Home / ਚੋਣਵੀ ਖਬਰ/ਲੇਖ / ਪੰਜਾਬ ‘ਚ ਦਿਨੋ-ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ ਰਾਜਨੀਤਕ ਸਥਿਤੀ

ਪੰਜਾਬ ‘ਚ ਦਿਨੋ-ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ ਰਾਜਨੀਤਕ ਸਥਿਤੀ

Harjinder singh lalਪੰਜਾਬ ਦੀ ਰਾਜਨੀਤਕ ਸਥਿਤੀ ਦਿਨ-ਬਦਿਨ ਹੋਰ ਗੁੰਝਲਦਾਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਲੋਕ ਪ੍ਰੇਸ਼ਾਨ ਹਨ ਕਿ ਉਹ ਅਗਲੇ 5 ਸਾਲਾਂ ਲਈ ਆਪਣੀ ਕਿਸਮਤ ਕਿਸ ਦੇ ਹੱਥਾਂ ਵਿਚ ਦੇਣ। ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਬਣੇ ਸਥਾਪਤੀ ਵਿਰੋਧੀ ਰੁਝਾਨ ਨੇ ਅਤੇ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਵਿਰੋਧੀ ਧਿਰ ਵਜੋਂ ਪ੍ਰਭਾਵਹੀਣ ਕਾਰਗੁਜ਼ਾਰੀ ਨੇ ਪੰਜਾਬ ਦੇ ਰਾਜਨੀਤਕ ਮਾਹੌਲ ਵਿਚ ਇਕ ਖਲਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ।

ਹੁਕਮਰਾਨ ਅਕਾਲੀ-ਭਾਜਪਾ ਗਠਜੋੜ ‘ਤੇ ਲਗਦੇ ਪਰਿਵਾਰਵਾਦ ਦੇ ਇਲਜ਼ਾਮ, ਪੰਜਾਬ ਵਿਚ ਨਸ਼ਿਆਂ ਦੀ ਬਹੁਤਾਤ, ਰੇਤਾ ਬਜਰੀ ਦੀ ਬਲੈਕ, ਵਿਸ਼ਵ-ਵਿਆਪੀ ਆਰਥਿਕ ਮੰਦੇ ਦਾ ਅਸਰ, ਧਾਰਮਿਕ ਖੇਤਰ ਵਿਚ ਵਾਪਰੀਆਂ ਕੁਝ ਅਫ਼ਸੋਸਨਾਕ ਘਟਨਾਵਾਂ ਨੇ ਵੀ ਇਸ ਖਲਾਅ ਨੂੰ ਹੋਰ ਵਧਾਇਆ ਹੈ। ਭਾਵੇਂ ਕਾਂਗਰਸ ਕੋਲ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਵਜੋਂ ਕਾਫੀ ਵੱਡੀ ਗਿਣਤੀ ਵਿਚ ਵਿਧਾਇਕ ਸਨ ਪਰ ਉਨ੍ਹਾਂ ਦਾ ਵਿਰੋਧੀ ਧਿਰ ਵਜੋਂ ਰੋਲ ਪ੍ਰਭਾਵਹੀਣ ਹੀ ਨਹੀਂ, ਸਗੋਂ ਉਨ੍ਹਾਂ ਵਿਚੋਂ ਕਈ ਵਿਧਾਇਕਾਂ ਦੀ ਆਪਣੇ ਨਿੱਜੀ ਹਿਤਾਂ ਲਈ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਨੇ ਵੀ ਪੰਜਾਬ ਕਾਂਗਰਸ ਦੀ ਵਿਸ਼ਵਾਸਯੋਗਤਾ ਨੂੰ ਸੱਟ ਮਾਰੀ ਹੈ। ਕੁਝ ਦਿਨ ਪਹਿਲਾਂ ਤੱਕ ਇਹ ਸਾਫ਼ ਜਾਪਦਾ ਸੀ ਕਿ ਆਮ ਆਦਮੀ ਪਾਰਟੀ’ ਇਸ ਖਲਾਅ ਨੂੰ ਭਰਨ ਦੇ ਸਮਰੱਥ ਹੈ। ਪਰ ਪਿਛਲੇ ਕੁਝ ਸਮੇਂ ਵਿਚ ਵਾਪਰੀਆਂ ਘਟਨਾਵਾਂ ਨੇ ਆਮ ਆਦਮੀ ਪਾਰਟੀ ਵਿਚ ਫੁੱਟ ਅਤੇ ਇਲਜ਼ਾਮਤਰਾਸ਼ੀ ਦਾ ਜੋ ਮਾਹੌਲ ਬਣਾਇਆ, ਉਸ ਨੇ ਇਕ ਵਾਰ ਤਾਂ ਆਮ ਆਦਮੀ ਪਾਰਟੀ ਦੀ ਪੱਕੀ ਸਮਝੀ ਜਾ ਰਹੀ ਜਿੱਤ ਨੂੰ ਸ਼ੱਕੀ ਬਣਾ ਦਿੱਤਾ ਹੈ। ਫਿਰ ਸ੍ਰੀ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵੱਲੋਂ ਐਲਾਨਿਆ ਜਾਣ ਵਾਲਾ ਮੋਰਚਾ ਜੋ ‘ਪੰਜਾਬ ਪੰਜਾਬੀਆਂ ਦਾ’ ਨਾਅਰਾ ਲੈ ਕੇ ਅੱਗੇ ਆ ਰਿਹਾ ਹੈ, ਦੀ ਆਮਦ ਨੇ ਵੀ ਪੰਜਾਬ ਦੀ ਰਾਜਨੀਤਕ ਸਥਿਤੀ ਨੂੰ ਹੋਰ ਗੁੰਝਰਦਾਰ ਬਣਾਇਆ ਹੈ, ਜਦੋਂ ਕਿ ਸੁੱਚਾ ਸਿੰਘ ਛੋਟੇਪੁਰ ਕੀ ਕਰਦੇ ਹਨ, ਉਹ ਕੋਈ ਆਪਣੀ ਵੱਖਰੀ ਪਾਰਟੀ ਬਣਾਉਂਦੇ ਹਨ ਜਾਂ ਨਹੀਂ? ਜਾਂ ਕਿਸੇ ਨਾਲ ਹੱਥ ਮਿਲਾਉਂਦੇ ਹਨ, ਇਹ ਸਵਾਲ ਵੀ ਆਪਣੀ ਥਾਂ ਖੜ੍ਹਾ ਹੈ। ਬਾਦਲ ਵਿਰੋਧੀ ਪੰਥਕ ਧਿਰਾਂ ਵਿਚੋਂ ਕੌਣ ਕਿਸ ਪਾਸੇ ਜਾਂਦਾ ਹੈ, ਬਸਪਾ ਤੇ ਖੱਬੇ-ਪੱਖੀ ਪਾਰਟੀਆਂ ਜਿਨ੍ਹਾਂ ਦਾ ਆਧਾਰ ਭਾਵੇਂ ਬਹੁਤ ਸੁੰਗੜਿਆ ਹੈ, ਫਿਰ ਵੀ ਉਨ੍ਹਾਂ ਦੀ ਰਣਨੀਤੀ ਕੁਝ ਸੀਟਾਂ ‘ਤੇ ਕਿੰਨੀ ਅਸਰਅੰਦਾਜ਼ ਹੁੰਦੀ ਹੈ, ਇਹ ਵੀ ਦੇਖਣ ਵਾਲੀ ਗੱਲ ਹੈ।

1484419__p2

ਅਗਲੇ ਹਫ਼ਤਿਆਂ ਵਿਚ ਹੋਵੇਗੀ ਸਥਿਤੀ ਸਾਫ਼
ਸਮਝਿਆ ਜਾ ਰਿਹਾ ਹੈ ਪੰਜਾਬ ਦੀ ਰਾਜਨੀਤਕ ਸਥਿਤੀ ਇਸ ਵੇਲੇ ਤੇਜ਼ੀ ਨਾਲ ਵਹਿ ਰਹੇ ਗੰਧਲੇ ਪਾਣੀ ਵਰਗੀ ਹੈ। ਪਰ ਆਸ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਹਫ਼ਤਿਆਂ ਵਿਚ ਰਾਜਨੀਤਕ ਪਾਣੀ ਦੇ ਵਹਾਅ ਵਿਚ ਖੜੋਤ ਆਏਗੀ ਤੇ ਇਹ ਪਾਣੀ ਨਿੱਖਰ ਕੇ ਸ਼ੀਸ਼ੇ ਵਰਗਾ ਸਾਫ਼ ਨਜ਼ਰਾਂ ਆਉਣ ਲੱਗੇਗਾ, ਜਿਸ ਵਿਚੋਂ ਸਾਰੀਆਂ ਪਾਰਟੀਆਂ ਨੂੰ ਆਪੋ-ਆਪਣਾ ਅਕਸ ਸਾਫ਼ ਦਿਖਾਈ ਦੇਣ ਲੱਗ ਪਵੇਗਾ। ਇਸ ਤੋਂ ਬਾਅਦ ਹੀ ਪੰਜਾਬ ਦੇ ਲੋਕਾਂ ਲਈ ਇਹ ਫ਼ੈਸਲਾ ਕਰਨਾ ਸੌਖਾ ਹੋ ਜਾਵੇਗਾ ਕਿ ਉਨ੍ਹਾਂ ਦਾ ਹਿਤ ਕਿਸ ਪਾਸੇ ਜਾਣ ਵਿਚ ਹੈ?

ਚਾਰ, ਪੰਜ ਜਾਂ ਛੇ ਕੋਨੇ ਮੁਕਾਬਲੇ?
ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਵਿਚ ਮੁੱਖ ਮੁਕਾਬਲੇ 4 ਕੋਨੇ ਹੋਣਗੇ, 5 ਕੋਨੇ ਹੋਣਗੇ ਜਾਂ 6 ਕੋਨੇ ਹੋਣਗੇ? ਕਿਉਂਕਿ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਤੇ ‘ਆਪ’ ਤਾਂ ਪਹਿਲਾਂ ਹੀ ਮੈਦਾਨ ਵਿਚ ਹਨ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲਾ ਨਵਾਂ ਮੋਰਚਾ ਵੀ ਜੇਕਰ ਸਾਰੇ 117 ਹਲਕਿਆਂ ਵਿਚ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ 4 ਕੋਨੇ ਮੁਕਾਬਲੇ ਹੋਣੇ ਤਾਂ ਸੰਭਾਵਿਤ ਹੀ ਹਨ, ਪਰ ਜੇਕਰ ਸ: ਸੁੱਚਾ ਸਿੰਘ ਛੋਟੇਪੁਰ ਵੀ ਵੱਖਰੀ ਪਾਰਟੀ ਬਣਾਉਣ ਦਾ ਫ਼ੈਸਲਾ ਲੈਂਦੇ ਹਨ ਤਾਂ ਪੰਜਾਬ ਵਿਚ ਪੰਜ ਕੋਨੇ ਮੁਕਾਬਲੇ ਹੋਣ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ਤੋਂ ਇਲਾਵਾ ਕਿਤੇ-ਕਿਤੇ ਬਸਪਾ ਅਤੇ ਖੱਬੇ-ਪੱਖੀਆਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿਚ ਹੋ ਸਕਦੇ ਹਨ ਪਰ ਇਸ ਵਾਰ ਦੀਆਂ ਰਾਜਨੀਤਕ ਸਥਿਤੀਆਂ ਵਿਚ ਕਈ ਸੀਟਾਂ ‘ਤੇ ਉਨ੍ਹਾਂ ਨਾਲੋਂ ਵੀ ਵੱਧ ਮਹੱਤਤਾ ਆਜ਼ਾਦ ਉਮੀਦਵਾਰਾਂ ਦੀ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਆਜ਼ਾਦ ਉਮੀਦਵਾਰਾਂ ਦੀ ਭਰਮਾਰ ਦੇ ਆਸਾਰ
ਜਿਸ ਤਰ੍ਹਾਂ ਦੀ ਰਾਜਨੀਤਕ ਸਥਿਤੀ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਣਦੀ ਨਜ਼ਰ ਆ ਰਹੀ ਹੈ, ਉਸ ਅਨੁਸਾਰ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਦੀ ਭਰਮਾਰ ਹੋਣ ਦੇ ਆਸਾਰ ਹਨ। ਕਿਉਂਕਿ ਇਕ ਪਾਸੇ ਤਾਂ ਸਾਰੀਆਂ ਪਾਰਟੀਆਂ ਵਿਚ ਟਿਕਟਾਂ ਦੇ ਚਾਹਵਾਨਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ, ਉਨ੍ਹਾਂ ਵਿਚੋਂ ਕਈ ਤਾਂ ਆਪਣੀਆਂ ਪਾਰਟੀਆਂ ਤੋਂ ਬਾਗੀ ਹੋ ਕੇ ਖੜ੍ਹੇ ਹੋ ਜਾਣਗੇ। ਕਿਉਂਕਿ ਟਿਕਟ ਨਾ ਮਿਲਣ ਵਾਲੇ ਕਈ ਉਮੀਦਵਾਰ ਆਪਣੇ-ਆਪ ਨੂੰ ਜਿੱਤਣ ਦੇ ਸਮਰੱਥ ਸਮਝਦੇ ਹੁੰਦੇ ਹਨ। ਦੂਸਰਾ ਜ਼ਿਆਦਾ ਕੋਨਿਆਂ ਵਾਲੇ ਮੁਕਾਬਲੇ ਹੋਣ ਦੀ ਸੂਰਤ ਵਿਚ ਜਿੱਤਣ ਲਈ ਪੋਲ ਵੋਟਾਂ ਦੇ 50 ਫ਼ੀਸਦੀ ਤੋਂ ਵਧੇਰੇ ਹਿੱਸੇ ਦੀ ਲੋੜ ਨਹੀਂ ਰਹਿੰਦੀ, ਸਗੋਂ 25/26 ਫ਼ੀਸਦੀ ਵੋਟ ਲੈਣ ਵਾਲੇ ਵੀ ਜਿੱਤਣ ਦੀ ਆਸ ਕਰ ਸਕਦੇ ਹਨ। ਇਸ ਲਈ ਜੇਕਰ ਵਿਧਾਨ ਸਭਾ ਚੋਣਾਂ ਵਿਚ ਕਿਸੇ ਇਕ ਪਾਰਟੀ ਦੇ ਹੱਕ ਵਿਚ ਹਨੇਰੀ ਨਾ ਝੁੱਲੀ ਤਾਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤਣ ਵਾਲੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਇਕ ਨਵਾਂ ਰਿਕਾਰਡ ਵੀ ਬਣਾ ਸਕਦੀ ਹੈ।

ਕੀ ਲਟਕਵੀਂ ਵਿਧਾਨ ਸਭਾ ਬਣੇਗੀ?
ਇਸ ਵੇਲੇ ਜੋ ਰਾਜਨੀਤਕ ਸਥਿਤੀ ਹੈ, ਉਸ ਨੂੰ ਦੇਖਦੇ ਹੋਏ ਬਹੁਤੇ ਸਿਆਸੀ ਵਿਸ਼ਲੇਸ਼ਕ, ਨੇਤਾ ਤੇ ਆਮ ਲੋਕ ਇਸ ਵਿਚਾਰ ਦੇ ਮਿਲਦੇ ਹਨ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ ਤੇ ਪੰਜਾਬ ਵਿਚ ਤ੍ਰਿਸ਼ੰਕੂ ਜਾਂ ਲਟਕਵੀਂ ਵਿਧਾਨ ਸਭਾ ਬਣੇਗੀ। ਪਰ ਜਿੰਨਾ ਬਹੁਕੋਨੇ ਮੁਕਾਬਲਿਆਂ ਦੇ ਆਧਾਰ ‘ਤੇ ਬਹੁਤੇ ਲੋਕ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਗੱਲ ਕਰਦੇ ਹਨ, ਉਸੇ ਹੀ ਆਧਾਰ ‘ਤੇ ਸਾਨੂੰ ਲਗਦਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿਚ ਰਾਜਨੀਤਕ ਗਰਦੋਗੁਬਾਰ ਬੈਠ ਜਾਣ ਉਪਰੰਤ ਸਥਿਤੀ ਸਪੱਸ਼ਟ ਹੋਣ ਲੱਗੇਗੀ ਤੇ ਬਹੁਕੋਨੇ ਮੁਕਾਬਲਿਆਂ ਵਿਚ ਜਿਹੜੀ ਧਿਰ ਦੂਜੀਆਂ ਧਿਰਾਂ ਨਾਲੋਂ ਇਕ ਫ਼ੀਸਦੀ ਵੋਟ ਵੀ ਜ਼ਿਆਦਾ ਲੈ ਗਈ, ਉਹ ਪਾਰਟੀ ਸਪੱਸ਼ਟ ਬਹੁਮਤ ਲੈਣ ਵਿਚ ਵੀ ਸਫਲ ਹੋ ਸਕਦੀ ਹੈ।

ਕਿਸ ਨੂੰ ਵੋਟਾਂ ਪਾਉਣ ਪੰਜਾਬੀ
ਪੰਜਾਬ ਇਸ ਵੇਲੇ ਚੌਰਾਹੇ ‘ਤੇ ਖੜ੍ਹਾ ਹੈ। ਪੰਜਾਬ ਦੀ ਕਿਸਾਨੀ ਬਰਬਾਦ ਹੋ ਰਹੀ ਹੈ। ਪੰਜਾਬ ਵਿਚ ਵਪਾਰ ਤੇ ਉਦਯੋਗਾਂ ਦਾ ਭੱਠਾ ਬੈਠ ਰਿਹਾ ਹੈ। ਭਾਵੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਤੇ ਪੰਜਾਬ ਦਾ ਸੜਕੀ ਜਾਲ ਤੇ ਹੋਰ ਬੁਨਿਆਦੀ ਢਾਂਚਾ ਵੀ ਵਧੀਆ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਵੱਡੇ ਉਦਯੋਗ ਨਹੀਂ ਲੱਗ ਰਹੇ। ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਬਿਆਨਬਾਜ਼ੀ ਤੋਂ ਵੱਧ ਕੋਈ ਕੁਝ ਨਹੀਂ ਕਰ ਰਿਹਾ। ਪੰਜਾਬ ਦੀ ਇਕੋ-ਇਕ ਕੁਦਰਤੀ ਨਿਆਮਤ ਪਾਣੀ ਵੀ ਪੱਕੇ ਤੌਰ ‘ਤੇ ਖੋਹ ਲਏ ਜਾਣ ਦਾ ਖ਼ਤਰਾ ਹੈ। ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਹੈ। ਸ਼ਰਾਬ ਸਭ ਤੋਂ ਵੱਧ ਪੰਜਾਬ ਵਿਚ ਵਿਕਦੀ ਹੈ। ਸ਼ਰਾਬ ਨੂੰ ਨਸ਼ਾ ਨਹੀਂ ਮੰਨਿਆ ਜਾ ਰਿਹਾ ਤੇ ਸਰਕਾਰ ਨੂੰ ਲਗਦਾ ਹੈ ਕਿ ਸ਼ਰਾਬ ਦੀ ਆਮਦਨ ਬਿਨਾਂ ਰਾਜ ਪ੍ਰਬੰਧ ਨਹੀਂ ਚੱਲ ਸਕੇਗਾ। ਹਾਲਤ ਏਨੀ ਮਾੜੀ ਹੈ ਕਿ ਕਈ ਵੱਡੇ-ਵੱਡੇ ਨੇਤਾ ਵੀ ਵੱਡੀ ਬੁਰਾਈ ਨਾਲੋਂ ਛੋਟੀ ਬੁਰਾਈ ਨੂੰ ਤਰਜੀਹ ਦੇਣ ਲੱਗੇ ਹਨ ਤੇ ਚਾਹੁੰਦੇ ਹਨ ਕਿ ਪੰਜਾਬ ਵਿਚ ਚਿੱਟਾ ਤੇ ਕੈਮੀਕਲ ਨਸ਼ੇ ਰੋਕਣ ਲਈ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਠੇਕੇ ਖੋਲ੍ਹ ਕੇ ਭੁੱਕੀ ਤੇ ਅਫੀਮ ਦੇ ਨਸ਼ੇ ਦਿੱਤੇ ਜਾਣ। ਹਾਲਾਂ ਕਿ ਇਹ ਬਹੁਤ ਗ਼ਲਤ ਸੋਚ ਹੈ। ਕਿਸੇ ਤਰ੍ਹਾਂ ਦੇ ਨਸ਼ੇ ਨੂੰ ਵੀ ਉਤਸ਼ਾਹਿਤ ਕਰਨਾ ਉਚਿਤ ਨਹੀਂ ਹੋਵੇਗਾ। ਰਾਜ ਦੇ ਮੁਖੀ ਵਿਚ ਨਸ਼ੇ ਖ਼ਤਮ ਕਰਨ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ ਤੇ ਉਹ ਇਸ ਨੂੰ ਖ਼ਤਮ ਕਰਨ ਲਈ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਹਿਲ ਸ਼ਲਾਘਾਯੋਗ ਹੈ। ਚੀਨ ਦੀ ਉਦਾਹਰਨ ਸਾਡੇ ਸਾਹਮਣੇ ਹੈ ਕਿ ਉਸ ਨੇ ‘ਫੀਮਚੀਆਂ’ ਦਾ ਦੇਸ਼ ਹੋਣ ਦਾ ਅਕਸ ਕਿਵੇਂ ਖ਼ਤਮ ਕੀਤਾ। ਫਿਲਪਾਈਨਜ਼ ਦੇ ਰਾਸ਼ਟਰ ਮੁਖੀ ਸ੍ਰੀ ਰੋਡਰੀਗੋ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਜੰਗ ਸਾਡੇ ਸਾਹਮਣੇ ਹੈ। ਇੰਡੋਨੇਸ਼ੀਆ ਵੀ ਫਿਲਪਾਈਨਜ਼ ਦੀ ਤਰਜ਼ ‘ਤੇ ਹੀ ਨਸ਼ਿਆਂ ਵਿਰੋਧੀ ਜੰਗ ਦੀ ਤਿਆਰੀ ਕਰ ਰਿਹਾ ਹੈ। ਅਸਲ ਵਿਚ ਨਸ਼ੇ ਕਿਤੇ ਵੀ ਰਾਜਨੀਤੀਵਾਨਾਂ, ਪੁਲਿਸ ਅਧਿਕਾਰੀਆਂ ਤੇ ਸਮੱਗਲਰਾਂ ਦੀ ਸਾਂਝ ਬਿਨਾਂ ਨਹੀਂ ਵਿਕ ਸਕਦੇ।

ਪੰਜਾਬ ਨੂੰ ਲੋੜ ਹੈ ਅਜਿਹੇ ਹੁਕਮਰਾਨ ਦੀ ਜਿਸ ਵਿਚ ਪੰਜਾਬ ਵਿਚ ਪਣਪ ਚੁੱਕੀਆਂ ਉਕਤ ਬੁਰਾਈਆਂ ਦੇ ਖ਼ਾਤਮੇ ਲਈ ਲੜਨ ਤੇ ਕੁਰਬਾਨੀ ਕਰਨ ਦੀ ਇੱਛਾ ਸ਼ਕਤੀ ਹੋਵੇ। ਉਹ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਹਰ ਕੁਰਬਾਨੀ ਕਰਨ ਲਈ ਤਿਆਰ ਹੋਵੇ। ਅਸੀਂ ਸਮਝਦੇ ਹਾਂ ਕਿ ਅਜਿਹਾ ਕਰਨ ਲਈ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਕਿਉਂਕਿ ਕਿਸੇ ਇਕ ਪਾਰਟੀ ਦੇ ਸਾਰੇ ਚੰਗੇ ਮਾੜੇ ਉਮੀਦਵਾਰ ਜਿਤਾ ਕੇ ਅਸੀਂ ਅਜਿਹਾ ਨੇਤਾ ਨਹੀਂ ਲੱਭ ਸਕਦੇ, ਸਗੋਂ ਲੋਕਾਂ ਨੂੰ ਚਾਹੀਦਾ ਹੈ ਕਿ ਜਿਥੇ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਵੱਲ ਧਿਆਨ ਦੇਣ, ਉਥੇ ਉਨ੍ਹਾਂ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੇ ਅਕਸ, ਸਮਾਜ ਵਿਚ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ। ਮਾੜੇ ਅਕਸ, ਮਾੜੀ ਕਾਰਗੁਜ਼ਾਰੀ, ਗੈਂਗਸਟਰਾਂ ਤੇ ਨਸ਼ੇ ਦੇ ਸਮੱਗਲਰਾਂ ਨਾਲ ਕਿਸੇ ਤਰ੍ਹਾਂ ਦੇ ਵੀ ਸਬੰਧ ਰੱਖਣ ਵਾਲੇ, ਨਸ਼ੇ ਵੰਡਣ ਵਾਲੇ ਹਰ ਉਮੀਦਵਾਰ ਨੂੰ ਨਕਾਰ ਦਿੱਤਾ ਜਾਵੇ। ਚਾਹੇ ਉਹ ਕਿਸੇ ਵੀ ਪਾਰਟੀ ਦਾ ਜਾਂ ਆਜ਼ਾਦ ਉਮੀਦਵਾਰ ਹੋਵੇ। ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਕਿ ਪੰਜਾਬ ਵਿਧਾਨ ਸਭਾ ਲਟਕਵੀਂ ਬਣੇਗੀ ਜਾਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ। ਕਿਉਂਕਿ ਮਾੜੇ ਲੋਕਾਂ ਦਾ ਬਹੁਮਤ ਤਾਂ ਹੋਰ ਵੀ ਖ਼ਤਰਨਾਕ ਹੁੰਦਾ ਹੈ। ਜੇਕਰ ਚੰਗੇ ਲੋਕ ਚੁਣੇ ਜਾਣਗੇ ਤਾਂ ਉਹ ਆਪੇ ਚੰਗਿਆਈ ਲਈ ਇਕੱਠੇ ਹੋ ਕੇ ਰਾਜ ਕਰ ਲੈਣਗੇ। ਉਂਜ ਵੀ ਜੇ ਚੰਗਿਆਈ ਨੂੰ ਅੱਗੇ ਲਿਆਉਣ ਤੇ ਬੁਰਾਈ ਨੂੰ ਖ਼ਤਮ ਕਰਨ ਲਈ ਦੁਬਾਰਾ ਚੋਣਾਂ ਵੀ ਕਰਵਾਉਣੀਆਂ ਪੈ ਜਾਣ ਤਾਂ ਸੌਦਾ ਬੁਰਾ ਨਹੀਂ। ਜਿਸ ਮੋੜ ‘ਤੇ ਪੰਜਾਬ ਖੜ੍ਹਾ ਹੈ, ਜੇ ਹੁਣ ਇਸ ਵੱਲ ਇਥੋਂ ਦੇ ਲੋਕਾਂ ਨੇ ਧਿਆਨ ਨਾ ਦਿੱਤਾ ਤਾਂ ਫਿਰ ਸ਼ਾਇਦ ਗੱਲ ਦਹਾਕਿਆਂ ਜਾਂ ਸਦੀਆਂ ‘ਤੇ ਜਾ ਪਵੇ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.co

ਟਿੱਪਣੀ ਕਰੋ:

About webmaster

Scroll To Top