Home / ਕਵਿ-ਕਿਆਰੀ / ਜਥੇਦਾਰ ਗੁਰਬਚਨ ਸਿੰਘਾ ਕੀ ਕਹਿਰ ਲਿਆ ਦਿੱਤਾ – ਦੁਖਿਆ ਹੋਇਆ ਪੰਥ ਦਾ ਪਿੰਡਾ ਹੋਰ ਦੁਖਾ ਦਿੱਤਾ

ਜਥੇਦਾਰ ਗੁਰਬਚਨ ਸਿੰਘਾ ਕੀ ਕਹਿਰ ਲਿਆ ਦਿੱਤਾ – ਦੁਖਿਆ ਹੋਇਆ ਪੰਥ ਦਾ ਪਿੰਡਾ ਹੋਰ ਦੁਖਾ ਦਿੱਤਾ

ਜਥੇਦਾਰ ਗੁਰਬਚਨ ਸਿੰਘਾ ਕੀ ਕਹਿਰ ਲਿਆ ਦਿੱਤਾ
ਦੁਖਿਆ ਹੋਇਆ ਪੰਥ ਦਾ ਪਿੰਡਾ ਹੋਰ ਦੁਖਾ ਦਿੱਤਾ

ਜਣਾ ਖਣਾ ਪ੍ਰੀਤਮ ਸਾਡੇ ਦੀਆਂ ਨਕਲਾਂ ਲਾਵੇਗਾ
ਹੌਸਲਾ ਨਵੇਂ ਮਸੰਦਾ ਦਾ ਅੱਜ ਬਹੁਤ ਵਧਾ ਦਿੱਤਾ

ਸੌਦੇ ਵਾਲੇ ਸਾਧ ਨੂੰ ਮਾਫੀਨਾਮਾ ਦੇ ਕੇ ਤੇ
ਕਲਗੀਧਰ ਦੇ ਸਵਾਂਗ ਤੇ ਪਿਆ ਭੈ ਹਟਾ ਦਿੱਤਾ

ਖੜ੍ਹੀ ਇਮਾਰਤ ਦਿਸਦੀ ਭਾਵੇਂ ਸਾਰੇ ਲੋਕਾਂ ਨੂੰ
ਲੱਗਦਾ ਹੈ ਕਿ ਤਖਤ ਜਿਵੇਂ ਤੂੰ ਫੇਰ ਢੁਆ ਦਿੱਤਾ

ਜਿਥੇ ਖੜ੍ਹ ਕੇ ਜ਼ਾਲਮਾਂ ਨੂੰ ਲਲਕਾਰੇ ਮਾਰੇ ਸੀ
ਓਥੇ ਖੜ੍ਹ ਤੂੰ ਵੈਰੀਆਂ ਨੂੰ ਸਾਡੇ ਗਲੇ ਪਵਾ ਦਿੱਤਾ

ਏਸ ਤਖਤ ਤੋਂ ਡਾਇਰ ਨੂੰ ਸਿਰੋਪਾਓ ਦਿੱਤਾ ਸੀ
ਅਰੂੜ ਸਿੰਘ ਦਾ ਕਾਲਾ ਕਿੱਸਾ ਕਿਓਂ ਭੁਲਾ ਦਿੱਤਾ

ਬਾਦਲ ਦਾ ਤਾਂ ਕੰਮ ਹੈ ਪੰਥ ਨੂੰ ਛਿੱਲੀ ਜਾਣਾ ਹੈ
ਨਸੂਰ ਬਣੇ ਜ਼ਖਮਾਂ ਨੂੰ ਮੁੜ ਤੋਂ ਫੇਰ ਜਗਾ ਦਿੱਤਾ

ਨੰਗੀਆਂ ਚਿੱਟੀਆਂ ਗਾਲਾਂ ਲੋਕੀ ਦੇ ਰਹੇ ਤੈਨੂੰ
ਮੀਰੀ ਪੀਰੀ ਦੇ ਰੁਤਬੇ ਨੂੰ ਘੋਰ ਦਗ਼ਾ ਦਿੱਤਾ

ਗਿਆਨੀ ਹੋ ਕੇ ਏਨੀ ਗੱਲ ਵੀ ਜਾਣ ਨਹੀਂ ਸਕਿਆ
ਤੇਰੇ ਜਿਹਾਂ ਦਾ ਡੌਰੂ ਬਾਦਲ ਖੂਬ ਵਜਾ ਦਿੱਤਾ

ਤਵਾਰੀਖ ਵਿਚ ਨਾਂ ਤੇਰਾ ਬਾਦਲ ਸੰਗ ਆਊਗਾ
ਗ਼ਦਾਰੀ ਦਾ ਫਤਵਾ ਆਪਣੇ ‘ਤੇ ਲਗਾ ਦਿੱਤਾ

ਬੇਇਜ਼ਤ ਹੋ ਜਿਊਣੇ ਨਾਲੋਂ ਮੌਤ ਵੀ ਚੰਗੀ ਹੈ
ਧੱਬਾ ਆਪਣੇ ਵੰਸ਼ ਤੇ ਤੂੰ ਆਪ ਜਮਾ ਦਿੱਤਾ

ਸ਼ਹੀਦ ਸਿੰਘਾਂ ਦੇ ਬਾਰੇ ਵੀ ਤੂੰ ਸੋਚ ਨਹੀਂ ਸਕਿਆ
ਸੱਚੇ ਪ੍ਰੀਤਮ ਨੂੰ ਤਜ ਬਾਦਲੀ ਹੁਕਮ ਵਜਾ ਦਿੱਤਾ

ਦੇਖ ਤੇਰੇ ਅੱਜ ਪੰਥ ਦਾ ਸਿਰ ਜੋ ਨੀਵਾਂ ਹੋਇਆ ਏ
ਗਿਆਨੀ ਹੋ ਕੇ ਗਿਆਨ ਦਾ ਦੀਪਕ ਕਿਓਂ ਬੁਝਾ ਦਿੱਤਾ

ਦਰਬਾਰੇ, ਜੈਲੇ, ਬੇਅੰਤੇ ਬਾਦਲ ਲਾਣੇ ਦਾ
ਕੰਧ ਤੇ ਲਿਖਿਆ ਹਸ਼ਰ ਭਲਾ ਤੂੰ ਕਿਓਂ ਭੁਲਾ ਦਿੱਤਾ

ਖਾਲਸਾ ਜੀ ਨੇ ਮਾਫ ਨਹੀਂ ਕਰਨਾ ਹੈ ਤੈਨੂੰ
ਆਨ, ਸ਼ਾਨ, ਸਨਮਾਨ ਨੂੰ ਨਾਲੀ ਵਿਚ ਵਹਾ ਦਿੱਤਾ

ਸੌਦੇ ਵਾਲੇ ਵਾਂਗ ਤਾਂ ਨਕਲਾਂ ਹੋਰ ਵੀ ਲਾਵਣਗੇ
ਹੌਸਲਾ ਗੁਰੂ ਦੇ ਦੋਖੀ ਦਾ ਤੂੰ ਹੋਰ ਵਧਾ ਦਿੱਤਾ

ਪੰਥ ਦਾ ਹੋ ਰਹਿੰਦਾ ਤਾਂ ਹੋਣੀ ਬੱਲੇ ਬੱਲੇ ਸੀ
ਬਾਦਲ ਦਾ ਹੋ ਕੇ ਨਿਰਾ ਹੀ ਕਲੰਕ ਲਗਾ ਦਿੱਤਾ

ਏਸ ਬਾਦਲ ਨੇ ਤੇਰੇ ਜਏ ਕਈ ਹੋਰ ਵੀ ਚੱਟੇ ਨੇ
ਦਗ਼ਾ ਗੁਰੂ ਦੇ ਪੰਥ ਨੂੰ ਏਸ ਨੇ ਵਧ ਸਦਾ ਦਿੱਤਾ

ਅਰੂੜ ਸਿੰਘ ਦਾ ਤੈਨੂੰ ਸਭ ਪ੍ਰਛਾਵਾਂ ਕਹਿੰਦੇ ਨੇ
ਆਖ਼ਿਰ ਨੂੰ ਤੂੰ ਆਪਣਾ ਆਪਾ ਹੀ ਜਣਾ ਦਿੱਤਾ

ਸਿੱਖ ਇਤਹਾਸ ‘ਚ ਨਾਂ ਤੇਰਾ ਕਾਲਾ ਹੋ ਜਾਏਗਾ
ਜ਼ਮੀਰ ਦੇ ਹੌਕੇ ਆਪਣੇ ਨੂੰ ਤੂੰ ਜੇ ਦਬਾ ਦਿੱਤਾ

ਮੌਕਾ ਹੈ ਤੂੰ ਪੰਥ ਨੂੰ ਜੇ ਮੁਖਾਤਬ ਹੋ ਜਾਵੇਂ
‘ਢੇਸੀ’ ਨੇ ਤਾਂ ਖਾਲਸਾ ਜੀ ਦਾ ਹੁਕਮ ਵਜਾ ਦਿੱਤਾ

– ਕੁਲਵੰਤ ਸਿੰਘ ਢੇਸੀ

ਟਿੱਪਣੀ ਕਰੋ:

About editor

Scroll To Top