Home / ਚੋਣਵੀ ਖਬਰ/ਲੇਖ / ਬੰਗਲਾਦੇਸ਼ ਦੀ ਆਜ਼ਾਦੀ ਵਿਚ ਜਨਰਲ ਸੁਬੇਗ ਸਿੰਘ ਦੀ ਭੂਮਿਕਾ ਕੀ ਰਹੀ ?

ਬੰਗਲਾਦੇਸ਼ ਦੀ ਆਜ਼ਾਦੀ ਵਿਚ ਜਨਰਲ ਸੁਬੇਗ ਸਿੰਘ ਦੀ ਭੂਮਿਕਾ ਕੀ ਰਹੀ ?

1970 ਦੇ ਸ਼ੁਰੂ ਵਿਚ ਭਾਰਤ ਸਰਕਾਰ ਪਾਕਿਸਤਾਨ ਦੀ ਫ਼ੌਜ ਵਲੋਂ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਦੇ ਨਾਗਰਿਕਾਂ ‘ਤੇ ਲਗਾਤਾਰ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਪੀੜਤ ਲੋਕਾਂ ਦੀ ਵੱਡੀ ਪੱਧਰ ‘ਤੇ ਭਾਰਤ ਆਮਦ ਕਾਰਨ ਕਾਫੀ ਚਿੰਤਤ ਸੀ। ਬੰਗਲਾਦੇਸ਼ੀ ਸ਼ਰਨਾਰਥੀਆਂ ਬਾਰੇ ਬੇਹੱਦ ਚਿੰਤਿਤ ਭਾਰਤ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਨੂੰ ਦਖ਼ਲਅੰਦਾਜ਼ੀ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਪਰ ਕੋਈ ਲਾਹੇਵੰਦ ਹੁੰਗਾਰਾ ਨਾ ਮਿਲਿਆ। ਜਦੋਂ 27 ਮਾਰਚ, 1971 ਨੂੰ ਪਾਕਿਸਤਾਨ ਫ਼ੌਜ ਦੇ ਬਾਗ਼ੀ ਮੇਜਰ ਜ਼ੀਆ ਉਮਰ ਰਹਿਮਾਨ (ਬਾਅਦ ‘ਚ ਰਾਸ਼ਟਰਪਤੀ) ਨੇ ਨਜ਼ਰਬੰਦ ਸ਼ੇਖ ਮੁਜੀਬੁਰ ਰਹਿਮਾਨ ਦੀ ਤਰਫ਼ੋਂ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਤਾਂ ਪੂਰਬੀ ਪਾਕਿਸਤਾਨ ਦੇ ਆਵਾਮ ਦੀ ਤਰਸਯੋਗ ਹਾਲਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਆਜ਼ਾਦੀ ਵਾਲੀ ਜੱਦੋ-ਜਹਿਦ ਵਾਸਤੇ ਪੂਰਨ ਤੌਰ ‘ਤੇ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਸੈਨਾ ਮੁਖੀ ਜਨਰਲ ਐਸ.ਐਚ.ਐਫ.ਜੇ. ਮਾਨਕਸ਼ਾਹ (ਬਾਅਦ ‘ਚ ਫੀਲਡ ਮਾਰਸ਼ਲ) ਨਾਲ ਸੰਭਾਵਿਤ ਜੰਗ ਬਾਰੇ ਵਿਚਾਰ ਸਾਂਝੇ ਕੀਤੇ ਜੋ ਕਿ ਇਕ ਨਿਵੇਕਲਾ ਵਿਸ਼ਾ ਹੈ। ਖ਼ੈਰ ਸੈਨਾ ਮੁਖੀ ਨੂੰ ਇਕ ਹੋਰ ਟੀਚਾ ਇਹ ਵੀ ਸੌਂਪਿਆ ਗਿਆ ਕਿ ਉਹ ਬੰਗਲਾਦੇਸ਼ ਦੇ ਸੁਤੰਤਰਤਾ ਸੰਗਰਾਮੀਆਂ, ਬਾਗ਼ੀ ਆਰਮੀ ਅਫ਼ਸਰਾਂ, ਅਧਿਕਾਰੀਆਂ, ਭਾਰਤ ਦੀਆਂ ਖੁਫ਼ੀਆਂ ਏਜੰਸੀਆਂ ਅਤੇ ਹਥਿਆਰਬੰਦ ਸੈਨਾਵਾਂ ਦੇ ਕੁਝ ਗਿਣੇ-ਚੁਣੇ ਅਹੁਦੇਦਾਰਾਂ ਨੂੰ ਗੁਪਤ ਢੰਗ ਨਾਲ ਸੰਗਠਿਤ ਕਰਕੇ ਸ਼ਰਨਾਰਥੀ ਕੈਂਪਾਂ ਅੰਦਰ ‘ਮੁਕਤੀ ਬਾਹਿਨੀ’ ਨੂੰ ਗੁਰੀਲਾ ਫ਼ੌਜ ਵਜੋਂ ਤਿਆਰ ਕਰਨ ਤਾਂ ਕਿ ਪਾਕਿਸਤਾਨ ਨਾਲ ਬੰਗਲਾਦੇਸ਼ ਦੀ ਸਿਰਜਣਾ ਵਾਸਤੇ ਸਾਂਝੇ ਤੌਰ ‘ਤੇ ਜੰਗ ਲੜੀ ਜਾ ਸਕੇ।
ਚੋਣ
ਸੈਨਾ ਮੁਖੀ ਮਾਨਕਸ਼ਾਹ ਨੇ ਬੜੀ ਸੂਝਬੂਝ ਨਾਲ ਆਪਣੀ ਤਿਰਛੀ ਨਜ਼ਰ ਹਜ਼ਾਰਾਂ ਦੀ ਗਿਣਤੀ ਵਾਲੇ ਫ਼ੌਜ ਦੇ ਉੱਚ ਅਧਿਕਾਰੀਆਂ ਵੱਲ ਘੁਮਾਈ। ਤੀਖਣ ਬੁੱਧੀ ਵਾਲੇ, ਵਿਵਸਾਇਕ ਕਾਬਲੀਅਤ, ਜੰਗੀ ਤਜਰਬੇ, ਬੌਧਿਕ ਤੇ ਨੈਤਿਕ ਗੁਣਾਂ ਨਾਲ ਆਤਮ ਤਿਆਗ ਕਰਨ ਵਾਲੀ ਭਾਵਨਾ ਤੇ ਕੌਮੀ ਜਜ਼ਬੇ ਨੂੰ ਮੁੱਖ ਰੱਖਦਿਆਂ ਸੈਨਾ ਮੁਖੀ ਨੇ ਬ੍ਰਿਗੇਡੀਅਰ (ਬਾਅਦ ‘ਚ ਮੇਜਰ ਜਨਰਲ) ਸੁਬੇਗ ਸਿੰਘ ਦੀ ਚੋਣ ਕਰਕੇ ਇਹ ਕਰਤੱਵ ਸੌਂਪਿਆ ਕਿ ਉਹ ਮੁਕਤੀ ਬਾਹਿਨੀ ਨੂੰ ਲਾਮਬੰਦ ਕਰਕੇ ਯੁੱਧ ਕਲਾ ਬਾਰੇ ਸਿਖਲਾਈ, ਦਾਅ-ਪੇਚ ਸਿਖਾ ਕੇ ਜੰਗ ਦੇ ਮੈਦਾਨ ‘ਚ ਉਤਾਰਨ।

 
ਪਿਛਲੇ ਕਈ ਸਾਲਾਂ ਤੋਂ ਸਾਡੇ ਕੁਝ ਪਾਠਕ ਵਾਰ-ਵਾਰ ਮੈਨੂੰ ਕੁਝ ਇੰਜ ਕਹਿੰਦੇ ਰਹੇ ਹਨ, ‘ਬ੍ਰਿਗੇ: ਸਾਹਿਬ ਤੁਸੀਂ ਕਈ ਹੋਰ ਜਰਨੈਲਾਂ ਬਾਰੇ ਤਾਂ ਖੂਬ ਲਿਖਦੇ ਰਹਿੰਦੇ ਹੋ, ਕੁਝ ਸਾਡੇ ਜਰਨੈਲ ਸੁਬੇਗ ਸਿੰਘ ਬਾਰੇ ਵੀ ਲਿਖੋ’। ਹਕੀਕਤ ਤਾਂ ਇਹ ਵੀ ਹੈ ਕਿ ਮਾਨਕਸ਼ਾਹ ਖ਼ੁਦ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਪੈਦਾਇਸ਼ੀ ਹੋਣ ਦੇ ਨਾਤੇ ਆਪਣੇ ਗਰਾਈਂ ਸੁਬੇਗ ਸਿੰਘ ਨੂੰ ਬਚਪਨ ਤੋਂ ਹੀ ਜਾਣਦੇ ਸਨ। ਇਸ ਵਾਸਤੇ ਉਨ੍ਹਾਂ ਦੇ ਬਚਪਨ ਤੇ ਫ਼ੌਜੀ ਜੀਵਨ ਬਾਰੇ ਝਾਤ ਮਾਰਨੀ ਜ਼ਰੂਰੀ ਹੋ ਜਾਂਦੀ ਹੈ।
ਬਚਪਨ
ਸੁਬੇਗ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ‘ਚ ਪੈਂਦੇ ਪਿੰਡ ਖਿਆਲਾ ਦੇ ਨੰਬਰਦਾਰ ਸ: ਭਗਵਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਸੰਨ 1922 ‘ਚ ਜਨਮ ਲਿਆ। ਤਕਰੀਬਨ 100 ਕਿੱਲੇ ਜ਼ਮੀਨ ਦੇ ਮਾਲਕ ਪਿਤਾ ਨੇ ਸੁਬੇਗ ਸਿੰਘ ਨੂੰ ਸੈਕੰਡਰੀ ਵਿੱਦਿਆ ਵਾਸਤੇ ਖਾਲਸਾ ਕਾਲਜ ਅੰਮ੍ਰਿਤਸਰ ਭੇਜਿਆ ਤੇ ਫਿਰ ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਚਲੇ ਗਏ। ਬਚਪਨ ਤੋਂ ਹੀ ਸੁਬੇਗ ਸਿੰਘ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਤੇ ਉਸ ਨੇ 18 ਸਾਲਾਂ ਦੀ ਉਮਰ ‘ਚ 100 ਮੀਟਰ ਦੌੜ ‘ਚ ਭਾਰਤ ਦਾ ਰਿਕਾਰਡ ਬਰਾਬਰ ਕੀਤਾ ਤੇ ਹਾਕੀ, ਫੁੱਟਬਾਲ ਦਾ ਵੀ ਉਹ ਉੱਘਾ ਖਿਡਾਰੀ ਸੀ। ਸੰਨ 1940 ‘ਚ ਬ੍ਰਿਟਿਸ਼ ਇੰਡੀਆ ਸਰਕਾਰ ਦੀ ਟੀਮ ਫ਼ੌਜ ਦੇ ਅਫ਼ਸਰਾਂ ਦੀ ਚੋਣ ਕਰਨ ਖਾਤਰ ਕਾਲਜ ਪਹੁੰਚੀ ਤੇ ਉਥੋਂ ਢੇਰ ਸਾਰੇ ਵਿਦਿਆਰਥੀਆਂ ਵਿਚੋਂ ਕੇਵਲ ਇਕੋ-ਇਕ 6 ਫੁੱਟ ਤੋਂ ਵੱਧ ਉਚਾਈ ਚੌੜੇ ਸੀਨੇ ਤੇ ਫਰਕਦੇ ਡੋਲਿਆਂ ਵਾਲੇ ਗੱਭਰੂ ਸੁਬੇਗ ਸਿੰਘ ਦੀ ਚੋਣ ਕਰਕੇ ਉਸ ਨੂੰ ਅਫਸਰ ਟ੍ਰੇਨਿੰਗ ਅਕੈਡਮੀ ਭੇਜ ਦਿੱਤਾ।

 
ਫ਼ੌਜੀ ਜੀਵਨ

ਕਮਿਸ਼ਨ ਪ੍ਰਾਪਤ ਕਰਨ ਉਪਰੰਤ ਸੁਬੇਗ ਸਿੰਘ ਨੂੰ 2 ਪੰਜਾਬ ਰੈਜੀਮੈਂਟ ‘ਚ ਸ਼ਾਮਿਲ ਕਰ ਲਿਆ ਤੇ ਬਰਮਾ ਪਹੁੰਚ ਕੇ ਲੈਫਟੀਨੈਂਟ ਨੇ ਦੂਸਰੇ ਵਿਸ਼ਵ ਯੁੱਧ ‘ਚ ਅਣਥੱਕ ਯੋਗਦਾਨ ਪਾਇਆ। ਦੇਸ਼ ਦੀ ਵੰਡ ਤੋਂ ਬਾਅਦ ਉਸ ਦੀ ਪੋਸਟਿੰਗ 1 ਪੈਰਾ ਬਟਾਲੀਅਨ ‘ਚ ਹੋ ਗਈ, ਜਿਥੇ ਉਹ ਸੰਨ 1959 ਤੱਕ ਨਿਧੜਕ ਪੈਰਾ ਟਰੁੱਪਰ ਸਿੱਧ ਹੋਏ। ਸੰਨ 1947-48 ‘ਚ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨੀਆਂ ਦੇ ਦੰਦ ਖੱਟੇ ਕੀਤੇ। ਸਟਾਫ ਕਾਲਜ ਕਰਦੇ ਸਮੇਂ ਘੋੜ ਸਵਾਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ। ਫਿਰ ਸੰਨ 1962 ਦੀ ਜੰਗ ਸਮੇਂ ਕੋਰ ਹੈੱਡਕੁਆਰਟਰ ‘ਚ ਸਟਾਫ ਅਫਸਰ ਦੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਸੰਨ 1965 ਦੀ ਭਾਰਤ-ਪਾਕਿ ਜੰਗ ਸਮੇਂ ਉਨ੍ਹਾਂ 3/11 ਗੋਰਖਾ ਰਾਈਫਲਜ਼ ਪਲਟਨ ਦੀ ਮੋਹਰੇ ਲਗ ਕੇ ਕਮਾਨ ਕੀਤੀ।

 

ਪੁੰਛ ਤੋਂ ਹਾਜੀਪੀਰ ਨੂੰ ਜੋੜਨ ਖਾਤਰ ਤਕਰੀਬਨ 14 ਕਿਲੋਮੀਟਰ ਤੱਕ ਅੱਗੇ ਵਧਦੇ ਹੋਏ ਗੋਰਖੇ ਦੁਸ਼ਮਣ ਦਾ ਸਫਾਇਆ ਕਰਦੇ ਚਲੇ ਗਏ ਤੇ ਸਲੋਗ ਵਰਗੇ ਦੁਸ਼ਮਣ ਦੇ ਟਿਕਾਣਿਆਂ ਨੂੰ ਸਰ ਕਰਕੇ ਹਾਜੀਪੀਰ ਨੂੰ ਪੁੰਛ ਨਾਲ ਜੋੜ ਕੇ ਪੁਰਾਣੀ ਸੜਕ ਨੂੰ ਚਾਲੂ ਕਰਾ ਦਿੱਤਾ। ਫ਼ੌਜੀ ਹਲਕਿਆਂ ਵਿਸ਼ੇਸ਼ ਤੌਰ ‘ਤੇ ਗੋਰਖਿਆਂ ਅੰਦਰ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਮੇਜਰ (ਬਾਅਦ ‘ਚ ਲੈਫ. ਜਨਰਲ) ਰਣਜੀਤ ਦਿਆਲ ਨੇ 4 ਕਿਲੋਮੀਟਰ ਤੱਕ ਅੱਗੇ ਵਧ ਕੇ ਹਾਜੀਪੀਰ ਫ਼ਤਹਿ ਕੀਤਾ ਤੇ ਉਸ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਪਰ ਕਰਨਲ ਸੁਬੇਗ ਸਿੰਘ ਨੂੰ ‘ਮੈਨਸ਼ਿਨ ਇਨ ਡਿਸਪੈਚਿਸ’ ਭਾਵ ਕਿ ਸਭ ਤੋਂ ਹੇਠਲੀ ਪੱਧਰ ਵਾਲਾ ਬਹਾਦਰੀ ਪੁਰਸਕਾਰ ਹੀ ਦਿੱਤਾ ਗਿਆ। ਖ਼ੈਰ, ਸੰਨ 1969 ‘ਚ ਬ੍ਰਿਗੇ: ਸੁਬੇਗ ਸਿੰਘ ਨੂੰ ਨਾਗਾਲੈਂਡ ਡਵੀਜ਼ਨ ਦੇ ਡਿਪਟੀ ਜੀ.ਓ.ਸੀ. ਵਜੋਂ ਉਨ੍ਹਾਂ ਵਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਤੇ ਅਹਿਮ ਭੂਮਿਕਾ ਨਿਭਾਉਣ ਸਦਕਾ ਰਾਸ਼ਟਰਪਤੀ ਵਲੋਂ ਅਤੀ ਵਸ਼ਿਸ਼ਟ ਸੇਵਾ ਮੈਡਲ (ਏ.ਵੀ.ਐਸ.ਐਮ.) ਨਾਲ ਨਿਵਾਜਿਆ ਗਿਆ।

 

ਬ੍ਰਿਗੇ: ਸੁਬੇਗ ਸਿੰਘ ਦੀ ਬਹੁਤ ਵੱਡੀ ਤੇ ਬਹੁਖੰਡੀ ਮੁਕਤੀ ਬਾਹਿਨੀ ਕਮਾਂਡ ਹੇਠ ਪਾਕਿਸਤਾਨ ਦੇ ਬਾਗ਼ੀ ਅਫਸਰਾਂ ਜਿਵੇਂ ਕਿ ਜਨਰਲ ਉਸਮਾਨੀ, ਸਲਾਹਕਾਰ ਮੇਜਰ ਜੀਆ ਉਰ-ਰਹਿਮਾਨ, ਮੁਹੰਮਦ ਮੁਸਤਾਕ (ਬਾਅਦ ‘ਚ ਬੰਗਲਾਦੇਸ਼ ਫ਼ੌਜ ਦੇ ਸੈਨਾ ਮੁਖੀ) ਅਤੇ ਹੋਰ ਅਨੇਕਾਂ ਅਫਸਰਾਂ ਤੇ ਹੇਠਲੇ ਰੈਂਕ ਵਾਲੀ ਡੇਢ ਲੱਖ ਫ਼ੌਜ ਨੂੰ ਬੜੀ ਗੁਪਤਤਾ ਨਾਲ ਲਾਮਬੰਦ ਕਰਕੇ ਉਨ੍ਹਾਂ ਨੂੰ ਹਰ ਕਿਸਮ ਦੀ ਸਿਖਲਾਈ ਦੇ ਕੇ ਵਿਦਰੋਹੀਆਂ ਨੂੰ ਵੀ ਇਕ ਮਾਲਾ ‘ਚ ਪਰੋਅ ਕੇ ਬੜੀ ਤੀਬਰਤਾ ਨਾਲ ਭਾਰਤੀ ਫ਼ੌਜ ਨਾਲ ਜੁੜ ਕੇ ਰਵਾਇਤੀ ਤੇ ਗੁੱਝੀ ਜੰਗ ਲੜੀ ਤੇ ਮੁਕਤੀ ਬਾਹਿਨੀ ਨੇ ਸੁਬੇਗ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ‘ਤੇ ਗਾਜ਼ੀਪੀਰ, ਗਲਹੋਟੀ, ਗਰੀਬਪੁਰ, ਧਲੇਈ, ਰੰਗਮਤੀ ਅਤੇ ਕੁਸ਼ਤੀਆਂ ਆਦਿ ਲੜਾਈਆਂ ਜਿੱਤੀਆਂ। ਬੰਗਲਾਦੇਸ਼ ਦੀ ਲੜਾਈ ਉਪਰੰਤ ਉਨ੍ਹਾਂ ਵਲੋਂ ਪਾਏ ਗਏ ਉੱਚ ਕੋਟੀ ਦੇ ਯੋਗਦਾਨ ਵਜੋਂ ਮਾਨਕਸ਼ਾਹ ਦੀ ਸਿਫ਼ਾਰਸ਼ ‘ਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ‘ਪਰਮ ਵਸ਼ਿਸ਼ਟ ਸੇਵਾ ਮੈਡਲ’ (ਪੀ.ਵੀ.ਐਸ.ਐਮ.) ਨਾਲ ਨਿਵਾਜਿਆ ਤੇ ਮੇਜਰ ਜਨਰਲ ਰੈਂਕ ਦੀ ਤਰੱਕੀ ਬਖ਼ਸ਼ੀ।
ਸਮੀਖਿਆ
ਮੇਜਰ ਜਨਰਲ ਸੁਬੇਗ ਸਿੰਘ, ਪੰਜਾਬੀ, ਅੰਗਰੇਜ਼ੀ, ਹਿੰਦੀ ਤੋਂ ਇਲਾਵਾ ਪਰਸ਼ੀਅਨ, ਉਰਦੂ ਤੇ ਗੋਰਖਾਲੀ ਭਾਸ਼ਾ ‘ਚ ਵਾਰਤਾਲਾਪ ਦੀ ਬੇਅਟਕ ਢਾਲ ‘ਚ ਆਪਣਾ ਪੱਖ ਪੇਸ਼ ਕਰਨ ਵਾਲਾ ਮਿਲਟਰੀ ਇਤਿਹਾਸ ਦਾ ਮਾਹਿਰ ਅਤੇ ਉਸ ਨੂੰ ਵਿਸ਼ਵ ਪ੍ਰਸਿੱਧ ਜੰਗਾਂ ਤੇ ਜਰਨੈਲਾਂ ਦੀ ਜੀਵਨੀਆਂ ਬਾਰੇ ਭਰਪੂਰ ਜਾਣਕਾਰੀ ਰੱਖਣ ਕਾਰਨ ਉਸ ਦੇ ਸਾਥੀ ਤੇ ਉੱਚ ਅਧਿਕਾਰੀ ਉਸ ਦੀ ਬੇਹੱਦ ਇੱਜ਼ਤ ਕਰਦੇ ਸਨ। ਸ਼ਾਇਦ ਉਸ ਦੇ ਬਹੁਪੱਖੀ ਗੁਣਾਂ ਤੇ ਯੋਗਤਾ ਕਾਰਨ ਹੀ ਸੈਨਾ ਮੁਖੀ ਨੇ ਉਸ ਨੂੰ ਇਹ ਟੀਚਾ ਸੌਂਪਿਆ ਸੀ। ਹਕੀਕਤ ਤਾਂ ਇਹ ਹੈ ਕਿ ਮਾਨਕਸ਼ਾਹ ਖ਼ੁਦ ਗੋਰਖਾ ਰੈਜੀਮੈਂਟ ਦੇ ਹੋਣ ਕਾਰਨ ਸੁਬੇਗ ਸਿੰਘ ਦੇ ਕੁਰਬਾਨੀ ਵਾਲੇ ਜਜ਼ਬੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ।

 

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਨਰਲ ਸੁਬੇਗ ਸਿੰਘ ਨੇ ਗੁੱਝੀ ਜੰਗ ਲੜਦੇ ਸਮੇਂ 7 ਮਹੀਨਿਆਂ ਤੱਕ ਆਪਣੇ ਘਰ ਵਾਲਿਆਂ ਨੂੰ ਨਾ ਤੇ ਕੋਈ ਚਿੱਠੀ ਲਿਖੀ ਅਤੇ ਨਾ ਹੀ ਸੂਹ ਲੱਗਣ ਦਿੱਤੀ ਕਿ ਉਹ ਲੁਕ-ਛੁਪ ਕੇ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਹੇ ਹਨ। ਇਹ ਹੈ ਕੌਮੀ ਜਜ਼ਬੇ ਵਾਲੀ ਭਾਵਨਾ ਤੇ ਕਿੱਤੇ ਨਾਲ ਲਗਾਓ।

 

ਫੀਲਡ ਮਾਰਸ਼ਲ ਸੈਮ ਤਾਂ ਹਮੇਸ਼ਾ ਕਿਹਾ ਕਰਦੇ ਸਨ ਕਿ ‘ਜੇਕਰ ਕੋਈ ਇਹ ਕਹਿੰਦਾ ਹੈ ਕਿ ਉਸ ਨੂੰ ਡਰ ਨਹੀਂ ਲਗਦਾ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਜਾਂ ਫਿਰ ਉਹ ਗੋਰਖਾ ਹੈ’ ਮਾਨਕਸ਼ਾਹ ਦਾ ਇਹ ਫੁਰਮਾਨ ਨਿਧੜਕ ਜਨਰਲ ਸੁਬੇਗ ਸਿੰਘ ਦੇ ਜੀਵਨ ‘ਚ ਵੀ ਸ਼ਹਾਦਤ ਤੱਕ ਇਨ-ਬਿਨ ਢੁਕਦਾ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਜਨਰਲ ਅਫਸਰ ਕਮਾਂਡਿੰਗ ਮੱਧ ਪ੍ਰਦੇਸ਼, ਬਿਹਾਰ ਤੇ ਉੜੀਸਾ ਇਲਾਕਾ ਹੋਣ ਦੇ ਨਾਤੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਜਦੋਂ ਕੇਂਦਰ ਸਰਕਾਰ ਨੇ ਜੈ ਪ੍ਰਕਾਸ਼ ਨਾਰਾਇਣ ਨੂੰ ਕੈਦ ਕਰਨ ਲਈ ਹੁਕਮ ਦਿੱਤਾ ਤਾਂ ਉਸ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਨੇ ਆਪਣੇ ਸੈਨਾ ਮੁਖੀ ਜਨਰਲ ਰਾਈਨਾ ਵਿਰੁੱਧ ਭ੍ਰਿਸ਼ਟਾਚਾਰ ਦੀ ਰਿਪੋਰਟ ਕੀਤੀ ਜੋ ਕਿ ਰਫ਼ਾ-ਦਫ਼ਾ ਕਰ ਦਿੱਤੀ ਗਈ। ਬਦਲਾ ਲੈਣ ਦੀ ਭਾਵਨਾ ਨਾਲ ਸੁਬੇਗ ਸਿੰਘ ਨੂੰ ਸੇਵਾ-ਮੁਕਤੀ ਤੋਂ ਇਕ ਦਿਨ ਪਹਿਲਾਂ ਇਹ ਆਰਮੀ ਐਕਟ ਲਗਾ ਕੇ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਕਿ ਉਸ ਨੇ ਪੋਸਟਿੰਗ ਸਮੇਂ 2500 ਰੁਪਏ ਦਾ ਗਿਫਟ ਸਵੀਕਾਰ ਕੀਤਾ ਸੀ ਅਤੇ ਕੁਝ ਹੋਰ ਨੁਕਤੇ ਵੀ ਉਠਾਏ ਗਏ।
ਦਰਅਸਲ ਇਸ ਕਿਸਮ ਦੇ ਵਿਤਕਰੇ ਵਾਲੀ ਭਾਵਨਾ ਪਹਿਲਾਂ ਵੀ ਤੇ ਵਿਸ਼ੇਸ਼ ਤੌਰ ‘ਤੇ 1980 ਦੇ ਦਹਾਕੇ ਦੌਰਾਨ ਸਿੱਖ ਫ਼ੌਜੀ ਅਫਸਰਾਂ ਵਿਰੁੱਧ ਦੇਖਣ ਨੂੰ ਮਿਲਦੀ ਰਹੀ ਜੋ ਕਿ ਬਹੁਤ ਹੀ ਮੰਦਭਾਗੀ ਸਰਕਾਰ ਦੀ ਨੀਤੀ ਸੀ। ਕਾਸ਼! ਕਿ ਉਸ ਸਮੇਂ ਫੀਲਡ ਮਾਰਸ਼ਲ ਮਾਨਕਸ਼ਾਹ ਸੈਨਾ ਮੁਖੀ ਹੁੰਦੇ ਤਾਂ ਉਨ੍ਹਾਂ ਨਾਲ ਬੇਇਨਸਾਫ਼ੀ ਤੇ ਈਰਖਾ ਨਾ ਹੁੰਦੀ? ਬਾਅਦ ‘ਚ ਜਨਰਲ ਸੁਬੇਗ ਸਿੰਘ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਏ ਸਨ।

-ਲੇਖਕ : ਰੱਖਿਆ ਵਿਸ਼ਲੇਸ਼ਕ
ਫੋਨ : 0172-2740991.

ਟਿੱਪਣੀ ਕਰੋ:

About webmaster

Scroll To Top