Home / ਚੋਣਵੀ ਖਬਰ/ਲੇਖ / ਬਹੁ-ਪੱਖੀ ਰਚਨਾਕਾਰ ਭਾਈ ਵੀਰ ਸਿੰਘ

ਬਹੁ-ਪੱਖੀ ਰਚਨਾਕਾਰ ਭਾਈ ਵੀਰ ਸਿੰਘ

-ਡਾ. ਬਲਦੇਵ ਸਿੰਘ ਧਾਲੀਵਾਲ

 
 ਭਾਈ ਵੀਰ ਸਿੰਘ ਦੀ ਜੀਵਨ-ਦ੍ਰਿਸ਼ਟੀ ਨੂੰ ਵਧੇਰੇ ਯਥਾਰਥਕ ਢੰਗ ਨਾਲ ਇਸ ਲਈ ਵੀ ਨਹੀਂ ਸਮਝਿਆ ਜਾ ਸਕਿਆ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ-ਅਨੁਭਵਾਂ ਅਤੇ ਸਿਰਜਣ-ਪ੍ਰਕਿਰਿਆ ਬਾਰੇ ਸਿੱਧੇ ਰੂਪ ’ਚ ਕੁਝ ਨਹੀਂ ਲਿਖਿਆ। ਉਨ੍ਹਾਂ ਦੀ ਜੀਵਨ-ਦ੍ਰਿਸ਼ਟੀ ਨੂੰ ਉਨ੍ਹਾਂ ਦੀ ਰਚਨਾ ਵਿੱਚੋਂ ਹੀ ਖੋਜਿਆ ਜਾ ਸਕਦਾ ਹੈ।

10212102CD _BHAI VEER SINGH JI

 
ਭਾਈ ਵੀਰ ਸਿੰਘ (5.12.1872 – 10.6.1957) ਦੀ ਪੈਦਾਇਸ਼ ਅੰਮ੍ਰਿਤਸਰ ਵਿੱਚ ਡਾ. ਚਰਨ ਸਿੰਘ ਦੇ ਘਰ ਇੱਕ ਸਿੱਖ ਪਰਿਵਾਰ ਵਿੱਚ ਹੋਈ। ਉਨ੍ਹਾਂ ਦਾ ਖ਼ਾਨਦਾਨ ਦੀਵਾਨ ਕੌੜਾ ਮੱਲ ਦੀ ਅੰਸ਼ ਵਿੱਚੋਂ ਸੀ ਜਿਸ ਨੇ 18ਵੀਂ ਸਦੀ ਵਿੱਚ ਮੁਗ਼ਲ ਸ਼ਾਸਕਾਂ ਵੱਲੋਂ ਸਿੱਖਾਂ ਉੱਤੇ ਕੀਤੇ ਜਾਂਦੇ ਘੋਰ ਅੱਤਿਆਚਾਰਾਂ ਨੂੰ ਘੱਟ ਕਰਾਉਣ ਲਈ ਦੋਵਾਂ ਧਿਰਾਂ ਵਿੱਚ ਸੁਲ੍ਹਾ ਕਰਾਉਣ ਦੇ ਯਤਨ ਕੀਤੇ ਸਨ।

 

 

ਦੀਵਾਨ ਕੌੜਾ ਮੱਲ ਨੂੰ ਪਿਆਰ ਤੇ ਸਤਿਕਾਰ ਨਾਲ ਸਿੱਖ ਸੰਗਤ ਮਿੱਠਾ ਮੱਲ ਕਹਿ ਕੇ ਯਾਦ ਕਰਦੀ ਸੀ। ਅਜਿਹੇ ਸਿੱਖ ਵਿਰਸੇ ਨੇ ਭਾਈ ਵੀਰ ਸਿੰਘ ਨੂੰ ਸਿੱਖੀ ਵੱਲ ਪ੍ਰੇਰਿਆ। ਭਾਈ ਵੀਰ ਸਿੰਘ ਦੇ ਸਹਿਜ-ਬੋਧ ਨੂੰ ਵਿਕਸਿਤ ਕਰਨ ਵਿੱਚ ਸਿੱਖ ਵਿਰਸੇ ਅਤੇ ਪਿਤਾ-ਪੁਰਖੀ ਵਿਗਿਆਨਕ ਭਾਂਤ ਦੇ ਕਿੱਤੇ ਦਾ ਡੂੰਘਾ ਪ੍ਰਭਾਵ ਸੀ। ਛੋਟੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਨੇ ਸੰਸਕ੍ਰਿਤ, ਫ਼ਾਰਸੀ, ਉਰਦੂ, ਬ੍ਰਜ ਭਾਸ਼ਾ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਚੰਗੀ ਮੁਹਾਰਤ ਹਾਸਿਲ ਕਰ ਲਈ ਸੀ।

 

ਵਿੱਦਿਆ ਪ੍ਰਾਪਤੀ ਪਿੱਛੋਂ ਕਿੱਤੇ ਦੀ ਚੋਣ ਸਬੰਧੀ ਭਾਈ ਵੀਰ ਸਿੰਘ ਸਾਹਮਣੇ ਸਾਰੇ ਹੀ ਰਸਤੇ ਖੁੱਲ੍ਹੇ ਸਨ, ਪਰ ਉਨ੍ਹਾਂ ਨੇ ਆਪਣੇ ਸਮੇਂ ਦੇ ਪ੍ਰਚੱਲਿਤ ਰੁਝਾਨ ਦੇ ਉਲਟ ਸਰਕਾਰੀ ਨੌਕਰੀ ਕਰਨੀ ਸਵੀਕਾਰ ਨਾ ਕੀਤੀ। ਉਨ੍ਹਾਂ ਨੇ ਨੌਕਰੀ ਦੀ ਥਾਂ ਆਪਣਾ ਪ੍ਰਿੰਟਿੰਗ ਪ੍ਰੈੱਸ ਲਾ ਕੇ ਕਾਰੋਬਾਰ ਸ਼ੁਰੂ ਕੀਤਾ ਜਿਸ ਦਾ ਉਨ੍ਹਾਂ ਨੇ ‘ਵਜ਼ੀਰ ਹਿੰਦ ਪ੍ਰੈਸ’ ਰੱਖਿਆ। ਛਾਪੇਖਾਨੇ ਦੇ ਨਾਂ ਵਿੱਚ ਵਰਤਿਆ ਸ਼ਬਦ ‘ਹਿੰਦ’ ਅਤੇ ਸਰਕਾਰੀ ਨੌਕਰੀ ਨਾ ਕਬੂਲ ਕੇ ਬਸਤੀਵਾਦੀ ਹਕੂਮਤ ਦੇ ਗ਼ੁਲਾਮ ਬਣਨ ਤੋਂ ਇਨਕਾਰ ਦੀ ਭਾਵਨਾ ਇਹ ਦੱਸਦੇ ਹਨ ਕਿ ਭਾਈ ਵੀਰ ਸਿੰਘ ਵਿੱਚ ਕੌਮੀ ਚੇਤਨਾ ਦਾ ਬੀਜ ਫੁੱਟ ਚੁੱਕਿਆ ਸੀ। ਭਾਈ ਵੀਰ ਸਿੰਘ ਵਿੱਚ ਮੱਧ-ਵਰਗੀ ਦ੍ਰਿਸ਼ਟੀ ਵੀ ਪੈਦਾ ਹੋ ਰਹੀ ਸੀ, ਉਨ੍ਹਾਂ ਨੂੰ ਲੀਹੋਂ ਹਟ ਕੇ ਵਿਅਕਤੀਵਾਦੀ ਸੋਚ ਅਨੁਸਾਰ ਚੱਲਣ ਦੀ ਚਾਹ ਵੀ ਸੀ। ਉਨ੍ਹਾਂ ਨੇ ਆਪਣੀ ਗੱਲ ਕਹਿਣ ਵਾਸਤੇ ਬ੍ਰਜ ਭਾਸ਼ਾ ਜਾਂ ਫ਼ਾਰਸੀ ਦੀ ਥਾਂ ਪੰਜਾਬੀ ਦੀ ਚੋਣ ਕਰਕੇ ਨਵੀਆਂ ਲੀਹਾਂ ਪਾਉਣ ਦਾ ਸਬੂਤ ਦਿੱਤਾ।

 
7 copyਉਨ੍ਹਾਂ ਨੇ 1893-94 ਵਿੱਚ ਖਾਲਸਾ ਟ੍ਰੈਕਟ-ਸੋਸਾਇਟੀ ਦੀ ਨੀਂਹ ਰੱਖੀ। ਇਸ ਤੋਂ ਬਾਅਦ 1899 ਵਿੱਚ ਹਫ਼ਤਾਵਾਰੀ ਅਖ਼ਬਾਰ ‘ਖਾਲਸਾ ਸਮਾਚਾਰ’ ਸ਼ੁਰੂ ਕੀਤਾ। ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ 1901 ਵਿੱਚ ਕੀਤੀ।    

 

ਭਾਈ ਵੀਰ ਸਿੰਘ ਨੇ ਮੁੱਢਲੇ ਰੂਪ ਵਿੱਚ ਲਿਖਣਾ ਵੀ ਆਪਣੇ ਕਿੱਤੇ ਦੀਆਂ ਲੋੜਾਂ ਅਨੁਸਾਰ ਸ਼ੁਰੂ ਕੀਤਾ, ਪਰ ਹੌਲੀ ਹੌਲੀ ਇਹ ਕਾਰਜ ਉਨ੍ਹਾਂ ਨੂੰ ਪੁਨਰ-ਜਾਗਰਤੀ ਦੀਆਂ ਲਹਿਰਾਂ ਨਾਲ ਜੋੜਨ ਵਾਲਾ ਹੋ ਨਿੱਬੜਿਆ। ਉਪਰੰਤ ਉਹ ਸੁਚੇਤ ਭਾਂਤ ਸਿੰਘ ਸਭਾ ਲਹਿਰ ਅਤੇ ਚੀਫ਼ ਖਾਲਸਾ ਦੀਵਾਨ ਦੇ ਪਿਛੋਕੜ ਕਾਰਨ ਪੁਨਰ-ਜਾਗਰਤੀ ਦੀਆਂ ਭਾਰਤੀ ਲਹਿਰਾਂ ਵਾਲੇ ਰਾਹ ਤੁਰਨ ਲਈ ਯਤਨਸ਼ੀਲ ਹੋ ਗਏ। ਮੋੜਵੇਂ ਰੂਪ ਵਿੱਚ ਇਨ੍ਹਾਂ ਲਹਿਰਾਂ ਨੇ ਭਾਈ ਵੀਰ ਸਿੰਘ ਦੀ ਲਿਖਣ ਦੀ ਚੇਸ਼ਟਾ, ਲਿਖਣ ਸਮਰੱਥਾ ਅਤੇ ਲਿਖਣ-ਮਾਤਰਾ ਉੱਤੇ ਬਹੁਪੱਖੀ ਪ੍ਰਭਾਵ ਪਾਏ।

 
ਭਾਈ ਵੀਰ ਸਿੰਘ ‘ਖਾਲਸਾ ਸਮਾਚਾਰ’ ਦੇ ਸੰਪਾਦਕੀ ਲੇਖਾਂ ਰਾਹੀਂ ਸਿੱਖ ਧਰਮ ਅਤੇ ਵਿਵਹਾਰ ਵਿੱਚ ਆ ਚੁੱਕੀ ਗਿਰਾਵਟ ਨੂੰ ਦੂਰ ਕਰਨ ਲਈ ਉਪਰਾਲੇ ਕਰਦੇ ਰਹੇ। ਭਾਈ ਵੀਰ ਦੀ ਰਚਨਾ ਦੀਆਂ ਮੁੱਖ ਪ੍ਰੇਰਕ ਬਣੀਆਂ ਪੁਨਰ-ਜਾਗਰਤੀ ਦੀਆਂ ਲਹਿਰਾਂ ਉਸ ਨਵੇਂ ਮੱਧਵਰਗ ਦੀ ਵਿਚਾਰਧਾਰਾ ਦਾ ਪ੍ਰਗਟਾ ਕਰਨ ਵਾਲੀਆਂ ਹੀ ਸਨ ਜਿਹੜਾ ਪੱਛਮੀ ਵਿੱਦਿਆ ਨਾਲ ਨਵਾਂ ਨਵਾਂ ਹੀ ਹੋਂਦ ਵਿੱਚ ਆਇਆ ਸੀ।

 

 

ਜਨ-ਅੰਦੋਲਨ ਤੋਂ ਟੁੱਟਿਆ ਹੋਣ ਕਰਕੇ, ਬਸਤੀਵਾਦੀ ਰਾਜਸੀ ਸ਼ਕਤੀ ਦੇ ਨਿਕਟਵਰਤੀ ਅਨੁਭਵ ਸਦਕਾ ਅਤੇ ਆਪਣੀ ਅਸਥਿਰ ਤੇ ਨਿਗੂਣੀ ਹੋਂਦ ਦੇ ਅਹਿਸਾਸ ਕਰਕੇ ਇਹ ਮੱਧਵਰਗ ਹਕੂਮਤ ਤੋਂ ਭੈਅਭੀਤ ਸੀ, ਪਰ ਨਾਲ ਹੀ ਨਵੇਂ ਗਿਆਨ ਰਾਹੀਂ ਪੈਦਾ ਹੋਏ ਨਵੇਂ ਸੰਸਾਰ ਦੀ ਸਿਰਜਣਾ ਦੇ ਸੁਪਨੇ ਮਨ ਵਿੱਚ ਵਸਾ ਲੈਣ ਕਰਕੇ ਕੁਝ ਕਰ ਗੁਜ਼ਰਨ ਲਈ ਕਾਹਲਾ ਸੀ। ਇਸੇ ਲਈ ਬਸਤੀਵਾਦੀ ਸਾਮਰਾਜ ਦੀਆਂ ਬਰਕਤਾਂ ਦੇ ਗੁਣ-ਗਾਣ ਰਾਹੀਂ ਜਿੱਥੇ ਇਸ ਨੇ ਉਸ ਦੀ ਸਥਾਪਤੀ ਵਿੱਚ ਯੋਗਦਾਨ ਪਾਇਆ, ਉੱਥੇ ਵਿਰੋਧ ਦਾ ਸੁਰ ਵੀ ਉੱਚਾ ਕੀਤਾ। ਭਾਈ ਵੀਰ ਸਿੰਘ ਦੀ ਵਿਚਾਰਧਾਰਾ ਇਸ ਭਾਰਤੀ ਮੱਧਵਰਗ ਵਾਂਗ ਹੀ ਮਿਸ਼ਰਤ ਭਾਂਤ ਦੀ ਸੀ। ਇਹ ਮਿਸ਼ਰਤ ਚੇਤਨਾ ਹੀ ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਦੀ ਮੂਲ ਪ੍ਰੇਰਕ ਬਣੀ।

 
ਭਾਈ ਵੀਰ ਸਿੰਘ ਦੇ ਜਵਾਨ ਹੋਣ ਤਕ ਬਸਤੀਵਾਦੀ ਹਕੂਮਤ ਭਾਰਤ ਵਿੱਚ ਆਰਥਿਕ ਪੱਧਰ ਉੱਤੇ ਪੂਰੀ ਤਰ੍ਹਾਂ ਪ੍ਰਭੂਤਾ ਹਾਸਿਲ ਕਰ ਚੁੱਕੀ ਸੀ, ਪਰ ਸਾਂਸਕ੍ਰਿਤਕ ਖੇਤਰ ਵਿੱਚ ਸਥਾਪਿਤ ਹੋਣਾ ਅਜੇ ਬਾਕੀ ਸੀ। ਇਸ ਲਈ ਭਾਈ ਵੀਰ ਸਿੰਘ ਨੇ ਪਰਉਸਾਰ ਦੀ ਪੱਧਰ ਅਰਥਾਤ ਸਾਂਸਕ੍ਰਿਤਕ ਮੋਰਚੇ ਤੋਂ ਸੰਘਰਸ਼ ਸ਼ੁਰੂ ਕੀਤਾ।

 

 

ਪੱਛਮੀ ਚਿੰਤਕਾਂ ਵੱਲੋਂ ਕੀਤੀ ਜਾ ਰਹੀ ਭਾਰਤੀ ਇਤਿਹਾਸ ਦੀ ਵਿਆਖਿਆ ਦੇ ਉਲਟ ਭਾਈ ਵੀਰ ਸਿੰਘ ਨੇ ਆਪਣੀ ਸੰਸਕ੍ਰਿਤੀ ਦੇ ਗੌਰਵਮਈ ਪੱਖਾਂ ਨੂੰ ਵਡਿਆਉਣ ਅਤੇ ਸਥਾਪਿਤ ਕਰਨ ਦਾ ਯਤਨ ਕੀਤਾ। ਅਜਿਹਾ ਕਰਨ ਸਮੇਂ ਭਾਵੇਂ ਉਹ ਕਿਤੇ ਕਿਤੇ ਆਪਣੀਆਂ ਰੂੜ੍ਹੀਵਾਦੀ ਕਦਰਾਂ ਨੂੰ ਉਚਿਆਉਣ ਦੀ ਉਲਾਰਤਾ ਦੇ ਭਾਗੀ ਵੀ ਬਣੇ। ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਦੀ ਮੱਦਦ ਨਾਲ ਹਕੂਮਤ ਜਨ-ਸਾਧਾਰਨ ਨੂੰ ਇਸਾਈ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਸੀ। ਭਾਈ ਵੀਰ ਸਿੰਘ ਨੇ ਆਪਣੀਆਂ ਰਚਨਾਵਾਂ ਰਾਹੀਂ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਵਿਰਸੇ ਨੂੰ ਆਮ ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਇਉਂ ਪੇਸ਼ ਕੀਤਾ ਕਿ ਇਹ ਜਨ-ਸਾਧਾਰਨ ਦੀ ਮਾਨਸਿਕਤਾ ਦਾ ਅੰਗ ਬਣ ਜਾਵੇ।

 
ਉਨ੍ਹਾਂ ਨੇ ਬਹੁਤੀ ਰਚਨਾ ਸਿੰਘ ਸਭਾ ਲਹਿਰ ਦੇ ਪ੍ਰਭਾਵਾਂ ਅਧੀਨ ਕੀਤੀ। ਇਸ ਦਾ ਅਰਥ ਇਹ ਨਹੀਂ ਕਿ ਇਹ ਰਚਨਾ ਸਿੰਘ ਸਭਾ ਲਹਿਰ ਦੇ ਉਦੇਸ਼ਾਂ ਦਾ ਸਿੱਧਾ ਪ੍ਰਚਾਰ ਹੈ, ਇਸ ਤੋਂ ਵੱਧ ਕੁਝ ਨਹੀਂ। ਭਾਈ ਵੀਰ ਸਿੰਘ ਦੀ ਰਚਨਾ ਉਸ ਯੁੱਗ ਦੇ ਵੱਖ ਵੱਖ ਸਰੋਕਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ। ਭਾਈ ਵੀਰ ਸਿੰਘ ਬਹੁਪੱਖੀ ਸਾਹਿਤਕਾਰ ਹਨ।.

ਟਿੱਪਣੀ ਕਰੋ:

About webmaster

Scroll To Top