Home / ਦੇਸ ਪੰਜਾਬ / ਚੁਰਾਸੀ ਵਿਚ ਇੰਦਰਾਂ ਦਾ ਸਾਥ ਦੇ ਕੇ ਥੈਚਰ ਨੇ ਕਲੰਕ ਖੱਟ ਲਿਆ – ਬਰਤਾਨਵੀ ਸਰਕਾਰ ਹੁਣ ਕੌਮਾਂਤਰੀ ਕਟਹਿਰੇ ਵਿਚ

ਚੁਰਾਸੀ ਵਿਚ ਇੰਦਰਾਂ ਦਾ ਸਾਥ ਦੇ ਕੇ ਥੈਚਰ ਨੇ ਕਲੰਕ ਖੱਟ ਲਿਆ – ਬਰਤਾਨਵੀ ਸਰਕਾਰ ਹੁਣ ਕੌਮਾਂਤਰੀ ਕਟਹਿਰੇ ਵਿਚ

Kulwant Singh Dhesi picਲੋੜ ਵੇਲੇ ਵਿਕ ਜਾਏ ਘਰ ਬਾਰ ਤਾਂ ਵੀ ਕੀ, ਪਰ ਤੇਰੀ ਜ਼ਮੀਰ ਦਾ, ਵਿਕਣਾ ਕਿਆਮਤ ਹੈ।

 ਇਹਨੀ ਦਿਨੀ ਅਚਾਨਕ ਹੀ ਇਹ ਸਨਸਨੀ ਖੇਜ਼ ਪ੍ਰਗਟਾਵਾ ਹੋਇਆ ਹੈ ਕਿ ਦਰਬਾਰ ਸਾਹਿਬ ‘ਤੇ ਹਮਲੇ ਵਿਚ ਇੰਦਰਾਂ ਨੇ ਉਸ ਸਮੇਂ ਦੀ ਬਰਤਾਨਵੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਮਾਰਗਰੇਟ ਥੈਚਰ ਤੋਂ ਮੱਦਤ ਮੰਗੀ ਸੀ ਜਿਸ ਨੂੰ ਕਿ ਥੈਚਰ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਸੀ। ਕਿਹਾ ਗਿਆ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਯੋਜਨਾਂ ਲਈ ਥੈਚਰ ਨੇ ਆਪਣੀਆਂ ਫੌਜਾਂ ਦੇ ਇੱਕ ਐਸ ਏ ਐਸ ਅਫਸਰ ਨੂੰ ਭਾਰਤ ਭੇਜਿਆ ਤਾਂ ਕਿ ਉਹ ਭਾਰਤੀ ਸਰਕਾਰ ਦੀ ਦਰਬਾਰ ਸਾਹਿਬ ਤੇ ਹਮਲੇ ਦੀ ਯੋਜਨਾਂ ਵਿਚ ਮੱਦਤ ਕਰ ਸਕੇ। ਦੱਸਿਆ ਜਾਂਦਾ ਹੈ ਕਿ ਉਹਨੀ ਦਿਨੀ ਬਰਤਾਨੀਆਂ ਭਾਰਤ ਨਾਲ ਹਥਿਆਰਾਂ ਦਾ ਇੱਕ ਸੌਦਾ ਤਹਿ ਕਰਨ ਦੇ ਗੇੜ ਵਿਚ ਸੀ ਅਤੇ ਸਰਕਾਰ ਨੂੰ ਇਹ ਵੀ ਖਬਰ ਸੀ ਕਿ ਜੇਕਰ ਸਿੱਖਾਂ ਨੂੰ ਇਸ ਰਿੱਝ ਰਹੀ ਖੀਰ ਦੀ ਭਿਣਕ ਪੈ ਗਈ ਤਾਂ ਉਹ ਸਰਕਾਰ ਖਿਲਾਫ ਸੜਕਾਂ ਤੇ ਆ ਜਾਣਗੇ, ਇਸੇ ਕਰਕੇ ਇਸ ਨੂੰ ਪੂਰਨ ਤੌਰ ਤੇ ਗੁਪਤ ਰੱਖਿਆ ਗਿਆ। ਇਹ ਭੇਤ ਕਰੀਬ ਤੀਹ ਸਾਲ ਤਾਂ ਇੱਕ ਭੇਤ ਹੀ ਬਣਿਆਂ ਰਿਹਾ ਅਤੇ ਚੁਰਾਸੀ ਦੇ ਘੱਲੂਘਾਰੇ ਨੂੰ ਲੈ ਕੇ ਸਿੱਖ ਭਾਈਚਾਰਾ ਬਰਤਾਨਵੀ ਸਰਕਾਰ ਤੋਂ ਆਪਣੇ ਜ਼ਖਮਾਂ ਤੇ ਮਲ੍ਹਮ ਲਈ ਹਮੇਸ਼ਾਂ ਹੀ ਆਸਵੰਦ ਵੀ ਰਿਹਾ । ਪਰ ਹੁਣ ਜਨਵਰੀ ਦੇ ਮਹੀਨੇ ਵਿਚ ਸਰਕਾਰ ਦੇ ਪੁਰਾਣੇ ਰਿਕਾਰਡਾਂ ਵਿਚੋਂ ਦੋ ਅਹਿਮ ਖਤਾਂ ਦੇ ਪ੍ਰਗਟਾਵੇ ਨੇ ਅਚਾਨਕ ਹੀ ਤਹਿਲਕਾ ਮਚਾ ਦਿੱਤਾ ਹੈ।

ਵੈਸਟ ਬ੍ਰਾਮਿਚ ਦੇ ਲੇਬਰ ਐਮ ਪੀ ਟਾਮ ਵਾਟਸਨ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਐਸਾ ਕੋਈ ਸੰਕੇਤ ਨਹੀਂ ਮਿਲਦਾ ਕਿ ਥੈਚਰ ਸਰਕਾਰ ਨੇ ਇਹ ਮੁੱਦਾ ਪਾਰਲੀਮੈਂਟ ਵਿਚ ਲਿਆਂਦਾ ਹੋਵੇ ਅਤੇ ਉਸ ਨੇ ਸਿੱਖ ਕੌਂਸਲ ਯੂ ਕੇ ਦੀ ਉਸ ਮੰਗ ਦੀ ਪ੍ਰੋੜਤਾ ਕੀਤੀ ਹੈ ਕਿ ਬਿਦੇਸ਼ ਮੰਤਰਾਲਾ ਇਸ ਸਬੰਧੀ ਬਾਕੀ ਦੇ ਦਸਤਾਵੇਜ ਵੀ ਜਨਤਕ ਕਰੇ ਤਾਂ ਕਿ ਮਾਮਲੇ ਦੀ ਸਹੀ ਤਸਵੀਰ ਸਮਝ ਆ ਸਕੇ । ਐਸੀ ਹੀ ਮੰਗ ਵੁਲਵਰਹੈਂਪਟਨ ਸਾਊਥ ਵੈਸਟ ਦੇ ਐਮ ਪੀ ਪੋਲ ਉਪਲ ਵਲੋਂ ਵੀ ਲਿਖਤੀ ਰੂਪ ਵਿਚ ਕੀਤੀ ਗਈ ਹੈ। ਬਰਤਾਨੀਆਂ ਸਰਕਾਰ ਵਲੋਂ ਨੀਲਾ ਤਾਰਾ ਅਪਰੇਸ਼ਨ ਵਿਚ ਦਿੱਤੀ ਗਈ ਸਹਾਇਤਾ ਸਬੰਧੀ ਅਗਰ ਲੋੜੀਂਦੀ ਜਾਣਕਾਰੀ ਬਾਹਰ ਆ ਜਾਂਦੀ ਹੈ ਤਾਂ ਇਸ ਨਾਲ ਇਹ ਹੋਰ ਵੀ ਸਪੱਸ਼ਟ ਹੋ ਜਾਏਗਾ ਕਿ ਸਰਕਾਰ ਕਿਸ ਹੱਦ ਤਕ ਦਰਬਾਰ ਸਾਹਿਬ ‘ਤੇ ਹਮਲੇ ਵਿਚ ਸ਼ਾਮਲ ਸੀ। ਇਹ ਗੱਲ ਜ਼ਿਕਰ ਯੋਗ ਹੈ ਕਿ ਬਰਤਾਨਵੀ ਪੁਰਾਤਤਵ ਵਿਭਾਗ ਵਲੋਂ ਕਿਸੇ ਘਟਨਾਂ ਦੇ ਤੀਹ ਸਾਲ ਪੂਰੇ ਹੋਣ ਮਗਰੋਂ ਐਸੇ ਕਈ ਦਸਤਾਵੇਜ ਜਨਤਕ ਕਰ ਦਿੱਤੇ ਜਾਂਦੇ ਹਨ ਜਿ ਕਿ ਘੱਟ ਸੰਵੇਦਨਸ਼ੀਲ ਸਮਝੇ ਗਏ ਹੋਣ।

ਇਸ ਸਾਲ ਜਦੋਂ ਕਿ ਸਿੱਖ ਭਾਈਚਾਰਾ ਦਰਬਾਰ ਸਾਹਿਬ ਤੇ ਹਮਲੇ ਦੀ ਤੀਹ ਸਾਲਾ ਬਰਸੀ ਮਨਾ ਰਿਹਾ ਹੈ ਤਾਂ ਇਸ ਕਿਸਮ ਦੀ ਖਬਰ ਦਾ ਆਉਣਾਂ ਭਾਈਚਾਰੇ ਦੇ ਜ਼ਖਮਾਂ ਤੇ ਨਮਕ ਛਿੜਕਣ ਬਰਾਬਰ ਹੈ। ਇਹ ਵੀ ਜ਼ਿਕਰ ਯੋਗ ਹੈ ਕਿ ਇਸੇ ਸਾਲ ਪਹਿਲੇ ਸੰਸਾਰ ਯੁੱਧ ਦੀ ਸੌ ਸਾਲਾ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ ਜਦ ਕਿ ਦੋਹਾਂ ਸੰਸਾਰ ਜੰਗਾਂ ਵਿਚ ਬਰਤਾਨੀਆਂ ਵਲੋਂ ਲੜ ਰਹੇ ਸਿੱਖ ਫੌਜੀਆਂ ਨੇ ਬਹਾਦਰੀ ਦੇ ਕਮਾਲ ਦੇ ਇਤਹਾਸ ਸਿਰਜੇ ਸਨ ਅਤੇ ਸਾਰਾਗੜੀ ਵਰਗੇ ਦਲੇਰੀ ਦੇ ਸਿੱਖ ਸਾਕਿਆਂ ਨੂੰ ਤਾਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹੈ। ਹੁਣ ਚੁਰਾਸੀ ਵਿਚ ਥੈਚਰ ਸਰਕਾਰ ਵਲੋਂ ਸਿੱਖ ਵਿਰੋਧੀ ਨਿਭਾਏ ਗਏ ਕਿਰਦਾਰ ਬਾਰੇ ਪਤਾ ਲੱਗਣ ਤੇ ਸਿੱਖ ਭਾਈਚਾਰਾ ਮਾਨਸਕ ਤੌਰ ਤੇ ਕਿੰਨਾਂ ਲਹੂ ਲੁਹਾਣ ਹੋਏਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਮੌਜੂਦਾ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਫਰਵਰੀ 2013 ਵਿਚ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਸੀ ਤਾਂ ਉਸ ਨਾਲ ਬਰਤਾਨਵੀ ਸਿੱਖਾਂ ਦੇ ਟੋਰੀ ਸਰਕਾਰ ਪ੍ਰਤੀ ਨਜ਼ਰਏ ਵਿਚ ਵੱਡੀ ਤਬਦੀਲੀ ਆਈ ਸੀ । ਏਨਾਂ ਹੀ ਨਹੀਂ ਸਗੋਂ ਡੇਵਿਡ ਕੈਮਰਨ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਉਪਰੰਤ ਜਲਿਆਂ ਵਾਲੇ ਬਾਗ ਦੇ ਸ਼ਹੀਦੀ ਸਮਾਰਕ ਅੱਗੇ ਆਪਣੀ ਸ਼ਰਧਾਂਜਲੀ ਅਰਪਨ ਕਰਕੇ ਪੰਜਾਬੀ ਅਤੇ ਭਾਰਤੀ ਸਮਾਜ ਸਾਹਮਣੇ ਆਪਣੀ ਕੀਤੀ ‘ਤੇ ਪਛਾਤਾਵੇ ਦਾ ਪ੍ਰਗਟਾਵਾ ਕਰਦਿਆਂ ਸਹਾਨਭੂਤੀ ਕਿਤਾਬ ਵਿਚ ਇਹ ਲਾਈਨਾਂ ਲਿਖੀਆਂ ਸਨ– “ਇਹ ਬਰਤਾਨਵੀ ਇਤਹਾਸ ਦੀ ਘੋਰ ਸ਼ਰਮਨਾਕ ਘਟਨਾਂ ਹੈ । ਇਥੇ ਜੋ ਕੁਝ ਹੋਇਆ ਉਸ ਬਾਰੇ ਸਾਨੂੰ ਕਦੀ ਵੀ ਭੁੱਲਣਾਂ ਨਹੀਂ ਚਾਹੀਦਾ ।” (a deeply shameful event in British History. We must not forget what happened here) ਜਲਿਆਂ ਵਾਲੇ ਬਾਗ ਦੇ ਸਾਕੇ ਨੂੰ ਕੌਮਾਂਤਰੀ ਪ੍ਰਸਿੱਧੀ ਵਾਲੇ ਭੂਤਪੂਰਵ ਬਰਤਾਨਵੀ ਪ੍ਰਧਾਨ ਮੰਤਰੀ ਵਿਨਸਟਨ ਚਰਚਲ ਨੇ ਵੀ ‘ਹੈਵਾਨੀ’ (monstrous) ਕਾਰਾ ਕਹਿ ਕੇ ਨਿੰਦਿਆ ਸੀ । ਹੁਣ ਦੇਖਣਾਂ ਇਹ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੇ ਸ਼ਹੀਦੀ ਦਿਹਾੜੇ ਤੇ ਦਰਬਾਰ ਸਾਹਿਬ ਤੇ ਹਮਲੇ ਦੀ ਯੋਜਨਾਂ ਵਿਚ ਸਾਥ ਦੇਣ ਵਾਲੇ ਆਪਣੇ ਕਾਲੇ ਕਿਰਦਾਰ ਬਾਰੇ ਅੱਜ ਦੀ ਬਰਤਾਨਵੀ ਸਰਕਾਰ ਕੀ ਬਿਆਨ ਦਿੰਦੀ ਹੈ ਜਾਂ ਇਸ ਬਾਰੇ ਕੀ ਸਫਾਈ ਦਿੰਦੀ ਹੈ ।

ਅੱਜ ਸਿੱਖ ਭਾਈਚਾਰਾ ਆਪਣੇ ਨਿਰਾਲੇ ਰੂਪ ਸਰੂਪ ਅਤੇ ਪੰਜ ਕਕਾਰੀ ਰਹਿਤ ਦੀ ਸਥਾਪਤੀ ਲਈ ਕੌਮਾਂਤਰੀ ਸੰਘਰਸ਼ ਕਰ ਰਿਹਾ ਹੈ। ਇਸ ਸਬੰਧੀ ਸਿੱਖ ਕੌਂਸਲ ਯੂ ਕੇ ਨੇ ਮੌਜੂਦਾ ਬਰਤਾਨਵੀ ਸਰਕਾਰ ਨਾਲ ਚੰਗੇ ਸਬੰਧ ਬਣਾ ਕੇ ਜਿਥੇ ਯੂ ਕੇ ਦੀਆਂ ਏਅਰਪੋਰਟਾਂ ਅਤੇ ਹੋਰ ਅਦਾਰਿਆਂ ਵਿਚ ਆ ਰਹੀਆਂ ਔਕੜਾਂ ਦਾ ਹੱਲ ਕੀਤਾ ਉਥੇ ਹੀ ਯੂਰਪ ਵਿਚ ਬਰਤਾਨਵੀ ਪਹਿਲ ਕਦਮੀ ਨੂੰ ਅਧਾਰ ਬਣਾ ਕੇ ਸਿੱਖ ਰਹਿਤ ਸਬੰਧੀ ਆ ਰਹੀਆਂ ਔਕੜਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਓਂ ਹੀ ਥੈਚਰ ਸਰਕਾਰ ਵਲੋਂ ਇੰਦਰਾਂ ਨੂੰ ਦਰਬਾਰ ਸਾਹਿਬ ਦੇ ਹਮਲੇ ਵਿਚ ਦਿੱਤੀ ਮੱਦਤ ਦੀ ਖਬਰ ਆਈ ਤਾਂ ਕੌਂਸਲ ਦੇ ਸਕੱਤਰ ਜਨਰਲ ਸ: ਗੁਰਮੇਲ ਸਿੰਘ ਨੇ ਆਪਣੇ ਸਦਮੇਂ ਦਾ ਪ੍ਰਗਟਾਵਾ ਕਰਦਿਆਂ ਤਤਕਾਲ ਹੀ ਬਰਤਾਨਵੀ ਬਿਦੇਸ਼ ਮਹਿਕਮੇ ਤੋਂ ਇਸ ਘਟਨਾਂ ਸਬੰਧੀ ਬਾਕੀ ਦੀ ਜਾਣਕਾਰੀ ਬਾਰੇ ਮੰਗ ਕੀਤੀ ਹੈ । ਸਰਕਾਰ ਵਾਸਤੇ ਬਿਹਤਰ ਇਹ ਹੀ ਹੋਏਗਾ ਕਿ ਉਹ ਸਿੱਖਾਂ ਦਾ ਵਿਸ਼ਵਾਸ ਜਿੱਤਣ ਲਈ ਥੈਚਰ ਸਰਕਾਰ ਦੀ ਕਰਤੂਤ ਨੂੰ ਜੱਗ ਜਾਹਰ ਕਰਕੇ ਸਿੱਖਾਂ ਤੋਂ ਮੁਆਫੀ ਮੰਗ ਲਵੇ ਵਰਨਾਂ ਇਹ ਸਿੱਖਾਂ ਵਲੋਂ ਅੰਗ੍ਰੇਜ਼ਾਂ ਪ੍ਰਤੀ ਵਫਾਦਾਰੀ ਦੇ ਨਿਭਾਏ ਗਏ ਇਤਹਾਸਕ ਕਿਰਦਾਰ ਨਾਲ ਘੋਰ ਅਨਿਆਂ ਅਤੇ ਅਕ੍ਰਿਤਘਣਤਾ ਵਾਲੀ ਗੱਲ ਹੀ ਹੋਏਗੀ ।

ਟਿੱਪਣੀ ਕਰੋ:

About editor

Scroll To Top