Home / ਚੋਣਵੀ ਖਬਰ/ਲੇਖ / ਨਿਆਂ ਲਈ ਲੜਦੀ ਮਾਂ ਦਾ ਆਖ਼ਰੀ ਹਉਕਾ

ਨਿਆਂ ਲਈ ਲੜਦੀ ਮਾਂ ਦਾ ਆਖ਼ਰੀ ਹਉਕਾ

ਮਾਤਾ ਅਮਰ ਕੌਰ ਦੇ ਅੰਦਰ ਅਨਿਆਂ ਖ਼ਿਲਾਫ਼ ਲੜਨ ਦਾ ਬੇਮਿਸਾਲ ਜਜ਼ਬਾ ਸੀ ਕਿ 77 ਵਰ੍ਹਿਆਂ ਦੀ ਉਮਰ ਵਿੱਚ ਉਸਨੇ ਆਪਣੀ ਜੱਦੋਜਹਿਦ ਆਰੰਭ ਕੀਤੀ। ਆਪਣੇ ਪਰਿਵਾਰ ਦੇ ਦੋ ਮੈਂਬਰਾਂ ਦੇ ਮਾਰੇ ਜਾਣ ’ਤੇ ਉਸਨੇ ਭਾਣਾ ਮੰਨ ਕੇ ਬੈਠ ਜਾਣ ਦੀ ਥਾਂ ਇਨਸਾਫ਼ ਲਈ ਜੂਝਣ ਦਾ ਤਹੱਈਆ ਕੀਤਾ। ਇਸੇ ਅਦਭੁੱਤ ਸੰਘਰਸ਼ ਭਾਵਨਾ ਨੇ ਉਸ ਨੂੰ ਅਗਲੇ 23 ਵਰ੍ਹੇ ਜਿਊਂਦਾ ਰੱਖਿਆ। ਇਹ ਸਾਡੇ ਮੁਲਕ ਦੇ ਨਿਆਂ ਪ੍ਰਬੰਧ ਦੀ ਸਭ ਤੋਂ ਵੱਡੀ ਕਾਣ ਹੈ ਕਿ ਅਜਿਹੀ ਸੰਘਰਸ਼ ਗਾਥਾ ਰਚਣ ਵਾਲੀ ਮਾਤਾ ਏਨੇ ਵਰ੍ਹਿਆਂ ਵਿੱਚ ਵੀ ਨਿਆਂ ਪ੍ਰਾਪਤੀ ਦੇ ਨੇੜੇ ਨਾ ਪਹੁੰਚ ਸਕੀ ਅਤੇ ਮੰਗਲਵਾਰ ਨੂੰ ਪ੍ਰਾਣ ਤਿਆਗ਼ ਗਈ। ਉਸ ਨੇ ਨਿਆਂਪ੍ਰਣਾਲੀ ਉੱਪਰ ਪੂਰਾ ਯਕੀਨ ਕੀਤਾ, ਪਰ ਨਿਆਂ ਪ੍ਰਣਾਲੀ ਉਸਦੇ ਯਕੀਨ ਦੇ ਹਾਣ ਦੀ ਸਾਬਤ ਨਹੀਂ ਹੋਈ।

ਮਾਤਾ ਅਮਰ ਕੌਰ ਅਤੇ ਸੁਮੇਧ ਸੈਣੀ (ਪੁਰਾਣੀ ਤਸਵੀਰ)

ਮਾਤਾ ਅਮਰ ਕੌਰ ਦੀ ਜੱਦੋਜਹਿਦ ਮਾਰਚ 1994 ਵਿੱਚ ਸ਼ੁਰੂ ਹੋਈ, ਜਦੋਂ ਉਸਦੇ ਪੁੱਤਰ, ਦਾਮਾਦ ਤੇ ਡਰਾਈਵਰ ਨੂੰ ਪੁਲੀਸ ਕਥਿਤ ਤੌਰ ’ਤੇ ਚੁੱਕ ਕੇ ਲੈ ਗਈ। ਇਸ ਤੋਂ ਬਾਅਦ ਉਹ ਤਿੰਨੋ ਕਿਤੇ ਗਾਇਬ ਹੀ ਹੋ ਗਏ। ਅੱਜ ਤਕ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਲੱਗਿਆ। ਤਿੰਨਾਂ ਨੂੰ ਗਾਇਬ ਕਰਨ ਪਿੱਛੇ ਇੱਕ ਜ਼ੋਰਾਵਰ ਪੁਲੀਸ ਅਫ਼ਸਰ ਦਾ ਹੱਥ ਹੋਣ ਦਾ ਸ਼ੱਕ ਮਾਤਾ ਨੇ ਵਾਰ ਵਾਰ ਪ੍ਰਗਟ ਕੀਤਾ। ਪੁਲੀਸ ਤਾਂ ਪਹਿਲਾਂ ਹੀ ਪਰਦਾਪੋਸ਼ੀ ਦੇ ਰਾਹ ਤੁਰੀ ਹੋਈ ਸੀ, ਜਮਹੂਰੀ ਸਰਕਾਰ ਨੇ ਵੀ ਕੰਨ ਵਲ੍ਹੇਟ ਲਏ।

 

ਹਾਈ ਕੋਰਟ ਦੇ ਦਖ਼ਲ ਨਾਲ ਸ਼ਿਕਾਇਤ ਦਰਜ ਹੋਈ। ਸ਼ਿਕਾਇਤ ਦਰਜ ਕਰਨ ਤੋਂ ਲੈ ਕੇ ਤਫ਼ਤੀਸ਼ ਸ਼ੁਰੂ ਕਰਨ, ਤਫ਼ਤੀਸ਼ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕਰਨ, ਫਿਰ ਚਲਾਨ ’ਤੇ ਸੁਣਵਾਈ ਹੋਣ ਆਦਿ ਦਾ ਅਮਲ ਏਨਾ ਸੁਸਤ, ਏਨਾ ਪੇਚੀਦਾ ਤੇ ਏਨਾ ਨਿਰਮਰਮ ਰਿਹਾ ਕਿ ਮੁਕੱਦਮਾ ਅਜੇ ਵੀ ਕਿਸੇ ਸਿਰੇ ਨਹੀਂ ਲੱਗਿਆ। ਵਜ੍ਹਾ ਇੱਕੋ ਹੀ ਹੈ; ਕੇਸ ਦਾ ਮੁੱਖ ਮੁਲਜ਼ਮ ਸੁਮੇਧ ਸਿੰਘ ਸੈਣੀ ਹੈ ਜੋ ਕਿ ਪੰਜਾਬ ਪੁਲੀਸ ਦੇ ਮੁਖੀ ਦੇ ਅਹੁਦੇ ਉੱਤੇ ਰਹਿ ਚੁੱਕਾ ਹੈ ਅਤੇ ਅਜੇ ਵੀ ਉਸਦਾ ਰੁਤਬਾ ਡਾਇਰੈਕਟਰ ਜਨਰਲ ਵਾਲਾ ਹੈ। ਜਦੋਂ ਘਟਨਾ ਵਾਪਰੀ, ਉਦੋਂ ਉਹ ਸੀਨੀਅਰ ਪੁਲੀਸ ਕਪਤਾਨ ਸੀ।

 

ਆਪਣੇ ਖ਼ਿਲਾਫ਼ ਬਹੁਤ ਸੰਗੀਨ ਜੁਰਮ ਦਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਇਹ ਅਫ਼ਸਰ ਪੰਜਾਬ ਪੁਲੀਸ ਦੇ ਮੁਖੀ ਦੇ ਅਹੁਦੇ ਤਕ ਪਹੁੰਚਿਆ। ਇਹ ਸਾਰਾ ਅਮਲ ਦਰਸਾਉਂਦਾ ਹੈ ਕਿ ਮੁਕੱਦਮੇ ਦਾ ਮੁੱਖ ਮੁਲਜ਼ਮ ਹੋਣ ਦੇ ਬਾਵਜੂਦ ਉਸਦੇ ਸਰਪ੍ਰਸਤ ਤੇ ਦੋਸਤ-ਮਿੱਤਰ ਉਸਦੇ ਹੱਕ ਵਿੱਚ ਕਿਸ ਹੱਦ ਤਕ ਡਟੇ ਰਹੇ ਅਤੇ ਮੁਕੱਦਮੇ ਵਿੱਚ ਪੈਰ ਪੈਰ ’ਤੇ ਕਿਵੇਂ ਅੜਿੱਕੇ ਖੜ੍ਹੇ ਹੁੰਦੇ ਰਹੇ। ਅਜਿਹੇ ਅਫ਼ਸਰ ਤੇ ਉਸਨੂੰ ਹਿਫ਼ਾਜ਼ਤੀ ਛਤਰ ਪ੍ਰਦਾਨ ਕਰਨ ਵਾਲੇ ਸਰਕਾਰੀ ਸਿਸਟਮ ਨਾਲ ਟੱਕਰ ਲੈਣੀ ਆਸਾਨ ਨਹੀਂ ਹੁੰਦੀ, ਖ਼ਾਸ ਤੌਰ ’ਤੇ ਇੱਕ ਨਿਤਾਣੀ ਬਿਰਧ ਔਰਤ ਵੱਲੋਂ। ਪਰ ਮਾਤਾ ਅਮਰ ਕੌਰ ਆਖ਼ਰੀ ਦਮ ਤਕ ਡਟੀ ਰਹੀ।

 
ਇਹ ਜਾਪਦਾ ਹੈ ਕਿ ਸਾਡਾ ਨਿਆਂ ਪ੍ਰਬੰਧ ਵੀ ਡਾਢਿਆਂ ਤੋਂ ਭੈਅ ਖਾਂਦਾ ਹੈ। ਇਸੇ ਲਈ ਮੁਕੱਦਮਾ ਏਨੇ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਜੱਜ ਆਉਂਦੇ ਰਹੇ, ਜਾਂਦੇ ਰਹੇ; ਅਦਾਲਤਾਂ ਬਦਲਦੀਆਂ ਰਹੀਆਂ; ਮਾਤਾ ਅਮਰ ਕੌਰ ਦੇ ਪੱਲੇ ਵਾਰ ਵਾਰ ਨਿਰਾਸ਼ਾ ਪੈਣ ਦੇ ਬਾਵਜੂਦ ਉਸਨੇ ਮੋਰਚਾ ਤਿਆਗਣ ਵਰਗੀ ਕਮਜ਼ੋਰੀ ਨਹੀਂ ਦਿਖਾਈ। ਇਹ ਸਾਡੇ ਨਿਆਂ ਪ੍ਰਬੰਧ ਦੀ ਅਤਿਅੰਤ ਗੰਭੀਰ ਊਣਤਾਈ ਹੈ ਤੇ 23 ਵਰ੍ਹਿਆਂ ਦੇ ਅੰਦਰ ਇਹ ਇੱਕ ਮੁਲਜ਼ਮ ਦੇ ਦੋਸ਼ੀ ਹੋਣ ਜਾਂ ਨਾ ਹੋਣ ਦਾ ਨਿਰਣਾ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਦੱਸ ਸਕਿਆ ਕਿ ਜੇਕਰ ਇਹ ਆਲ੍ਹਾ ਅਫ਼ਸਰ ਮੁਲਜ਼ਮ ਨਹੀਂ ਤਾਂ ਅਸਲ ਮੁਲਜ਼ਮ ਕੌਣ ਸੀ। ਨਿਆਂ ਪ੍ਰਬੰਧ ਨੂੰ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਉਹ ਆਪਣੀ ਨਾਕਾਮੀ ਲਈ ਮੁਆਫ਼ੀ ਮੰਗੇ, ਪਰ ਸਾਡਾ, ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਇੱਕ ਜੁਝਾਰੂ ਮਾਂ ਦੇ ਸੰਘਰਸ਼ ਵਿੱਚ ਸਾਥ ਨਾ ਦੇ ਸਕਣ ਦੀ ਆਪਣੀ ਬੱਜਰ ਕੋਤਾਹੀ ਬਦਲੇ ਅਸੀਂ ਮਾਤਾ ਅਮਰ ਕੌਰ ਦੀ ਰੂਹ ਪਾਸੋਂ ਮੁਆਫ਼ੀ ਜ਼ਰੂਰ ਮੰਗੀਏ।

(ਪੰਜਾਬੀ ਟ੍ਰਿਬਿਊਨ ਅਖਬਾਰ ਦੇ 14 ਅਕਤੂਬਰ 2017 ਦੇ ਅੰਕ ਵਿੱਚੋਂ ਧੰਨਵਾਦ ਸਹਿਤ)

ਟਿੱਪਣੀ ਕਰੋ:

About webmaster

Scroll To Top