Home / ਚੋਣਵੀ ਖਬਰ/ਲੇਖ / ਪੰਜਾਬ ਦੀ ਉਥਲ-ਪੁਥਲ ਦਾ ਰਾਜਨੀਤਕ ਭਵਿੱਖ

ਪੰਜਾਬ ਦੀ ਉਥਲ-ਪੁਥਲ ਦਾ ਰਾਜਨੀਤਕ ਭਵਿੱਖ

-ਕਰਮਜੀਤ ਸਿੰਘ

ਪੰਜਾਬ ਵਿੱਚ ਰਾਜਨੀਤਕ-ਚੇਤਨਤਾ ਦੀ ਹਨੇਰੀ ਵਗ ਰਹੀ ਹੈ। ਚੰਗਾ ਸ਼ਗਨ ਇਹ ਹੈ ਕਿ ਇਸ ਹਵਾ ਦਾ ਅਸਰ ਹੇਠਾਂ ਤਕ ਜਾ ਰਿਹਾ ਹੈ। ਇਸ ਨਵੇਂ ਰੁਝਾਨ ਦਾ ਨਤੀਜਾ ਇਹ ਹੋਵੇਗਾ ਕਿ ਸਭ ਤੋਂ ਉੱਪਰਲੀ ਸਿਆਸੀ ਛੱਤ ਉੱਤੇ ਬੈਠਣ ਵਾਲੇ ਹੇਠਾਂ ਬੈਠੇ ਆਮ ਲੋਕਾਂ ਨੂੰ ਕੀੜੇ-ਮਕੌੜੇ ਨਹੀਂ ਸਮਝ ਸਕਣਗੇ। ਹੁਣ ਉੱਪਰ ਵਾਲਿਆਂ ਉੱਤੇ ਜਵਾਬਦੇਹੀ ਦਾ ਭੈਅ, ਦਬਾਅ ਅਤੇ ਜ਼ਿੰਮੇਵਾਰੀ ਲਗਾਤਾਰ ਬਣੀ ਰਹੇਗੀ। ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਲੋਕ ਨੁਮਾਇੰਦੇ ਬਣੇ ਰਹਿਣ ਦਾ ਸਬੂਤ ਦੇਣਾ ਪਵੇਗਾ।

ਪੰਜਾਬ ਵਿੱਚ ਸਿਆਸੀ ਜਾਗ ਦਾ ਉਭਾਰ ਅਤੇ ਪ੍ਰਸਾਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪਿੱਛੋਂ ਹੀ ਸ਼ੁਰੂ ਹੋ ਗਿਆ ਸੀ। ਜੇ ਰਤਾ ਹੋਰ ਪਿਛਾਂਹ ਵੱਲ ਮੁੜਾਂਗੇ ਤਾਂ ਇਸ ਚੇਤਨਾ ਦੀ ਰੂਪ-ਰੇਖਾ ਅਤੇ ਨਕਸ਼ ਧੁੰਦਲੇ ਰੂਪ ਵਿੱਚ ਪਾਰਲੀਮਾਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀਆਂ ਵੋਟਾਂ ਤੋਂ ਹੀ ਪਰਗਟ ਹੋਣੇ ਸ਼ੁਰੂ ਹੋ ਗਏ ਸਨ। ਇਹ ਪਾਰਟੀ ਵੋਟਾਂ ਦੇ ਲਿਹਾਜ਼ ਨਾਲ 90 ਸਾਲ ਤੋਂ ਪੁਰਾਣੀ ਪਾਰਟੀ ਦੇ ਨਜ਼ਦੀਕ ਹੀ ਪਹੁੰਚ ਗਈ ਸੀ। ਇਸ ਤੋਂ ਬਾਅਦ ਹਾਕਮ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਅਤੇ ਦਿਲਚਸਪੀ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਜ਼ੋਰ-ਅਜ਼ਮਾਈ ਕਰਨ ਉੱਤੇ ਆ ਟਿਕੀ।

aa-copy-3

ਸਿਆਸਤ ਨੇ ਇੱਕ ਨਵਾਂ ਮੋੜ ਕੱਟਿਆ ਅਤੇ ਰਾਜਨੀਤਕ-ਮਨਾਂ ਦੇ ਰਿੜਕਣ ਦਾ ਸਫ਼ਰ ਆਰੰਭ ਹੋ ਗਿਆ। ਹੈਰਾਨੀ ਵਾਲੀ ਗੱਲ ਇਹ ਵੀ ਹੋਈ ਕਿ ਪੰਜਾਬ ਦੇ ਧਾਰਮਿਕ-ਮਨਾਂ ਦੀ ਬਣਤਰ ਵੀ ਰਾਜਸੀ-ਮਨਾਂ ਵਿੱਚ ਤਬਦੀਲ ਹੋਣ ਲੱਗੀ। ਅਕਾਲੀ ਦਲ ਨੂੰ ਇਸ ਨਵੇਂ ਵਰਤਾਰੇ ਨੂੰ ਬੁੱਝਣ, ਸਮਝਣ ਅਤੇ ਇਸ ਦੇ ਯੋਗ ਹੱਲ ਦਾ ਲੱਭਣ ਵਿੱਚ ਦੇਰ ਲੱਗ ਗਈ। ਹੁਣ ਉਹ ਜੋ ਕੁਝ ਕਰ ਰਹੇ ਹਨ, ਉਸ ਵਿੱਚ ਉੱਚ ਕੋਟੀ ਦੀ ਗੰਭੀਰਤਾ, ਸਹਿਜ, ਜ਼ਿੰਮੇਵਾਰੀ, ਸਦਾਚਾਰਕ ਕਦਰਾਂ-ਕੀਮਤਾਂ ਅਤੇ ਪੰਥਕ ਤਰਜ਼-ਏ-ਜ਼ਿੰਦਗੀ ਲਗਪਗ ਗਾਇਬ ਹੈ ਅਤੇ ਪਾਰਟੀ ਦੀਆਂ ਸਫ਼ਾਂ ਵਿੱਚ ਉਹ ਕੁਝ ਸ਼ਾਮਲ ਹੋ ਗਿਆ ਹੈ ਜੋ ਇਸ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਦਾ ਕਦੇ ਵੀ ਹਿੱਸਾ ਨਹੀਂ ਸੀ ਰਿਹਾ। ਉਨ੍ਹਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਪੁਰਾਤਨ ਮਾਣ-ਮਰਿਆਦਾ ਤੇ ਸ਼ਾਨ ਤੋਂ ਡਿੱਗ ਚੁੱਕੇ ਹਨ।

ਪਰ ਇੱਕ ਸਵਾਲ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਕਿ ਨਵੀਂ ਉੱਭਰੀ ਰਾਜਨੀਤਕ ਚੇਤੰਨਤਾ ਵਿੱਚ ਕੀ ਕੋਈ ਸਿਫ਼ਤੀ-ਤਬਦੀਲੀ ਆਈ ਹੈ? ਜਾਂ ਕੀ ਹਾਲ ਦੀ ਘੜੀ ਇਹ ਚੇਤਨਤਾ ਕੱਚੀ-ਪੱਕੀ ਹੀ ਹੈ? ਕੀ ਇਸ ਤਰ੍ਹਾਂ ਨਹੀਂ ਲਗਦਾ ਕੀ ਮੌਜੂਦਾ ਰਾਜਨੀਤਕ ਉਥਲ-ਪੁਥਲ ਵਿੱਚ ਬੌਧਿਕ ਸਰਗਰਮੀ ਅਲੋਪ ਹੈ ਜਦੋਂਕਿ ਜਜ਼ਬਾਤੀ ਸਰਗਰਮੀ ਦਾ ਚਾਅ ਠਾਠਾਂ ਮਾਰ ਰਿਹਾ ਹੈ? ਇਹ ਠੀਕ ਹੈ ਕਿ ਇਸ ਸਮੇਂ ਰਾਜਨੀਤਕ ਬਹਿਸ ਮੁਬਾਹਸਾ ਭਰ ਜੋਬਨ ’ਤੇ ਹੈ ਪਰ ਇਹ ਬਹਿਸ ਉਸ ਨੁਕਤਾ-ਨਜ਼ਰ ਤੋਂ ਬਹੁਤ ਨੀਵੀਂ ਹੈ ਜਿੱਥੇ ਉੱਚੀ ਪੱਧਰ ਦੇ ਰਾਜਨੀਤਕ ਦਰਸ਼ਨ ਵਜੂਦ ਵਿੱਚ ਆਉਂਦੇ ਹਨ। ਇਸ ਪਹਿਲੂ ਤੋਂ ਕੋਈ ਵੀ ਰਾਜਨੀਤਕ ਪਾਰਟੀ ਫ਼ਿਲਹਾਲ ਵਗਦਾ ਦਰਿਆ ਨਹੀਂ, ਚੜ੍ਹਦਾ ਸੂਰਜ ਨਹੀਂ।

ਗ਼ੌਰ ਨਾਲ ਇਹ ਵੇਖਣਾ ਬਣਦਾ ਹੈ ਕਿ ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿੱਚ ਅਤੇ ਇਸ ਪਾਰਟੀ ਦੀਆਂ ਸਫ਼ਾਂ ਵਿੱਚ ਹੋਈ ਹਿਲਜੁੱਲ ਮਗਰੋਂ ਜੋ ਨਵੇਂ ਰਾਜਸੀ ਫਰੰਟ ਉੱਭਰ ਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਦਾ ਸਿਆਸੀ ਭਵਿੱਖ ਕੀ ਹੋ ਸਕਦਾ ਹੈ? ਦੂਜੇ ਸ਼ਬਦਾਂ ਵਿੱਚ ਇਹ ਨਵੇਂ ਉਭਰੇ ਫਰੰਟ ਅਤੇ ਅਗਲੇ ਦਿਨਾਂ ਵਿੱਚ ਹੋਰ ਵੀ ਕਈ ਉਭਰਨ ਵਾਲੇ ਫਰੰਟਾਂ ਲਈ ਕੀ 2017 ਦੀਆਂ ਚੋਣਾਂ ਹੀ ਉਨ੍ਹਾਂ ਦਾ ਅੰਤਮ ਮਕਸਦ ਹੈ? ਜੇ ਚੋਣਾਂ ਹੀ ਮੁੱਖ ਨਿਸ਼ਾਨਾ ਹਨ ਤਾਂ ਫਿਰ ਇਹੋ ਜਿਹੇ ਫਰੰਟ ਹਾਰ ਜਾਣ ਦੀ ਸੂਰਤ ਵਿੱਚ ਆਪਣੇ-ਆਪ ਹੀ ਪੰਜਾਬ ਦੇ ਨਕਸ਼ੇ ਤੋਂ ਮਿੱਟ ਜਾਣਗੇ ਅਤੇ ਜਿੱਤ ਦੀ ਸੂਰਤ ਵਿੱਚ ਵੀ ਇਹ ਫਰੰਟ ਸਮਾਜਿਕ ਰਾਜਨੀਤਕ ਤਾਣੇ-ਬਾਣੇ ਵਿੱਚ ਕੋਈ ਦਿਸਣਯੋਗ ਬੁਨਿਆਦੀ ਜਾਂ ਸਿਧਾਂਤਕ ਤਬਦੀਲੀ ਨਹੀਂ ਲਿਆ ਸਕਣਗੇ। ਵਿਚਾਰਾਂ ਦੀ ਪੀਡੀ ਸਾਂਝ ਨਾ ਹੋਣ ਕਾਰਨ ਇੱਕ ਦੂਜੇ ਵਿਰੁੱਧ ਟਕਰਾਉਂਦੇ ਵਿਚਾਰ ਛੇਤੀ ਹੀ ਦਮ ਤੋੜ ਜਾਣਗੇ। ਇਤਿਹਾਸ ਇਸ ਦਾ ਗਵਾਹ ਹੈ।

1975 ਦੀ ਐਮਰਜੈਂਸੀ ਪਿੱਛੋਂ ਜਨਤਾ ਦਲ ਨਾਲ ਵੀ ਇਉਂ ਹੀ ਹੋਇਆ। ਮਨਪ੍ਰੀਤ ਸਿੰਘ ਬਾਦਲ ਦੀ ‘ਪੰਜਾਬ ਪੀਪਲਜ਼ ਪਾਰਟੀ’ ਵਿੱਚ ‘ਪੀਪਲਜ਼’ ਲੱਭਿਆਂ ਵੀ ਨਜ਼ਰ ਨਹੀਂ ਆਉਂਦੇ। ਉਹ ਖ਼ੁਦ ਵੀ ਕਾਂਗਰਸ ਵਿੱਚ ਗੁੰਮ ਹੋ ਕੇ ਰਹਿ ਗਿਆ ਹੈ। ਲਛਮਣ ਸਿੰਘ ਗਿੱਲ ਦੀ ਜਨਤਾ ਪਾਰਟੀ ਵੀ ਇਤਿਹਾਸ ਦਾ ਫੁੱਟਨੋਟ ਹੀ ਹੈ, ਹਾਲਾਂਕਿ ਇੱਥੇ ਇਹ ਦੱਸਣਾ ਬੇਮੌਕਾ ਤੇ ਬੇਲੋੜਾ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਪੰਜਾਬੀ ਨੂੰ ਦਲੇਰੀ ਨਾਲ ਲਾਗੂ ਕਰਾਉਣਾ ਅਤੇ ਪਿੰਡਾਂ ਨੂੰ ਲਿੰਕ ਸੜਕਾਂ ਨਾਲ ਜੋੜਨ ਦਾ ਉਸਦਾ ਮਹਾਨ ਕਾਰਨਾਮਾ ਪੰਜਾਬ ਦੀ ਰਾਜਨੀਤਕ-ਅਰਦਾਸ ਵਿੱਚ ਅਜੇ ਵੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬੀਐਸਪੀ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਤੋਂ ਇਲਾਵਾ ਹਾਲ ਦੀ ਘੜੀ ਦੋ ਹੋਰ ਰਾਜਨੀਤਕ ਫਰੰਟ ਸਾਡੇ ਸਾਹਮਣੇ ਆ ਸਕਦੇ ਹਨ। ‘ਨਵਜੋਤ ਸਿੱਧੂ-ਬੈਂਸ ਭਰਾ-ਪਰਗਟ ਗਠਜੋੜ’ ਕੀ ਪੰਜਾਬ ਦੀ ਰਾਜਨੀਤਕ ਝੋਲੀ ਵਿੱਚ ਕੋਈ ਵੱਡੀ ਗੱਲ ਪਾ ਸਕੇਗਾ ਜੋ ਇਤਿਹਾਸ ਦਾ ਯਾਦਗਾਰ ਹਿੱਸਾ ਬਣ ਜਾਵੇਗੀ? ਇਸ ਦਾ ਜਵਾਬ ਅਫ਼ਸੋਸਨਾਕ ਨਾਂਹ ਵਿੱਚ ਦੇਣਾ ਪਵੇਗਾ। ਬਿਨਾਂ ਸ਼ੱਕ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿੱਚ ਨਾਂ ਹੈ, ਉਹ ਆਪਣੇ ਸ਼ਿਅਰਾਂ ਅਤੇ ਰਾਜਨੀਤਕ ਵਿਅੰਗਾਂ ਨਾਲ ਪ੍ਰਸਿੱਧੀ ਦੀ ਸਿਖ਼ਰ ’ਤੇ ਹੈ ਪਰ ਉਹ ਹਰਮਨ ਪਿਆਰਾ ਨਹੀਂ ਹੈ। ਹਰਮਨ ਪਿਆਰਾ ਹੋਣ ਲਈ ਤੁਹਾਨੂੰ ਹੇਠਾਂ ਤਕ ਲੋਕਾਂ ਦੇ ਦੁੱਖਾਂ-ਦਰਦਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਜੁੜਿਆ ਹੀ ਹੋਣਾ ਨਹੀਂ ਚਾਹੀਦਾ, ਸਗੋਂ ਤੁਸੀ ਖ਼ੁਦ ਵੀ ਉਨ੍ਹਾਂ ਦਰਦਾਂ ਵਿੱਚੋਂ ਲੰਘੇ ਹੋਣੇ ਚਾਹੀਦੇ ਹੋਂ।

ਨਵਜੋਤ ਇਸ ਮਹਾਨ ਬਰਕਤ ਤੋਂ ਵਾਂਝਾ ਹੈ। ਬੈਂਸ ਭਰਾ ਨਿਸ਼ਚੇ ਹੀ ਜ਼ਮੀਨ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਲੋਕਾਂ ਨਾਲ ਸਾਂਝ ਇਸ ਕਦਰ ਡੂੰਘੀ ਤੇ ਹਕੀਕੀ ਹੈ ਕਿ ਉਨ੍ਹਾਂ ਦੀ ਹੈਰਾਨੀਜਨਕ ਸਫ਼ਲਤਾ ਦੇ ਕਾਰਨ ਜਾਣਨ ਲਈ ਖੋਜੀ ਸਿਆਸਤਦਾਨਾਂ ਨੂੰ ਵਿਸ਼ੇਸ਼ ਦਿਲਚਸਪੀ ਲੈਣੀ ਚਾਹੀਦੀ ਹੈ। ਪਰ ਉਹ ਵੀ ਦੋ-ਤਿੰਨ ਹਲਕਿਆਂ ਦੀਆਂ ਹੱਦਾਂ ਨਹੀਂ ਪਾਰ ਕਰ ਸਕਦੇ।

ਜੇ ਆਮ ਆਦਮੀ ਪਾਰਟੀ ਆਰਜ਼ੀ ਤੌਰ ’ਤੇ ਲੱਗੇ ਝਟਕਿਆਂ ਤੋਂ ਸੰਭਲਣ ਵਿੱਚ ਕਾਮਯਾਬ ਹੋ ਗਈ ਤਾਂ ਬੈਂਸ ਭਰਾਵਾਂ ਦੀਆਂ ਆਪਣੀਆਂ ਸੀਟਾਂ ਵੀ ਖ਼ਤਰੇ ਵਿੱਚ ਪੈ ਸਕਦੀਆਂ ਹਨ। ਇਹੋ ਹਾਲ ਪਰਗਟ ਸਿੰਘ ਦਾ ਹੋ ਸਕਦਾ ਹੈ ਜੋ ਇੱਕ ਸੰਜੀਦਾ ਖਿਡਾਰੀ ਤਾਂ ਹੈ ਪਰ ਜਨਤਾ ਦੀ ਖੇਡ ਨੂੰ ਜਿੱਤਣ ਲਈ ਵੱਖਰੇ ਦਾਅ-ਪੇਚ ਚਾਹੀਦੇ ਹਨ। ਮੁੱਕਦੀ ਗੱਲ, ਇਸ ਤਿਕੋਣੇ ਗਠਜੋੜ ਨੂੰ ਨਵਜੋਤ ਸਿੱਧੂ ਦੀ ਅਗਵਾਈ ਕੋਈ ਰਾਜਨੀਤਕ ਦਿਸ਼ਾ ਤਾਂ ਦੇ ਸਕਦੀ ਹੈ ਪਰ ਲੰਮੀ ਰੇਸ ਦੇ ਘੋੜੇ ਬਣ ਜਾਣਾ ਉਨ੍ਹਾਂ ਸਾਰੀਆਂ ਦੀ ਸਿਆਸੀ ਕਿਸਮਤ ਵਿੱਚ ਸ਼ਾਮਲ ਨਹੀਂ। ਪੰਜਾਬ ਦਾ ਰਾਜਨੀਤਕ-ਮਨ ਜੇ ਅਗਲੇ ਮਹੀਨਿਆਂ ਵਿੱਚ ਪ੍ਰੋੜ੍ਹ ਅਤੇ ਦੂਰ-ਅੰਦੇਸ਼ ਹੋ ਗਿਆ ਤਾਂ ਉਨ੍ਹਾਂ ਲਈ ਪੈਰ ਜਮਾਉਣੇ ਇੰਨੇ ਆਸਾਨ ਨਹੀਂ ਹੋਣਗੇ।

ਜਿੱਥੋਂ ਤਕ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਹੈ ਉਹ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ, ਤਾਨਾਸ਼ਾਹੀ ਅਤੇ ਹੰਕਾਰੀ ਬਿਰਤੀ ਕਾਰਨ ਇਸ ਸਮੇਂ ਜ਼ਖ਼ਮੀ ਸ਼ੇਰ ਹੈ। ਪਰ ਉਸਦਾ ਰਾਜਨੀਤਕ ਕੱਦ ਅਤੇ ਰਾਜਨੀਤਕ ਗਿਆਨ ਇੰਨਾ ਉੱਚਾ ਨਹੀਂ ਕਿ ਉਹ ਕੋਈ ਵਿਸ਼ਾਲ ਤੇ ਮਜ਼ਬੂਤ ਲਹਿਰ ਸਿਰਜ ਸਕੇਗਾ। ਆਰਥਿਕ ਸਾਧਨਾਂ ਦੀ ਕਮੀ ਵੀ ਉਸ ਦੇ ਰਾਹ ਵਿੱਚ ਵੱਡੀ ਰੁਕਾਵਟ ਖੜ੍ਹੀ ਕਰੇਗੀ। ਕੁਝ ਸਿਆਸੀ ਹਲਕਿਆਂ ਦੀ ਇਸ ਦਲੀਲ ਵਿੱਚ ਵਜ਼ਨ ਹੈ ਕਿ ਉਹ ਆਮ ਆਦਮੀ ਪਾਰਟੀ ਅੰਦਰ ਤਰੇੜਾਂ ਪਾਉਣ ਵਿੱਚ ਕਾਮਯਾਬ ਹੋਇਆ ਹੈ ਪਰ ਇਹ ਤਰਕ ਵੀ ਨਾਲੋਂ ਨਾਲ ਚਲਦਾ ਹੈ ਕਿ ਇਹ ਸਫ਼ਲਤਾ ਥੋੜ੍ਹਚਿਰੀ ਅਤੇ ਆਰਜ਼ੀ ਹੀ ਹੈ। ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਕਿ ਉਸਦੇ ਹੱਕ ਵਿੱਚ ਚੱਲੀ ਜਜ਼ਬਾਤੀ ਹਵਾ ਅਗਲੇ ਕੁਝ ਦਿਨਾਂ ਵਿੱਚ ਠੰਢੀ ਪੈ ਸਕਦੀ ਹੈ।

ਇਸ ਦਾ ਸਭ ਤੋਂ ਵੱਡਾ ਕਾਰਨ ਅਰਵਿੰਦ ਕੇਜਰੀਵਾਲ ਦਾ ਰਾਜਨੀਤਕ ਕੱਦ ਹੈ ਜੋ ਅਜੇ ਵੀ ਪੰਜਾਬੀਆਂ ਦੇ ਮਨਾਂ ਵਿੱਚ ਡੂੰਘਾ ਧਸਿਆ ਹੋਇਆ ਹੈ। ਸੁੱਚਾ ਸਿੰਘ ਛੋਟੇਪੁਰ ਉਸ ਦੇ ਹਾਣ ਦਾ ਸਿਆਸੀ ਪਹਿਲਵਾਨ ਨਹੀਂ ਹੈ ਕਿ ਉਸ ਨਾਲ ਟੱਕਰ ਲੈ ਕੇ ਕਾਮਯਾਬ ਹੋ ਸਕੇ। ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਛੋਟੇਪੁਰ ਜ਼ਮੀਨ ਨਾਲ ਜੁੜਿਆ ਹੋਇਆ ਸੁਹਿਰਦ ਸਿਆਸਤਦਾਨ ਹੈ। ਪਰ ਉਸਦੇ ਨਾਲ ਕੁਝ ਹੋਰ ਭਾਰ ਵੀ ਲੱਦੇ ਹੋਏ ਹਨ ਜੋ ਉਸਦੇ ਕੱਦ ਨੂੰ ਡੇਗਣ ਵਿੱਚ ਸਹਾਈ ਹੋ ਸਕਦੇ ਹਨ। ਸ਼ਾਇਦ ਇੱਕ ਭਾਰ ਇਹ ਵੀ ਸੀ ਕਿ ਉਹ ਇੱਕ ਕਾਹਲਾ ਸਿਆਸਤਦਾਨ ਹੈ ਜਿਹੜਾ ਪਾਰਟੀ ਦੇ ਅੰਦਰ ਇੱਕ ਵੱਡਾ ਧੜਾ ਕਾਇਮ ਕਰਕੇ ਆਉਣ ਵਾਲੇ ਕੱਲ੍ਹ ਲਈ ਮੁੱਖ ਮੰਤਰੀ ਦੇ ਦਾਅਵੇ ਨੂੰ ਮਜ਼ਬੂਤੀ ਦੇਣਾ ਚਾਹੁੰਦਾ ਸੀ। ਪਰ ਕੇਜਰੀਵਾਲ ਨੂੰ ਉਸਦੀ ਇਹ ਅਣਦਿਸਦੀ ਸਰਗਰਮੀ ਨਜ਼ਰ ਆਉਂਦੀ ਸੀ।

ਪੰਜਾਬ ਦੇ ਲੋਕ ਅਤੇ ਖ਼ਾਸ ਕਰਕੇ ਨੌਜਵਾਨਾਂ ਦਾ ਇੱਕ ਵੱਡਾ ਤਬਕਾ ਕਾਂਗਰਸ ਤੇ ਅਕਾਲੀ ਦਲ ਦੋਵਾਂ ਤੋਂ ਹੀ ਦੁਖੀ ਹੈ। ਇਹ ਨੌਜਵਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਵੰਡੀਆਂ ਵੋਟਾਂ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਫ਼ਾਇਦਾ ਪਹੁੰਚਾਉਣ। ਇਹ ਠੀਕ ਹੈ ਕਿ ਇਹ ਨੌਜਵਾਨ ਆਮ ਆਦਮੀ ਪਾਰਟੀ ਵੱਲੋਂ ਜ਼ਮੀਨ ਨਾਲ ਜੁੜੇ ਪੰਜਾਬ ਦੇ ਰਾਜਨੀਤਕ ਆਗੂਆਂ ਪ੍ਰਤੀ ਅਖ਼ਤਿਆਰ ਕੀਤੀ ਪਹੁੰਚ, ਰਵੱਈਏ ਤੇ ਹੰਕਾਰੀ ਸੁਭਾਅ ਤੋਂ ਦੁਖੀ ਹਨ ਪਰ ਉਹ ਇਹ ਵੀ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੌਣ ਇਹ ਦਾਅਵਾ ਕਰ ਸਕਦਾ ਹੈ ਕਿ ਨਵੇਂ ਫਰੰਟਾਂ ਵੱਲੋਂ ਵੀ ਸੀਟਾਂ ਦੀ ਅਲਾਟਮੈਂਟ ਸਮੇਂ ਰੌਲੇ ਨਹੀਂ ਪੈਣਗੇ?

ਕੀ ਵਰਤਮਾਨ ਸਥਿਤੀ ਵਿੱਚ ਜਗਮੀਤ ਬਰਾੜ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਵਿੱਚ ਵਾਧਾ ਹੋਵੇਗਾ? ਜਗਮੀਤ ਬਰਾੜ ਬਹੁਤ ਸ਼ਾਤਿਰ, ਸੁਲਝਿਆ ਹੋਇਆ ਅਤੇ ਸਿਆਸਤ ਦੀਆਂ ਸਰਗਰਮੀਆਂ ਨੂੰ ਦੂਰ ਤਕ ਵੇਖ ਸਕਣ ਵਾਲਾ ਨੀਤੀਵਾਨ ਹੈ ਅਤੇ ਮਾਲਵੇ ਦੀ ਜਨਤਾ ਵਿੱਚ ਮਕਬੂਲ ਵੀ ਹੈ। ਰਾਜਨੀਤਕ-ਦੰਦੀ ਵਢਣ ਤੋਂ ਪਹਿਲਾਂ ਇਹ ਸਿਆਸਤਦਾਨ ਇਸ ਗੱਲ ਨੂੰ ਪੱਕੀ ਕਰਕੇ ਹੀ ਅੱਗੇ ਵਧਦਾ ਹੈ ਕਿ ਉਹ ਰੋਟੀ ਹੈ ਜਾਂ ਪੱਥਰ। ਉਹ ਉਸ ਜਾਨਵਰ ਵੱਲ ਚਲਦਾ ਹੈ ਜੋ ਵੇਖਦਾ ਅੱਗੇ ਵੱਲ ਹੈ ਤੇ ਧਿਆਨ ਪਿੱਛੇ ਵੀ ਰਖਦਾ ਹੈ।

‘ਆਪ’ ਦੀ ਮੌਜੂਦਾ ਹਾਲਤ ਵਿੱਚ ਉਹ ਆਪਣੇ ਲਈ ਚੋਖਾ ਹਿੱਸਾ ਵੰਡਾ ਸਕਦਾ ਹੈ। ਹਾਲਾਂਕਿ ਕੁਝ ਚਿਰ ਪਹਿਲਾਂ ਉਹ ਇਸ ਤੋਂ ਵਾਂਝਾ ਸੀ। ਵੈਸੇ ਹਰਮੇਲ ਸਿੰਘ ਟੌਹੜਾ ਅਤੇ ਪਰਿਵਾਰ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕੋਈ ਵੱਡਾ ਫ਼ਰਕ ਨਹੀਂ ਪਿਆ ਪਰ ਪਾਰਟੀ ਨੂੰ ਇਹ ਉਮੀਦ ਜਾਗ ਗਈ ਹੈ ਕਿ ਟੌਹੜਾ ਗਰੁੱਪ ਦਾ ਕੋਈ ਵੱਡਾ, ਕੱਦਾਵਰ ਆਗੂ ਅਗਲੇ ਕੁਝ ਦਿਨਾਂ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ।

2017 ਦੀਆਂ ਚੋਣਾਂ ਜਿੱਤਣ ਲਈ ਢੇਰ ਸਾਰੇ ਆਗੂ ਮੈਦਾਨ ਵਿੱਚ ਉੱਤਰ ਆਏ ਹਨ। ਅਗਲੇ ਕੁਝ ਦਿਨਾਂ ਵਿੱਚ ਇਸ ਕਾਫ਼ਲੇ ਦੀ ਗਿਣਤੀ ਹੋਰ ਵਧ ਸਕਦੀ ਹੈ।  ਕੀ ਸਾਡੀ ਹਾਲਤ ਉਸ ਕਹਾਵਤ ਨੂੰ ਸੱਚ ਕਰਨ ਜਾ ਰਹੀ ਹੈ ਕਿ ਜਿੱਥੇ ਬਹੁਤੇ ਕੁੱਕੜ ਬਾਂਗ ਦੇਣ, ਉੱਥੇ ਦਿਨ ਦੇਰ ਨਾਲ ਚੜ੍ਹਦਾ ਹੈ ਅਤੇ ਜਿੱਥੇ ਬਹੁਤੇ ਰਸੋਈਏ ਹੋਣ, ਉੱਥੇ ਖਾਣ ਨੂੰ ਕੁਝ ਨਹੀਂ ਮਿਲਦਾ।
*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ:  99150-91063

ਟਿੱਪਣੀ ਕਰੋ:

About webmaster

Scroll To Top