Home / ਚੋਣਵੀ ਖਬਰ/ਲੇਖ / ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ, ਕੇਜਰੀਵਾਲ ਵੀ ਹਿੰਦੂ ਵਿਰੋਧੀ

ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ, ਕੇਜਰੀਵਾਲ ਵੀ ਹਿੰਦੂ ਵਿਰੋਧੀ

ਬਠਿੰਡਾ: ਸ੍ਰੀ ਹਿੰਦੂ ਤਖਤ ਦੇ ਮੁੱਖ ਪ੍ਰਚਾਰਕ ਵਰੁਣ ਮਹਿਤਾ ਨੇ ਆਖਿਆ ਹੈ ਕਿ ਅੱਜ ਪੰਜਾਬ ਦਾ ਹਿੰਦੂ ਭਾਈਚਾਰਾ ਅਸੁਰੱਖਿਅਤ ਹੈ ਜਿਸ ਦੀ ਸੁਰੱਖਿਆ ਦੀ ਥਾਂ ਸਿਆਸੀ ਧਿਰਾਂ ਸਿਆਸਤ ਖੇਡ ਰਹੀਆਂ ਹਨ। ਅੱਜ ਇਥੇ ਸ੍ਰੀ ਮਹਿਤਾ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਦਾ ਵਤੀਰਾ ਹਿੰਦੂ ਵਿਰੋਧੀ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਭੂਮਿਕਾ ਵੀ ਸ਼ੱਕੀ ਹੈ। ਉਨ੍ਹਾਂ ਅਖਿਆ ਕਿ ਪੰਜਾਬ ਵਿਚ ਧਾਰਮਿਕ ਗਰੰਥਾਂ ਦੀ ਬੇਅਦਬੀ ਪਿੱਛੇ ਹਿੰਦੂ ਤੇ ਸਿੱਖ ਭਾਈਚਾਰੇ ਵਿਚ ਪਾੜਾ ਪਾਉਣ ਦਾ ਮਨੋਰਥ ਹੈ ਅਤੇ ਕੁਝ ਤਾਕਤਾਂ ਇਹ ਕੰਮ ਕਰਨ ਵਿਚ ਲੱਗੀਆਂ ਹੋਈਆਂ ਹਨ।
ਉਨ੍ਹਾਂ ਆਖਿਆ ਕਿ ਹਿੰਦੂ ਧਰਮ ਸਭਨਾਂ ਧਰਮਾਂ ਦਾ ਸਤਿਕਾਰ ਕਰਦਾ ਹੈ।    ਮੁੱਖ ਪ੍ਰਚਾਰਕ ਵਰੁਣ ਮਹਿਤਾ ਨੇ ਆਖਿਆ ਕਿ ਜਦੋਂ ਤੋਂ ਪ੍ਰੋ. ਦਵਿੰਦਰਪਾਲ ਭੁੱਲਰ ਨੂੰ ਪੈਰੋਲ ਦਿੱਤੀ ਗਈ ਹੈ, ਉਦੋਂ ਤੋਂ ਹੀ ਦੇਸ਼ ਵਿਰੋਧੀ ਤਾਕਤਾਂ ਸਰਗਰਮ ਹੋ ਗਈਆਂ ਹਨ। ਇਸੇ ਕੜੀ ਵਿਚ ਹੀ ਜ਼ਿਲਾ ਲੁਧਿਆਣਾ ਦੇ ਮੁੱਖ ਪ੍ਰਚਾਰਕ ਅਮਿਤ ਸ਼ਰਮਾ ਦਾ ਕਤਲ ਹੋਇਆ ਹੈ ਜਿਸ ਦੇ ਕਾਤਲਾਂ ਦਾ ਅੱਜ ਤੱਕ ਪੁਲੀਸ ਸੁਰਾਗ ਨਹੀਂ ਲਗਾ ਸਕੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਅਮਿਤ ਸ਼ਰਮਾ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੋਸ਼ਲ ਸਾਈਟਾਂ ’ਤੇ ਕੂੜ ਪ੍ਰਚਾਰ ਜਾਰੀ ਹੈ। ਇਸ ਮਾਮਲੇ ਵਿਚ ਗੱਠਜੋੜ ਦਾ ਵਤੀਰਾ ਠੀਕ ਨਹੀਂ ਰਿਹਾ ਅਤੇ ਕਾਂਗਰਸ ਨੇ ਚੁੱਪ ਧਾਰੀ ਰੱਖੀ। ‘ਆਪ’ ਆਗੂਆਂ ਨੇ ਵੀ ਕਦੇ ਅਤਿਵਾਦ ਪੀੜਤਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਹਿੰਦੂ ਵਿਰੋਧੀ ਹਨ ਅਤੇ ਅੱਜ ਤੱਕ ਉਹ ਸਪੱਸ਼ਟ ਨਹੀਂ ਕਰ ਸਕੇ ਹਨ ਕਿ ਉਹ ਕਿਹੜੀ ਮਜਬੂਰੀ ਅਧੀਨ ਪੀੜਤਾਂ ਨਾਲ ਗੱਲ ਨਹੀਂ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸ੍ਰੀ ਹਿੰਦੂ ਤਖਤ ਗੈਰ ਸਿਆਸੀ ਸੰਸਥਾ ਹੈ ਜਿਸ ਕਰ ਕੇ ਉਹ ਚੋਣ ਪ੍ਰਚਾਰ ਦੌਰਾਨ ਚੁੱਪ ਰਹੇ। ਉਨ੍ਹਾਂ ਆਖਿਆ ਕਿ ਹੁਣ ਅਸਲੀਅਤ ਲੋਕਾਂ ਸਾਹਮਣੇ ਰੱਖਣਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਇਸ ਮੌਕੇ ਅਸ਼ਵਨੀ ਸ਼ੁਕਲਾ ਨੂੰ ਸ੍ਰੀ ਹਿੰਦੂ ਤਖਤ ਦਾ ਜ਼ਿਲਾ ਮੁੱਖ ਪ੍ਰਚਾਰਕ, ਅਜੇ ਗੌਤਮ ਨੂੰ ਮਾਲਵੇ ਦਾ ਪ੍ਰਚਾਰਕ ਅਤੇ ਐਡਵੋਕੇਟ ਐਸ. ਐਨ. ਤ੍ਰਿਪਾਠੀ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ।

 
 

ਟਿੱਪਣੀ ਕਰੋ:

About webmaster

Scroll To Top