Home / ਸੰਪਾਦਕੀ ਟਿੱਪਣੀਆਂ / ਰਾਜਨੀਤਕ ਪਾਰਟੀਆਂ ਅਤੇ ਸਥਾਪਿਤ ਧਰਮਾਂ ਲਈ ਚੁਣੌਤੀ ਹੈ ਡੇਰਿਆਂ ਦਾ ਉਭਾਰ

ਰਾਜਨੀਤਕ ਪਾਰਟੀਆਂ ਅਤੇ ਸਥਾਪਿਤ ਧਰਮਾਂ ਲਈ ਚੁਣੌਤੀ ਹੈ ਡੇਰਿਆਂ ਦਾ ਉਭਾਰ

ਅੱਜ ਦਾ ਸਵਾਲ ਇਹ ਹੈ ਕਿ ਡੇਰਾ ਸੱਚਾ ਸੌਦਾ ਕਾਂਡ ਦੇ ਸਬੰਧ ਵਿਚ ਸੋਚਣ ਦਾ ਠੀਕ ਤਰੀਕਾ ਕੀ ਹੋਣਾ ਚਾਹੀਦਾ ਹੈ? ਇਹ ਕਾਂਡ ਇਸ਼ਾਰਾ ਕਰ ਰਿਹਾ ਹੈ ਕਿ ਭਾਰਤੀ ਰਾਜਨੀਤੀ ਦੇ ਵਿਵਹਾਰਕ ਪਹਿਲੂਆਂ ਵਿਚ ਬ੍ਰਾਹਮਣਵਾਦ ਹੁਣ ਪ੍ਰਭਾਵਸ਼ਾਲੀ ਨਹੀਂ ਰਹਿ ਗਿਆ। ਸਾਡੇ ਸਮਾਜ ਦੀ ਨਵੀਂ ਸੋਚ ਦਾ ਅੰਦਾਜ਼ਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਦੇਸ਼ ਦੇ ਸਭ ਤੋਂ ਪ੍ਰਸਿੱਧ ਸੰਤ ਜਨਮ ਤੋਂ ਯਾਦਵ ਸਵਾਮੀ ਰਾਮਦੇਵ (ਅਸਲੀ ਨਾਂਅ ਰਾਮ ਕ੍ਰਿਸ਼ਨ ਯਾਦਵ) ਹਨ ਅਤੇ ਸਭ ਤੋਂ ਜ਼ਿਆਦਾ ਚਰਚਿਤ ਯੋਗੀ ਜਨਮ ਤੋਂ ਠਾਕੁਰ ਆਦਿਤਿਅਨਾਥ (ਅਸਲੀ ਨਾਂਅ ਅਜਯ ਸਿੰਘ ਬਿਸ਼ਟ) ਹਨ।

 

ਨਵੀਂ ਧਾਰਮਿਕਤਾ (ਜਿਸ ਨੂੰ ਕੁਝ ਵਿਦਵਾਨ ਗ਼ਲਤੀ ਨਾਲ ਸ਼ਹਿਰੀ ਧਾਰਮਿਕਤਾ ਕਹਿੰਦੇ ਹਨ ਪਰ ਜਿਸ ਵਿਚ ਪੇਂਡੂ ਸਮਾਜ ਵੱਡੇ ਪੈਮਾਨੇ ‘ਤੇ ਭਾਈਵਾਲੀ ਕਰ ਰਿਹਾ ਹੈ) ਦਾ ਵਿਕਾਸ ਜਿਸ ਤਰ੍ਹਾਂ ਹੋਇਆ ਹੈ, ਉਸ ਵਿਚ ਬ੍ਰਾਹਮਣਵਾਦ ਦੀ ਕੋਈ ਕਾਰਸ਼ਤਾਨੀ ਨਹੀਂ ਰਹਿ ਗਈ ਹੈ। ਹਿੰਦੂ ਧਰਮ ਵੱਡੇ ਪੈਮਾਨੇ ‘ਤੇ ਸੰਘਬੱਧਤਾ (ਜਿਸ ਤਹਿਤ ਲੋਕ ਇਕ ਜਗ੍ਹਾ ਵੱਡੇ ਪੈਮਾਨੇ ‘ਤੇ ਇਕੱਠੇ ਹੁੰਦੇ ਹਨ ਅਤੇ ਧਾਰਮਿਕ ਪ੍ਰਵਚਨ ਸੁਣਦੇ ਹਨ, ਜਦੋਂ ਕਿ ਹਿੰਦੂ ਧਰਮ ਵਿਚ ਪਹਿਲਾਂ ਭਗਤ ਅਤੇ ਭਗਵਾਨ ਵਿਚ ਨਿੱਜੀ ਰਿਸ਼ਤੇ ਦੀ ਮੁੱਖ ਹੈਸੀਅਤ ਸੀ) ਵੱਲ ਜਾ ਰਿਹਾ ਹੈ ਜਿਸ ਕਾਰਨ ਤਰ੍ਹਾਂ-ਤਰ੍ਹਾਂ ਦੇ ਗੁਰੂਆਂ, ਬਾਬਿਆਂ, ਕਥਾਵਾਚਕਾਂ ਅਤੇ ਡੇਰਿਆਂ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ।

 

ਇਨ੍ਹਾਂ ਧਾਰਮਿਕ ਬਾਜ਼ੀਗਰਾਂ ਵਿਚ ਸਾਰੀਆਂ ਜਾਤੀਆਂ ਦੇ ਲੋਕ ਹਨ ਅਤੇ ਇਨ੍ਹਾਂ ਵਿਚੋਂ ਕੁਝ ਇਕ ਦੇ ਵਿਗੜੈਲ, ਵਿਭਚਾਰੀ ਅਤੇ ਭ੍ਰਿਸ਼ਟ ਆਚਰਣ ਹੋਣ ਦੇ ਬਾਵਜੂਦ ਇਹ ਨੌਟੰਕੀਬਾਜ਼ ਜ਼ਿੰਦਾ ਭਗਵਾਨ ਹੋਣ ਦੀ ਦਾਅਵੇਦਾਰੀ ਕਰਦੇ ਹੋਏ ਫ਼ਿਰਕਿਆਂ ਦੇ ਸੰਸਥਾਪਕ ਦੀ ਹੈਸੀਅਤ ਹਾਸਲ ਕਰਦੇ ਜਾ ਰਹੇ ਹਨ। ਇਨ੍ਹਾਂ ਨੇ ਨਵੀਂ ਸੰਚਾਰ ਤਕਨੀਕੀ, ਪ੍ਰਚਾਰ-ਤੰਤਰ ਅਤੇ ਸਮਾਜਿਕ-ਆਰਥਿਕ ਪ੍ਰਬੰਧਨ ਦੀ ਕਲਾ ‘ਤੇ ਮੁਹਾਰਤ ਹਾਸਲ ਕਰਕੇ ਉਪਭੋਗਤਾਵਾਦ ਅਤੇ ਬਾਜ਼ਾਰ ਨਾਲ ਰਿਸ਼ਤਾ ਕਾਇਮ ਕਰ ਲਿਆ ਹੈ।

 

ਉਨ੍ਹਾਂ ਦਾ ਲੋਕਾਂ ਦੇ ਵੱਡੇ ਹਿੱਸੇ ਦੇ ਆਤਮਿਕ ਜਗਤ ‘ਤੇ ਕਬਜ਼ਾ ਹੈ, ਇਸ ਲਈ ਇਹ ਬਾਬਾਵਾਦ ਹਾਲ ਹੀ ਵਿਚ ਲਾਲਾਵਾਦ ਦੇ ਨਾਲ ਜੁੜ ਕੇ ਕਾਰਪੋਰੇਟ ਰੂਪ ਵੀ ਲੈਂਦਾ ਵਿਖਾਈ ਦੇ ਰਿਹਾ ਹੈ। ਡੇਰਿਆਂ ਨਾਲ ਜੁੜੇ ਲੋਕਾਂ ਕਮਜ਼ੋਰ ਜਾਤੀਆਂ (ਅਨੁਸੂਚਿਤ ਅਤੇ ਪਛੜੀਆਂ) ਦੀ ਭਾਗੀਦਾਰੀ ਬਹੁਤ ਵੱਡੇ ਪੈਮਾਨੇ ‘ਤੇ ਹੈ। ਬਜਾਏ ਇਸ ਦੇ ਕਿ ਗ਼ਰੀਬ ਅਤੇ ਪੀੜਤ ਜਨਤਾ ਦੇ ਇਨ੍ਹਾਂ ਹਿੱਸਿਆਂ ਨੂੰ ਕੋਈ ਬਹੁਜਨ ਸਮਾਜ ਪਾਰਟੀ, ਕੋਈ ਲੋਹੀਆਵਾਦੀ ਜਨਤਾ ਦਲ, ਕੋਈ ਹਿੰਦੂਤਵਵਾਦੀ ਭਾਜਪਾ, ਕੋਈ ਮਾਰਕਸਵਾਦੀ ਪਾਰਟੀ ਜਾਂ ਭਾਰਤੀ ਕਮਿਊਨਿਸਟ ਪਾਰਟੀ ਲਾਮਬੰਦ ਕਰਦੀ, ਇਹ ਲੋਕ ਆਪਣੇ ਬਾਬਿਆਂ ਦੇ ਆਦੇਸ਼ ‘ਤੇ ਵੋਟਾਂ ਦੇਣ ਲੱਗੇ ਹਨ।

 

ਇਸ ਲਿਹਾਜ਼ ਨਾਲ ਇਹ ਨਵੀਆਂਂ ਧਾਰਮਿਕ ਬਣਤਰਾਂ ਅਰਧ-ਰਾਜਨੀਤਕ ਰੂਪ ਲੈ ਚੁੱਕੀਆਂ ਹਨ ਅਤੇ ਸਮੇਂ-ਸਮੇਂ ‘ਤੇ ਕਾਨੂੰਨ ਅਤੇ ਰਾਜ ਦੀ ਤਾਕਤ ਨੂੰ ਵੀ ਚੁਣੌਤੀ ਦੇਣ ਵਿਚ ਸੰਕੋਚ ਨਹੀਂ ਕਰਦੀਆਂ। ਬਜਾਏ ਇਸ ਦੇ ਕਿ ਲੋਕਾਂ ਦੇ ਇਹ ਵਰਗ ਪਾਰਟੀਆਂ ਦੇ ਸਾਥੀ ਬਣਨ, ਪਾਰਟੀਆਂ ਉਨ੍ਹਾਂ ਦੇ ਗੁਰੂਆਂ ਦੀ ਕ੍ਰਿਪਾ ਹਾਸਲ ਕਰਨ ਲਈ ਕਤਾਰ ਬਣਾ ਕੇ ਖੜ੍ਹੀਆਂ ਹੋ ਗਈਆਂ ਹਨ। ਲੋਕਪ੍ਰਿਯ ਧਾਰਮਿਕਤਾ ਦਾ ਇਹ ਉਭਾਰ, ਪ੍ਰਸਾਰ ਅਤੇ ਵਿਭਿੰਨਤਾ ਰਾਜਨੀਤਕ ਦਲਾਂ ਲਈ ਹੀ ਨਹੀਂ, ਸੰਗਠਿਤ ਧਰਮਾਂ (ਜਿਨ੍ਹਾਂ ਵਿਚ ਹਿੰਦੂ, ਸਿੱਖ, ਬੋਧੀ, ਇਸਲਾਮ ਅਤੇ ਈਸਾਈਅਤ ਵਰਗੇ ਧਰਮ ਸ਼ਾਮਿਲ ਹਨ) ਲਈ ਵੀ ਚੁਣੌਤੀ ਬਣ ਚੁੱਕੀ ਹੈ।

 

ਜ਼ਾਹਰ ਹੈ ਕਿ ਭਾਰਤ ਦੀ ਗ਼ਰੀਬ ਅਤੇ ਦੱਬੀ-ਕੁਚਲੀ ਜਨਤਾ ਨੂੰ ਮਾਨਸਿਕ-ਸਮਾਜਿਕ ਰਾਹਤ ਦੇਣ ਵਿਚ ਨਾ ਰਾਜਨੀਤਕ ਜਗਤ ਕਾਮਯਾਬ ਹੋਇਆ ਹੈ ਅਤੇ ਨਾ ਹੀ ਸਥਾਪਤ ਧਾਰਮਿਕ ਜਗਤ। ਖੱਬੇ ਪੱਖੀ ਅਤੇ ਧਰਮ-ਨਿਰਪੱਖ ਸੰਵਾਦ ਅੰਬੇਡਕਰਵਾਦ ਦੇ ਚੱਕਰ ਵਿਚ ਇਸ ਕਦਰ ਫਸਿਆ ਹੋਇਆ ਹੈ ਕਿ ਉਹ ਅਨੁਸੂਚਿਤ ਜਾਤੀਆਂ ਦੀ ਸਮਾਜਿਕ-ਰਾਜਨੀਤਕ ਗਤੀਸ਼ੀਲਤਾ ਦੇ ਗ਼ੈਰ-ਅੰਬੇਡਕਰਵਾਦੀ ਪਹਿਲੂਆਂ ‘ਤੇ ਸਿਰਫ ਉਦੋਂ ਧਿਆਨ ਦਿੰਦਾ ਹੈ ਜਦੋਂ ਕਿਸੇ ਡੇਰੇ ਦੇ ਲੋਕਾਂ ਦਾ ਸਰਕਾਰ ਜਾਂ ਕਿਸੇ ਹੋਰ ਧਰਮ ਦੇ ਲੋਕਾਂ ਵਿਚਕਾਰ ਹਿੰਸਕ ਟਕਰਾਅ ਹੋ ਜਾਂਦਾ ਹੈ ਜਾਂ ਕੋਈ ਡੇਰਾ ਛੋਟੀਆਂ ਜਾਤੀਆਂ ਵਿਚ ਆਪਣੀ ਵੱਧ ਲੋਕਪ੍ਰਿਅਤਾ ਦੇ ਚਲਦਿਆਂ ਰਾਜਨੀਤਕ ਦਲ ਵਰਗੇ ਢਾਂਚੇ ਵਿਚ ਬਦਲ ਜਾਂਦਾ ਹੈ।

 
ਡੇਰਾ ਸੱਚਾ ਸੌਦਾ ਕਾਂਡ ‘ਤੇ ਗ਼ੌਰ ਕਰਨ ਦਾ ਪਹਿਲਾ ਤਰੀਕਾ ਇਹ ਹੈ ਕਿ ਅਸੀਂ ਇਸ ਨੂੰ ਭਾਰਤੀ ਚੋਣਾਵੀ ਲੋਕਤੰਤਰ ਦੇ ਇਕ ਅਜਿਹੇ ਰੂਪ ਵਜੋਂ ਵੀ ਵੇਖੀਏ, ਜਿਸ ਕਾਰਨ ਤਕਰੀਬਨ ਹਰ ਰਾਜਨੀਤਕ ਦਲ (ਭਾਜਪਾ, ਕਾਂਗਰਸ, ਅਕਾਲੀ ਦਲ) ਨੂੰ ਡੇਰੇ ਦੇ ਮੁਖੀ ਸਾਹਮਣੇ ਵੋਟਾਂ ਲਈ ਮੱਥਾ ਟੇਕਣਾ ਪੈਂਦਾ ਹੈ। ਡੇਰਾ ਹੀ ਤੈਅ ਕਰਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਕਈ ਸੀਟਾਂ ‘ਤੇ ਕੌਣ ਚੋਣ ਜਿੱਤੇਗਾ, ਇਸ ਲਈ ਇਨ੍ਹਾਂ ਦੋਵਾਂ ਸੂਬਿਆਂ ਦੀ ਪੁਲਿਸ ਡੇਰੇ ਦੇ ਸਮਰਥਕਾਂ ‘ਤੇ ਹੱਥ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚਦੀ ਹੈ।

 

ਰਾਮ ਰਹੀਮ ਕਾਂਡ ਨੇ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕਰ ਦਿੱਤਾ ਹੈ। ਦੂਜਾ ਤਰੀਕਾ ਉਹੀ ਹੈ ਜਿਸ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਅਸੀਂ ਰਾਜਨੀਤੀ ‘ਤੇ ਬਾਬਿਆਂ ਦੇ ਵਧਦੇ ਪ੍ਰਭਾਵ ਨੂੰ ਇਕ ਅਜਿਹੀ ਘਟਨਾ ਦੇ ਤੌਰ ‘ਤੇ ਸਮਝੀਏ ਕਿ ਸਮਾਜਿਕ ਨਿਆਂ ਦੀ ਰਾਜਨੀਤੀ ਦਾ ਤੇਜ਼ੀ ਨਾਲ ਪ੍ਰਭਾਵ ਡਿਗ ਰਿਹਾ ਹੈ ਅਤੇ ਦੂਜੇ ਪਾਸੇ ਨਵੀਂ ਧਾਰਮਿਕਤਾ ਦੇ ਮੁਕਾਬਲੇ ਕਰਮਕਾਂਡੀਏ ਬ੍ਰਾਹਮਣਵਾਦੀ ਹਿੰਦੂ ਧਰਮ ਦੇ ਪ੍ਰਭਾਵ ਵਿਚ ਵੀ ਗਿਰਾਵਟ ਆ ਰਹੀ ਹੈ। ਸਮਾਜਿਕ ਨਿਆਂ ਦੀ ਰਾਜਨੀਤੀ ਤਹਿਤ ਹੇਠਲੀ ਅਤੇ ਕਮਜ਼ੋਰ ਜਾਤੀਆਂ ਦੀ ਰਾਜਨੀਤਕ ਲਾਮਬੰਦੀ ਅਤੇ ਬ੍ਰਾਹਮਣਵਾਦ ਦਾ ਵਿਰੋਧ ਇਕ-ਦੂਜੇ ਨਾਲ ਜੁੜੇ ਹੋਏ ਹਨ। ਮੈਨੂੰ ਲਗਦਾ ਹੈ ਕਿ ਵਿਚਾਰ ਦੇ ਦੋਵੇਂ ਹੀ ਤਰੀਕੇ ਉਚਿਤ ਹਨ, ਪਰ ਦੂਜੇ ਤਰੀਕੇ ਨਾਲ ਗ਼ੌਰ ਕਰਨ ‘ਤੇ ਕਿਤੇ ਜ਼ਿਆਦਾ ਵਿਆਪਕ ਲੋਕਤੰਤਰਿਕ ਰੂਪ ਨੂੰ ਸੰਬੋਧਿਤ ਹੋਇਆ ਜਾ ਸਕੇਗਾ।
90 ਦੇ ਦਹਾਕੇ ਵਿਚ ਮੰਡਲ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਹੁੰਦਿਆਂ ਹੀ ਇਸ ਦੇਸ਼ ਵਿਚ ਕਮਜ਼ੋਰ ਜਾਤੀਆਂ ਦੀ ਜਿਸ ਰਾਜਨੀਤੀ ਦੀ ਸ਼ੁਰੂਆਤ ਹੋਈ ਸੀ, ਉਸ ਅੰਦਰ ਸਾਡਿਆਂ ‘ਚੋਂ ਕਈਆਂ ਨੇ ਸਮਾਜ ਲਈ ਧਰਮ-ਨਿਰੱਪਖਤਾ ਦੀਆਂ ਸੰਭਾਵਨਾਵਾਂ ਵੇਖੀਆਂ ਸਨ। ਪਛੜੀਆਂ ਜਾਤੀਆਂ ਦੀ ਭਾਈਵਾਲੀ ਨੂੰ ਦੂਸਰੇ ਲੋਕਤੰਤਰਿਕ ਉਭਾਰ ਦੇ ਤੌਰ ‘ਤੇ ਦੇਖਿਆ ਗਿਆ ਸੀ। ਇਸ ਵਿਚ ਉੱਚੀਆਂ ਜਾਤੀਆਂ ਦੇ ਸਿੱਖਿਅਤ ਨਾਗਰਿਕਾਂ ਦੀ ਚੌਧਰਾਹਟ ਵਾਲੇ ਭਾਰਤੀ ਲੋਕਤੰਤਰ ਦਾ ਵਿਸਥਾਰ ਹੇਠਲੇ ਵਰਗਾਂ ਤੱਕ ਹੋਣਾ ਜ਼ਰੂਰੀ ਸੀ।

 

ਅੱਜ ਹਾਲਤ ਕੀ ਹੈ? ਅੱਜ ਦੀ ਹਾਲਤ ਇਹ ਹੈ ਕਿ ਪਿਛਲੇ 27 ਸਾਲਾਂ ਦੌਰਾਨ ਪਛੜੀਆਂ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ ਦੀ ਰਾਜਨੀਤਕ ਗੋਲਬੰਦੀ ਕਾਰਨ ਅਤੇ ਰਾਖਵੇਂਕਰਨ ਨਾਲ ਮਿਲਣ ਵਾਲੇ ਲਾਭਾਂ ਦੇ ਨਤੀਜੇ ਵਜੋਂ ਹੇਠਲੀ ਭਾਵ ਕਮਜ਼ੋਰ ਸਮਝੀ ਜਾਣ ਵਾਲੀ ਆਬਾਦੀ ਵਿਚ ਆਪਣੇ ਅਧਿਕਾਰਾਂ ਪ੍ਰਤੀ ਚੇਤਨਾ ਜਾਗ੍ਰਿਤ ਹੋਈ ਹੈ। ਇਸ ਚੇਤਨਾ ਕਾਰਨ ਉਨ੍ਹਾਂ ਵਿਚ ਪਾਰੰਪਰਿਕ ਦੱਬੂਪਨ ਦੀ ਥਾਂ ਇਕ ਤਰ੍ਹਾਂ ਦੇ ਹਮਲਾਵਰ ਰਵੱਈਏ ਨਾਲ ਭਰੀ ਹਉਮੈ ਵੀ ਆ ਗਈ ਹੈ। ਇਹ ਹਉਮੈ ਵੀ ਸਵਾਗਤਯੋਗ ਹੋ ਸਕਦੀ ਸੀ ਜੇਕਰ ਇਸ ਦੀ ਗਤੀਸ਼ੀਲਤਾ ਅਤੇ ਊਰਜਾ ਦਾ ਇਸਤੇਮਾਲ ਇਨ੍ਹਾਂ ਵਰਗਾਂ ਨੂੰ ਲੋਕਤੰਤਰਿਕ ਮਿਜਾਜ਼ ਨਾਲ ਲੈਸ ਨਾਗਰਿਕ ਬਣਾਉਣ ਲਈ ਕੀਤਾ ਜਾਂਦਾ।
ਇਹ ਜ਼ਿੰਮੇਵਾਰੀ ਬ੍ਰਾਹਮਣਵਾਦ ਵਿਰੋਧੀ ਕ੍ਰਾਂਤੀਕਾਰੀ ਰਾਜਨੀਤੀ ਦਾ ਦਾਅਵਾ ਕਰਨ ਵਾਲੇ ਰਾਜਨੀਤਕ ਦਲਾਂ ਦੀ ਸੀ। ਖ਼ਾਸਕਰ ਉਨ੍ਹਾਂ ਦਲਾਂ ਦੀ ਜੋ ਖ਼ੁਦ ਨੂੰ ਅੰਬੇਡਕਰ-ਫੂਲੇੇ-ਪੇਰਿਆਰ ਦੀ ਵਿਚਾਰਧਾਰਾ ਦਾ ਉੱਤਰਾਧਿਕਾਰੀ ਕਹਿੰਦੇ ਹਨ ਜਾਂ ਜੋ ਲੋਹੀਆ ਦੇ ਸਮਾਜਵਾਦ ਦਾ ਝੰਡਾ ਬੁਲੰਦ ਕਰਦੇ ਹਨ ਜਾਂ ਜੋ ਮਾਰਕਸਵਾਦ ਅਤੇ ਮਾਰਕਸਵਾਦ-ਲੈਨਿਨਵਾਦ ਦੀ ਪੈਰੋਕਾਰੀ ਕਰਦੇ ਹਨ। ਆਖਰਕਾਰ ਇਨ੍ਹਾਂ ਸਾਰਿਆਂ ਨੂੰ ਉਸ ਹਿਰਾਵਲ ਦਸਤੇ (ਅਗਵਾਈ ਕਰਨ ਵਾਲੀ ਤਾਕਤ) ਦੀ ਤਲਾਸ਼ ਸੀ ਜੋ ਸਮਾਜਿਕ ਕ੍ਰਾਂਤੀ ਦੀ ਅਗਵਾਈ ਕਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ। ਇਹ ਹਿਰਾਵਲ ਦਸਤਾ ਉਨ੍ਹਾਂ ਨੂੰ ਹੇਠਲੀ ਜਾਤੀਆਂ ਵਿਚੋਂ ਹੀ ਮਿਲ ਸਕਦਾ ਸੀ।

 

ਦੇਸ਼ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਸੜਕਾਂ ‘ਤੇ ਬਾਬਾ ਰਾਮ ਰਹੀਮ ਦੇ ਜੋ ਹਿੰਸਕ ਸਾਥੀ ਹੁੜਦੰਗ ਮਚਾਉਂਦੇ ਘੁੰਮ ਰਹੇ ਹਨ, ਉਹ ਜ਼ਿਆਦਾਤਰ ਹੇਠਲੀਆਂ ਜਾਤੀਆਂ ਦੇ ਹੀ ਹਨ। ਹਿਸਾਰ ਵਿਚ ਬਾਬਾ ਰਾਮਪਾਲ ਦੇ ਸਤਲੋਕ ਆਸ਼ਰਮ ਨਾਮ ਦੇ ਡੇਰੇ ਦੇ ਇਰਦ-ਗਿਰਦ ਜਿਨ੍ਹਾਂ ਲੋਕਾਂ ਨੇ ਹਥਿਆਰਬੰਦ ਮੋਰਚਾ ਲਾਇਆ ਸੀ, ਉਹ ਵੀ ਪਛੜੀਆਂ ਜਾਤੀਆਂ ਦੇ ਹੀ ਸਨ। ਸੈਕਸ ਗੁਨਾਹਾਂ ਵਿਚ ਜੇਲ੍ਹ ਕੱਟ ਰਹੇ ਆਸਾਰਾਮ ਨਾਮੀ ਬਾਬੇ ਦੀ ਜਦੋਂ ਵੀ ਅਦਾਲਤੀ ਪੇਸ਼ੀ ਹੁੰਦੀ ਹੈ, ਉੱਥੇ ਜਮ੍ਹਾਂ ਹੋਣ ਵਾਲੇ ਅੱਠ-ਦਸ ਹਜ਼ਾਰ ਲੋਕ ਵੀ ਸਮਾਜ ਦੇ ਕਮਜ਼ੋਰ ਵਰਗਾਂ ਦੇ ਹੁੰਦੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਕਿਸੇ ਸੀ.ਪੀ.ਐਮ. ਜਾਂ ਸੀ.ਪੀ.ਆਈ. (ਐਮ.ਐਲ.), ਕਿਸੇ ਬਹੁਜਨ ਸਮਾਜ ਪਾਰਟੀ ਜਾਂ ਕਿਸੇ ਸਮਾਜਵਾਦੀ ਚਿਹਰਿਆਂ ਵਾਲੇ ਜਨਤਾ ਦਲ ਦਾ ਮੈਂਬਰ ਹੋਣਾ ਚਾਹੀਦਾ ਸੀ ਪਰ ਇਹ ਲੋਕ ਆਪਣੇ ਚਰਿੱਤਰਹੀਣ, ਵਿਗੜੈਲ ਅਤੇ ਫ਼ਰਜ਼ੀ ਕਿਸਮ ਦੇ ਬਾਬਿਆਂ ਦੇ ਆਦੇਸ਼ ‘ਤੇ ਤੈਅ ਕਰਦੇ ਹਨ ਕਿ ਉਹ ਕਿਸ ਪਾਰਟੀ ਨੂੰ ਵੋਟ ਦੇਣਗੇ।

 
ਜੇਕਰ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਾ ਮਿਲੀ, ਤਾਂ ਉਨ੍ਹਾਂ ਵੱਲੋਂ ਨਿਯੁਕਤ ਕੀਤਾ ਗਿਆ ਕੋਈ ਉਹੋ ਜਿਹਾ ਹੀ ਵਿਅਕਤੀ ਡੇਰੇ ਨੂੰ ਚਲਾਉਂਦਾ ਰਹੇਗਾ। ਇਸ ਦੇ ਉਲਟ ਇਹ ਵੀ ਹੋ ਸਕਦਾ ਹੈ ਕਿ ਡੇਰਾ ਸੱਚਾ ਸੌਦਾ ਨੂੰ ਲੰਮੇ ਅਰਸੇ ਤੱਕ ਕਾਨੂੰਨੀ ਬੰਦਿਸ਼ਾਂ ਦਾ ਮੁਕਾਬਲਾ ਕਰਨਾ ਪਵੇ ਪਰ ਇਸ ਨਾਲ ਬਾਬੇ ਦੇ ਚੇਲਿਆਂ ਦੀ ਸ਼ਰਧਾ ਘੱਟ ਹੋਵੇਗੀ, ਇਸ ਵਿਚ ਸ਼ੱਕ ਹੀ ਹੈ। ਇਸ ਸ਼ਰਧਾ ਦਾ ਪੱਧਰ ਇਹ ਹੈ ਕਿ ਭਗਤ ਲੋਕ ਆਪਣੇ ਘਰ ਦੀਆਂ ਬੇਟੀਆਂ ਨੂੰ ਬਾਬਾ ਦੀਆਂ ਯੌਨਦਾਸੀਆਂ ਬਣਾਉਣ ਤੱਕ ਲਈ ਤਿਆਰ ਹੋ ਜਾਂਦੇ ਹਨ। ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਉਸ ਦਿਨ ਤੋਂ ਆਪਣਾ ਬਿਸਤਰਾ ਛੱਡ ਕੇ ਜ਼ਮੀਨ ‘ਤੇ ਸੌ ਰਹੇ ਹਨ ਜਦੋਂ ਤੋਂ ਆਸਾਰਾਮ ਨੂੰ ਜੇਲ੍ਹ ਵਿਚ ਪਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਗੁਰੂ ਜੀ ਬਾਹਰ ਨਿਕਲ ਕੇ ਮੁੜ ਤੋਂ ਆਪਣੀ ਸ਼ਾਨ-ਸ਼ੌਕਤ ਭੋਗਣਗੇ, ਉਦੋਂ ਉਹ ਵੀ ਆਪਣੇ ਬਿਸਤਰਿਆਂ ‘ਤੇ ਮੁੜ ਤੋਂ ਸੌਣਾ ਸ਼ੁਰੂ ਕਰਨਗੇ।

 
ਜ਼ਾਹਰ ਹੈ ਕਿ ਇਹ ਲੋਕ ਨਾ ਤਾਂ ਬ੍ਰਾਹਮਣਵਾਦ ਦੇ ਵਿਰੋਧ ਤੋਂ ਪ੍ਰਭਾਵਿਤ ਹਨ, ਨਾ ਹੀ ਕਿਸੇ ਤਰ੍ਹਾਂ ਦੀ ਤਰਕਸੰਗਤ ਰਾਜਨੀਤਕ ਵਿਚਾਰਧਾਰਾ ਤੋਂ। ਹੇਠਲੇ ਵਰਗਾਂ ਦਾ ਇਹ ਬਾਬਾਕਰਨ ਰਾਜਨੀਤਕ ਦਲਾਂ ਲਈ ਹੀ ਨਹੀਂ, ਸਗੋਂ ਹਿੰਦੂ, ਇਸਲਾਮ, ਈਸਾਈ, ਸਿੱਖ ਅਤੇ ਬੋਧੀ ਧਰਮਾਂ ਲਈ ਵੀ ਚੁਣੌਤੀ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਹਿੰਦੂ ਧਰਮ ਤਾਂ ਜਾਤੀਪ੍ਰਥਾ ‘ਤੇ ਆਧਾਰਿਤ ਹੈ, ਪਰ ਬਾਕੀ ਧਰਮ ਤਾਂ ਬਰਾਬਰਤਾ ਦੀਆਂ ਗੱਲ ਕਰਦੇ ਹਨ। ਇਹ ਧਰਮ ਇਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਿਚ ਕਿਉਂ ਨਾਕਾਮ ਹਨ?

 

ਪਿਛਲੇ ਡੇਢ-ਦੋ ਸੌ ਸਾਲ ਤੋਂ ਇਹ ਸਾਰੇ ਧਰਮ ਸਮਾਜ ਦੇ ਅਣਗੌਲੇ ਅਤੇ ਵੰਚਿਤ ਹਿੱਸਿਆਂ ਨੂੰ ਆਪਣੇ ਕਲਾਵੇ ਵਿਚ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਵਿਖਾਈ ਦਿੰਦੇ ਰਹੇ ਹਨ। ਹੁਣ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਅੱਧੇ-ਅਧੂਰੇ ਰੂਪ ਵਿਚ ਹੀ ਕਾਮਯਾਬ ਹੋਈਆਂ ਹਨ। ਦਰਅਸਲ, ਇਹ ਲੋਕ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਹਿੰਦੂਤਵ ਤੋਂ ਵੀ ਪ੍ਰੇਰਿਤ ਨਹੀਂ ਹਨ। ਉਹ ਇਕ ਨਵੇਂ ਰਾਜਨੀਤਕ ਰੁਝਾਨ ਦੀ ਨੁਮਾਇੰਦਗੀ ਕਰ ਰਹੇ ਹਨ, ਜਿਸ ਦਾ ਸਿਧਾਂਤਕ ਰੂਪ ਤੈਅ ਹੋਣਾ ਅਜੇ ਬਾਕੀ ਹੈ।

E. mail : abhaydubey@csds.in

ਟਿੱਪਣੀ ਕਰੋ:

About webmaster

Scroll To Top