Home / ਕਵਿ-ਕਿਆਰੀ / ਮੋਹ ਦੀਆਂ ਤੰਦਾਂ

ਮੋਹ ਦੀਆਂ ਤੰਦਾਂ

Gajinder Singhਅਗਸਤ ਅਤੇ ਸਤੰਬਰ ਦੇ ਮਹੀਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ । ਅਗਸਤ ਦਲ ਖਾਲਸਾ ਦੀ ਸਿਰਜਣਾ ਕਰ ਕੇ, ਅਤੇ ਸਤੰਬਰ ਹਾਈਜੈਕਿੰਗ ਕਰ ਕੇ, ਜਦੋਂ ੩੪ ਸਾਲ ਪਹਿਲਾਂ ਘਰ ਬਾਰ, ਸੱਭ ਛੱਡ ਆਇਆ ਸਾਂ, ਸ਼ਾਇਦ ਸਦਾ ਲਈ ……।
ਜੇਲ੍ਹ ਦੇ ਸ਼ੁਰੂ ਦੇ ਦਿਨ੍ਹਾਂ ਵਿੱਚ ਲਹੋਰ ਦੀ ਇੱਕ ਉੜਦੂ ਅਖਬਾਰ ਵਿੱਚ ਛਪੀ ਛੋਟੀ ਜਿਹੀ ਖਬਰ, ਜੋ ਮੇਰੇ ਪਿਤਾ ਜੀ ਦੀ ਗ੍ਰਿਫਤਾਰੀ ਬਾਰੇ ਸੀ, ਪੜ੍ਹ ਕੇ ਇੱਕ ਕਵਿਤਾ ਲਿਖੀ ਸੀ, ‘ਮੋਹ ਦੀਆਂ ਤੰਦਾਂ’, ਜਿਸ ਵਿੱਚ ਪਰਿਵਾਰ ਦੇ ਹਰ ਜੀਅ ਦਾ ਜ਼ਿਕਰ ਕੀਤਾ ਸੀ ।
ਇਹ ਕਵਿਤਾ ਹਾਲੇ ਰਫ ਹੀ ਸੀ, ਜੇਲ੍ਹ ਦਾ ਇੱਕ ਸੀਨੀਅਰ ਅਫਸਰ ਮਿਲਣ ਆ ਗਿਆ, ਜੋ ਮੇਰੇ ਕਵੀ ਹੋਣ ਬਾਰੇ ਜਾਣਦਾ ਸੀ । ਮੇਰੇ ਮੰਜੇ ਤੇ ਪਏ ਕੁੱਝ ਖਿਲਰੇ ਹੋਏ ਕਾਗਜ਼ ਦੇਖ ਕੇ ਕਹਿੰਦਾ, ‘ਗਜਿੰਦਰ ਜੀ ਲੱਗਦੈ ਕੋਈ ਨਵੀਂ ਕਵਿਤਾ ਲਿਖੀ ਹੈ’ । ਮੇਰੇ ਹਾਂ ਕਹਿਣ ਬਾਦ ਕਹਿੰਦਾ ਆਪਣੀ ਨਵੀਂ ਕਵਿਤਾ ਸੁਣਾਓ ਤਾਂ ਮੇਹਰਬਾਨੀ । ਕਵਿਤਾ ਨਵੀਂ ਲਿਖੀ ਹੋਣ ਕਰ ਕੇ ਹਾਲੇ ਕਵਿਤਾ ਦੇ ਜਜ਼ਬਾਤੀ ਮਾਨਸਿਕ ਮਾਹੋਲ ਵਿੱਚ ਹੀ ਸਾਂ । ਮੈਂ ਕਵਿਤਾ ਇੱਕੋ ਸਾਹੇ, ਉਸੇ ਜਜ਼ਬਾਤੀ ਅੰਦਾਜ਼ ਵਿੱਚ ਸੁਣਾ ਦਿੱਤੀ, ਜਿਵੇਂ ਲਿਖੀ ਸੀ । ਕਵਿਤਾ ਸੁਣ ਕੇ ਉਹ ਅਫਸਰ ਕੁੱਝ ਅਜਿਹਾ ਜਜ਼ਬਾਤੀ ਹੋਇਆ, ਖਤਮ ਹੁੰਦੇ ਹੀ ਕਹਿੰਦਾ, ‘ਗਜਿੰਦਰ ਸਿੰਘ ਜੀ, ਪਲੀਜ਼ ਇੱਕ ਵਾਰ ਹੋਰ’ । ਦੂਜੀ ਵਾਰੀ ਕਵਿਤਾ ਸੁਣਨ ਤੋਂ ਬਾਦ ਹੀ, ਅਸੀਂ ਕੋਈ ਹੋਰ ਗੱਲ ਕਰ ਸਕੇ, ਪਰ ਇਹ ਸਾਰੀ ਮੁਲਾਕਾਤ ਕਵਿਤਾ ਦੇ ਮਾਹੋਲ ਵਿੱਚ ਹੀ ਰਹੀ । ਉਸ ਅਫਸਰ ਨੂੰ ਅਸੀਂ ਬਾਜਵਾ ਸਾਹਿਬ ਕਹਿ ਕੇ ਬੁਲਾਉਂਦੇ ਹੁੰਦੇ ਸਾਂ ।
ਅੱਜ ਕੁੱਝ ਪੁਰਾਣੀਆਂ ਯਾਦਾਂ ਨੇ ਅਜਿਹਾ ਸਤਾਇਆ ਕਿ ਇਹ ਕਵਿਤਾ ਯਾਦ ਆ ਗਈ, ਜੋ ਹੁਣ ਮੈਂ ਆਪ ਨਾਲ ਵੀ ਸਾਂਝੀ ਕਰਨ ਲੱਗਾ ਹਾਂ ।
ਗਜਿੰਦਰ ਸਿੰਘ, ਦਲ ਖਾਲਸਾ ।
੮.੯.੨੦੧੫

ਮੋਹ ਦੀਆਂ ਤੰਦਾਂ

ਮੋਹ ਦੀਆਂ ਤੰਦਾਂ ਮੈਂ ਵੱਢ ਆਇਆ ਹਾਂ
ਬਹੁਤ ਕੁਝ ਯਾਰੋ ਮੈਂ ਛੱਡ ਆਇਆ ਹਾਂ।
ਖਬਰ ਸੀ “ਹਾਈਜੈਕਰ ਗਜਿੰਦਰ ਸਿੰਘ ਕਾ
ਵਾਲਿਦ ਗ੍ਰਿਫਤਾਰ”।
ਐ ਮੇਰੇ ਬਜੁਰਗਵਾਰ
ਤੁਸੀ ਵੀ ਸੀਖਾਂ ਦੇ ਪਾਰ
ਤੇ ਮੈਂ ਵੀ ਸੀਖਾਂ ਦੇ ਪਾਰ।
ਤੁਸੀਂ ਸਰਹੱਦ ਦੇ ਉਸ ਪਾਰ
ਤੇ ਮੈਂ ਸਰਹੱਦ ਦੇ ਇਸ ਪਾਰ।
ਮੈਨੂੰ ਖਿਆਲ ਹੈ ਤੁਹਾਡੇ ਬਜ਼ੁਰਗ ਸਾਹਾਂ ਦਾ
ਸਿਲ੍ਹਾ ਜੋ ਮਿਲ ਰਿਹੈ ਤੁਹਾਨੂੰ ਮੇਰੇ ਰਾਹਾਂ ਦਾ।

ਮੇਰੀ ਇਕ ਮਾਂ ਹੈ
ਜਿਸ ਦੀ ਬੜੀ ਠੰਡੀ ਤੇ ਮਿੱਠੀ ਛਾਂ ਹੈ।
ਜਦੋਂ ਮੈਂ ਬੂਹੇ ਨੂੰ ਟੱਪਣ ਲਗਣਾ
ਉਸ ਕਹਿਣਾ ਅਰਦਾਸ ਕਰ ਕੇ ਜਾ
ਗੁਰੂ ਤੇਰੇ ਅੰਗ ਸੰਗ ਰਹੇਗਾ
ਤੈਨੂੰ ਲਗੇ ਨਾ ਤੱਤੀ ਵਾ।
ਮਾਂ ਕਹਿੰਦੀ ਸੀ “ਜਨਨੀ ਜਣੇ ਤਾਂ
ਭਗਤ ਜਨ, ਕੈ ਦਾਤਾ ਕੈ ਸੂਰ”
ਸੁੱਖਾਂ ਵੀ ਮੰਗਦੀ ਹੋਵੇਂਗੀ ਮਾਏ
ਮਾਣ ਵੀ ਕਰਦੀ ਹੋਵੇਂਗੀ ਜ਼ਰੁਰ।
ਮੇਰੀ ਮਾਂ, ਮਾਂ ਵੀ ਹੈ, ਮਿੱਤਰ ਵੀ ਹੈ
ਉਸਦਾ ਰੁੱਸਣਾ ਉਸ ਦਾ ਮੰਨ ਜਾਣਾ
ਕਦੇ ਕਦੇ ਲੋਰ ਵਿਚ
ਚਿੜੀਆਂ ਦਾ ਚੰਬਾ ਗਾਣਾ।
ਉਹ ਮਹਿਬੂਬਾ ਤੋਂ ਵੱਧ ਕੇ ਯਾਦ ਆਉਂਦੀ ਹੈ
ਯਾਦ ਉਸ ਦੀ ਸੀਨੇ ‘ਚ ਠੰਡ ਪਾਉਂਦੀ ਹੈ।

ਉਥੇ ਭੈਣਾਂ ਭਰਾਵਾਂ ਦੀ
ਇਕ ਦੁਨੀਆਂ ਵੀ ਹੈ
ਕਦੇ ਕੋਈ ਰੁੱਸਦਾ ਹੈ
ਕਦੇ ਮੰਨ ਜਾਂਦਾ ਹੈ।
ਕੋਈ ਆਂਦਾ ਹੈ
ਕੋਈ ਜਾਂਦਾ ਹੈ।
ਇਕ ਰੁੱਸੀ ਹੋਈ ਹਮਸ਼ੀਰਾ ਹੈ
ਮੇਰਾ ਇਕ ਵੱਡਾ ਵੀਰਾ ਹੈ
ਇਕ ਉਸ ਤੋਂ ਛੋਟੀ ਮੋਹਣੀ ਹੈ
ਮਾਂ ਅੱਜ ਕੱਲ ਉਸ ਨਾਲ ਰੁੱਸੀ ਹੈ
ਅਤੇ ਉਸ ਨਾਲ ਰਹਿੰਦੀ ਲੜਦੀ ਹੈ
ਪਰ ਅੰਦਰੋਂ ਪਿਆਰ ਵੀ ਕਰਦੀ ਹੈ।
ਸੱਤ ਪੁੱਤਾਂ ਵਰਗੀ ਧੀ ਹੈ
ਅਤੇ ਪਾਤਰ ਇੱਜਤ ਦੀ ਹੈ।

ਮੈਥੋਂ ਇਕ ਛੋਟਾ ਵੀਰਾ ਹੈ
ਜੋ ਯਾਰਾਂ ਵਾਂਗੂੰ ਯਾਰ ਵੀ ਹੈ
ਤੇ ਬੱਚਿਆਂ ਵਾਂਗੂੰ ਪਿਆਰਾ ਹੈ।
ਉਸਦੇ ਨਿੱਕੇ ਨਿੱਕੇ ਮੋਢਿਆਂ ਤੇ
ਮੈਂ ਬੋਝਾ ਸੁਟਿਆ ਭਾਰਾ ਹੈ।
ਸਾਡੀ ਇਸ ਘਰ ਦੀ ਦੁਨੀਆਂ ਦਾ
ਉਹਦੇ ਤੇ ਜਿੰਮਾ ਸਾਰਾ ਹੈ।

ਇਕ ਸਭ ਤੋਂ ਵੱਡਾ ਵੀਰਾ ਹੈ
ਜੋ ਮਾਂ ਮੇਰੀ ਦਾ ਜਾਇਆ ਨਹੀਂ
ਮੇਰੇ ਸੀਨੇ ਦਾ ਨਹੀਂ ਜ਼ਖਮ ਕੋਈ
ਉਸ ਜਿਸ ਦਾ ਦਰਦ ਵੰਡਾਇਆ ਨਹੀਂ।

ਸਾਡੀ ਇਕ ਨਿੱਕੀ ਭੋਲੀ ਹੈ
ਜਿਹੜੀ ਨਿਰੀ ਬਾਰੂਦ ਦੀ ਗੋਲੀ ਹੈ।
ਉਹ ਪਿਆਰ ਵੀ ਡਾਢਾ ਕਰਦੀ ਹੈ।
ਜੇ ਲੜੇ ਤਾਂ ਡਾਢਾ ਲੜਦੀ ਹੈ।
ਮੇਰੀ ਬੱਚੀ ਹੈ ਮੇਰੀ ਧੀ ਹੈ
ਉਹਦੇ ਨਾਂ ‘ਵਸੀਅਤ’ ਵੀ ਹੈ।

ਇਕ ਸਿੱਦੀ ਸਾਦੀ ਪਤਨੀ ਹੈ
ਜੋ ਦਿਲ ਤੋਂ ਡਾਢੀ ਚੰਗੀ ਹੈ
ਮੈਂ ਕੁੱਝ ਨਹੀਂ ਉਸ ਲਈ ਕਰ ਸਕਿਆ
ਉਹਦੀ ਝੋਲੀ ਨਾ ਖੁਸ਼ੀਆਂ ਧਰ ਸਕਿਆ।
ਮੈਂ ਮੰਨਦਾ ਹਾਂ ਉਹਦਾ ਦੋਸ਼ੀ ਹਾਂ
ਮੈਂ ਫਰਜ ਨਾ ਪੂਰਾ ਕਰ ਸਕਿਆ।

ਮੈਂ ਪਿਛੇ ਛੱਡ ਕੇ ਆਇਆਂ
ਨਿੱਕੀ ਜਿਹੀ ਪਿਆਰੀ ਜਿਹੀ ਬੱਚੀ
ਉਸਦੀ ਸੂਰਤ ਮੈਂ ਸਫਿਆਂ ਤੇ ਘੜ ਨਹੀਂ ਸਕਦਾ।
ਉਸਦੇ ਬੋਲ ਯਾਦਾਂ ਚੋਂ ਫੜ ਨਹੀਂ ਸਕਦਾ।
ਉਹ ਤਾਂ ਸਿਰਫ ਹੱਸਦੀ ਸੀ ਜਾਂ ਰੋਂਦੀ ਸੀ
ਕਦੇ ਜਾਗਦੀ ਸੀ ਤੇ ਕਦੇ ਸੌਂਦੀ ਸੀ
ਬੱਸ ਇੰਨਾਂ ਯਾਦ ਹੈ ਕਿ ਬੜੀ ਪਿਆਰੀ ਸੀ
ਪੰਜ ਮਹੀਨੇ ਦੀ ਵਿਚਾਰੀ ਸਾਰੀ ਸੀ।
ਘਰ ਦੇ ਇਸ ਵਿਹੜੇ ਤੋਂ
ਅੱਜ ਬਹੁਤ ਦੂਰ ਹਾਂ ਯਾਰੋ
“ਹਾਈਜੈਕਰ’ ਮਸ਼ਹੂਰ ਹਾਂ ਯਾਰੋ।
ਵੀਰਾਂ ਦੇ ਡੁੱਲ੍ਹੇ ਲਹੂ ਨੂੰ ਪ੍ਰਣਾਮ ਕੀਤਾ ਹੈ
‘ਕੇਸਰੀ’ ਤੈਨੂੰ ਸਲਾਮ ਕੀਤਾ ਹੈ।
ਨਵਾਂ ਨਾਤਾ ਬਣਾਣ ਆਏ ਹਾਂ
ਅੱਲਾ ਵਾਲਿਆਂ ਨਾਲ ਹੱਥ ਮਿਲਾਣ ਆਏ ਹਾਂ।
ਮੋਹ ਦੀਆਂ ਤੰਦਾ ਮੈਂ ਵੱਢ ਆਇਆ ਹਾਂ
ਬਹੁਤ ਕੁਝ ਯਾਰੋ ਮੈਂ ਛੱਡ ਆਇਆ ਹਾਂ।

ਟਿੱਪਣੀ ਕਰੋ:

About editor

Scroll To Top