Home / ਚੋਣਵੀ ਖਬਰ/ਲੇਖ / ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ :–ਤਲਵਿੰਦਰ ਸਿੰਘ ਬੁੱਟਰ

ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ :–ਤਲਵਿੰਦਰ ਸਿੰਘ ਬੁੱਟਰ

_sri-anad-1

ਸ੍ਰੀ ਅਨੰਦਪੁਰ ਸਾਹਿਬ ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੀ ਨਹੀਂ ਹੈ, ਸਗੋਂ ਇਹ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਵੀ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸਿੱਖਾਂ ਦਾ ਗੌਰਵਸ਼ਾਲੀ ਫ਼ਲਸਫ਼ਾ ਅਤੇ ਸਿਧਾਂਤ ਜੁੜਿਆ ਹੋਇਆ ਹੈ। ਇੱਥੋਂ ਦਾ ਪ੍ਰਕਿਰਤਕ ਤੇ ਭੂਗੋਲਿਕ ਖ਼ਾਸਾ ਸਿੱਖ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਤਿਹਾਸ ਦੇ ਪੰਨਿਆਂ ਦੇ ਅੱਖਰਾਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦੀਆਂ ਪਹਾੜੀਆਂ, ਖੱਡਾਂ ਅਤੇ ਚੋਆਂ ਹੀ ਹਨ, ਜਿਹੜੀਆਂ ਖ਼ਾਲਸਾ ਪੰਥ ਦੇ ਹੱਕ-ਸੱਚ ਅਤੇ ਧਰਮ ਦੇ ਉਭਾਰ ਲਈ ਜਬਰ-ਜ਼ੁਲਮ ਦੇ ਖਿਲਾਫ਼ ਲੜੇ ਫ਼ੈਸਲਾਕੁਨ ਸੰਘਰਸ਼ ਅਤੇ ਇਤਿਹਾਸਕ ਜੰਗਾਂ-ਯੁੱਧਾਂ ਦੀਆਂ ਇਕੋ-ਇਕ ਚਸ਼ਮਦੀਦ ਗਵਾਹ ਹਨ।
ਸ੍ਰੀ ਅਨੰਦਪੁਰ ਸਾਹਿਬ ਦੀ ਵਡਿਆਈ ‘ਚ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਅਸੀਂ ਉਸ ਅਨੰਦਪੁਰ ਤੋਂ ਸਦਕੇ ਹਾਂ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਹਿਮਤ ਦੇ ਬੱਦਲ ਵਰਸਾਏ ਹਨ ਤੇ ਜ਼ਿੰਦਗੀ ਦੇ 27 ਸਾਲ ਉਥੇ ਟਿਕ ਕੇ ਧਰਮ ਨੂੰ ਪਵਿੱਤਰ ਕੀਤਾ ਹੈ।’ ਸ੍ਰੀ ਅਨੰਦਪੁਰ ਸਾਹਿਬ ਨਗਰੀ ਦਾ ਮੁੱਢ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 19 ਜੂਨ, 1665 ਈਸਵੀ, ਦਿਨ ਸੋਮਵਾਰ, ਮੁਤਾਬਕ 21 ਹਾੜ੍ਹ 1722 ਬਿਕਰਮੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ‘ਤੇ ‘ਚੱਕ ਨਾਨਕੀ’ ਪਿੰਡ ਵਜੋਂ ਬੰਨ੍ਹਿਆ ਸੀ, ਜਿਸ ਨੂੰ ਬਾਅਦ ਵਿਚ 1689 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਅਨੰਦਪੁਰ ਸਾਹਿਬ’ ਦਾ ਨਾਂਅ ਦਿੱਤਾ।
ਪੰਜ ਸਾਲ ਦੀ ਉਮਰ ਵਿਚ ਪਟਨੇ ਦੀ ਧਰਤੀ ਤੋਂ ਆ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਕੁੱਲ ਸੰਸਾਰਿਕ ਉਮਰ ਦਾ ਸਭ ਤੋਂ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਜ਼ਾਰਿਆ। ਹਰ ਸ਼ਰਧਾਵਾਨ ਸਿੱਖ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਚੱਪਾ-ਚੱਪਾ ਆਪਣੇ ਦਸਮ ਪਿਤਾ ਦੇ ਚੋਜਾਂ ਤੇ ਛੋਹ ਨਾਲ ਲਬਰੇਜ਼ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਮੁਗ਼ਲਾਂ ਨਾਲ ਕਈ ਲੜਾਈਆਂ ਵਿਚ ਜੂਝੇ ਸਨ, ਜਿਸ ਕਰਕੇ ਯੁੱਧ ਕਲਾ ਅਤੇ ਸੁਰੱਖਿਆ ਦ੍ਰਿਸ਼ਟੀ ‘ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਚੱਕ ਮਾਤਾ ਨਾਨਕੀ-ਅਨੰਦਪੁਰ ਸਾਹਿਬ ਵਸਾਉਣ ਲਈ ਇਕ ਅਜਿਹੇ ਇਲਾਕੇ ਦੀ ਚੋਣ ਕੀਤੀ, ਜਿਹੜਾ ਪਹਾੜੀਆਂ ਨਾਲ ਘਿਰਿਆ ਹੋਣ ਕਾਰਨ ਮਹਿਫ਼ੂਜ਼, ਸ਼ਾਂਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਅਤੇ ਅਧਿਆਤਮਕ ਪੱਖ ਤੋਂ ਵੀ ਰਮਣੀਕ, ਸ਼ਾਂਤ, ਅਗੰਮ, ਅਡਿੱਗ ਅਤੇ ਅਜਿੱਤ ਸੀ।
ਸੰਨ 1665 ਤੋਂ ਲੈ ਕੇ 2015 ਤੱਕ 350 ਸਾਲਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਅਨੇਕਾਂ ਭੂਗੋਲਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚੋਂ ਕਈ ਗੁਰੂ ਸਾਹਿਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਜਾਣ ਤੋਂ ਬਾਅਦ ਮੁਗ਼ਲਾਂ ਤੇ ਪਹਾੜੀ ਰਾਜਿਆਂ ਵੱਲੋਂ ਮਚਾਈ ਤਬਾਹੀ ਕਾਰਨ ਅਤੇ ਕਈ ਭੂਗੋਲਿਕ ਤਬਦੀਲੀਆਂ ਸਮੇਂ ਦੇ ਨਾਲ ਕੁਦਰਤੀ ਸਨ, ਪਰ ਅਨੇਕਾਂ ਤਬਦੀਲੀਆਂ ਸਾਡੇ ਆਪਣੀ ਵਿਰਾਸਤ ਪ੍ਰਤੀ ਅਵੇਸਲੇਪਨ ਅਤੇ ਮਨੁੱਖੀ ਸਵਾਰਥ ਦੀ ਬਿਰਤੀ ਵਿਚੋਂ ਉਪਜੀਆਂ, ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਵਿਰਾਸਤ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਟਨੇ ਦੀ ਧਰਤੀ ਤੋਂ ਆ ਕੇ ‘ਅਨੰਦਪੁਰ’ ਦੀ ਨੀਮ ਪਹਾੜੀ ਤੇ ਜੰਗਲਾਂ, ਬਾਗਾਂ ਨਾਲ ਭਰਪੂਰ ਧਰਤੀ ਨੂੰ ਮੁਗ਼ਲ ਹਕੂਮਤ ਵਿਰੁੱਧ ਸੱਚ ਦੀ ਜੰਗ ਨੂੰ ਜਾਰੀ ਰੱਖਣ ਲਈ ਜਿਸ ਅਗੰਮੀ, ਰੂਹਾਨੀ ਅਤੇ ਸੁਰੱਖਿਆ ਦ੍ਰਿਸ਼ਟੀ ਤੋਂ ਚੁਣਿਆ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਦੀ ਭੂਗੋਲਿਕ ਸਥਿਤੀ ਨੂੰ ਜਿਸ ਤਰ੍ਹਾਂ ਜਬਰ-ਜ਼ੁਲਮ ਦੇ ਖਿਲਾਫ਼ ਆਪਣੀ ਜੰਗ ਲਈ ਸੁਰੱਖਿਅਤ ਕਿਲ੍ਹੇ ਵਜੋਂ ਵਰਤਿਆ, ਇਸ ਦਾ ਅੰਦਾਜ਼ਾ ਇਸ ਧਰਤੀ ਦੀ ਤੇਜ਼ੀ ਨਾਲ ਬਦਲੀ ਭੂਗੋਲਿਕ ਸਥਿਤੀ ਨੂੰ ਦੇਖ ਕੇ ਲਗਾਉਣਾ ਕਾਫ਼ੀ ਔਖਾ ਹੋ ਗਿਆ ਹੈ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਜਾਣ ਤੋਂ ਬਾਅਦ ‘ਪੰਜ ਕਿਲ੍ਹੇ’ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਮਜ਼ਬੂਤ ਕਿਲ੍ਹੇ ਸਮੇਤ ਬਹੁਤ ਸਾਰੀਆਂ ਥਾਵਾਂ ਵੀ ਪਹਾੜੀ ਰਾਜਿਆਂ ਨੇ ਦਸੰਬਰ 1705-ਜਨਵਰੀ 1706 ਦੇ ਆਸ-ਪਾਸ ਬਿਲਕੁਲ ਢਾਹ ਦਿੱਤੀਆਂ ਸਨ, ਕਿਉਂਕਿ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੂੰ ਖ਼ਤਰਾ ਸੀ ਕਿ ਕਿਤੇ ਦਸਮ ਪਾਤਸ਼ਾਹ ਮੁੜ ਵਾਪਸ ਆ ਕੇ ਉਨ੍ਹਾਂ ਕਿਲ੍ਹਿਆਂ ‘ਤੇ ਕਬਜ਼ਾ ਨਾ ਕਰ ਲੈਣ। ਗੁਰੂ ਸਾਹਿਬ ਵੇਲੇ ਦੀਆਂ ਇੱਥੇ ਸਿਰਫ਼ ਕੁਝ ਕੁ ਇਮਾਰਤਾਂ ਹੀ ਬਚੀਆਂ ਸਨ, ਜਿਨ੍ਹਾਂ ਵਿਚੋਂ ਵੀ ਅੱਜ ਸਿਰਫ਼ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਪੁਰਾਤਨ ਥੜ੍ਹਾ ਹੀ ਮੌਜੂਦ ਹੈ, ਜਿਹੜਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਵਾਲੀ ਥਾਂ ‘ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਤਾਮੀਰ ਕਰਵਾਇਆ ਸੀ। ਗੁਰਦੁਆਰਿਆਂ ਨੂੰ ਪੱਕੇ ਅਤੇ ਸੰਗਮਰਮਰੀ ਬਣਾਉਣ ਦੀ ਕਾਰ-ਸੇਵਾ ਵੇਲੇ ਪਿਛਲੇ 4-5 ਦਹਾਕਿਆਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਦੀਆਂ ਬਚੀਆਂ ਕੁਝ ਅਹਿਮ ਨਿਸ਼ਾਨੀਆਂ ਵੀ ਅਣਗਹਿਲੀ ਦੀ ਭੇਟ ਚੜ੍ਹ ਗਈਆਂ। ਸ਼ਹਿਰ ਦੇ ਕਈ ਵਸਨੀਕ ਬਜ਼ੁਰਗ ਦੱਸਦੇ ਹਨ ਕਿ ਜਿਸ ਜਗ੍ਹਾ ‘ਤੇ ਗੁਰਦੁਆਰਾ ਭੋਰਾ ਸਾਹਿਬ (ਗੁਰੂ ਕੇ ਮਹਿਲ) ਸੁਸ਼ੋਭਿਤ ਹੈ, ਉਥੇ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਵਾਲਾ ਇਕ ਪੁਰਾਤਨ ਕਮਰਾ ਮੌਜੂਦ ਸੀ, ਪਰ ਗੁਰਦੁਆਰਾ ਭੋਰਾ ਸਾਹਿਬ ਦੀ ਇਮਾਰਤ ਉਸਾਰੀ ਵੇਲੇ ਇਸ ਦੀ ਹੋਂਦ ਕਾਰ-ਸੇਵਾ ਵਾਲੇ ਬਾਬਿਆਂ ਨੇ ਖ਼ਤਮ ਕਰ ਦਿੱਤੀ। 18ਵੀਂ ਅਤੇ 19ਵੀਂ ਸਦੀ ਵਿਚ ਸਿੱਖ ਜਰਨੈਲਾਂ ਤੇ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਕੁਝ ਬੁੰਗੇ ਅਤੇ ਹੋਰ ਇਮਾਰਤਾਂ ਦੀ ਉਸਾਰੀ ਕੀਤੀ ਸੀ, ਜਿਨ੍ਹਾਂ ਦਾ ਵਜੂਦ ਵੀ ਅੱਜ ਅਲੋਪ ਹੋ ਗਿਆ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਵਿਚ ਕਾਰ-ਸੇਵਾ ਦੌਰਾਨ ਕਿਲ੍ਹੇ ਦੀਆਂ ਕੁਝ ਬਚੀਆਂ-ਖੁਚੀਆਂ ਨਿਸ਼ਾਨੀਆਂ ਅਤੇ ਇਕ ‘ਰੱਖਿਆ ਮੀਨਾਰ’ ਵੀ ਢਾਹ ਕੇ ਨਵੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਕਿੰਨਾ ਚੰਗਾ ਹੁੰਦਾ ਜੇਕਰ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤ ਨਾਲ ਸਬੰਧਤ ਪੁਰਾਤਨ ਇਮਾਰਤਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ।
ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ‘ਗੁਰੂ ਕਾਲ’ ਵੇਲੇ ਸਤਿਲੁਜ ਦਰਿਆ ‘ਕੇਸਗੜ੍ਹ’ ਦੀ ਪਹਾੜੀ ਦੇ ਹੇਠਾਂ ਵਗਦਾ ਹੁੰਦਾ ਸੀ ਪਰ ਅੱਜ ਇਹ ਪੰਜ ਕਿਲੋਮੀਟਰ ਦੂਰ ਚਲਾ ਗਿਆ ਹੈ। ਜੰਗਾਂ-ਯੁੱਧਾਂ ਲਈ ਮੁੱਖ ਕੇਂਦਰ ਰਹੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਹਿਫ਼ਾਜ਼ਤ ‘ਹਿਮੈਤੀ ਨਾਲਾ’ ਕਰਦਾ ਹੁੰਦਾ ਸੀ, ਜਿਸ ਦਾ ਹੁਣ ਵਜੂਦ ਲੱਭਣਾ ਵੀ ਨਾ-ਮੁਮਕਿਨ ਹੈ। ‘ਕੇਸਗੜ੍ਹ’ ਦੀ ਜਿਸ ਉਚੀ ਚੋਟੀ ‘ਤੇ ਖੜ੍ਹ ਕੇ 1699 ਨੂੰ ਵਿਸਾਖੀ ਵਾਲੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਉਹ ਪਹਾੜੀ ਆਪਣੇ ਮੂਲ ਵਜੂਦ ਨਾਲੋਂ ਘੱਟੋ-ਘੱਟ 10 ਫ਼ੁੱਟ ਖੁਰ ਚੁੱਕੀ ਹੈ। ਕਈ ਇਤਿਹਾਸਕਾਰ ਤਾਂ ਇਹ ਵੀ ਲਿਖਦੇ ਹਨ ਕਿ ਪੰਜ ਪਿਆਰੇ ਸਾਜਣ ਵੇਲੇ ਜਿਸ ਤੰਬੂ ਵਿਚੋਂ ਦਸਮ ਪਿਤਾ ਨੇ ਖੜ੍ਹੇ ਹੋ ਕੇ ਸੀਸ ਦੀ ਮੰਗ ਕੀਤੀ ਸੀ, ਉਸ ਪਹਾੜੀ ਦੀ ਚੋਟੀ ਖੁਰ ਕੇ ਅਲੋਪ ਹੋ ਚੁੱਕੀ ਹੈ। ਇਸੇ ਤਰ੍ਹਾਂ ਆਸ-ਪਾਸ ਦੀਆਂ ਨੀਮ ਪਹਾੜੀਆਂ, ਖੱਡਾਂ ਅਤੇ ਚੋਆਂ, ਜਿਹੜੀਆਂ ਕਿਸੇ ਵੇਲੇ ਖ਼ਾਲਸੇ ਦੀਆਂ ਮੁਗ਼ਲ ਹਕੂਮਤ ਨਾਲ ਫ਼ੈਸਲਾਕੁਨ ਜੰਗਾਂ ਦੀਆਂ ਚਸ਼ਮਦੀਦ ਗਵਾਹ ਸਨ, ਉਨ੍ਹਾਂ ਵਿਚੋਂ ਬਹੁਤ ਸਾਰੀਆਂ ਅੱਜ ਅਲੋਪ ਹੋ ਚੁੱਕੀਆਂ ਹਨ। ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚਾਲੇ ਡੂੰਘੀਆਂ ਖੱਡਾਂ ਅਤੇ ਉੱਚੀਆਂ ਪਹਾੜੀਆਂ ਹੁੰਦੀਆਂ ਸਨ, ਜਿਹੜੀਆਂ ਕਿ ਗੁਰੂ-ਕਾਲ ਵੇਲੇ ਨਗਰ ਦੀ ਕਿਸੇ ਬਾਹਰੀ ਹਮਲੇ ਤੋਂ ਇਕ ਕੰਧ ਵਾਂਗ ਹਿਫ਼ਾਜ਼ਤ ਕਰਦੀਆਂ ਸਨ, ਪਰ 1972-73 ਵੇਲੇ ਮਨੁੱਖੀ ਸਹੂਲੀਅਤ ਲਈ ਜਦੋਂ ਇਨ੍ਹਾਂ ਦੋਵਾਂ ਅਸਥਾਨਾਂ ਵਿਚਾਲੇ ਸੜਕ ਦੀ ਉਸਾਰੀ ਸ਼ੁਰੂ ਕਰਵਾਈ ਗਈ ਤਾਂ ਕਾਫ਼ੀ ਹੱਦ ਤੱਕ ਇਨ੍ਹਾਂ ਕੁਦਰਤੀ ਪਹਾੜੀਆਂ ਅਤੇ ਖੱਡਾਂ ਨੂੰ ਖ਼ਤਮ ਕਰ ਦਿੱਤਾ ਗਿਆ। ਇਤਿਹਾਸਕ ‘ਚਰਨ ਗੰਗਾ’ ਵੀ ਅਣਗਹਿਲੀ ਕਾਰਨ ਦੂਸ਼ਿਤ ਤੇ ਲਗਾਤਾਰ ਸੌੜੀ ਹੁੰਦੀ ਜਾ ਰਹੀ ਹੈ।
ਵਿਰਾਸਤੀ ਇਮਾਰਤਾਂ ਦੀ ਹੋਂਦ ਖ਼ਤਮ ਹੋਣ ਤੋਂ ਬਾਅਦ ਜੇਕਰ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਤੇ ਵਿਰਾਸਤ ਦੀ ਬਾਤ ਪਾਉਂਦਾ ਕੁਝ ਬਚਿਆ ਸੀ ਤਾਂ ਉਹ ਇਥੋਂ ਦੀਆਂ ਪਹਾੜੀਆਂ, ਖੱਡਾਂ ਅਤੇ ਜੰਗਲ ਹੀ ਸਨ, ਪਰ ਇਨ੍ਹਾਂ ਦਾ ਬਹੁਤਾ ਹਿੱਸਾ ਵੀ ਖ਼ਾਲਸਾ ਪੰਥ ਦੀ ਸਾਜਨਾ ਦੇ 1999 ਵਿਚ ਮਨਾਏ ਗਏ 300 ਸਾਲਾ ਸ਼ਤਾਬਦੀ ਜਸ਼ਨਾਂ ਤੋਂ ਪਹਿਲਾਂ ਸੜਕਾਂ ਦੇ ਵਿਸਥਾਰ ਅਤੇ ਹੋਰ ਇਮਾਰਤਾਂ ਦੀ ਉਸਾਰੀ ਕਾਰਨ ਅਲੋਪ ਹੋ ਗਿਆ। ਇਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਪਿਛਲੇ 12-13 ਸਾਲਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ 6 ਹਜ਼ਾਰ ਏਕੜ ਤੋਂ ਵਧੇਰੇ ਪਹਾੜੀ ਜ਼ਮੀਨਾਂ ਨੂੰ ਪੱਧਰਾ ਕਰਕੇ ਮੈਦਾਨੀ ਬਣਾ ਦਿੱਤਾ ਗਿਆ ਹੈ। ਖ਼ਾਲਸਾ ਪੰਥ ਦੀ 300 ਸਾਲਾ ਜਨਮ ਸ਼ਤਾਬਦੀ ਕਾਰਨ ਜਿਥੇ ਵੱਡੀ ਪੱਧਰ ‘ਤੇ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਚਹੁੰ-ਪੱਖੀ ਵਿਕਾਸ ਕਰਕੇ ਇਸ ਨੂੰ ਦੁਨੀਆ ਦੇ ਨਕਸ਼ੇ ‘ਤੇ ਨਿਖਾਰਿਆ ਸੀ, ਉੱਥੇ ਦੂਜੇ ਪਾਸੇ ਰਿਹਾਇਸ਼ੀ ਕਾਲੋਨੀਆਂ ਦੀ ਉਸਾਰੀ ਦੌਰਾਨ, ਸਿੱਖ ਵਿਰਾਸਤ ਦਾ ਹਿੱਸਾ ਰਹੀਆਂ ਇਨ੍ਹਾਂ ਪਹਾੜੀਆਂ ਦੀ ਹੋਂਦ ‘ਤੇ ਵੀ ਖ਼ਤਰਾ ਮੰਡਰਾਉਣਾ ਸ਼ੁਰੂ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਉੱਤਰ-ਪੂਰਬੀ ਦਿਸ਼ਾ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਘਿਰੇ ਚੰਗਰ ਇਲਾਕੇ ਦੀ ਸਦੀਆਂ ਪੁਰਾਣੀ ਕਾਇਨਾਤ ਵੀ ਖ਼ਤਰੇ ‘ਚ ਪੈ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵੱਖ-ਵੱਖ ਪਾਸਿਆਂ ਤੋਂ ਜਾਂਦਿਆਂ ਸਭ ਤੋਂ ਪਹਿਲਾਂ ਸਵਾਗਤ ਕਰਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਨਸ਼ਟ ਕਰਨ ਦੇ ਅਮਲ ਵਿਚ ਕਿੱਤਾਮੁਖੀ ਕਾਲਜਾਂ, ਕਰੈਸ਼ਰਾਂ ਅਤੇ ਢਾਬਿਆਂ ਵੱਲੋਂ ਵੀ ਆਪਣੀ ਕੋਈ ਕਸਰ ਨਹੀਂ ਛੱਡੀ ਗਈ। ਇਹ ਸਾਰਾ ਉਹ ਖੇਤਰ ਹੈ, ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦੇ ਪਹਾੜੀ ਰਸਤਿਆਂ ਵਿਚ ਕਿਸੇ ਵੇਲੇ ਪ੍ਰਕਿਰਤਕ ਨਜ਼ਾਰਿਆਂ ਨਾਲ ਕਿਸੇ ਵੀ ਯਾਤਰੂ ਨੂੰ ਵਿਸਮਾਦਿਤ ਕਰ ਦਿੰਦਾ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਯਾਤਰੂ ਦੇ ਮੂੰਹੋਂ ਆਪਮੁਹਾਰੇ ਨਿਕਲਦਾ ਸੀ, ‘ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।’
ਇਕ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਪਠਾਨਕੋਟ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਸਿਰਫ਼ ਇਹੀ ਨੀਮ ਪਹਾੜੀਆਂ ਦਾ ਛੋਟਾ ਜਿਹਾ ਖੇਤਰ ਪੰਜਾਬ ਕੋਲ ਹੈ ਅਤੇ ਦੂਜਾ ਜ਼ੁਲਮ ਵਿਰੁੱਧ ਦੁਨੀਆ ਦੇ ਲਾਸਾਨੀ ਇਨਕਲਾਬ ਦੀ ਪ੍ਰਤੀਕ ਅਤੇ ਗਵਾਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਜਿਸ ਵਿਰਾਸਤ ਨੂੰ ਸੰਭਾਲਣ ਦੀ ਲੋੜ ਸੀ, ਅਸੀਂ ਉਸ ਨੂੰ ਆਧੁਨਿਕ ਵਿਕਾਸ ਦੀ ਭੇਟ ਚੜ੍ਹਾ ਕੇ ਆਪਣਾ ਅਨਮੋਲ ਇਤਿਹਾਸ ਖੁਦ ਹੀ ਖ਼ਤਮ ਕਰ ਰਹੇ ਹਾਂ।

-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।

ਟਿੱਪਣੀ ਕਰੋ:

About editor

Scroll To Top