Home / ਚੋਣਵੀ ਖਬਰ/ਲੇਖ / ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

ਦਸਤਾਰ ਨੂੰ ਰਾਜਸੀ ਡਰਾਮਾ ਬਣਾਉਣ ਤੋਂ ਗੁਰੇਜ ਕੀਤਾ ਜਾਵੇ

-ਜੀ.ਪੀ.ਐਸ. ਧਨੌਲਾ

ਦਸਤਾਰ ਸਿੱਖ ਦੇ ਸਿਰ ਦਾ ਤਾਜ ਹੈ। ਇਹ ਕੋਈ ਮਖੌਲ ਠੱਠੇ ਦੀ ਪਾਤਰ ਨਹੀਂ ਹੈ। ਇਸ ਦਸਤਾਰ ਬਦਲੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਹੈ। ਸਿੱਖ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪਵਾਏ ਹਨ। ਉਬਲਦੀਆਂ ਦੇਗਾਂ ,ਖੂੰਨੀ ਚਰਖੜੀਆਂ ਦੇ ਝੂਟੇ, ਰੰਬੀਆਂ ਨਾਲ ਖੋਪਰ ਲਹਿਣੇ, ਦਸਤਾਰ ਦੀ ਅਹਿਮੀਅਤ ਦੀ ਸ਼ਾਹਦੀ ਭਰਦੇ ਹਨ। ਦਸਤਾਰ ਧਾਰਮਿਕ ਚਿੰਨ ਵੀ ਹੈ , ਨਿਵੇਕਲੀ ਪਹਿਚਾਣ ਦੀ ਪ੍ਰਤੀਕ ਵੀ ਹੈ, ਇਹ ਸਿੱਖ ਦੀ ਅਣਖ ਵੀ ਹੈ। ਜਦੋਂ ਕਦੇ ਦਸਤਾਰ ਨੂੰ ਹੱਥ ਪਿਆ ਤਾਂ ਫਿਰ ਸਿਰਾਂ ਦਾ ਪਾਸਾ ਖੇਡਿਆ ਗਿਆ। ਜਿੱਤ ਹੋਵੇ ਜਾਂ ਹਾਰ ਇਸ ਦੇ ਕੋਈ ਬਹੁਤੇ ਅਰਥ ਨਹੀਂ, ਪਰ ਦਸਤਾਰ ਵਾਸਤੇ ਲੜ ਮਰਨਾ ਬਹੁਤ ਕੁੱਝ ਮਹਿਣੇ ਰੱਖਦਾ ਹੈ। 

             ਕੋਈ ਬਿਗਾਨਾ ਸਿੱਖ ਦੀ ਦਸਤਾਰ ਨੂੰ ਹੱਥ ਪਾਵੇ ਤਾਂ ਉਸ ਦੀ ਮੂਰਖਤਾ ਜਾਂ ਈਰਖਾ ਹੋ ਸਕਦੀ ਹੈ, ਪਰ ਇਕੀਵੀਂ ਸਦੀ ਵਿੱਚ ਸਿੱਖ ਹੀ ਸਿੱਖ ਦੀ ਦਸਤਾਰ ਲਾਹ ਰਿਹਾ ਹੈ। ਦਸਤਾਰ ਲੁਹਾਉਣ ਵਾਲਾ ਬੇਵੱਸ ਹੈ ਤੇ ਲਾਹੁਣ ਵਾਲਾ ਹਾਸਾ ਹੱਸ ਰਿਹਾ ਹੈ, ਪਰ ਦੋਹਾਂ ਨੂੰ ਖਿਆਲ ਨਹੀਂ ਕਿ ਉਹ ਇਹ ਕਿਹੋ ਜਿਹੀ ਕੁਪੱਤੀ ਖੇਡ ਖੇਡ ਰਹੇ ਹਨ। ਪਿਛਲੇ ਦਿਨੀ ਵਿਧਾਨਸਭਾ ਵਿੱਚ ਇੱਕ ਵਿਧਾਇਕ ਦੀ ਦਸਤਾਰ ਲੱਥੀ, ਕਾਰਣ ਕੁੱਝ ਵੀ ਹੋਵੇ ਪਰ ਅਜਿਹਾ ਹੋਣਾ ਮੰਦਭਾਗਾ ਆਖਿਆ ਜਾ ਸਕਦਾ ਹੈ। ਲੇਕਿਨ ਇਸ ਮੁੱਦੇ ਨੂੰ ਰਾਜਸੀ ਰੰਗ ਦੇਣਾ ਇਸ ਤੋਂ ਮੰਦਭਾਗਾ ਹੈ। ਅਕਾਲੀ ਦਲ ਬਾਦਲ ਨੇ ਉਸ ਪਾਰਟੀ, ਜਿਸ ਨੂੰ ਉਹ ਮਾਨਤਾ ਹੀ ਨਹੀਂ ਦਿੰਦਾ ਸੀ ਅਤੇ ਪਾਣੀ ਪੀ ਪੀ ਕੇ ਕੋਸਦਾ ਸੀ , ਦੇ ਇੱਕ ਵਿਧਾਇਕ ਦੀ ਪੱਗ ਨੂੰ ਲੈ ਕੇ, ਇਸ ਮੁੱਦੇ ਨੂੰ ਅਕਾਲ ਤਖਤ ਸਾਹਿਬ ਉੱਤੇ ਲਿਜਾਣ ਦੀ ਕਵਾਇਦ ਸ਼ੁਰੂ ਕੀਤੀ ਹੈ। ਅੱਜ ਸ਼੍ਰੋਮਣੀ ਵੀ ਬਾਦਲੀ ਇਸ਼ਾਰੇ ਉੱਤੇ ਦਸਤਾਰ ਦੀ ਬੇਅਦਬੀ ਉਤੇ ਬੋਲੀ ਹੈ। ਜਥੇਦਾਰ ਵੀ ਮੁੱਠੀਆਂ ਵਿੱਚ ਥੁੱਕੀ ਬੈਠੇ ਹਨ ਕਿ ਕਦੋਂ ਇਹ ਮਸਲਾ ਸਾਡੇ ਕੋਲ ਆਵੇ ਤੇ ਅਸੀਂ ਕਿਸੇ ਦਾ ਝੱਟਕਾ ਕਰਕੇ ਬਾਦਲੀ ਅਸ਼ੀਰਵਾਦ ਪ੍ਰਾਪਤ ਕਰੀਏ। 

                  ਦਸਤਾਰ ਦੀ ਸਲਾਮਤੀ ਜਾਂ ਬੇਅਦਬੀ ਉੱਤੇ ਜਥੇਦਾਰਾਂ ਦਾ ਜਾਗਣਾ ਅਤੇ ਸ਼੍ਰੋਮਣੀ ਕਮੇਟੀ ਦਾ ਹਿੱਲਣਾ ਮੁਬਾਰਿਕ ਹੈ। ਪਰ ਇਸ ਤੋਂ ਪਹਿਲਾ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਕਿਸੇ ਖਾਸ ਰੰਗ ਦੀ ਦਸਤਾਰ ਜਾਂ ਕਿਸੇ ਖਾਸ ਦਿਨ ਉੱਤੇ ਦਸਤਾਰ ਦੀ ਬੇਅਦਬੀ ਹੋਣ ਤੋਂ ਬਾਅਦ ਹੀ ਹਰਕਤ ਵਿੱਚ ਕਿਉ ਆਉਂਦੀ ਹੈ, ਸਦਾ ਦਸਤਾਰ ਦੀ ਰਾਖੀ ਕਿਉਂ ਨਹੀਂ ਕਰਦੀ ? ਇਥੇ ਇਹ ਲਾਈਨਾਂ ਲਿਖਣ ਦਾ ਇਹ ਮਕਸਦ ਕਦਾਚਿਤ ਨਹੀਂ ਕਿ ਦਸਤਾਰ ਦੀ ਬੇਅਦਬੀ ਉੱਤੇ ਬੋਲਣਾ ਗੁਨਾਹ ਹੈ, ਸਗੋਂ ਇਹ ਯਾਦ ਕਰਵਾਉਣਾ ਹੈ ਕਿ ਕੀਹ ਦਸਤਾਰਾਂ ਵਿੱਚ ਵੀ ਕੋਈ ਫਰਕ ਹੈ? ਕਿਸੇ ਦੀ ਦਸਤਾਰ ਤੇ ਹੋ ਹੱਲਾ ਕਿਸੇ ਦੀ ਦਸਤਾਰ ਉਤਰਨ ਤੇ ਖਚਰਾ ਹਾਸਾ, ਇਹ ਕਿੱਥੋਂ ਦਾ ਨਿਆਂ ਹੈ ?

                ਬਾਦਲ ਦਲੀਆਂ ਨੂੰ ਯਾਦ ਹੋਵੇਗਾ ਕਿ ਉਹਨਾਂ ਦੀ ਸਰਕਾਰ ਹੁੰਦਿਆਂ ਹਰ ਰੋਜ ਕਿਤੇ ਨਾ ਕਿਤੇ ਦਸਤਾਰ ਲਹਿੰਦੀ ਰਹੀ ਹੈ, ਚੁੰਨੀਆਂ ਰੁਲਦੀਆਂ ਰਹੀਆਂਂ ਹਨ, ਸਿੱਖਾਂ ਨੂੰ ਪੁਲਿਸ ਸ਼ਰੇਆਮ ਗੋਲੀਆਂ ਨਾਲ ਭੂੰਨਦੀ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਸ ਵੇਲੇ ਜਥੇਦਾਰ ਸ਼੍ਰੋਮਣੀ ਕਮੇਟੀ ਕਿਹੜੇ ਪਤਾਲ ਵਿੱਚ ਗਈ ਹੋਈ ਸੀ। ਫਰਾਂਸ ਵਿੱਚ ਪੱਗ ਦੀ ਲੜਾਈ ਲੜਣ ਵਾਲਾ ਸਿੱਖ ਭਾਰਤ ਆਇਆ ਤਾਂ ਉਸ ਦੀ ਪੱਗ ਰੁਲੀ, ਨਾ ਜਥੇਦਾਰ ਬੋਲੇ, ਨਾ ਸ਼੍ਰੋਮਣੀ ਕਮੇਟੀ ਹਰਕਤ ਵਿੱਚ ਆਈ। ਸਿੱਖਾਂ ਦੇ ਧੜੱਲੇਦਾਰ ਆਗੂ ਸ. ਸਿਮਰਨਜੀਤ ਸਿੰਘ ਮਾਨ ਦੀ ਕੱਥੂਨੰਗਲ ਵਿਖੇ, ਬਾਦਲ ਦਲੀਆਂ ਨੇ ਦਸਤਾਰ ਲਾਹ ਕੇ ਬੇਇਜ਼ਤ ਕੀਤਾ, ਉਸ ਵੇਲੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਕਿੱਥੇ ਸੀ। ਹਰ ਸਾਲ ਘੱਲੂਘਾਰੇ ਦੇ ਦਿਹਾੜੇ ਉੱਤੇ ਦਰਬਾਰ ਸਾਹਿਬ ਦੇ ਸਾਹਮਣੇ, ਅਕਾਲ ਤਖਤ ਸਾਹਿਬ ਵਿਖੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਟਾਸਕ ਫੋਰਸ ਸਿੱਖਾਂ ਦੀਆਂ ਦਸਤਾਰਾਂ ਲਾਹੁੰਦੀ ਹੈ, ਉਸ ਵੇਲੇ ਇਹਨਾਂ ਦਸਤਾਰਾਂ ਦੀ ਅਹਿਮੀਅਤ ਘੱਟ ਹੁੰਦੀ ਹੈ, ਜੋ ਅੱਜ ਇੱਕ ਵਿਧਾਇਕ ਦੀ ਪੱਗ ਲਹਿਣ ਉੱਤੇ ਵੱਡੀ ਅਹਿਮੀਅਤ ਨਜ਼ਰ ਆ ਰਹੀ ਹੈ। 

 
 

            ਦਸਤਾਰ ਹਰ ਸਿੱਖ ਦੀ ਬਰਾਬਰ ਹੈ। ਪਰ ਅੱਜ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਦਸਤਾਰ ਦੀ ਇਜ਼ਤ ਬਹਾਲੀ ਵਾਸਤੇ ਜਾਂ ਹੋਈ ਬੇਅਦਬੀ ਲਈ ਨਹੀਂ, ਸਗੋਂ ਬਾਦਲ ਦੀ ਉਖੜ ਚੁੱਕੀ ਰਾਜਨੀਤੀ ਦੀਆਂ ਫਿਰ ਤੋਂ ਜੜਾਂ ਲਾਉਣ ਵਾਸਤੇ ਤਰਲੋਮੱਛੀ ਹੋ ਰਹੇ ਹਨ। ਜੇ ਅਕਾਲ ਤਖਤ ਸਾਹਿਬ ਜਾਂ ਦੂਸਰੇ ਜਥੇਦਾਰ ਸੱਚਮੁੱਚ ਦਸਤਾਰ ਲਾਹੁਣ ਦੇ ਮਾਮਲੇ ਉੱਤੇ ਕੋਈ ਸੰਜੀਦਾ ਕਾਰਵਾਈ ਕਰਨੀ ਚਾਹੁੰਦੇ ਹਨ ਤਾਂ ਪਹਿਲਾਂ ਸੁੱਚਾ ਸਿੰਘ ਲੰਗਾਹ , ਅਮਰਪਾਲ ਸਿੰਘ ਬੋਨੀ ਅਤੇ ਉਹਨਾਂ ਦੇ ਸਾਥੀਆਂ ਨੂੰ ਸ. ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਲਾਹੁਣ ਬਦਲੇ ਤਲਬ ਕਰਨ। ਬਾਦਲਾਂ ਦੇ ਰਾਜ ਵਿੱਚ ਸਿੱਖਾਂ ਦੀਆਂ ਲੱਥੀਆਂ ਪੱਗਾਂ ਅਤੇ ਰੁਲੀਆਂ ਚੁੰਨੀਆਂ ਦੇ ਦੋਸ਼ੀ, ਬਾਦਲ ਪਿਓ ਪੁੱਤਾਂਂ ਨੂੰ ਤਲਬ ਕਰਨ। ਕੇਵਲ ਕਾਂਗਰਸੀਆਂ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰਾਬ ਕਰਨ ਲਈ ਕੋਈ ਐਕਸ਼ਨ ਕਰਨ ਤੋਂ ਗੁਰੇਜ ਕਰਨ, ਕਿਉਂਕਿ ਪਹਿਲਾਂ ਹੀ ਅਕਾਲ ਤਖਤ ਸਾਹਿਬ ਉੱਤੇ ਕਾਬਜ਼ ਲੋਕਾਂ ਨੇ ਸਿੱਖਾਂ ਦੀਆਂ ਧਾਰਮਿਕ ਪ੍ਰੰਪਰਾਵਾਂ ਦਾ ਜਲੂਸ ਕੱਢ ਰੱਖਿਆ ਹੈ ਅਤੇ ਹੁਣ ਹੋਰ ਜਲੂਸ ਕੱਢਣ ਤੋਂ ਹੁਣ ਤੋਬਾ ਕਰਨੀ ਚਾਹੀਦੀ ਹੈ। ਦਸਤਾਰ ਨੂੰ ਸਿੱਖ ਦੇ ਸਿਰ ਦਾ ਤਾਜ਼ ਅਤੇ ਅਣਖ ਦੀ ਪ੍ਰਤੀਕ ਰਹਿਣ ਦਿਓ, ਇਸ ਨੂੰ ਰਾਜਸੀ ਮਜਾਕ ਬਣਾਉਣ ਤੋਂ ਗੁਰੇਜ਼ ਕਰੋ॥ ਗੁਰੂ ਰਾਖਾ॥
   

ਟਿੱਪਣੀ ਕਰੋ:

About webmaster

Scroll To Top