Home / ਦੇਸ ਪੰਜਾਬ / ਬਰਤਾਨੀਆ ਸਰਕਾਰ ਜੂਨ 1984 ਦੇ ਫੌਜੀ ਹਮਲੇ ਵਿਚ ਬ੍ਰਿਟੇਨ ਦੀ ਭਾਰਤ ਨੂੰ ਦਿੱਤੀ ਹਮਾਇਤ ਬਾਰੇ ਸਪੱਸ਼ਟ ਕਰੇ – ਪੰਥਕ ਸਿੱਖ ਆਗੂ

ਬਰਤਾਨੀਆ ਸਰਕਾਰ ਜੂਨ 1984 ਦੇ ਫੌਜੀ ਹਮਲੇ ਵਿਚ ਬ੍ਰਿਟੇਨ ਦੀ ਭਾਰਤ ਨੂੰ ਦਿੱਤੀ ਹਮਾਇਤ ਬਾਰੇ ਸਪੱਸ਼ਟ ਕਰੇ – ਪੰਥਕ ਸਿੱਖ ਆਗੂ

AKJUKਡਰਬੀ (ਪੰਜਾਬ ਟਾਈਮਜ਼) – ਭਾਰਤ ਦੀ ਕਾਂਗਰਸੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਹਮਲੇ ਸਮੇਂ ਬਰਤਾਨੀਆ ਦੀ ਭੂਤਪੂਰਵ ਪ੍ਰਧਾਨ ਮੰਤਰੀ ਮਾਗ੍ਰੇਟ ਥੈਚਰ ਪਾਸੋਂ ਮੰਗੀ ਹਮਾਇਤ ਅਤੇ ਇਸ ਦਾ ਹਾਂ ਪੱਖੀ ਹੁੰਘਾਰਾ ਦੇਣ ਸਬੰਧੀ ਮੀਡੀਆ ਨੂੰ 30 ਸਾਲਾਂ ਬਾਅਦ ਜਾਰੀ ਕੀਤੇ ਗਏ ਪੱਤਰਾਂ ਬਾਰੇ ਯੂ ਕੇ ਦੇ ਸਿੱਖ ਆਗੂਆਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ । ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਬਰਤਾਨਵੀ ਸਰਕਾਰ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਵੇ । ਇਸ ਸਮੇਂ ਬਰਤਾਨੀਆ ਸਰਕਾਰ ਅਤੇ ਇਥੋਂ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਨਾਲ ਸਿੱਖਾਂ ਦੇ ਬਹੁਤ ਸੁਖਾਵੇਂ ਸੰਬੰਧ ਹਨ, ਇਹਨਾਂ ਡਾਕੂਮੈਂਟਾਂ ਦੇ ਰਿਲੀਜ਼ ਹੋਣ ਦਾ ਇਹਨਾਂ ਸਬੰਧਾਂ ‘ਤੇ ਪ੍ਰਭਾਵ ਵੀ ਪੈ ਸਕਦਾ ਹੈ ।

ਅਖੰਡ ਕੀਰਤਨੀ ਜਥਾ ਯੂ ਕੇ ਦੇ ਮੁਖੀ ਜਥੇਦਾਰ ਰਘਬੀਰ ਸਿੰਘ, ਸਿਆਸੀ ਵਿੰਗ ਦੇ ਸਕੱਤਰ ਸ: ਜੋਗਾ ਸਿੰਘ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਪ੍ਰਧਾਨ ਸ: ਅਵਤਾਰ ਸਿੰਘ ਸੰਘੇੜਾ, ਜਥੇਦਾਰ ਬਲਬੀਰ ਸਿੰਘ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਵੈਂਟਰੀ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ ਅਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਬਲਬਿੰਦਰ ਸਿੰਘ ਨੰਨੂਆ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਇਸ ਦੁੱਖਦਾਈ ਘਟਨਾ ਸਮੇਂ ਵੀ ਟੋਰੀ ਪਾਰਟੀ ਦੀ ਸਰਕਾਰ ਸੀ, ਤੇ ਹੁਣ ਵੀ ਇਹ ਪਾਰਟੀ ਸਰਕਾਰ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਰਹੀ ਹੈ । ਇਸ ਲਈ ਮੌਜੂਦਾ ਸਰਕਾਰ ਨੂੰ ਬਰਤਾਨੀਆ ਦੀ ਸਥਿੱਤੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ । ਸਿੱਖ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਵਿਸ਼ਵ ਯੁੱਧਾਂ ਤੋਂ ਲੈ ਕੇ ਹੁਣ ਤੱਕ ਬਰਤਾਨੀਆ ਦੀ ਆਜ਼ਾਦੀ ਅਤੇ ਆਰਥਿਕ ਤਰੱਕੀ ਵਿਚ ਭਰਵਾਂ ਯੋਗਦਾਨ ਪਾਇਆ ਹੈ । ਵਿਸ਼ਵ ਯੁੱਧਾਂ ਵਿਚ 83,000 ਸਿੱਖਾਂ ਨੇ ਬਰਤਾਨੀਆ ਤੇ ਯੂਰਪ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਲੱਖਾਂ ਦੀ ਗਿਣਤੀ ਵਿਚ ਇਹਨਾਂ ਯੁੱਧਾਂ ਵਿਚ ਹਿੱਸਾ ਲਿਆ ਅਤੇ ਲੱਖਾਂ ਜ਼ਖਮੀ ਹੋਏ ਸਨ । ਭਾਰਤ ਦੀ ਆਜ਼ਾਦੀ ਸਮੇਂ ਵੀ ਸਿੱਖਾਂ ਦੇ ਆਜ਼ਾਦੀ ਦੇ ਹੱਕ ਨੂੰ ਅੱਖੋਂ ਪਰੋਖੇ ਕੀਤਾ ਗਿਆ । ਸਿੱਖ ਆਗੂਆਂ ਨੇ ਕਿਹਾ ਕਿ ਇਕ ਤਾਂ ਬਰਤਾਨਵੀ ਸਰਕਾਰ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਏ, ਅਗਰ ਬਰਤਾਨੀਆ ਨੇ ਇਸ ਕਾਰਵਾਈ ਵਿਚ ਭੂਮਿਕਾ ਨਿਭਾਈ ਸੀ ਤਾਂ ਸਿੱਖਾਂ ਪਾਸੋਂ ਮੁਆਫ਼ੀ ਮੰਗੀ ਜਾਵੇ । ਦੂਜਾ ਸਿੱਖਾਂ ਦੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਯੂ ਐਨ ਓ ਦੇ ਚੈਪਟਰ ਮੁਤਾਬਕ ਬਰਤਾਨਵੀ ਪਾਰਲੀਮੈਂਟ ਵਿਚ ਬਹਿਸ ਕਰਵਾਈ ਜਾਵੇ । ਸਿੱਖ ਆਗੂਆਂ ਨੇ ਯੂ ਕੇ ਦੇ ਸਿੱਖਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ, ਸੁਖਾਵਾਂ ਮਾਹੌਲ ਬਣਾਈ ਰੱਖਣ ਅਤੇ ਦੂਰ ਅੰਦੇਸ਼ੀ ਤੋਂ ਕੰਮ ਲੈਣ, ਜਲਦਬਾਜ਼ੀ ਵਿਚ ਕੋਈ ਕਾਰਵਾਈ ਕਰਨ ਤੋਂ ਸੰਕੋਚ ਕਰਨ । ਸਿੱਖ ਕੌਂਸਲ ਯੂ ਕੇ ਅਤੇ ਇਥੋਂ ਦੀਆਂ ਪੰਥਕ ਸੰਸਥਾਵਾਂ ਬਰਤਾਨਵੀ ਸਰਕਾਰ ਅਤੇ ਸਿਆਸੀ ਪਾਰਟੀਆਂ ਨਾਲ ਲਗਾਤਾਰ ਰਾਬਤੇ ਵਿਚ ਹਨ, ਇਸ ਘਟਨਾ ਦੀ ਜਾਂਚ ਅਤੇ ਨਤੀਜਿਆਂ ਬਾਰੇ ਸਿੱਖ ਸੰਗਤਾਂ ਨੂੰ ਸਮੇਂ ਸਮੇਂ ‘ਤੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ ।

ਟਿੱਪਣੀ ਕਰੋ:

About editor

Scroll To Top