Home / ਕਵਿ-ਕਿਆਰੀ / ਕੌਮ ਦੀ ਉਮੀਦ, ਜੋਸ਼ ਅਤੇ ਹੋਸ਼ ਵਾਲੜਾ – ਖੋਹ ਲਿਆ ਜ਼ਾਲਮਾਂ ਜਸਵੰਤ ਸਿੰਘ ਖਾਲੜਾ

ਕੌਮ ਦੀ ਉਮੀਦ, ਜੋਸ਼ ਅਤੇ ਹੋਸ਼ ਵਾਲੜਾ – ਖੋਹ ਲਿਆ ਜ਼ਾਲਮਾਂ ਜਸਵੰਤ ਸਿੰਘ ਖਾਲੜਾ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਕੌਮ ਦੀ ਉਮੀਦ, ਜੋਸ਼ ਅਤੇ ਹੋਸ਼ ਵਾਲੜਾ
ਖੋਹ ਲਿਆ ਜ਼ਾਲਮਾਂ ਜਸਵੰਤ ਸਿੰਘ ਖਾਲੜਾ

ਮਾਵਾਂ ਦੇ ਗਵਾਚੇ ਹੋਏ ਪੁੱਤਾਂ ਦੀ ਉਮੀਦ ਸੀ
ਪਤਾ ਨਹੀਂ ਰੱਬ ਨੇ ਕੀ ਲਿਖਿਆ ਨਸੀਬ ਸੀ

ਇੱਕ ਇੱਕ ਲਾਸ਼ ਦਾ ਹਿਸਾਬ ਸੀ ਉਹ ਮੰਗਦਾ
ਖੁਰਾ ਖੋਜ ਲੱਭਦਾ ਗਵਾਚੇ ਅੰਗ ਅੰਗ ਦਾ

ਜ਼ਕਰੀਏ ਮੀਰ ਮੰਨੂੰ ਟੁੱਟ ਪਏ ਪੰਜਾਬ ਤੇ
ਚੁਣ ਚੁਣ ਮਿਧ ਦਿੱਤੇ ਫੁੱਲ ਸੀ ਗੁਲਾਬ ਦੇ

ਇੱਕ ਨਹੀਂ ਹਜ਼ਾਰਾਂ ਸਿੰਘ ਮਾਰੇ ਨਿਰਦੋਸ਼ ਸੀ
ਜਾਨ ਮਾਲ ਖਾਲਸੇ ਦਾ ਦਿੱਲੀ ਨਿੱਤ ਨੋਚਦੀ

ਘਰਾਂ ਵਿਚੋਂ ਚੁੱਕੇ ਪੁੱਤ ਮੁੜ ਕੇ ਨਾ ਆਏ ਸੀ
ਮਾਵਾਂ ਨੇ ਸੰਦੇਸ਼ੇ ਹਵਾ ਹੱਥੀਂ ਪਹੁੰਚਾਏ ਸੀ

ਆਇਆ ਜਸਵੰਤ ਸਿੰਘ ਭਾਵੇਂ ਯੂ ਕੇ ਵਿਚ ਸੀ
ਦਿਨ ਰਾਤ ਉਹਨੂੰ ਪੰਜਾਬ ਦੀ ਹੀ ਖਿੱਚ ਸੀ

ਚਹੁੰਦਾ ਤਾਂ ਵਲਾਇਤ ਵਿਚ ਸੁੱਖੀ ਸਾਂਦੀ ਵਸਦਾ
ਹੋਣੀ ਦਿਆਂ ਪੰਜਿਆਂ ਚੋਂ ਦੱਸੋ ਕੋਣ ਬਚਦਾ

ਪੁੱਤਾਂ ਦੇ ਕਲੇਜੇ ਚੀਰੇ ਜਾਂਦੇ ਉਹ ਸੀ ਦੇਖਦਾ
ਆ ਕੇ ਇੰਗਲੈਂਡ ਵਿਚ ਰੋਟੀ ਕਿਵੇਂ ਸੇਕਦਾ

ਮਾਵਾਂ ਦੀਆਂ ਆਹਾਂ ਭੈਣਾਂ ਧੀਆਂ ਦੀਆਂ ਔਂਸੀਆਂ
ਘਰਾਂ ਤੇ ਆ ਟੁੱਟਦੀਆਂ ਪੁਲਸ ਦੀਆਂ ਚੌਕੀਆਂ

ਲਹੂ ਦਰਿਆ ਦੇ ਜਦੋਂ ਪਾਈ ਖਿੱਚ ਵੀਰ ਨੂੰ
ਅਲਵਿਦਾ ਆਖ ਦਿੱਤਾ ਸੋਹਣੀ ਤਕਦੀਰ ਨੂੰ

ਪਿੰਡ ਪਿੰਡ ਘਰ ਘਰ ਮੜੀਆਂ ਨੂੰ ਦੌੜਿਆ
ਕੀਤਾ ਸੀ ਵਸੀਲਾ ਓਹੀ ਜੋ ਵੀ ਉਹਨੂੰ ਔੜਿਆ

ਫੜ ਫੜ ਮੁੰਡਿਆਂ ਨੂੰ ਗਿੱਲ ਨਿੱਤ ਮਾਰਦਾ
ਬੇਪਛਾਣ ਲਾਸ਼ਾਂ ਕਹਿ ਕੇ ਨਿੱਤ ਹੀ ਸੀ ਸਾੜਦਾ

ਰਿਬੈਰੋ, ਇਜ਼ਹਾਰ, ਗਿੱਲ, ਸੰਧੂ, ਸੈਣੀ ਭੇੜੀਏ
ਜ਼ੁਲਮ ਬੇਅੰਤੇ ਵਾਲੀ ਜਾ ਚੜ੍ਹੇ ਬੇੜੀਏ

ਇੱਕ ਇੱਕ ਲਾਲ ਨਾਲ ਵੰਸ਼ ਗਈ ਸੀ ਮੁੱਕਦੀ
ਲੂਣ ਸਰਕਾਰ ਸਾਡੇ ਜ਼ਖਮਾਂ ਤੇ ਭੁੱਕਦੀ

ਪੱਚੀ ਹਜ਼ਾਰ ਸਿੰਘ ਸਾੜੇ ਸ਼ਮਸ਼ਾਨ ਸੀ
ਵੀਰ ਜਸਵੰਤ ਦਾ ਇਹ ਮੋਟਾ ਇਮਕਾਨ ਸੀ

ਕੌਮੀ ਤੇ ਕੌਮਾਂਤਰੀ ਹੁਣ ਮਚੀ ਹਾਹਾਕਾਰ ਸੀ
ਵੀਰੇ ਦਿਆਂ ਮੋਢਿਆਂ ਤੇ ਬਦਲਾ ਸਵਾਰ ਸੀ

ਕੰਬਦੇ ਬਿਅੰਤੇ, ਗਿੱਲ, ਸੰਧੂ, ਸੈਣੀ ਰਾਤ ਨੂੰ
ਚੰਡੀਗੜੋਂ ਚੁੱਕ ਲਿਆ ਜਾ ਕੇ ਪ੍ਰਭਾਤ ਨੂੰ

ਵੀਰ ਉੱਤੇ ਟੁੱਟ ਪਈ ਸੀ ਰਾਖਸ਼ਾਂ ਦੀ ਧਾੜ
ਬਾਹਵਾਂ ਅਤੇ ਲੱਤਾਂ ਉਹਨਾਂ ਦਿੱਤੀਆਂ ਸੀ ਪਾੜ

ਛਾਤੀ ਉੱਤੇ ਠੁੱਡੇ ਉਹਨਾਂ ਲਗਾਤਾਰ ਮਾਰੇ ਸੀ
ਜਸਵੰਤ ਸਿੰਘ ਵੀਰ ਹੋ ਗਏ ਰੱਬ ਨੂੰ ਪਿਆਰੇ ਸੀ

ਲਾਸ਼ ਉੱਤੇ ਗੋਲੀਆਂ ਦਾ ਮੀਂਹ ਵਰਸਾਇਆ ਸੀ
ਨਹਿਰ ਹਰੀ ਕੇ ਦੇ ਵਿਚ ਵੀਰੇ ਨੂੰ ਵਗਾਇਆ ਸੀ

ਮਨੁੱਖੀ ਅਧਿਕਾਰਾਂ ਦੀ ਅਵਾਜ਼ ਕੀਤੀ ਬੰਦ ਸੀ
ਵੀਰੇ ਨੇ ਸ਼ਹੀਦਾਂ ‘ਚ ਆਪਾ ਲਿਆ ਰੰਗ ਜੀ

ਕੌਮ ਦਿਓ ਵਾਰਸੋ ਨਾ ਭੁੱਲ ਜਾਇਓ ਵੀਰ ਨੂੰ
ਕਲਮ ‘ਚਲਾਈਂ’ ਢੇਸੀ ਤੇਜ਼ ਕਰ ਤੀਰ ਨੂੰ

-ਕੁਲਵੰਤ ਸਿੰਘ ਢੇਸੀ

ਟਿੱਪਣੀ ਕਰੋ:

About editor

Scroll To Top