Home / ਚੋਣਵੀ ਖਬਰ/ਲੇਖ / ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਜੱਜ ਬ੍ਰਿਜਗੋਪਾਲ ਲੋਹੀਆ ਦੀ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ: ਜਾਣੋ ਕੀ ਹੈ ਪੂਰਾ ਮਾਮਲਾ

ਤਿੰਨ ਸਾਲ ਪਹਿਲਾਂ ਅਖ਼ਬਾਰਾਂ ‘ਚ ਖ਼ਬਰ ਆਉਂਦੀ ਹੈ ਕਿ ਜੱਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ। ਉਸ ਤੋਂ ਬਾਅਦ ਉਸ ਜੱਜ ਦੀ ਜਗ੍ਹਾ ਨਵਾਂ ਜੱਜ ਆਉਂਦਾ ਹੈ, ਉਹ ਆਪਣੇ ਕੋਲ ਪਏ ਇੱਕ ਖ਼ਾਸ ਕੇਸ ਦੇ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਸਖ਼ਤ ਹੁਕਮ ਸੁਣਾਉਂਦਾ ਹੈ ਪਰੰਤੂ ਪੇਸ਼ੀ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਜੱਜ ਦੀ ਬਦਲੀ ਹੋ ਜਾਂਦੀ ਹੈ ਅਤੇ ਫਿਰ ਨਵਾਂ ਜੱਜ ਸਮਝੇ ਜਾਂਦੇ ਮੁਲਜ਼ਮ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੰਦਾ ਹੈ ਅਤੇ ਅਗਲੀ ਤਰੀਕ ‘ਤੇ ਸਮਝੇ ਜਾਂਦੇ ਮੁਲਜ਼ਮ ਨੂੰ ਸਾਫ਼ ਬਰੀ ਕਰ ਦਿੱਤਾ ਜਾਂਦਾ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਵਿੱਚ ਸਪੈਸ਼ਲ ਬੰਦੇ ਵਿਰੁੱਧ ਚੱਲ ਰਹੇ ਸਪੈਸ਼ਲ ਕੇਸ ਵਿੱਚ ਸੀਬੀਆਈ ਫ਼ੈਸਲੇ ਵਿਰੁੱਧ ਉੱਪਰਲੀ ਕਿਸੇ ਕੋਰਟ ਵਿੱਚ ਨਹੀੰ ਜਾਂਦੀ ਕਿਉਂਕਿ ਕੇਸ ਸਪੈਸ਼ਲ ਹੈ।

 

ਵੇਖੋ ਵੀਡੀਓੁ:

 

ਤਿੰਨ ਸਾਲ ਪਹਿਲਾਂ ਮਰਿਆ ਜੱਜ ਹੈ ਬ੍ਰਿਜਗੋਪਾਲ ਹਰੀਕ੍ਰਿਸ਼ਨ ਲੋਹੀਆ ਅਤੇ ਉਹ ਪੜਤਾਲ ਕਰ ਰਿਹਾ ਹੈ ਬਹੁਚਰਚਿਤ ਸੋਹਰਾਬੂਦੀਨ ਮਾਮਲੇ ਦੀ ਅਤੇ ਸਮਝੇ ਜਾਂਦੇ ਮੁਲਜ਼ਮ ਦਾ ਨਾਮ ਹੈ ਬੀਜੇਪੀ ਦਾ ਮੌਜੂਦਾ ਪ੍ਰਧਾਨ ਅਮਿਤ ਸ਼ਾਹ।

 
ਲੋਹੀਆ ਤੋਂ ਪਹਿਲਾ ਜੱਜ ਅਮਿਤ ਸ਼ਾਹ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਸਖ਼ਤ ਹੁਕਮ ਸੁਣਾਉਂਦਾ ਹੈ ਤਾਂ ਉਸਦਾ ਤਬਾਦਲਾ ਹੋ ਜਾਂਦਾ ਹੈ। ਲੋਹੀਆ ਆਉਂਦਾ ਹੈ ਤਾਂ ਪਹਿਲੀ ਪੇਸ਼ੀ ‘ਤੇ ਛੋਟ ਦੇ ਦਿੰਦਾ ਹੈ ਕਿਉਂਕਿ ਹਜ਼ਾਰ ਪੰਨੇ ਦਾ ਕੇਸ ਪੜ੍ਹ ਕੇ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਹੈ ਪਰੰਤੂ ਮੁੜ ਕੇ ਨਿੱਜੀ ਪੇਸ਼ੀ ਨੂੰ ਯਕੀਨੀ ਬਣਾਉਣ ਦਾ ਹੁਕਮ ਸੁਣਾਉਂਦਾ ਹੈ। 15 ਦਸੰਬਰ 2014 ਨੂੰ ਤਰੀਕ ਮਿਥੀ ਜਾਂਦੀ ਹੈ ਪਰੰਤੂ 14 ਦਸੰਬਰ ਨੂੰ ਬੰਬੇ ਰਹਿੰਦੇ ਪਰਿਵਾਰ ਨੂੰ ਖ਼ਬਰ ਮਿਲਦੀ ਹੈ ਕਿ ਨਾਗਪੁਰ ਵਿਆਹ ‘ਤੇ ਗਏ ਜੱਜ ਦੀ ਮੌਤ ਹੋ ਗਈ ਹੈ।

 
ਕਹਾਣੀ ਅਨੁਸਾਰ ਜੱਜ ਨਾਗਪੁਰ ਦੇ ਇੱਕ ਗੈਸਟ ਹਾਊਸ ਵਿੱਚ ਸੀ ਜਦੋੰ ਦਿਲ ‘ਚ ਤਿੱਖਾ ਦਰਦ ਹੋਇਆ ਅਤੇ ਆਟੋ ‘ਤੇ ਸਰਕਾਰੀ ਹਸਪਤਾਲ ਗਿਆ, ਹਸਪਤਾਲ ‘ਚ ਈਸੀਜੀ ਮਸ਼ੀਨ ਨਹੀਂ ਸੀ ਸੋ ਹੋਰ ਹਸਪਤਾਲ ਪਹੁੰਚਿਆ ਅਤੇ ਉੱਥੇ ਮੌਤ ਹੋ ਗਈ। ਪੋਸਟ ਮਾਰਟਮ ਹੋ ਜਾਂਦਾ ਹੈ, ਲਾਸ਼ ਬੰਬੇ ਦੀ ਜਗ੍ਹਾ ਜੱਜ ਦੇ ਲਾਤੂਰ ਨੇੜਲੇ ਜੱਦੀ ਪਿੰਡ ‘ਚ ਪਹੁੰਚ ਜਾਂਦੀ ਹੈ। ਬੰਬੇ ਰਹਿੰਦੇ ਪਰਿਵਾਰ ਨੂੰ ਸਮਝ ਨਹੀੰ ਲੱਗਦੀ ਕਿ ਲਾਸ਼ ਦੇ ਪਿੰਡ ਸਸਕਾਰ ਦਾ ਫੈਸਲਾ ਕਿਸਨੇ ਕੀਤਾ। ਜੱਜ ਜੋ ਆਪਣੇ ਜੱਜ ਦੋਸਤਾਂ ਨਾਲ ਵਿਆਹ ਵੇਖਣ ਆਇਆ ਸੀ, ਪੋਸਟ ਮਾਰਟਮ ਵੇਲੇ ਪੁਲਿਸ ਜਾਂ ਸਾਥੀ ਜੱਜ ਕੁਝ ਵੀ ਰਿਕਾਰਡ ਨਹੀਂ ਕਰਦੇ ਨਾ ਹੀ ਲਾਸ਼ ਨਾਲ ਪਿੰਡ ਜਾਂਦੇ ਹਨ।

 

ਐਬੂਲੈਂਸ ਦਾ ਡਰਾਈਵਰ ਹੀ ਲਾਸ਼ ਲੈ ਕੇ ਪਹੁੰਚਦਾ ਹੈ। ਸਸਕਾਰ ਕਰਨ ਵੇਲੇ ਕੱਪੜਿਆਂ ‘ਤੇ ਖ਼ੂਨ ਦੇ ਦਾਗ ਦਿਸਦੇ ਹਨ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਪੋਸਟ ਮਾਰਟਮ ਦੌਰਾਨ ਨਿੱਕਲੇ ਖ਼ੂਨ ਦੇ ਹਨ। ਜੱਜ ਦੇ ਪਰਿਵਾਰ ਨੂੰ, ਤਿੰਨ ਭੈਣਾਂ ਨੂੰ ਲਾਸ਼ ਦੇ ਪਿੰਡ ਪਹੁੰਚਣ ਦੀ ਖ਼ਬਰ ਇੱਕ ਫ਼ੋਨ ਤੋਂ ਮਿਲਦੀ ਹੈ, ਇੱਕ ਬੰਦੇ ਤੋਂ ਮਿਲਦੀ ਹੈ ਜਿਸਦੀ ਬਾਅਦ ਵਿੱਚ ਪਛਾਣ ਆਰਐਸਐਸ ਦੇ ਵਰਕਰ ਵਜੋਂ ਹੁੰਦੀ ਹੈ, ਜਦੋਂ ਮੌਤ ਤੋਂ ਕਾਫ਼ੀ ਦਿਨਾਂ ਬਾਅਦ ਉਹ ਬੰਦਾ ਜੱਜ ਦਾ ਫ਼ੋਨ ਅਤੇ ਹੋਰ ਸਮਾਨ ਲੈ ਕੇ ਜੱਜ ਦੀ ਭੈਣ ਕੋਲ ਪਹੁੰਚਦਾ ਹੈ।

 
ਡਾਕਟਰ ਭੈਣ ਦਾ ਦਿਮਾਗ ਕੰਮ ਕਰਨ ਲੱਗਦਾ ਕਿ ਇਹਦੇ ਕੋਲ ਕਿਵੇਂ ਆਇਆ ਸਮਾਨ। ਸਮਾਨ ਤਾਂ ਪੁਲਿਸ ਦੇ ਪੰਚਨਾਮੇ ਅਨੁਸਾਰ ਕਸਟਡੀ ‘ਚ ਹੋਣਾ ਚਾਹੀਦਾ। ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਵਾਲੀ ਭੈਣ ਫਿਰ ਡਾਇਰੀ ਪੜ੍ਹਨਾ ਸ਼ੁਰੂ ਕਰਦੀ ਹੈ ਤਾਂ ਸਾਰਾ ਮਾਮਲਾ ਹੀ ਸ਼ੱਕੀ ਦਿਸਣ ਲੱਗਦਾ ਹੈ। 

 
ਸਵਾਲ ਉੱਠਣੇ ਸ਼ੁਰੂ ਹੁੰਦੇ ਹਨ-
1. ਕੀ ਜੱਜ ਨਾਗਪੁਰ ਦੇ ਗੈਸਟ ਹਾਊਸ ‘ਚ ਇਕੱਲਾ ਸੀ ?
2. ਕੀ ਉੱਥੇ ਕੋਈ ਗੱਡੀ ਨਹੀੰ ਸੀ?
3. ਕੀ ਉਸਨੂੰ ਕਿਸੇ ਚੰਗੇ ਹਸਪਤਾਲ ਨਹੀਂ ਸੀ ਲਜਾਇਆ ਜਾ ਸਕਦਾ ? 
4. ਅਜਿਹੇ ਹਸਪਤਾਲ ਜੱਜ ਨੂੰ ਆਟੋ ਵਾਲਾ ਲੈ ਕੇ ਗਿਆ ਜਿੱਥੇ ਈਸੀਜੀ ਮਸ਼ੀਨ ਵੀ ਨਹੀਂ ਸੀ ?
5. 48 ਸਾਲ ਦੇ ਜੱਜ ਨੂੰ ਅਜਿਹਾ ਕੁਝ ਵੀ ਨਹੀਂ ਸੀ ਕਿ ਦਿਲ ਦਾ ਦੌਰਾ ਪਵੇ।
6. ਪਰਿਵਾਰ ਨੂੰ ਤੁਰੰਤ ਕਿਉੰ ਨਹੀੰ ਬੁਲਾਇਆ ਗਿਆ?
7. ਪੋਸਟ ਮਾਰਟਮ ਸਮੇਂ ਪਰਿਵਾਰ ਦੀ ਸਹਿਮਤੀ ਜਾਂ ਹਾਜ਼ਰੀ ਕਿਉੰ ਯਕੀਨੀ ਨਾ ਬਣੀ ?
8. ਪੋਸਟ ਮਾਰਟਮ ਰਿਪੋਰਟ ‘ਤੇ ਕਿਸ ਕਜਨ ਬ੍ਰਦਰ ਦੇ ਹਸਤਾਖਰ ਹਨ ਜਦੋੰ ਕਿ ਜੱਜ ਦਾ ਅਜਿਹਾ ਭਰਾ ਹੈ ਹੀ ਨਹੀੰ ?
9. ਲਾਸ਼ ਨੂੰ ਪਿੰਡ ਲਿਜਾ ਸਸਕਾਰਨ ਦਾ ਫੈਸਲਾ ਕਿਸਨੇ ਕੀਤਾ ?
10. ਪ੍ਰੋਟੋਕਾਲ ਤਹਿਤ ਜੱਜ ਦੀ ਲਾਸ਼ ਨਾਲ ਪੁਲਿਸ ਵਾਲੇ ਕਿਉੰ ਨਹੀੰ ਗਏ ?
11. ਪੋਸਟ ਮਾਰਟਮ ਵੇਲੇ ਐਨਾ ਖ਼ੂਨ ਨਿੱਕਲਦਾ ਹੈ ਕਿ ਕੱਪੜੇ ਖ਼ਰਾਬ ਹੋ ਜਾਣ?
12. ਮੌਤ ਜਾਂ ਪੋਸਟ ਮਾਰਟਮ ਵੇਲੇ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕਿਉਂ ਨਹੀੰ ਨਿਭਾਈ ਗਈ ?
13. ਅੱਜ ਜਦੋੰ ਉਕਤ ਸਵਾਲ ਉੱਠ ਰਹੇ ਹਨ ਤਾਂ ਨਿੱਕੀ ਨਿੱਕੀ ਗੱਲ ‘ਤੇ ਹੋ ਹੱਲਾ ਮਚਾਉਣ ਵਾਲਾ ਮੀਡੀਆ ਅਤੇ ਰਾਜਨੀਤਿਕ ਚੁੱਪ ਕਿਉੰ ਹਨ ?
ਸਵਾਲ ਤਾਂ ਬਹੁਤ ਹਨ ਪਰ ਜਵਾਬ ਕਿਸੇ ਕੋਲ ਨਹੀਂ…
ਕਿਉਂਕਿ ਹਰੇਕ ਨੂੰ ਪਤਾ ਹੈ ਕਿ 
ਇਸ ਮੁਲਕ ਵਿੱਚ ਉਹਨਾਂ ਦੀ ਔਕਾਤ ਹੀ ਕੀ ਹੈ…?

ਕਹਾਣੀ ਹੁਣ ਲੋਕਾਂ ਸਾਹਮਣੇ ਆਉਣ ਲੱਗੀ ਹੈ 
ਪੱਤਰਕਾਰ ਹਰਤੋਸ਼ ਸਿੰਘ ਬੱਲ, ਨਿਰੰਜਨ ਟਾਕਲੇ, ਰਵੀਸ਼ ਕੁਮਾਰ ਅਤੇ ਵਕੀਲ ਪ੍ਰਸ਼ਾਂਤ ਭਾਸ਼ਣ ਆਦਿ ਦੇ ਰਾਹੀਂ…

ਪੂਰੀ ਰਿਪੋਰਟ ਤੁਸੀਂ The Caravan ਦੀ ਵੈੱਬਸਾਈਟ ‘ਤੇ ਪੜ੍ਹ ਸਕਦੇ ਹੋ..

ਟਿੱਪਣੀ ਕਰੋ:

About webmaster

Scroll To Top