Home / ਚੋਣਵੀ ਖਬਰ/ਲੇਖ / ਤੇਰੀ ਪਨਹਿ ਖੁਦਾਇ ਤੂੰ ਬਖ਼ਸ਼ੰਦਗੀ।। ਪੰਜਾਬੀ ਕਾਵਿ-ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਨੂੰ ਯਾਦ ਕਰਦਿਆਂ

ਤੇਰੀ ਪਨਹਿ ਖੁਦਾਇ ਤੂੰ ਬਖ਼ਸ਼ੰਦਗੀ।। ਪੰਜਾਬੀ ਕਾਵਿ-ਸਾਹਿਤ ਦੇ ਪਿਤਾਮਾ ਬਾਬਾ ਫ਼ਰੀਦ ਜੀ ਨੂੰ ਯਾਦ ਕਰਦਿਆਂ

Baba-Farid-Ji

ਬਾਬਾ ਫਰੀਦ ਜੀ ਦੇ ਆਗਮਨ ਦਿਵਸ ਉੱਤੇ ਵਿਸ਼ੇਸ਼ :-ਗੁਰਇੰਦਰ ਸਿੰਘ ਪਾਲ
ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨ ਤੇ ਅੰਧਵਿਸ਼ਵਾਸੀ ਸ਼ਰਧਾਲੂਆਂ ਦੁਆਰਾ ਅਜਿਹਾ ਵਿਗਾੜਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਦੀ ਜੀਵਨ-ਗਾਥਾ ਇਤਿਹਾਸ ਨਾ ਰਹਿ ਕੇ ਮਿਥਿਹਾਸ ਬਣਾ ਦਿੱਤੀ ਗਈ ਹੈ। ਦੋਖੀਆਂ ਨੇ ਫ਼ਰੀਦ ਜੀ ਦੇ ਜਲਾਲੀ ਚਿਹਰੇ ਉੱਤੇ ਪਾਖੰਡ ਤੇ ਝੂਠ ਦਾ ਅਜਿਹਾ ਕੁਸੰਭੜੀ ਰੰਗ ਚੜ੍ਹਾਇਆ ਹੈ ਕਿ ਉਨ੍ਹਾਂ ਦਾ ਅਸਲੀ ਮਜੀਠੀ ਚਿਹਰਾ ਨਜ਼ਰ ਨਹੀਂ ਆਉਂਦਾ। ਨਤੀਜੇ ਵਜੋਂ, ਉਨ੍ਹਾਂ ਦੇ ਜੀਵਨ ਦਾ ਹਰ ਬਿਰਤਾਂਤ ਸੰਦਿਗਧ ਹੈ! ਇਸ ਲੇਖ ਵਿੱਚ ਉਨ੍ਹਾਂ ਦਾ ਸੰਖੇਪ ਜੀਵਨ-ਚਰਿੱਤਰ ਪ੍ਰਾਪਤ ਜਾਣਕਾਰੀ ਅਨੁਸਾਰ ਹੀ ਉਲੀਕਿਆ ਹੈ, ਪਰ ਉਨ੍ਹਾਂ ਦੀ ਬਾਣੀ ਵਿੱਚ ਪ੍ਰਗਟਾਏ ਫ਼ਲਸਫ਼ੇ ਤੇ ਨੇਕ ਨੈਤਿਕ ਖ਼ਿਆਲਾਂ ਦੇ ਘੇਰੇ ‘ਚੋਂ ਬਾਹਰ ਨਹੀਂ ਜਾਣ ਦਿੱਤਾ।

ਫ਼ਰੀਦ ਜੀ ਦੇ ਵੰਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਉਨ੍ਹਾਂ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿਚੋਂ ਸਨ। ਫ਼ਰੀਦ ਜੀ ਦੇ ਦਾਦਾ ਸ਼ੇਖ ਸ਼ਈਬ, ਗ਼ਜ਼ਨੀ ਦੇ ਬਾਦਸ਼ਾਹ ਦੇ ਭਰਾ ਸਨ ਜੋ ਗ਼ਜ਼ਨੀ ਤੇ ਕਾਬੁਲ ਦੀ ਆਪਸੀ ਹਿੰਸਕ ਗੜਬੜੀ ਤੋਂ ਤੰਗ ਆ ਕੇ 12ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆ ਵੱਸੇ ਸਨ। ਸ਼ੇਖ ਸ਼ਈਬ, ਪਰਿਵਾਰ ਸਮੇਤ, ਪੰਜਾਬ ਦੇ ਕਸੂਰ, ਦੀਪਾਲਪੁਰ ਆਦਿ ਥਾਵਾਂ ‘ਤੇ ਆਰਜ਼ੀ ਤੌਰ ‘ਤੇ ਵਿਚਰਦੇ ਹੋਏ ਅੰਤ ਕੋਠੀਵਾਲ, ਜਿਸ ਨੂੰ ਹੁਣ ਚਾਵਲੀ ਮਸ਼ਾਇਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਪੱਕੇ ਤੌਰ ‘ਤੇ ਵੱਸ ਗਏ। ਪੇਸ਼ੇ ਵਜੋਂ ਉਹ ਮੌਲਵੀ ਸਨ। ਸ਼ੇਖ ਸ਼ਈਬ ਦੇ ਵੱਡੇ ਪੁੱਤਰ (ਫ਼ਰੀਦ ਜੀ ਦੇ ਵਾਲਿਦ/ਪਿਤਾ) ਦਾ ਨਾਮ ਜਮਾਲਉੱਦੀਨ ਸੁਲੇਮਾਨ ਸੀ।

ਨਾਨਕਿਆਂ ਵੱਲੋਂ ਫ਼ਰੀਦ ਜੀ ਦੀ ਅੰਗਲੀ ਸੰਗਲੀ ਹਜ਼ਰਤ ਮੁਹੰਮਦ ਦੀ ਵੰਸ਼ ਨਾਲ ਜਾ ਜੁੜਦੀ ਹੈ। ਆਪ ਦੀ ਮਾਤਾ ਬੀਬੀ ਮਰੀਅਮ ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਯੱਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਸੀ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਵੰਸ਼ ਵਿਚੋਂ ਕਾਬੁਲ ਵਸਨੀਕ ਇੱਕ ਮੌਲਵੀ, ਜਿਸ ਦਾ ਨਾਮ ਵਜੀਹਉੱਦੀਨ ਸੀ, ਨੇ ਬੀਬੀ ਮਰਿਯਮ ਨੂੰ ਗੋਦ ਲਿਆ ਹੋਇਆ ਸੀ। ਰਾਜਸੀ ਉਥਲ-ਪੁਥਲ ਦੇ ਭੈੜੇ ਪ੍ਰਭਾਵ ਤੋਂ ਬਚ ਕੇ ਹਿੰਦੁਸਤਾਨ ਆਉਣ ਸਮੇਂ, ਮੌਲਵੀ ਵਜੀਹਉਦੀਨ ਮੁਤਬੰਨੀ ਬੇਟੀ ਬੀਬੀ ਮਰਿਅਮ ਨੂੰ ਵੀ ਨਾਲ ਹੀ ਲੈ ਆਏ। ਮੌਲਵੀ ਸਾਹਿਬ ਨੇ ਬੀਬੀ ਮਰਿਅਮ ਦੀ ਸ਼ਾਦੀ ਸ਼ੇਖ ਸ਼ਈਬ ਦੇ ਵੱਡੇ ਪੁੱਤਰ ਜਮਾਲਉੱਦੀਨ ਸੁਲੇਮਾਨ ਨਾਲ ਕੀਤੀ। ਇਸ ਦੰਪਤੀ ਦੇ ਘਰ ਤਿੰਨ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਮੰਝਲੇ ਬੇਟੇ ਦਾ ਨਾਮ ਫ਼ਰੀਦਉਦੀਨ ਮਸਊਦ (ਬਾਬਾ ਫ਼ਰੀਦ) ਸੀ ਜੋ 1173 ਵਿੱਚ ਪੈਦਾ ਹੋਇਆ। ਸੰਖੇਪ ਵਿੱਚ, ਫ਼ਰੀਦ ਜੀ ਦੀਆਂ ਜੜ੍ਹਾਂ ਜਿੱਥੇ ਮਜ਼੍ਹਬ ਦੇ ਵਿਹੜੇ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਸਨ, ਉੱਥੇ ਸਮੇਂ ਦੇ ਮੁਸਲਮਾਨ ਬਾਦਸ਼ਾਹਾਂ ਨਾਲ ਉਨ੍ਹਾਂ ਦਾ ਕਰੀਬੀ ਰਿਸ਼ਤਾ ਵੀ ਸੀ।

ਜਵਾਨੀ ਦੀ ਅਵਸਥਾ ਵਿੱਚ ਆਪ ਨੇ ਆਪਣੇ ਮਾਪਿਆਂ ਦੀ ਸੁਹਬਤ ਵਿੱਚ ਮੱਕੇ ਦਾ ਹੱਜ ਕੀਤਾ। ਇਸ ਉਪਰੰਤ ਆਪ ਨੂੰ ਇਸਲਾਮੀ ਤਾਅਲੀਮ ਹਾਸਿਲ ਕਰਨ ਵਾਸਤੇ ਕਾਬੁਲ ਭੇਜਿਆ ਗਿਆ। ਕਾਬੁਲ ਤੋਂ ਵਾਪਸ ਆ ਕੇ ਉਨ੍ਹਾਂ ਨੇ ਮੁਲਤਾਨ ਵਿਖੇ ਸ਼ੇਖ਼ ਬਹਾਯੁਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਿਲ ਕੀਤਾ। ਇੱਥੇ ਆਪ ਨੇ ਦਿੱਲੀ ਵਾਲੇ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੂੰ ਪੀਰ ਧਾਰਨ ਕੀਤਾ। ਲਗਭਗ ਦੋ ਦਹਾਕੇ ਹਾਂਸੀ (ਹਿਸਾਰ) /ਸਿਰਸਾ ਵਿਖੇ ਰਹਿ ਕੇ ਇਸਲਾਮੀ ਵਿੱਦਿਆ ਵਿੱਚ ਪਰਪੱਕਤਾ ਪ੍ਰਾਪਤ ਕੀਤੀ। ਮੁਰਸ਼ਦ ਦੇ ਫ਼ੌਤ ਹੋਣ ਉਪਰੰਤ ਫ਼ਰੀਦ ਜੀ ਅਜੋਧਣ (ਪਾਕਪਟਨ) ਆ ਟਿਕੇ। 1266 ਵਿੱਚ ਇੱਥੇ ਹੀ ਆਪ ਦਾ ਦੇਹਾਂਤ ਹੋਇਆ।

ਫ਼ਰੀਦ ਜੀ ਦੀਆਂ ਚਾਰ ਸ਼ਾਦੀਆਂ ਕਹੀਆਂ ਜਾਂਦੀਆਂ ਹਨ। ਇੱਕ ਸ਼ਾਦੀ ਦਿੱਲੀ ਦੇ ਗ਼ੁਲਾਮ-ਵੰਸ਼ੀ ਬਾਦਸ਼ਾਹ ਨਾਸਿਰੁਦੀਨ (ਰਾਜ-ਕਾਲ 1246 -1266) ਦੀ ਸ਼ਹਿਜ਼ਾਦੀ ਬੀਬੀ ਹਜ਼ਬਰਾ ਨਾਲ ਹੋਈ। (ਨੋਟ:- ਕੁੱਝ ਲੇਖਕਾਂ ਅਨੁਸਾਰ ਬੀਬੀ ਹਜ਼ਬਰਾ ਗਯਾਸੁੱਦੀਨ ਬਲਬਨ ਦੀ ਬੇਟੀ ਸੀ, ਜੋ ਕਿ ਠੀਕ ਨਹੀਂ ਹੈ, ਕਿਉਂਕਿ ਗਯਾਸੁੱਦੀਨ ਦਾ ਰਾਜ-ਕਾਲ 1266 -1286 ਹੈ!) ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। (ਕੁਝ ਲੇਖਕਾਂ ਨੇ ਛੇ ਬੇਟੇ ਤੇ ਦੋ ਬੇਟੀਆਂ ਲਿਖਿਆ ਹੈ।) ਵੱਡੇ ਪੁੱਤਰ ਦਾ ਨਾਮ ਬਦਰੁਦੀਨ ਸੁਲੇਮਾਨ ਸੀ ਜੋ ਆਪ ਤੋਂ ਬਾਅਦ ਗੱਦੀ ‘ਤੇ ਬੈਠਾ। ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ਉੱਤੇ ਬੈਠੇ ਗਿਆਰਵੇਂ ਗੱਦੀ-ਨਸ਼ੀਨ ਸ਼ੈਖ਼ ਬ੍ਰਹਮ ਨਾਲ ਹੋਈ ਅਤੇ ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਿਲ ਕੀਤੀ ਸੀ।

ਫ਼ਰੀਦ ਜੀ ਆਪਣੇ ਜੀਵਨ-ਕਾਲ ਵਿੱਚ ਆਰਜ਼ੀ ਤੌਰ ‘ਤੇ ਕਈ ਥਾਈਂ ਵਿਚਰੇ। ਕੁੱਝ ਸਮਾਂ ਆਪ ਫ਼ਰੀਦਕੋਟ ਵਿੱਚ ਵੀ ਰਹੇ। ਫ਼ਰੀਦਕੋਟ ਦਾ ਅਸਲੀ ਨਾਮ ਮੋਕਲਪੁਰ ਜਾਂ ਮੋਕਲ ਨਗਰ ਸੀ। ਇਹ ਸ਼ਹਿਰ 12ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਾਜਾ ਮੋਕਲ ਭੱਟੀ ਨੇ ਆਬਾਦ ਕੀਤਾ ਸੀ। ਇਹ ਰਾਜਾ ਫ਼ਰੀਦ ਜੀ ਦੀ ਰੂਹਾਨੀਯਤ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਹ ਉਨ੍ਹਾਂ ਦਾ ਮੁਰੀਦ ਹੋ ਗਿਆ ਅਤੇ ਉਨ੍ਹਾਂ ਪ੍ਰਤਿ ਅਥਾਹ ਸ਼ਰਧਾ-ਵਸ ਉਸ ਨੇ ਇਸ ਸ਼ਹਿਰ ਦਾਂ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ।

ਫ਼ਰੀਦ ਜੀ ਦੇ ਨਾਮ ‘ਤੇ ਫ਼ਰੀਦਕੋਟ ਅਤੇ ਇਸ ਦੇ ਇਰਦ-ਗਿਰਦ ਕਈ ਗੁਰਦੁਆਰੇ ਉਸਾਰੇ ਹੋਏ ਹਨ; ਇਨ੍ਹਾਂ ਵਿੱਚੋਂ ਪ੍ਰਸਿੱਧ ਹਨ: ਟਿੱਲਾ/ਚਿੱਲਾ ਬਾਬਾ ਫ਼ਰੀਦ ਅਤੇ ਗੋਦੜੀ ‘ਸਾਹਿਬ’ ਜੋ ਕਿ 1980ਵਿਆਂ ਵਿੱਚ ਕੋਟਕਪੂਰਾ ਮਾਰਗ ਉੱਤੇ ਉਸਾਰਿਆ ਗਿਆ ਸੀ। ਇਸ ਨਾਲ ਇੱਕ ਸਰੋਵਰ ਵੀ ਬਣਇਆ ਗਿਆ ਹੈ ਜਿੱਥੇ ਸਿੱਧੜ ਸ਼ਰਧਾਲੂ ਡੱਡੂ-ਡੁਬਕੀਆਂ ਲਾਉਂਦੇ ਆਮ ਦੇਖੇ ਜਾਂਦੇ ਹਨ। ਇਨ੍ਹਾਂ ਗੁਰਦੁਆਰਿਆਂ ਵਿੱਚ ਮਿਥਿਹਾਸ ਤੇ ਕਰਮ-ਕਾਂਡਾਂ ਦਾ ਪ੍ਰਚਾਰ ਕਰਕੇ ਬਾਬਾ ਫ਼ਰੀਦ ਜੀ ਦੇ ਜੀਵਨ ਨਾਲ ਜੋੜੀਆਂ ਜਾਂਦੀਆਂ ਕੂੜ-ਕਹਾਣੀਆਂ ਦੇ ਆਧਾਰ ‘ਤੇ ਕੂੜ ਦਾ ਵਪਾਰ ਕੀਤਾ ਜਾਂਦਾ ਹੈ! ਫ਼ਰੀਦਕੋਟ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਫ਼ਰੀਦ ਜੀ ਦੀ ਯਾਦ ਵਿੱਚ ਨੌਂ ਰੋਜ਼ਾ ਮੇਲਾ ਲੱਗਦਾ ਹੈ ਜਿਸ ਨੂੰ ‘ਆਗਮਨ ਪੁਰਬ’ ਜਾਂ ‘ਫ਼ਰੀਦ ਮੇਲਾ’ ਕਹਿੰਦੇ ਹਨ। ਦੂਸਰੇ ਦੁਨਿਆਵੀ ਮਜ਼੍ਹਬਾਂ ਨਾਲ ਸਬੰਧ ਰੱਖਣ ਵਾਲੇ ਲੱਖਾਂ ਸ਼ਰਧਾਲੂ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਹਨ।

ਟਿੱਪਣੀ ਕਰੋ:

About editor

Scroll To Top