Home / ਚੋਣਵੀ ਖਬਰ/ਲੇਖ / ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ‘ਚ ਲਗਾਤਾਰ ਕੁੜਤਣ ਵਧਣ ਦੇ ਸੰਕੇਤ

-ਮੇਜਰ ਸਿੰਘ

 

ਪੰਜਾਬ ਅੰਦਰ ਨੌਾ ਮਹੀਨੇ ਪਹਿਲਾਂ ਹੋਂਦ ਵਿਚ ਆਈ ਕੈਪਟਨ ਸਰਕਾਰ ਵਲੋਂ ਵੱਖ-ਵੱਖ ਮੌਕਿਆਂ ਚੁੱਕੇ ਕਦਮਾਂ ਤੇ ਧਾਰਨ ਕੀਤੇ ਵਤੀਰੇ ਕਾਰਨ ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ਦਰਮਿਆਨ ਲਗਾਤਾਰ ਕੁੜੱਤਣ ਵਧਣ ਦੇ ਸੰਕੇਤ ਮਿਲ ਰਹੇ ਹਨ । ਪਿਛਲੇ ਮਹੀਨੇ ਮਿਲ ਕੇ ਕੀਤੇ ਕਤਲਾਂ ਦਾ ਮਾਮਲਾ ਹੱਲ ਕਰਨ ਦੇ ਦਾਅਵੇ ਤਹਿਤ ਗਿ੍ਫ਼ਤਾਰ ਕੀਤੇ ਬਰਤਾਨਵੀ ਨਾਗਰਿਕ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਦੀ ਗਿਰਫ਼ਤਾਰੀ ਵਿਰੁੱਧ ਵੱਖ-ਵੱਖ ਦੇਸ਼ਾਂ ਵਿਚ ਵੱਡਾ ਬਵਾਲ ਖੜ੍ਹਾ ਹੋਇਆ ਹੈ ਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਾਮਲਾ ਇਕ ਵਾਰ ਫਿਰ ਵਿਦੇਸ਼ੀ ਸਿੱਖਾਂ ਵਿਚ ਚਰਚਿਤ ਵਿਸ਼ਾ ਬਣ ਗਿਆ ਹੈ ।

ਜਗਤਾਰ ਸਿੰਘ ਜੱਗੀ ਅਤੇ ਤਲਜੀਤ ਸਿੰਘ ਜ਼ਿੰਮੀ ਪੁਲਿਸ ਹਿਰਾਸਤ ਵਿੱਚ (ਪੁਰਾਣੀ ਤਸਵੀਰ)

ਨਵੇਂ ਉੱਠ ਰਹੇ ਬਾਵੇਲੇ ਦਾ ਫ਼ੌਰੀ ਅਸਰ ਇਹ ਹੋਇਆ ਨਜ਼ਰ ਆ ਰਿਹਾ ਹੈ ਕਿ ਵਿਦੇਸ਼ਾਂ ‘ਚ ਵਸੇ ਸਿੱਖਾਂ ਨੇ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਪੰਜਾਬ ਭੇਜਣ ਜਾਂ ਲਿਆਉਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਪੱਤਰਕਾਰ ਵਲੋਂ ਵੱਖ-ਵੱਖ ਵਿਦੇਸ਼ਾਂ ‘ਚ ਵਸਦੇ ਸਿੱਖਾਂ ਨਾਲ ਸੰਪਰਕ ਕਰ ਕੇ ਪਤਾ ਲਗਾਇਆ ਹੈ ਕਿ ਇੰਗਲੈਂਡ ਦੇ ਬਰਮਿੰਘਮ ਖੇਤਰ ਅਤੇ ਕੈਨੇਡਾ ਦੇ ਵੈਨਕੂਵਰ ਤੋਂ ਦਰਜਨ ਦੇ ਕਰੀਬ ਪਰਿਵਰਾਂ ਨੇ ਆਪਣੇ ਨੌਜਵਾਨਾਂ ਨੰੂ ਨਾਲ ਲੈ ਕੇ ਦਸੰਬਰ ਮਹੀਨੇ ਹੋਣ ਵਾਲੇ ਵਿਆਹਾਂ ‘ਚ ਸ਼ਾਮਿਲ ਹੋਣ ਦੇ ਪ੍ਰੋਗਰਾਮ ਹੀ ਮੁਲਤਵੀ ਕਰ ਦਿੱਤੇ ਹਨ । ਵਿਦੇਸ਼ੀ ਸਿੱਖਾਂ ਤੇ ਪੰਜਾਬ ਸਰਕਾਰ ਦੇ ਸਬੰਧਾਂ ਵਿਚ ਆਈ ਖਟਾਸ ਦਾ ਹੀ ਨਤੀਜਾ ਹੈ ਕਿ ਹੁਣ ਪ੍ਰਵਾਸੀ ਪੰਜਾਬੀਆਂ ਤੋਂ ਰਾਜ ਅੰਦਰ ਪੂੰਜੀ ਨਿਵੇਸ਼ ਦਾ ਏਜੰਡਾ ਹੀ ਗਾਇਬ ਹੈ ਤੇ ਇਸ ਵਰ੍ਹੇ ਨਾ ਕੋਈ ਪੰਜਾਬੀ ਪ੍ਰਵਾਸੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਤੇ ਨਾ ਹੀ ਐਨ. ਆਰ. ਆਈ. ਸਭਾ ਦਾ ਕੋਈ ਸਮਾਗਮ ਹੋ ਰਿਹਾ ਹੈ । ਪਹਿਲਾਂ ਹਰ ਸਾਲ ਦਸੰਬਰ ਮਹੀਨੇ ਅਜਿਹੇ ਸਮਾਗਮ ਕਰਵਾਏ ਜਾਂਦੇ ਰਹੇ ਹਨ ।

 

ਜਗਤਾਰ ਸਿੰਘ ਜੌਹਲ ਦੀ ਗਿਰਫ਼ਤਾਰੀ ਬਾਰੇ ਇਕ ਪਾਸੇ ਕੌਮਾਂਤਰੀ ਪੱਧਰ ‘ਤੇ ਮੁੱਦਾ ਭਖ ਚੁੱਕਾ ਹੈ, ਪਰ ਦੂਜੇ ਪਾਸੇ ਉਸ ਦੇ ਕਿਸੇ ਕਤਲ ਜਾਂ ਕਤਲਾਂ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਬਾਰੇ ਸਬੂਤ ਪੇਸ਼ ਕਰਨ ਲਈ ਅੱਜ ਤੱਕ ਕੋਈ ਪੁਲਿਸ ਅਧਿਕਾਰੀ ਜਾਂ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਅੱਗੇ ਆਉਣ ਲਈ ਤਿਆਰ ਨਹੀਂ । ਵਿਦੇਸ਼ਾਂ ਵਿਚ ਖ਼ਾਸ ਕਰ ਸੋਸ਼ਲ ਮੀਡੀਆ ‘ਤੇ ਸਿੱਖਾਂ ਨਾਲ ਬੇਇਨਸਾਫ਼ੀ ਤੇ ਵਿਤਕਰੇ ਬਾਰੇ ਵੱਡੀ ਮੁਹਿੰਮ ਚੱਲ ਰਹੀ ਹੈ ।

 

ਸਰਕਾਰ ਇਸ ਮੁਹਿੰਮ ਦਾ ਟਾਕਰਾ ਕਰਨ ਤੇ ਇਹ ਦਿਖਾਉਣ ਕਿ ਸਿੱਖਾਂ ਨਾਲ ਕਿਤੇ ਵੀ ਬੇਇਨਸਾਫ਼ੀ ਨਹੀਂ ਹੋ ਰਹੀ, ਦੀ ਬਜਾਏ ਉਲਟਾ ਸਗੋਂ ਅਜਿਹੀਆਂ ਗੱਲਾਂ ਕਰਨ ਵਾਲਿਆਂ ਨੰੂ ਦੇਸ਼ ਵਿਰੋਧੀ ਤੇ ਅੱਤਵਾਦੀ ਗਰਦਾਨਣ ਵੱਲ ਹੀ ਵਧੇਰੇ ਉਤਸ਼ਾਹਤ ਹੈ । ਜੌਹਲ ਦੀ ਗਿਰਫ਼ਤਾਰੀ ਬਾਰੇ ਵੀ ਸੀਨੀਅਰ ਪੁਲਿਸ ਅਫ਼ਸਰਾਂ ਵਲੋਂ ਅਜਿਹੀਆਂ ਹੀ ਖ਼ਬਰਾਂ ਛਪਾਈਆਂ ਗਈਆਂ ਕਿ ਉਹ ‘ਜੂਨ 1984’ ਵੈੱਬਸਾਈਟ ਬਣਾ ਕੇ ਸਿੱਖਾਂ ਨੰੂ ਇਨਸਾਫ਼ ਬਾਰੇ ਗੱਲਾਂ ਕਰਦਾ ਸੀ । ਅਜਿਹੇ ਬਿਆਨਾਂ ਤੋਂ ਪ੍ਰਭਾਵ ਇਹੀ ਜਾਂਦਾ ਹੈ ਕਿ ਸਿੱਖਾਂ ਲਈ ਇਨਸਾਫ਼ ਮੰਗਣਾ ਹੀ ਜਿਵੇਂ ਗੁਨਾਹ ਹੈ । ਉਕਤ ਸਾਰੇ ਪੱਖਾਂ ਤੋਂ ਇਹੀ ਸੰਕੇਤ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਤੇ ਵਿਦੇਸ਼ੀ ਸਿੱਖਾਂ ਵਿਚਕਾਰ ਵਧ ਰਹੀ ਕੁੜੱਤਣ ਸ਼ੁੱਭ ਸੰਕੇਤ ਸੰਕੇਤ ਨਹੀਂ ਹੈ । 

 

ਟਿੱਪਣੀ ਕਰੋ:

About webmaster

Scroll To Top