ਕੁਰਬਾਨੀ ਨੂੰ ਇਸਾਈ ਕੌਮ ਜਿਸ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ, ਅਸੀਂ ਉਸਨੂੰ ਅੱਖੀ ਵੇਖਦੇ ਅਤੇ ਉਸ ’ਚ ਸ਼ਰੀਕ ਹੋ ਕੇ ਵੀ, ਆਪਣੀ ਕੌਮ ਦੀਆਂ ਸ਼ਹਾਦਤਾਂ ਅਤੇ ਉਨਾਂ ਪ੍ਰਤੀ ਆਪਣੇ ਫਰਜ਼ ਨੂੰ ਭੁੱਲੀ ਵਿਸਰੀ ਬੈਠੇ ਹਾਂ।

 

ਭਾਵੇਂ ਸਮੇਂ ਨਾਲ ਤਬਦੀਲੀ ਆਉਂਦੀ ਰਹਿੰਦੀ ਹੈ, ਪ੍ਰੰਤੂ ਆਪਣੇ ਮੂਲ ਨੂੰ ਨਹੀਂ ਭੁੱਲਿਆ ਜਾ ਸਕਦਾ। ਇਸ ਲਈ ਕੌਮ ਨੂੰ ਪੋਹ ਮਹੀਨੇ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ। ਕੌਮ ਦੇ ਆਗੂ ਸਿੱਖ ਬੁੱਧੀਜੀਵੀ, ਪੰਥਕ ਦਰਦੀ ਤੇ ਤਖ਼ਤਾਂ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਇਸ ਗੰਭੀਰ ਮੁੱਦੇ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਸ਼ਹੀਦਾਂ ਦੀ ਯਾਦ ’ਚ ਹੋਣ ਵਾਲੇ ਸਮਾਗਮ ਨੂੰ ਮੇਲੇ ਤੇ ਸਿਆਸੀ ਅਖਾੜੇ ਬਣਨ ਤੋਂ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।

 
 

ਸਿਰਫ਼ ਉਹੋ ਸਿੱਖ ਜਿਸਦੇ ਮਨ ’ਚ ਸ਼ਹੀਦਾਂ ਪ੍ਰਤੀ ਸ਼ਰਧਾ ਹੈ ਅਤੇ ਉਹ ਆਪਣੇ ਅਕੀਦਤ ਦੇ ਫੁੱਲ ਭੇਂਟ ਕਰਨ ਦੀ ਮਨੋਭਾਵਨਾ ਨਾਲ, ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੋਣਾ ਚਾਹੁੰਦਾ ਹੈ, ਉਹੋ ਸਿੱਖ ਹੀ ਇਨਾਂ ਸ਼ਹੀਦੀ ਸਭਾਵਾਂ ’ਚ ਸ਼ਿਰਕਤ ਕਰਨ, ਮੌਜ ਮਸਤੀ ਤੇ ਸਿਆਸੀ ਸੁਆਦਾਂ ਵਾਲੀ ਪੈ ਰਹੀ ਪਿਰਤ ਨੂੰ ਖਤਮ ਕੀਤਾ ਜਾਵੇ। ਹਰ ਘਰ ਦੇ ਵੱਡੇ ਇਸ ਮਹੀਨੇ ਸ਼ਹੀਦਾਂ ਦੀ ਯਾਦ ਨੂੰ ਕੁਝ ਇਸ ਤਰਾਂ ਮਨਾਉਣ ਤਾਂ ਕਿ ਨਵੀਂ ਪੀੜੀ ਨੂੰ ਵੀ ਆਪਣਾ ਸ਼ਹਾਦਤਾਂ ਭਰਿਆ ਵਿਰਸਾ ਯਾਦ ਆਉਂਦਾ ਰਹੇ। ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਕੌਮ ਆਪਣੇ ਖਜ਼ਾਨੇ ਤੋਂ ਖ਼ਾਲੀ ਹੋ ਜਾਂਦੀ ਹੈ, ਉਹ ਬੇਗੈਰਤ ਵੀ ਹੋ ਜਾਂਦੀ ਹੈ ਅਤੇ ਮਰੀਆ ਜ਼ਮੀਰਾਂ ਵਾਲੀਆਂ ਕੌਮਾਂ ਸਿਰਫ਼ ਤੇ ਸਿਰਫ਼ ਜਲਾਲਤ ਤੇ ਗ਼ੁਲਾਮੀ ਦੀ ਦਲਦਲ ’ਚ ਫਸ ਜਾਂਦੀਆਂ ਹਨ।

ਟਿੱਪਣੀ ਕਰੋ:

About webmaster

Scroll To Top