Home / ਚੋਣਵੀ ਖਬਰ/ਲੇਖ / ਪੰਜਾਬ ਦੇ ਵਾਰਸ ਕਦੋਂ ਜਾਗਣਗੇ…?

ਪੰਜਾਬ ਦੇ ਵਾਰਸ ਕਦੋਂ ਜਾਗਣਗੇ…?

-ਜਸਪਾਲ ਸਿੰਘ ਹੇਰਾਂ

ਨਿਸ਼ਾਨ ਸਾਹਿਬ

ਨਿਸ਼ਾਨ ਸਾਹਿਬ

ਸਾਡੀ ਬਾਦਲਕਿਆਂ ਨਾਲ ਕੋਈ ਨਿੱਜੀ ਦੁਸ਼ਮਣੀ, ਕੋਈ ਜਾਤੀ ਵੈਰ-ਵਿਰੋਧ ਨਹੀਂ। ਪ੍ਰੰਤੂ ਅਸੀਂ ਮਹਿਸੂਸ ਕਰਦੇ ਹਾਂ ਕਿ ਬਾਦਲਕਿਆਂ ਨੇ ਜਿਹੜਾ ਘਾਣ ਸਿੱਖੀ ਦਾ, ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਯਾਦਾਂ ਦਾ ਅਤੇ ਸਿੱਖ ਸੰਸਥਾਵਾਂ ਦਾ ਕੀਤਾ, ਉਹ ਅੱਜ ਤੋਂ ਪਹਿਲਾ ਹੋਰ ਕਿਸੇ ਨੇ ਨਹੀਂ ਕੀਤਾ। ਬਾਦਲਕਿਆਂ ਨੇ ਸਿੱਖੀ ਦੇ ਨਾਲ-ਨਾਲ ਪੰਜਾਬ ਦੀ, ਪੰਜਾਬ ਦੀ ਜੁਆਨੀ ਤੇ ਕਿਰਸਾਨੀ ਦੀ ਤਬਾਹੀ ’ਚ ਜਿਹੜਾ ਹਿੱਸਾ ਪਾਇਆ, ਅੱਜ ਤੋਂ ਪਹਿਲਾ ਕਿਸੇ ਹੋਰ ਨੇ ਨਹੀਂ ਸੀ ਪਾਇਆ।

ਇਸ ਕਾਰਣ ਅਸੀਂ ਹੀ ਨਹੀਂ ਹਰ ਸੱਚਾ ਸਿੱਖ ਅਤੇ ਪੰਜਾਬ ਹਿਤੈਸ਼ੀ ਮਨੋਂ ਚਾਹੁੰਦਾ ਹੈ ਕਿ ਇਸ ਸਮੇਂ ਪੰਜਾਬੀਆਂ ਦਾ ਇਕ ਨੁਕਾਤੀ ਪ੍ਰੋਗਰਾਮ ਪੰਜਾਬ ਨੂੰ ਬਾਦਲਾਂ ਤੋਂ ਅਜ਼ਾਦ ਕਰਵਾਉਣਾ ਤੇ ਬਾਦਲਕਿਆਂ ਦਾ ਮੁਕੰਮਲ ਸਫ਼ਾਇਆ ਹੋਣਾ ਚਾਹੀਦਾ ਹੈ। ਪੰਜਾਬ ਸਿੱਖੀ ਦੀ ਜਨਮ-ਭੂਮੀ ਤੇ ਕਰਮ-ਭੂਮੀ ਹੈ। ਸਿੱਖ ਇਸਦੇ ਵਾਰਿਸ ਹਨ। ਇਸ ਲਈ ਪੰਜਾਬ ’ਚ ਪੰਥਕ ਸਰਕਾਰ ਹੋਣੀ ਸਿੱਖੀ ਨੂੰ ਉਸਦੀ ਜਨਮ-ਭੂਮੀ ਤੇ ਬਚਾਉਣ ਲਈ ਅਤਿ ਜ਼ਰੂਰੀ ਹੈ।

ਪੰਜਾਬ ਦੇ ਲੋਕਾਂ ਨੂੰ ਸਿੱਖ ਦੁਸ਼ਮਣ ਬਾਦਲਕਿਆਂ, ਭਗਵਿਆਂ ਤੇ ਰਾਹੁਲ ਕਿਆਂ ਤੋਂ ਨਿਜਾਤ ਪਾਉਣ ਲਈ ਆਮ ਆਦਮੀ ਪਾਰਟੀ ਦਾ ਤੀਜਾ ਬਦਲ ਲੱਭਿਆ ਸੀ। ਉਨਾਂ ਨੇ ਇਸ ਬਦਲ ਨੂੰ ਇਹ ਜਾਣਦਿਆਂ ਹੋਇਆ ਵੀ ਕਿ ਇਹ ਬਦਲ ਵੀ ਸਿੱਖ ਵਿਰੋਧੀ ਹੀ ਸਾਬਤ ਹੋਣਾ ਹੈ, ਸਿਰ ਮੱਥੇ ਬਿਠਾਇਆ ਸੀ। ਪ੍ਰੰਤੂ ਜਿਸ ਤਰਾਂ ਆਮ ਆਦਮੀ ਪਾਰਟੀ ਨੇ ਨੰਗਾ-ਚਿੱਟਾ ਹੋ ਕੇ ਆਪਣਾ ਸਿੱਖ ਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ, ਉਸਨੇ ਪੰਜਾਬ ਦੀ ਹੋਣੀ ਨੂੰ ਜਿਸ ਤਰਾਂ ਪੰਥ ਵਿਰੋਧੀਆਂ ਤੇ ਮਸਖ਼ਰਿਆ ਦੇ ਹਵਾਲੇ ਕਰਕੇ ਪੰਜਾਬੀਆਂ ਨੂੰ ‘‘ਬੁੱਧੂ’’ ਹੋਣ ਦਾ ਲੁੱਕਵਾ ਮਿਹਣਾ ਮਾਰਿਆ ਹੈ, ਉਸ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬ ’ਚ ਤਿੰਨੋ ਪ੍ਰਮੁੱਖ ਧਿਰਾਂ ਸਿੱਖੀ ਤੇ ਪੰਜਾਬ ਦੀਆਂ ਬੇਲੀ ਨਹੀਂ ਹੋ ਸਕਦੀਆਂ।

ਅਜਿਹੇ ਸਮੇਂ ਵੀ ਜੇ ਸਿੱਖੀ ਤੇ ਪੰਜਾਬ ਦੀਆਂ ਵਾਰਿਸ ਪੰਥਕ ਧਿਰਾਂ ਇਕ ਜੁੱਟ ਹੋ ਕੇ ਪੰਜਾਬ ’ਚ ਸਿੱਖੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਅੱਗੇ ਨਹੀਂ ਆਉਂਦੀਆਂ ਤਾਂ ਉਨਾਂ ਨੂੰ ਪੰਥਕ ਧਿਰਾਂ ਕਹਿਣਾ ਸਭ ਤੋਂ ਵੱਡੀ ਬੇਵਕੂਫ਼ੀ ਸਮਝਿਆ ਜਾਵੇਗਾ। ਆਪਣੇ (ਬਾਦਲਕੇ) ਦੁਸ਼ਮਣਾਂ ਦੇ ਗੋਲ਼ੇ ਬਣ ਕੇ, ਸਭ ਤੋਂ ਵੱਡੇ ਦੁਸ਼ਮਣ ਬਣ ਗਏ, ਉਨਾਂ ਨੂੰ ਗਲੋ-ਲਾਹੁੰਣ ਲਈ ਕੀ ਸਿਰਫ਼ ਬੇਗਾਨੇ ਹੀ ਸਹਾਈ ਹੋ ਸਕਦੇ ਹਨ? ਸੁੱਚਾ ਸਿੰਘ ਛੋਟੇਪੁਰ ਨੇ ਗ਼ਲਤ ਕੀਤਾ ਜਾਂ ਠੀਕ ਕੀਤਾ, ਪ੍ਰੰਤੂ ਜਿਸ ਤਰਾਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਕਿਸੇ ਪੰਥਕ ਚਿਹਰੇ ਨੂੰ ਅੱਗੇ ਲਿਆਉਣ ਤੋਂ ਘਬਰਾਉਂਦੀ ਹੈ, ਉਸ ਤੋਂ ਉਨਾਂ ਦੀ ਸਿੱਖੀ ਤੇ ਪੰਜਾਬ ਪ੍ਰਤੀ ਨੀਅਤ ’ਚ ਖੋਟ ਜੱਗ ਜ਼ਾਹਿਰ ਹੋ ਜਾਂਦੀ ਹੈ।

ਅਜਿਹੇ ਮੌਕੇ ਜੇ ਪੰਥਕ ਧਿਰਾਂ ਅਤੇ ਪੰਜਾਬ ਦੇ ਸੱਚੇ ਹਮਦਰਦ ਇਕ ਸਾਂਝਾ ਪਲੇਟਫਾਰਮ ਬਣਾ ਕੇ, ਸਮੁੱਚੇ ਪੰਜਾਬੀਆਂ ਨੂੰ ਇਹ ਅਹਿਸਾਸ ਪੈਦਾ ਨਹੀਂ ਕਰਵਾਉਂਦੇ ਕਿ ਇਹ ‘ਸਾਡੀ ਧਿਰ’ ਹੈ। ਉਦੋਂ ਤੱਕ ਬਾਦਲਕਿਆਂ, ਕਾਂਗਰਸ ਜਾਂ ਆਪ ਨੂੰ ਗਾਲਾਂ ਕੱਢਣ ਦੇ ਕੋਈ ਅਰਥ ਨਹੀਂ ਹਨ। ਅੱਜ ਪੰਜਾਬ ਤਬਾਹੀ ਦੇ ਕੰਢੇ ਖੜਾ ਹੈ, ਪੰਜਾਬ ਦੀ ਤਬਾਹੀ ਲਈ ਮੁੱਖ ਰੂਪ ’ਚ ਬਾਦਲਕੇ, ਦੋਸ਼ੀ ਹਨ, ਭਗਵਾਂ ਬਿ੍ਰਗੇਡ ਸਿੱਖੀ ਨੂੰ ਹੜੱਪਣਾ ਚਾਹੁੰਦੀ ਹੈ, ਕਾਂਗਰਸ ਦਾ ਸਿੱਖ ਦੁਸ਼ਮਣ ਚਿਹਰਾ, ਸਿੱਖ ਭੁੱਲ ਨਹੀਂ ਸਕਦੇ, ਆਪ ਤੋਂ ਬੱਝੀਆਂ ਉਮੀਦ ਖੇਰੂ-ਖੇਰੂ ਹੋ ਗਈਆਂ ਹਨ, ਫ਼ਿਰ ਸਾਰੇ ਪੰਥ ਤੇ ਪੰਜਾਬ ਹਿਤੈਸ਼ੀ ਇਕਜੁੱਟ ਕਿਉਂ ਨਹੀਂ ਹੁੰਦੇ? ਚੌਧਰ ਦੀ ਭੁੱਖ ਜਾਂ ਮੁੱਲ ਪਵਾਉਣ ਦੀ ਲਾਲਸਾ ਦਾ ਤਿਆਗ ਕਿਉਂ ਨਹੀਂ ਕੀਤਾ ਜਾਂਦਾ? ਪੰਜ ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ, ਇਕ ਵਾਰ ਸਮਾਂ ਹੱਥੋਂ ਕੱਢ ਕੇ ਫ਼ਿਰ ਇਕ-ਦੂਜੇ ਨੂੰ ਦੋਸ਼ ਦੇ ਕੇ ਪਛਤਾਉਣ ਦਾ ਕੋਈ ਲਾਹਾ ਨਹੀਂ ਹੋਣਾ।

ਸੱਚ ਸਪੱਸ਼ਟ ਰੂਪ ’ਚ ਕੰਧ ਤੇ ਲਿਖਿਆ ਪੜਿਆ ਜਾ ਸਕਦਾ ਹੈ। ਆਪੋ-ਆਪਣੀ ਡੱਫ਼ਲੀ ਵਜਾ ਕੇ ਕੁਝ ਨਹੀਂ ਬਣਨਾ, ਸਾਰੇ ਪੰਜਾਬ ਦਰਦੀਆਂ ਨੂੰ ਤਿਆਗ ਦੀ ਭਾਵਨਾ ਨਾਲ ਇਕੱਠਾ ਹੋਣਾ ਪਵੇਗਾ। ਅਸੀਂ ਪੰਜਾਬ ਦਰਦੀ ਤੇ ਪੰਥ ਹਿਤੈਸ਼ੀ ਸਾਰੀਆਂ ਧਾਰਮਿਕ, ਰਾਜਨੀਤਕ, ਵਪਾਰਿਕ, ਸਮਾਜਿਕ, ਸਾਹਿਤਕ ਤੇ ਸੱਭਿਆਚਾਰਕ, ਸਖ਼ਸੀਅਤ ਨੂੰ ਅਪੀਲ ਕਰਾਂਗੇ ਕਿ ਉਹ ਪੰਜਾਬ ਦੇ ਭਲੇ ਲਈ, ਪੰਜਾਬ ਨੂੰ ਬਚਾਉਣ ਲਈ ਆਪਣੇ ਤੌਰ ਤੇ ਇਕਜੁੱਟ ਹੋ ਕੇ ਮੈਦਾਨ ’ਚ ਨਿੱਤਰਣ, ਪੰਜਾਬੀਆਂ ਨੂੰ ਸਮੇਂ ਦੀ ਵੰਗਾਰ ਬਾਰੇ ਬਾਖ਼ੂਬੀ ਸਮਝਾਇਆ ਜਾਵੇ। ਲੀਡਰ, ਲੋਕ ਬਣਾਉਂਦੇ ਹਨ, ਲੀਡਰਾਂ ਦੇ ਮੂੰਹ ਵੱਲ ਵੇਖਣ ਦੀ ਥਾਂ ਪੰਜਾਬ ਨੂੰ ਬਚਾਉਣ ਲਈ, ਖ਼ੁਦ ਉਪਰਾਲਾ ਹੁਣ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣ ਗਿਆ ਹੈ।

   

ਟਿੱਪਣੀ ਕਰੋ:

About webmaster

Scroll To Top