Home / ਚੋਣਵੀ ਖਬਰ/ਲੇਖ / ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ: ਭਾਰਤੀ ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਵਲੋਂ ਲਾਵਾਰਸ ਕਰਾਰ ਦੇਕੇ 25 ਹਜ਼ਾਰ ਸਿੱਖਾਂ ਨੂੰ ਸ਼ਮਸ਼ਾਨਘਾਟਾਂ ਵਿੱਚ ਸਾੜੇ ਜਾਣ ਦਾ ਮਾਮਲਾ ਜਗ ਜਾਹਿਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ।

ਸਮਾਗਮ ਦੀ ਤਸਵ

ਸਥਾਨਕ ਕਬੀਰ ਪਾਰਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ। ਕੀਰਤਨ ਤੋਂ ਬਾਅਦ ਭਾਈ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਇੱਕ ਅਵਾਜ਼ ਹੋ ਕੇ ਜ਼ੋਰ ਦਿੱਤਾ ਕਿ ਜਦ ਤੀਕ ਅਪ੍ਰੈਲ 1978 ਦੇ ਨਕਲੀ ਨਿਰੰਕਾਰੀ ਕਾਂਡ ਦੌਰਾਨ ਸ਼ਹੀਦ ਹੋਏ 13 ਸਿੰਘਾਂ ਦੀ ਸ਼ਹਾਦਤ ਤੋਂ ਲੈਕੇ 6 ਸਤੰਬਰ 1995 ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵਲੋਂ ਚੁੱਕ ਕੇ ਕਤਲ ਕਰਨ ਫਿਰ ਲਾਸ਼ ਗਾਇਬ ਕਰ ਦੇਣ ਦੇ ਸਮੁੱਚੇ ਕਾਰੇ ਅਤੇ ਇਨ੍ਹਾਂ ਕਾਰਵਾਈਆਂ ਦੇ ਸਮੁੱਚੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਪੰਜਾਬ ਅਤੇ ਭਾਰਤੀ ਉਪਮਹਾਂਦੀਪ ‘ਚ ਵਸਦੀਆਂ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਨਾ ਹੀ ਆਸ ਕਰਨੀ ਚਾਹੀਦੀ ਹੈ।

 

ਭਾਈ ਜੁਗਰਾਜ ਸਿੰਘ ਖਾਲੜਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਹਮੇਸ਼ਾ ਦੀਪਕ ਤੇ ਹਨੇਰੇ ਦੀ ਉਦਾਹਰਣ ਦਿੰਦੇ ਹੋਏ ਕਹਿੰਦੇ ਸਨ ਕਿ ਪੰਜਾਬ ਦੀਪਕ ਹੈ ਜੋ ਇਸ ਭਾਰਤੀ ਉਪਮਹਾਂਦੀਪ ਅੰਦਰ ਘੱਟਗਿਣਤੀਆਂ ਨਾਲ ਹੋ ਰਹੇ ਹਨੇਰ ਨੂੰ ਦੂਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਵਾਰ ਫਿਰ ਉਪਮਹਾਂਦੀਪ ‘ਚ ਅਗਿਆਨਤਾ, ਅੰਧ ਵਿਸ਼ਵਾਸ਼, ਪਾਖੰਡ, ਗੁਰਬਤ ਤੇ ਅਨਪੜ੍ਹਤਾ ਦਾ ਹਨੇਰ ਛਾਇਆ ਹੋਇਆ ਹੈ ਇਸਨੂੰ ਦੂਰ ਕਰਨ ਲਈ ਸਾਨੂੰ ਸਭ ਨੂੰ ਇੱਕ ਜੁੱਟ ਹੋਕੇ ਦੀਪਕ ਦਾ ਫਰਜ਼ ਨਿਭਾਉਣਾ ਹੀ ਪਵੇਗਾ।

 

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਇੱਕ ਕਰੀਬੀ ਸਾਥੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਸੌਦਾ ਸਾਧ ਬਾਲਤਕਾਰ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਵਲੋਂ ਕੀਤੀ ਪੜਤਾਲ ਤੇ ਜੱਜ ਵਲੋਂ ਦਿਤੇ ਫੈਸਲੇ ‘ਤੇ ਕਾਹਲੀ ਵਿੱਚ ਖੁਸ਼ ਨਹੀਂ ਹੋਣਾ ਚਾਹੀਦਾ ਵਿਚਾਰਨਾ ਚਾਹੀਦਾ ਹੈ ਕਿ ਇਸੇ ਕੇਂਦਰੀ ਜਾਂਚ ਬਿਉਰੋ ਨੇ ਭਾਈ ਖਾਲੜਾ ਦੇ ਕਤਲ ਦੀ ਜਾਂਚ ਕਰਦਿਆਂ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੂੰ ਦੋਸ਼ੀ ਕਿਉਂ ਨਹੀਂ ਬਣਾਇਆ।

 

ਲਾਵਰਾਸ ਲਾਸ਼ਾਂ ਦੇ ਮਾਮਲੇ ਵਿੱਚ ਜਦੋਂ ਭਾਈ ਖਾਲੜਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਕੀਤੀ ਤਾਂ ਅਦਾਲਤ ਦਾ ਕਹਿਣਾ ਸੀ ਕਿ ਪੀੜਤ ਪ੍ਰੀਵਾਰ ਇਹ ਗੁਹਾਰ ਲਗਾਉਣ।

 

ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਵਿਰੋਧੀ ਵਿਚਾਰਧਾਰਾ ਵਾਲੀਆਂ ਦੋ ਪਾਰਟੀਆਂ ਬਾਦਲ ਦਲ ਤੇ ਕਾਂਗਰਸ ਮਿਲਕੇ ਰਾਜ ਕਰ ਰਹੀਆਂ ਹਨ, ਪੰਜਾਬ ਤੇ ਕਿਸਾਨੀ ਦੇ ਮਸਲੇ ਉਥੇ ਹੀ ਖੜ੍ਹੇ ਹਨ ਪਰ ਇਹ ਲੋਕ ਸਾਨੂੰ ਮੂਰਖ ਬਣਾਉਣ ਦੀ ਦੌੜ ਲਗਾ ਰਹੇ ਹਨ। ਆਪਣੇ ਸੰਬੋਧਨ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਇਹ ਮੁਲਾਂਕਣ ਸਮੇਂ ਦੀ ਲੋੜ ਹੈ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹਾਲਤ ਜੋ ਜਸਵੰਤ ਸਿੰਘ ਖਾਲੜਾ ਛੱਡ ਗਏ ਸਨ, ਕਿਤਨੇ ਕੁ ਪੀੜਤਾਂ ਨੂੰ ਅਸੀਂ ਇਨਸਾਫ ਦਿਵਾ ਸਕੇ ਹਾਂ। ਉਨ੍ਹਾਂ ਕਿਹਾ ਕਿ ਹਰ ਪੰਥਕ ਸੰਸਥਾ ਦਾ ਟੀਚਾ ਕੌਮ ਨੂੰ ਇਨਸਾਫ ਦਿਵਾਉਣਾ ਹੈ ਪਰ ਆਪਸ ਵਿੱਚ ਇਕ ਜੁੱਟ ਹੋਕੇ ਮਿਲ ਬੈਠਣ ਲਈ ਇਹ ਤਿਆਰ ਨਹੀਂ ਹਨ ਇਹ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਖੁੱਦ ਖੇਰੂੰ-ਖੇਰੂੰ ਹੋਕੇ ਅਤੇ ਕੌਮ ਖੇਰੂੰ-ਖੇਰੂੰ ਕਰਨ ਦਾ ਮਤਲਬ ਤਾਂ ਦੁਸ਼ਮਣ ਦੇ ਹੱਥ ਮਜਬੂਤ ਕਰਨਾ ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗੀ।

 

ਇਸ ਮੌਕੇ ਪੇਸ਼ ਕੀਤੇ ਅਤੇ ਪ੍ਰਵਾਨ ਕੀਤੇ ਪ੍ਰਮੁੱਖ ਮਤਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਪਾਸ ਪੇਸ਼ ਕਰਵਾਏ ਸਿੱਖ ਨੌਜਵਾਨਾਂ, ਜੋ ਬਾਅਦ ਵਿੱਚ ਮਾਰ ਦਿੱਤੇ ਗਏ ਦੇ ਮਾਮਲੇ ਦੀ ਬਕਾਇਦਾ ਜਾਂਚ। ਸਿੱਖਾਂ ਦੇ ਕਾਤਲ ਬੇਅੰਤ ਸਿੰਘ ਦੇ ਪੋਤਰੇ ਨੂੰ ਦਿੱਤੀ ਗਈ ਡੀ.ਐਸ.ਪੀ. ਦੀ ਨੌਕਰੀ ਵਾਪਿਸ ਲੈਣ। ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਦੇ ਮੁੱਖੀ ਖੂਬੀ ਰਾਮ ਜੋਕਿ ਬੀਹਲਾ ਕਤਲ ਕਾਂਡ ਦਾ ਦੋਸ਼ੀ ਹੈ, ਨੂੰ ਨੌਕਰੀ ਤੋਂ ਵਿਹਲਾ ਕਰਕੇ ਕਤਲ ਕੇਸ ਚਲਾਉਣ ਦੇ ਮਤੇ ਸ਼ਾਮਿਲ ਸਨ।

 

ਇਸ ਮੌਕੇ ਬਾਬਾ ਦਰਸ਼ਨ ਸਿੰਘ ਖਾਲਸਾ, ਸ. ਦਲਬੀਰ ਸਿੰਘ ਪੱਤਰਕਾਰ, ਸਤਵੰਤ ਸਿੰਘ ਬੀਹਲਾ ਨੇ ਵੀ ਆਪਣੇ ਵਿਚਾਰ ਰੱਖੇ। ਸ. ਗੁਰਬਚਨ ਸਿੰਘ ਜਲੰਧਰ ਨੇ ਮਤੇ ਪੇਸ਼ ਕੀਤੇ ਜੋ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤੇ ਗਏ। ਇਸ ਮੌਕੇ ਹਰਮਨਬੀਰ ਸਿੰਘ ਸਰਹਾਲੀ, ਬਲਕਾਰ ਸਿੰਘ ਖਾਲੜਾ, ਪ੍ਰਦੀਪ ਕੁਮਾਰ, ਸਤਵੰਤ ਸਿੰਘ ਮਾਣਕ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਧਨਵੰਤ ਸਿੰਘ ਐਡਵੋਕੇਟ, ਕਰਨੈਲ ਸਿੰਘ ਫੌਜੀ, ਰੂੜ ਸਿੰਘ ਅਮੀਸ਼ਾਹ, ਕੁਲਦੀਪ ਸਿੰਘ ਕਿੱਲੀ ਬੋਦਲਾਂ, ਬਲਵਿੰਦਰ ਸਿੰਘ ਮਾਨੋਚਾਹਲ, ਹਰਜਿੰਦਰ ਸਿੰਘ ਹਰੀਕੇ, ਜਥੇਦਾਰ ਅੰਗਰੇਜ਼ ਸਿੰਘ, ਜਥੇਦਾਰ ਗੁਰਭੇਜ ਸਿੰਘ, ਜਥੇਦਾਰ ਗੁਰਜੀਤ ਸਿੰਘ, ਜਥੇਦਾਰ ਬਲਦੇਵ ਸਿੰਘ ਸਾਂਘਣਾ, ਜਥੇਦਾਰ ਕਾਬਲ ਸਿੰਘ, ਤਰਸੇਮ ਸਿੰਘ ਤਾਨਪੁਰ, ਗੋਪਾਲ ਸਿੰਘ ਖਾਲੜਾ ਹਾਜ਼ਰ ਸਨ।

 

 

ਟਿੱਪਣੀ ਕਰੋ:

About webmaster

Scroll To Top