Home / ਸੰਪਾਦਕੀ ਟਿੱਪਣੀਆਂ / ਕੀ ਅਸੀਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਦੇ ਫਲਸਫੇ ਨੂੰ ਵੀਚਾਰਾਗੇ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ?

ਕੀ ਅਸੀਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਦੇ ਫਲਸਫੇ ਨੂੰ ਵੀਚਾਰਾਗੇ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ?

Mata_Gujri_and_Sahibzade ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀਆਂ ਲਸਾਨੀ  ਤੇ ਅਦੁੱਤੀ  ਸ਼ਹਾਦਤਾਂ ਨੂੰ ਕੋਟਿਨ ਕੋਟਿ ਪ੍ਰਣਾਮ ।ਦੁਨੀਆਂ ਦੇ ਇਤਿਹਾਸ ਵਿੱਚ 6 ਸਾਲ ਤੇ 8 ਸਾਲ ਦੇ ਬੱਚਿਆਂ ਨੂੰ ਦੁਨਿਆਵੀ ਪਦਾਰਥਾਂ ਦੇ ਲਾਲਚ ਤੇ ਮੌਤ ਦੇ ਡਰਾਵੇਂ ਆਪਣੇ ਈਮਾਨ ਤੋਂ ਥਿੜਾਕਾ ਨਾ ਸਕੇ ਤਾਂ ਸੂਬੇ ਦੀ ਹਕੂਮਤ ਨੇ ਮਸੂਮ ਬੱਚਿਆਂ ਨੂੰ ਨੀਹਂ ਵਿੱਚ ਚਿਣਵਾਂ ਕੇ ਸ਼ਹੀਦ ਕਰ ਦਿੱਤਾ।ਮਾਤਾ ਗੁਜਰ ਕੌਰ ਜੀ ਵੀ ਠੰਡੇ ਬੁਰਜ਼ ਵਿੱਚ ਸ਼ਹੀਦ ਹੋ ਗਏ । ਵਜ਼ੀਦੇ ਤੇ ਦੀਵਾਨ ਸੁਚਾ ਨੰਦ ਦੀ ਦਿਲ ਦਹਿਲਾ ਦੇਣ ਵਾਲੀ ਇਸ ਕਾਰਵਾਈ ਨੂੰ ਦੇਖ ਸੁਣਕੇ ਕੋਈ ਵੀ ਐਸੀ ਇਨਸਾਨੀ ਅੱਖ ਨੀ ਹੋਣੀ ਜਿਸ ਨੇ ਨੀਰ ਨਾ ਵਹਾਇਆ ਹੋਵੇ ਤੇ ਹਕੂਮਤ ਨੂੰ ਲਾਹਣਤਾਂ ਤੇ ਇਸ ਜ਼ੁਲਮੀ ਹਕੂਮਤ ਦੀ ਜੜ੍ਹ ਪੁੱਟ ਹੋਣ ਦੀਆਂ ਬਦਦੁਆਵਾਂ ਨਾ ਦਿੱਤੀਆਂ ਹੋਣ।ਇਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਹਰ ਸਾਲ ਸ਼ਹੀਦੀ ਜੋੜ ਮੇਲਾ ਦੇ ਤੌਰਤੇ ਮਨਾਉਦੀ ਆ ਰਿਹੀ ਸਿੱਖ ਕੌਮ ਹੁਣ ਅਨੇਕਾਂ ਸਾਲਾ ਤੋਂ ਇਹਨਾਂ ਮਹਾਨ ਸ਼ਹੀਦਾਂ ਨੂੰ ਰਸਮੀ ਜਿਹੀ ਸ਼ਰਧਾਂ ਭੇਟ ਕਰਨ ਲੱਗ ਪਈ ਹੈ।ਦੀਵਾਨ ਸਜਦੇ ਹਨ, ਤਕਰੀਰਾਂ ਕੀਤੀਆਂ ਜਾਦੀਆਂ ਹਨ ।ਵਾਰਾਂ ਗਾਈਆਂ ਜਾਦੀਆਂ ਹਨ, ਮਿਠਾਈਆਂ ਤੇ ਹੋਰ ਖਰੀਦੋ ਫਰੋਖਤ ਦੇ ਸਟਾਲ ਲੱਗਦੇ ਹਨ ਨਗਰ ਕੀਰਤਨ ਕੱਢੇ ਜਾਦੇ ਹਨ ਤਿੰਨ ਦਿਨ ਆਪਣੇ ਵੱਲੋਂ ਪੁਰੀ ਸ਼ਰਧਾਂ ਨਾਲ ਸ਼ਹੀਦੀ ਦਿਹਾੜੇ ਇੱਕ ਲੜੀ ਦੀ ਤਰ੍ਹਾਂ ਆਉਦੇ ਹਨ ਤੇ ਲੰਘ ਜਾਦੇ ਹਨ । ਅਸੀਂ ਕਦੀ ਡੂੰਘੀ ਸੋਚ ਨਾਲ ਇਹ ਨਹੀ ਵਿਚਾਰਿਆ ਕਿ ਇਹ ਸ਼ਹਾਦਤਾਂ ਕਿਉਂ ਹੋਈਆਂ?

ਇਹ ਮਹਾਨ ਸ਼ਹੀਦੀਆਂ ਸਾਨੂੰ ਕੀ ਸਬਕ ਦਿੰਦੀਆਂ ਹਨ ? ਸਾਥੋਂ ਇਹ ਸ਼ਹੀਦੀਆਂ ਕੀ ਮੰਗ ਕਰਦੀਆਂ ਹਨ ? ਜਿਸ ਸਮੇਂ ਕੌਮ ਨੇ ਇਸ ਤਰ੍ਹ੍ਹਾਂ ਸੋਚਿਆ ਤਾਂ ਇਹਨਾਂ ਸੋਚਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਪ੍ਰਣ ਕੀਤੇ, ਉਸ ਸਮੇਂ ਇਤਿਹਾਸ ਨੇ ਆਪਣੀ ਸਿਰਜਣਾ ਦਾ ਇੱਕ ਅਨੋਖਾ ਕਾਂਡ ਅਰੰਭ ਦਿੱਤਾ । ਇਹ ਕਾਂਡ ਸੀ ਜੋ ਸੂਰਬੀਰ ਮਹਾਂਬਲੀ ਬੰਦਾ ਸਿੰਘ ਬਹਾਦਰ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਥਾਪਣਾ ਨਾਲ ਇਸੇ ਸ਼ਹੀਦੀ ਅਸਥਾਨ ਸਰਹੰਦ ਦੀ ਧਰਤੀ ਤੋਂ ਸ਼ੁਰੂ ਕੀਤਾ । ਇਹ ਇੱਕ ਰਸਮੀ ਸ਼ਰਧਾਜ਼ਲੀ ਨਹੀਂ ਸੀ, ਸਗੋ ਇੱਕ ਅਜਿਹੀ ਵੰਗਾਰ ਭਰੀ ਪ੍ਰਤਿਗਿਆ ਸੀ ਜੋ ਤਕਰੀਬਨ ਇੱਕ ਸੌਂ ਸਾਲ ਪੰਜਾਬ ਦੀ ਧਰਤੀ ਤੇ ਸੂਰਬੀਰ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਦਾ ਬਾਣਾ ਬਣ ਗਈ ।

ਸੂਰਮਗਤੀ ਦਾ ਇਹ ਇੱਕ ਅਜਿਹਾ ਚਮਤਕਾਰ ਸੀ, ਜੋ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸਿਰਫ ਪੰਜ ਕੁ ਵਰ੍ਹਿਆਂ ਮਗਰੋਂ ਹੀ ਮੁਗਲ ਸਲਤਨਤ ਦੇ ਸ਼ਾਹੀ ਕਿਲਿਆਂ ਨੂੰ ਖੰਡਰਾਤਾਂ ਤੇ ਥੇਹਾਂ ਵਿੱਚ ਬਦਲਣ ਤੇ ਮਲੀਆਂ ਮੇਟ ਕਰਨ ਵਿੱਚ ਮੂਰਤੀਮਾਨ ਹੋਇਆ । ਖਾਲਸਾ ਆਪਣੀ ਮੰਜ਼ਿਲ ਤੇ ਨਿਸ਼ਾਨੇ ਵੱਲ ਉਨੀ ਦੇਰ ਹੀ ਸਫਲਤਾ ਨਾਲ ਅੱਗੇ ਵਧਦਾ ਗਿਆ, ਜਿੰਨੀ ਦੇਰ ਉਸ ਨੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਤਿਆਗ, ਨਿਸ਼ਕਾਮ ਸੇਵਾ, ਕੁਰਬਾਨੀ ਤੇ ਪਰਉਪਕਾਰ ਨੂੰ ਆਪਣੇ ਜੀਵਨ ਦਾ ਅਸਲੀ ਕਰਤਵ ਮੰਨਿਆ ।ਖਾਲਸੇ ਨੇ ਆਜ਼ਾਦੀ ਦੇ ਸੰਘਰਸ਼ ਲਈ ਕਮਰਕੱਸੇ ਕੀਤੇ ।ਨਗਾਰਿਆ ਤੇ ਚੋਟਾਂ ਲਾ ਦਿੱਤੀਆਂ । ਤਕਰੀਬਨ ਇੱਕ ਸੌ ਵਰ੍ਹੇ ਦੇ ਲੰਮੇ ਸਿਰੜੀ-ਸਿਦਕੀ ਸੰਗਰਾਮ ਤੇ ਖੂਨ ਨਾਲ ਲੱਥ ਪੱਥ ਹੋਏ ਇਤਿਹਾਸ ਨੇ ਆਖਰ ਜਮਨਾ ਦੇ ਤੱਟਾਂ ਤੋਂ ਲੈ ਕੇ ਖੈਬਰ ਦੇ ਦਰਿਆ ਤੱਕ ਦਾ ਆਜ਼ਾਦ ਖਾਲਸੇ ਦਾ ਅਜ਼ਾਦ ਰਾਜ ਬਖਸ਼ਿਆ ।ਇਹ ਸੀ ਅਸਲੀ ਸ਼ਰਧਾਂਜ਼ਲੀ ਦਾ ਫਲ, ਜੋ ਇਤਿਹਾਸ ਨੇ ਖਾਲਸੇ ਦੀ ਝੋਲੀ ਪਾਇਆ ।

ਫਿਰ ਆਇਆ ਗਿਰਾਵਟ ਦਾ ਉਹ ਦੌਰ ਜਿਸ ਨੇ ਸਾਨੂੰ ਗੁਲਾਮੀ ਦੇ ਸੰਗਲਾਂ ਵਿੱਚ ਜਕੜ ਦਿੱਤਾ । ਸ਼ੁਰੂ ਵਿੱਚ ਇਹ ਗੁਲਾਮੀ ਅੰਗਰੇਜ਼ੀ ਰਾਜ ਦੀ ਸੀ ਜੋ ਇੱਕ ਸਦੀ ਤੋਂ ਵੱਧ ਚੱਲਿਆ । ਇਸ ਮਗਰੋਂ ਬ੍ਰਹਮਵਾਦੀ ਹਿੰਦੂ ਸਰਕਾਰ ਦੀ ਗੁਲਾਮੀ ਜੋ ਪੈਹਂਟ ਸਾਲਾਂ ਤੋਂ ਖਾਲਸੇ ਨੂੰ ਜਕੜੀ ਬੈਠੀ ਹੈ ਤੇ ਇਸ ਨੇ ਉਹ ਕਿਹੜਾ ਜ਼ੁਲਮ ਹੈ ਜੋ ਸਿੱਖ ਕੌਮ ਤੇ ਨਾ ਕੀਤਾ ਹੋਵੇ। ਦਿੱਲੀ ਤਖਤ ਤੇ ਬਿਰਾਜਮਾਨ ਬ੍ਰਹਮਵਾਦੀ ਹਕੂਮਤ ਨੇ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਦੇ ਹੱਕ ਤੋਂ ਬਾਝਾਂ ਕਰਨ ਤੇ ਹਿੰਦੋਸਤਾਨ ਵਿੱਚ ਬ੍ਰਹਮਵਾਦ ਦੇ ਸਦੀਵੀਂ ਗੁਲਾਮ ਬਣਾ ਕੇ ਰੱਖਣ ਲਈ ਸਾਮ,ਦਾਮ,ਭੇਦ ਤੇ ਦੰਡ ਦੇ ਹਰ ਤਰੀਕੇ ਦਾ ਇਸਤੇਮਾਲ ਕਰਕੇ ਮੁਗਲਾਂ ਦੇ ਜ਼ੁਲਮਾਂ ਨੂੰ ਮਾਤ ਦੇ ਦਿੱਤੀ ਹੈ ।ਪਰ ਸਿੱਖ ਕੌਮ ਦੇ ਬਹੁਤ ਵੱਡੇ ਹਿੱਸੇ ਵਿੱਚ ਲਾਲਚ, ਨਿੱਜ ਸਵਾਰਥ, ਚੌਧਰ ਦੀ ਭੁੱਖ ਤੇ ਹਾਉਮੈ ਵਰਗੀਆਂ  ਕੰਮਜ਼ੋਰੀਆਂ ਦੇ ਘਰ ਕਰ ਜਾਣ ਕਰਕੇ ਇਹਨਾਂ ਨੇ ਬ੍ਰਹਮਵਾਦ ਦੇ ਪਿੰਜਰੇ ਵਿੱਚ ਚੂਰੀ ਖਾਣੀ ਸਵੀਕਾਰ ਕਰ ਲਈ ਹੈ। ਇਹਨਾਂ ਮਹਾਨ ਸ਼ਹੀਦਾਂ ਦੇ ਫਲਸਫੇ ਦੇ ਵਾਰਿਸ ਜੋ ਕਿਸੇ ਲਾਲਚ ਲੋਭ ਤੇ ਮੌਤ ਦੇ ਡਰਾਵਿਆਂ ਤੋਂ ਨਿਰਭਾਉ ਹੋ ਕੇ ਖਾਲਸੇ ਦੇ ਸਵੈਮਾਣ ਨਾਲ ਜੀਉਣ ਦੇ ਹੱਕ ਲਈ ਜੂਝ ਰਹੇ ਹਨ ।ਸਾਹਿਬਜ਼ਾਦਿਆਂ ਦਾ ਸ਼ਹਾਦਤਾਂ ਦਿਹਾੜਾਂ ਮਨਾ ਰਿਹੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਰਸਮੀ ਸ਼ਰਧਾਂ ਭੇਟ ਕਰਨ ਦੀ ਥਾਂ ਇਸ ਤੋਂ ਪ੍ਰੇਣਾ ਲਈਏ, ਤੇ ਪ੍ਰਣ ਕਰੀਏ ਜਿਵੇ ਨਿੱਕੀਆਂ ਮਸੂਮ ਜਿੰਦਾਂ ਨੂੰ ਦੁਨਿਅਵੀ ਪਦਾਰਥਾਂ, ਔਹੁਦਿਆਂ ਦਾ ਲਾਲਚ ਤੇ ਮੌਤ ਦੇ ਡਰਾਵੇ ਧਰਮ ਤੋਂ ਡੁਲ੍ਹਾਂ ਨਾ ਸਕੇ ਉਹਨਾਂ ਨੇ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਹਾਂ ਨੂੰ  ਮਜ਼ਬੂਤ ਕੀਤਾ ਸੀ ।ਅੱਜ ਜੋ ਸਿੱਖ ਕੌਮ ਵਿੱਚ ਵੱਡੇ ਪੱਧਰ ਤੇ ਆਈਆਂ ਇਹਨਾਂ ਕੰਮਜ਼ੋਰੀਆਂ ਕਰਕੇ ਨੀਹਾਂ ਨੂੰ ਖੋਰਾ ਲੱਗ ਰਿਹਾ ਹੈ ਉਸ ਨੂੰ ਦੂਰ ਕਰਨ ਲਈ ਉਪਰਾਲੇ ਕਰੀਏ । ਦੁਨਿਆਵੀ ਪਦਾਰਥਾਂ ,ਚੌਧਰ,ਨਿੱਜ ਸਵਾਰਥ ਤੇ ਕੁਰਸੀ ਦੇ ਲਾਲਚ ਲਈ ਅਪਣੀ ਜ਼ਮੀਰ ਨੂੰ ਮਰਨ ਨਾ ਦਈਏ ।ਮਾਨਸਿਕ ਤੇ ਸਰੀਰਕ ਤੌਰਤੇ ਗੁਲਾਮ ਬਣਾਉਣ ਵਾਲੇ ਬ੍ਰਹਮਵਾਦ ਤੋਂ ਅਜ਼ਾਦ ਹੋਣ ਲਈ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ । ਇਹ ਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ਤੇ ਸਮੂਹ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ।

ਟਿੱਪਣੀ ਕਰੋ:

About editor

Scroll To Top