Home / ਚੋਣਵੀ ਖਬਰ/ਲੇਖ / ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸਕ ਸਫ਼ਰ ਤੇ ਮੌਜੂਦਾ ਚੁਣੌਤੀਆਂ

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸਕ ਸਫ਼ਰ ਤੇ ਮੌਜੂਦਾ ਚੁਣੌਤੀਆਂ

ਜਦੋਂ ਮਹੰਤਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਕਰ ਲਿਆ ਤਾਂ ਉਹ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਆਪਣੇ ਨਾਂਅ ਕਰਵਾਉਣ ਲੱਗੇ ਅਤੇ ਗੁਰੂ ਘਰਾਂ ਦੀ ਆਮਦਨ ਦਾ ਗ਼ਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

 
ਮਹੰਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਅੰਗਰੇਜ਼ ਸਰਕਾਰ ਦੇ ਕਹਿਣ ‘ਤੇ ਜਿਵੇਂ ਉਹ ਚਾਹੁੰਦੇ ਸਨ, ਵਰਤਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਗੱਲਾਂ ਕਾਰਨ ਸਿੱਖ ਪੰਥ ਵਿਚ ਮਹੰਤਾਂ ਵਿਰੁੱਧ ਰੋਸ ਪੈਦਾ ਹੋ ਗਿਆ। ਅਖੀਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਪ੍ਰਬੰਧ 12 ਅਕਤੂਬਰ, 1920 ਈ: ਨੂੰ ਸਿੱਖ ਪੰਥ ਦੇ ਹੱਥ ਆਇਆ। ਇਸ ਸਮੇਂ ਜਥੇਦਾਰ ਤੇਜਾ ਸਿੰਘ ‘ਭੁੱਚਰ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਖ਼ਾਲਸਾ ਪੰਥ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ 16 ਨਵੰਬਰ, 1920 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ।

ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨ ਲਈ 14 ਦਸੰਬਰ, 1920 ਈ: ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ, ਜਿਸ ਦੇ ਪਹਿਲੇ ਪ੍ਰਧਾਨ ਸ: ਸੁਰਮੁਖ ਸਿੰਘ ‘ਝਬਾਲ’ ਬਣੇ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਠਿਆਂ ਰਲ ਕੇ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਲੜਾਈ ਲੜੀ। ਗੁਰਦੁਆਰਾ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸੁਧਾਰਨ ਵਾਸਤੇ ਅਕਾਲੀ ਸਿੰਘਾਂ ਦਾ ਜਥਾ 25 ਜਨਵਰੀ, 1921 ਈ: ਨੂੰ ਜਥੇਦਾਰ ਕਰਤਾਰ ਸਿੰਘ ‘ਝੱਬਰ’ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਪਹੁੰਚਿਆ। ਮਹੰਤਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਅਤੇ ਜਥੇ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਸਮੇਂ ਮਹੰਤਾਂ ਨੇ ਜਥੇ ਦੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਅਤੇ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਸ਼ਹੀਦੀ ਪਾ ਗਏ। ਇਹ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦਾ ਪਹਿਲਾ ਸ਼ਹੀਦ ਸੀ।

 
ਸਿੰਘਾਂ ਅੰਦਰ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਦਾ ਪੂਰਾ ਜੋਸ਼ ਸੀ। ਸ੍ਰੀ ਨਨਕਾਣਾ ਸਾਹਿਬ ਦਾ ਸਾਕਾ 20 ਫਰਵਰੀ, 1921 ਈ: ਨੂੰ ਵਾਪਰਿਆ। ਇਸ ਸਾਕੇ ਵਿਚ ਸੈਂਕੜੇ ਸਿੰਘ ਸ਼ਹੀਦੀ ਪਾ ਗਏ। ਨਨਕਾਣਾ ਸਾਹਿਬ ਦੇ ਸਾਕੇ ਨੇ ਸਮੁੱਚੇ ਸਿੱਖ ਜਗਤ ਵਿਚ ਮਹੰਤਾਂ ਦੇ ਵਿਰੁੱਧ ਰੋਸ ਭਰ ਦਿੱਤਾ। ਸਿੰਘਾਂ ਨੇ ਕਾਲੀਆਂ ਦਸਤਾਰਾਂ ਬੰਨ੍ਹਣੀਆਂ ਅਤੇ ਬੀਬੀਆਂ ਨੇ ਕਾਲੇ ਦੁਪੱਟੇ ਲੈਣੇ ਸ਼ੁਰੂ ਕਰ ਦਿੱਤੇ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਅੰਗਰੇਜ਼ ਸਰਕਾਰ ਨੇ 7 ਨਵੰਬਰ, 1921 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇਖਾਨੇ ਦੀਆਂ 53 ਚਾਬੀਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਲੈ ਲਈਆਂ। ਇਸ ਘਟਨਾ ਨਾਲ ਸਿੱਖ ਜਗਤ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਅਤੇ ਸਰਕਾਰ ਵਿਰੁੱਧ ਚਾਬੀਆਂ ਦਾ ਮੋਰਚਾ ਸ਼ੁਰੂ ਹੋ ਗਿਆ। ਚਾਬੀਆਂ ਦਾ ਮੋਰਚਾ 19 ਜਨਵਰੀ, 1922 ਈ: ਨੂੰ ਫ਼ਤਹਿ ਹੋਇਆ, ਜਦੋਂ ਜ਼ਿਲ੍ਹਾ ਜੱਜ ਦੇ ਨੁਮਾਇੰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਟ ਕੀਤੀ।

 
ਗੁਰੂ ਕੇ ਬਾਗ਼ ਦਾ ਮੋਰਚਾ 8 ਅਗਸਤ, 1922 ਈ: ਨੂੰ ਸ਼ੁਰੂ ਹੋਇਆ। ਇਸ ਮੋਰਚੇ ਸਮੇਂ ਪੁਲਿਸ ਅਫ਼ਸਰ ਬੀ.ਟੀ. ਨੇ ਅਕਾਲੀ ਸਿੰਘਾਂ ਉਪਰ ਜੋ ਤਸ਼ੱਦਦ ਕੀਤਾ, ਉਸ ਨੂੰ ਦੇਖ ਕੇ ਈਸਾਈ ਪਾਦਰੀ ਵੀ ਹੈਰਾਨ ਰਹਿ ਗਏ। ਉਸ ਸਮੇਂ ਅਮਰੀਕਾ ਦੇ ਪੱਤਰਕਾਰਾਂ ਵੱਲੋਂ ਫ਼ਿਲਮ ਵੀ ਤਿਆਰ ਕੀਤੀ ਗਈ। ਇਸ ਮੋਰਚੇ ਦੀ ਚਰਚਾ ਦੁਨੀਆ ਦੇ ਸਾਰੇ ਵੱਡੇ ਅਖ਼ਬਾਰਾਂ ਨੇ ਕੀਤੀ। ਇਸ ਸਮੇਂ 30 ਅਕਤੂਬਰ, 1922 ਈ: ਨੂੰ ਪੰਜਾ ਸਾਹਿਬ ਦਾ ਸਾਕਾ ਵਾਪਰ ਗਿਆ, ਜਿਸ ਵਿਚ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਜੀ ਸ਼ਹੀਦੀ ਪਾ ਗਏ। ਅੰਗਰੇਜ਼ ਸਰਕਾਰ ਨੇ 12 ਅਕਤੂਬਰ, 1923 ਈ: ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ।

 

ਗੰਗਸਰ ਜੈਤੋ ਦਾ ਸਾਕਾ 21 ਫਰਵਰੀ, 1924 ਈ: ਨੂੰ ਵਾਪਰਿਆ, ਜਿਸ ਵਿਚ ਅਨੇਕਾਂ ਸਿੰਘ ਸ਼ਹੀਦੀ ਪਾ ਗਏ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਗੰਗਸਰ ਜੈਤੋ ਦੇ ਮੋਰਚੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਨਾਭਾ ਜੇਲ੍ਹ ਵਿਚ ਬੰਦ ਰਹੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਫੇਰੂ ਦਾ ਮੋਰਚਾ 5 ਜਨਵਰੀ, 1924 ਈ: ਨੂੰ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਐਕਟ ਬਣਨ ਉਪਰੰਤ ਧਾਰਮਿਕ ਸਰਗਰਮੀਆਂ ਦੇ ਨਾਲ ਰਾਜਨੀਤਕ ਸਰਗਰਮੀਆਂ ਵਧਾ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸਰਬ ਹਿੰਦ ਅਕਾਲੀ ਕਾਨਫਰੰਸ 10-11 ਫਰਵਰੀ, 1940 ਈ: ਨੂੰ ਅਟਾਰੀ ਵਿਖੇ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬੂ ਲਾਭ ਸਿੰਘ 9 ਮਾਰਚ, 1947 ਈ: ਨੂੰ ਜਲੰਧਰ ਵਿਖੇ ਸ਼ਹੀਦ ਹੋਏ। ਦੇਸ਼ ਦੀ ਆਜ਼ਾਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰ ਵਿਚਲੀ ਕਾਂਗਰਸ ਸਰਕਾਰ ਵਿਰੁੱਧ ਬਹੁਤ ਲੰਮਾ ਸਮਾਂ ਸੰਘਰਸ਼ ਲੜਨਾ ਪਿਆ।

 

ਆਜ਼ਾਦ ਭਾਰਤ ਵਿਚ ਮਾਸਟਰ ਤਾਰਾ ਸਿੰਘ ਨੂੰ ਪਹਿਲੀ ਵਾਰ 19 ਫਰਵਰੀ, 1949 ਈ: ਨੂੰ ਨਾਰੇਲਾ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਸਰਬ ਹਿੰਦ ਅਕਾਲੀ ਕਾਨਫਰੰਸ ਜੋ 21 ਫਰਵਰੀ ਨੂੰ ਹੋਣੀ ਸੀ, ਲਈ ਅੰਮ੍ਰਿਤਸਰ ਤੋਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਲਈ ਰੇਲ ਯਾਤਰਾ ਕਰ ਰਹੇ ਸਨ। ਪੰਜਾਬੀ ਸੂਬਾ ਮੋਰਚੇ ਸਮੇਂ 43 ਸਿੰਘ ਸ਼ਹੀਦੀਆਂ ਪਾ ਗਏ। ਮੌਜੂਦਾ ਪੰਜਾਬ 1 ਨਵੰਬਰ, 1966 ਈ: ਨੂੰ ਬਣਿਆ। ਜਦੋਂ 1975 ਈ: ਵਿਚ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ ਐਮਰਜੈਂਸੀ ਲਾਈ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਖ਼ਤਮ ਕਰਨ, ਕਾਲੇ ਕਾਨੂੰਨ ਵਾਪਸ ਲੈਣ, ਦੇਸ਼ ਵਿਚੋਂ ਮੀਸਾ ਖ਼ਤਮ ਕਰਨ ਤੇ ਵਿਰੋਧੀ ਨੇਤਾਵਾਂ ਨੂੰ ਰਿਹਾਅ ਕਰਨ ਆਦਿ ਮੰਗਾਂ ਨੂੰ ਲੈ ਕੇ 9 ਜੁਲਾਈ, 1975 ਈ: ਨੂੰ ਐਮਰਜੈਂਸੀ ਵਿਰੁੱਧ ਮੋਰਚਾ ਸ਼ੁਰੂ ਕੀਤਾ ਗਿਆ। ਇਹ ਮੋਰਚਾ 19 ਮਹੀਨੇ ਚੱਲਿਆ ਅਤੇ 43000 ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਕਪੂਰੀ ਮੋਰਚਾ ਤੇ ਕਦੇ ਧਰਮ ਯੁੱਧ ਮੋਰਚਾ ਲਾਉਣਾ ਪਿਆ। ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਤੇ ਜਥੇਦਾਰ ਨੇ ਲੰਮੀਆਂ ਅਨੇਕਾਂ ਜੇਲ੍ਹ ਯਾਤਰਾਵਾਂ ਕੀਤੀਆਂ ਅਤੇ ਤਸ਼ੱਦਦ ਸਹੇ।

 
ਅੱਜ ਸ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦਲ ਦੇ ਮੁੱਖ ਸਰਪ੍ਰਸਤ ਹਨ। ਸ਼੍ਰੋਮਣੀ ਅਕਾਲੀ ਦਲ ਆਪਣੇ 97 ਸਾਲ ਪੂਰੇ ਕਰਕੇ 98ਵੇਂ ਸਾਲ ਵਿਚ ਦਾਖ਼ਲ ਹੋ ਰਿਹਾ ਹੈ। ਇਸ ਸਮੇਂ ਅਕਾਲੀ ਦਲ ਸੱਤਾ ਤੋਂ ਬਾਹਰ ਹੈ। ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਸਮੇਤ ਹੋਰ ਅਨੇਕਾਂ ਚੋਣਾਂ ਲੜਨੀਆਂ ਪੈਣੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਟਕਸਾਲੀ ਅਕਾਲੀਆਂ ਨੂੰ ਆਪਣੇ ਨਾਲ ਤੋਰਨ। ਸਿਰਫ਼ ਸੱਤਾ ਦੀ ਭੁੱਖ ਕਾਰਨ ਅਕਾਲੀ ਦਲ ਵਿਚ ਸ਼ਾਮਿਲ ਹੋਏ ਲੋਕ ਤਾਂ ਮੌਕਾ ਆਉਣ ‘ਤੇ ਟਪੂਸੀਆਂ ਮਾਰ ਜਾਂਦੇ ਹਨ ਪਰ ਟਕਸਾਲੀ ਅਕਾਲੀ ਪਰਿਵਾਰ ਜੇ ਘਰ ਬੈਠੇ ਹਨ ਤਾਂ ਵੀ ਅਕਾਲੀ ਦਲ ਦੇ ਵਿਰੁੱਧ ਵੋਟ ਨਹੀਂ ਪਾਉਣਗੇ।

 

ਜੇ ਅਕਾਲੀ ਦਲ ਦੇ ਨਾਲ ਤੁਰ ਪਏ ਤਾਂ ਮੁਸੀਬਤ ਸਮੇਂ ਅਕਾਲੀ ਦਲ ਨੂੰ ਪਿੱਠ ਨਹੀਂ ਦਿਖਾਉਣਗੇ। ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੋਈ ਗੁੱਸਾ ਨਹੀਂ ਪਰ ਕੁਝ ਅਕਾਲੀ ਨੇਤਾਵਾਂ ਵਿਰੁੱਧ ਜ਼ਰੂਰ ਗੁੱਸਾ ਹੈ। ਜੇ ਅਕਾਲੀ ਦਲ ਨੇ ਰਾਜਨੀਤੀ ‘ਚ ਪਕੜ ਮਜ਼ਬੂਤ ਰੱਖਣੀ ਹੈ ਤਾਂ ਅੱਜ ਸਥਾਪਨਾ ਦਿਵਸ ‘ਤੇ ਪ੍ਰਣ ਕਰਕੇ ਟਕਸਾਲੀ ਅਕਾਲੀਆਂ ਅਤੇ ਸੱਚੇ-ਸੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਨ ਲਈ ਇਹ ਸਾਰਾ ਸਾਲ ਲਗਾ ਦੇਣ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ ਪੰਜਾਬ ਦੀ ਅਗਵਾਈ ਕਰੇਗਾ।
-ਬਠਿੰਡਾ।
ਮੋਬਾਈਲ : 98155-33725.

ਟਿੱਪਣੀ ਕਰੋ:

About webmaster

Scroll To Top