Home / ਸੰਪਾਦਕੀ ਟਿੱਪਣੀਆਂ / ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਨ ਵਾਲੇ ਕੌਣ ? – “ਨਾਗਪੁਰੀ” ਸੋਚ ਵਾਲੇ ਜਾਂ “ਨਾਨਕਸ਼ਾਹੀ” ਸੋਚ ਵਾਲੇ ?

ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋੜਨ ਵਾਲੇ ਕੌਣ ? – “ਨਾਗਪੁਰੀ” ਸੋਚ ਵਾਲੇ ਜਾਂ “ਨਾਨਕਸ਼ਾਹੀ” ਸੋਚ ਵਾਲੇ ?

uk org nanakshahiਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਹਿਚਾਣ ਦਾ ਪ੍ਰਤੀਕ ਹੈ ।ਸਿੱਖ ਇੱਕ ਅਲੱਗ ਕੌਮ ਹੈ ਇਸ ਲਈ ਸਿੱਖ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸੰਨ 2003 ਨੂੰ ਬਿਕਰਮੀ ਕੈਲੰਡਰ ਤਿਆਗ ਕੇ ਆਪਣਾ ਅਲੱਗ ਨਾਨਕਸ਼ਾਹੀ ਕੈਲੰਡਰ ਸਰਬਸੰਮਤੀ ਨਾਲ ਜਾਰੀ ਕੀਤਾ । ਇਸ ਕੈਲੰਡਰ ਦੇ ਜਾਰੀ ਹੋਣ ਵੇਲੇ ਵੀ ਕੁਝ ਤਾਕਤਾਂ ਜੋ ਕਿ “ਨਾਨਕਸ਼ਾਹੀ” ਸੋਚ ਤਿਆਗ ਕੇ “ਨਾਗਪੁਰੀ” ਸੋਚ ਦੀਆਂ ਗੁਲਾਮ ਹਨ, ਉਹਨਾਂ ਵੱਲੋਂ ਇਸ ਕੈਲੰਡਰ ਪ੍ਰਤੀ ਇਤਰਾਜ਼ ਜਤਾਏ ਗਏ ਸਨ । ਸਿੱਖ ਵਿਰੋਧੀ ਸੰਸਥਾ ਆਰ ਐਸ ਐਸ ਦੇ ਉਸ ਸਮੇਂ ਦੇ ਮੁਖੀ ਸੁਦਰਸ਼ਨ ਨੇ ਇਸ ਕੈਲੰਡਰ ਪ੍ਰਤੀ ਇਤਰਾਜ਼ ਜਤਾਉਂਦਿਆ ਦਾਅਵੇ ਨਾਲ ਕਿਹਾ ਸੀ ਕਿ ਇਸ ਕੈਲੰਡਰ ਦਾ ਸਿੱਖ ਹੀ ਵਿਰੋਧ ਕਰਨਗੇ । ਉਸ ਦਾ ਇਸ਼ਾਰਾ ਉਹਨਾਂ ਸਿੱਖਾਂ ਵੱਲ ਸੀ ਜੋ ਉਹਨਾਂ ਦੀ ਬ੍ਰਾਹਮਣਵਾਦੀ ਸੋਚ ਦੇ ਅਧੀਨ ਆ ਚੁੱਕੇ ਸਨ ।

ਸਿੱਖ ਦੀ ਰਾਜਸੀ ਹੋਂਦ ਅਤੇ ਰੂਹਾਨੀ ਬਾਦਸ਼ਾਹੀਅਤ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਬਦਕਿਸਮਤੀ ਨਾਲ ਅੱਜ ਮੌਜੂਦਾ ਰਾਜਸੀ ਤਾਕਤ ਦੀ ਗੁਲਾਮੀ ਅਧੀਨ ਹੈ । ਉਹਨਾਂ ਦੇ ਪ੍ਰਭਾਵ ਥੱਲੇ ਸਿੱਖਾਂ ਦੀ ਅੱਡਰੀ ਹੋਂਦ ਨੂੰ ਖਤਮ ਕਰਨ ਲਈ ਲਗਾਤਾਰ ਹਮਲੇ ਹੋ ਰਹੇ ਹਨ । ਇਹਨਾਂ ਹਮਲਿਆਂ ਦੀ ਕੜੀ ਵਿੱਚ ਹੀ ਜਿੱਥੇ ਪਹਿਲਾਂ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਦੇ ਨਾਮ ਹੇਠ ਮੂਲ ਰੂਪ ਹੀ ਵਿਗਾੜ ਦਿੱਤਾ ਗਿਆ ਤੇ ਹੁਣ “ਨਾਗਪੁਰੀ” ਸੋਚ ਦੇ ਪੂਰਨ ਅਧੀਨ ਹੋ ਕੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਉੱਤੇ ਬਿਕਰਮੀ ਕੈਲੰਡਰ ਨੂੰ ਹੀ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ । ਸਿੱਖ ਕੌਮ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰਨ ਲਈ ਕਿਹਾ ਜਾ ਰਿਹਾ ਹੈ ।

ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਤੇ ਆਪਣੇ ਆਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੀਆਂ ਸਭ ਧਿਰਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਇਸ ਕੈਲੰਡਰ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ । ਉਹ ਇਸ ਨੂੰ ਸਿੱਖ ਕੌਮ ਦੀ ਨਿਆਰੀ ਹਸਤੀ ਉੱਤੇ ਬ੍ਰਾਹਮਣਵਾਦ ਦਾ ਹਮਲਾ ਤਸੱਵਰ ਕਰਦੇ ਹਨ ।
ਪਿਛਲੇ ਦਿਨੀ ਇੰਗਲੈਂਡ ਦੀਆਂ ਕੁਝ ਜਥੇਬੰਦੀਆਂ ਵੱਲੋਂ ਇਸ “ਨਾਗਪੁਰੀ” ਸੋਚ ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕੀਤਾ ਗਿਆ ਤੇ ਕੌਮ ਨੂੰ ਇਹ ਕੈਲੰਡਰ ਨੂੰ ਹੀ ਮੰਨਣ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਜੋ ਲੋਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਨ ਉਹ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਤੋਂ ਤੋੜਨਾ ਚਾਹੁੰਦੇ ਹਨ । ਇਹਨਾਂ ਜਥੇਬੰਦੀਆਂ ਵੱਲੋਂ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦੀ ਗੱਲ ਕੀਤੀ।

ਆਪਣੇ ਆਪ ਨੂੰ ਪੰਥ ਦੀਆਂ ਹਿਤੈਸੀ ਅਤੇ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਦੀ ਗੱਲ ਕਰਨ ਵਾਲੀਆਂ ਇਹ ਜਥੇਬੰਦੀਆਂ ਇਹ ਵੀ ਦਾਅਵਾ ਕਰਦੀਆਂ ਹਨ ਕਿ ਉਹ ਸਿੱਖਾਂ ਦੇ ਵੱਖਰੇ ਰਾਜ ਖਾਲਿਸਤਾਨ ਦੀ ਮੰਗ ਕਰਦੀਆਂ ਹਨ ।

ਸਿੱਖਾਂ ਦੀ ਅੱਡਰੀ ਹੋਂਦ ਹਸਤੀ ਨੂੰ ਨਕਾਰਦੇ ਬਿਕਰਮੀ ਕੈਲੰਡਰ ਦੇ ਹੱਕ ਵਿੱਚ ਖੜ੍ਹਣ ਵਾਲੀਆਂ ਇਹ ਜਥੇਬੰਦੀਆਂ ਸਪੱਸ਼ਟ ਕਰਨ ਕਿ ਕੀ ਜਦੋਂ ਉਹ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਮੰਨਣ ਲਈ ਕਹਿ ਰਹੀਆਂ ਹਨ ਤਾਂ ਕੀ ਫਿਰ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਹੋਣ ਦੇ ਫੁਰਮਾਨ ਨੂੰ ਵੀ ਮੰਨ ਲਿਆ ਜਾਵੇ ? ਕੀ ਫਿਰ ਅਕਾਲ ਤਖਤ ਵੱਲੋਂ ਪੰਥ ਦੋਖੀ ਬਾਦਲ ਨੂੰ ਦਿੱਤੇ ਫਖਰੇ ਕੌਮ ਦੇ ਖਿਤਾਬ ਨੂੰ ਵੀ ਕਬੂਲ ਕਰ ਲਿਆ ਜਾਵੇ ? ਕੀ ਫਿਰ ਇਹ ਵੀ ਕਬੂਲ ਕਰ ਲਿਆ ਜਾਵੇ ਕਿ ਬਿਕਰਮ ਮਜੀਠੀਏ ਨੂੰ ਸਜ਼ਾ ਲਾਉਣ ਲੱਗਿਆਂ ਉਸ ਨੂੰ ਜਥੇਦਾਰਾਂ ਵੱਲੋਂ ਸਾਹਿਬ ਕਹਿ ਕੇ ਬੁਲਾਇਆ ਜਾ ਸਕਦਾ ਹੈ ?  ਕੀ ਜਥੇਦਾਰ ਸਾਹਿਬ ਵੱਲੋਂ ਵਾਰ ਵਾਰ ਸਿੱਖ ਕੌਮ ਨਾਲ ਵਾਅਦੇ ਕਰ ਕੇ ਮੁਕਰਨ ਅਤੇ ਸਿਆਸੀ ਤਾਕਤ ਅੱਗੇ ਸਿਰ ਝੁਕਾਉਣ ਨੂੰ ਵੀ ਪ੍ਰਵਾਨ ਕਰ ਲਿਆ ਜਾਵੇ ? ਕੀ ਜਥੇਦਾਰਾਂ ਵੱਲੋਂ ਆਪਣੇ ਸਿਆਸੀ ਆਕਾ ਬਾਦਲ ਦੇ ਹੁਕਮ ਹੇਠ ਚੱਲ ਕੇ ਸਿੱਖ ਵਿਰੋਧੀ ਹਰ ਫੈਸਲਿਆਂ ਨੂੰ ਪ੍ਰਵਾਨ ਕਰ ਲਿਆ ਜਾਵੇ ? ਕੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਖੜ੍ਹੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਝੂਠੇ ਦੋਸ਼ਾ ਰਾਹੀਂ ਜਲੀਲ ਕਰਕੇ ਬਰਦਾਸ਼ਤ ਕਰਨ ਨੂੰ ਕਬੂਲ ਕਰ ਲਿਆ ਜਾਵੇ ?

ਸਿੱਖਾਂ ਦੇ ਵੱਖਰੇ ਘਰ ਖਾਲਿਸਤਾਨ ਦੀ ਪ੍ਰਾਪਤੀ ਦੀਆਂ ਹਾਮੀ ਸਮੂਹ ਧਿਰਾਂ ਜਿਨ੍ਹਾਂ ਵਿੱਚ ਕਿ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਦਲ ਖਾਲਸਾ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਤੇ ਹੋਰ ਪੰਥ ਹਿਤੈਸ਼ੀ ਬੁਧੀਜੀਵੀ ਤੇ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਮੌਜੂਦਾ ਕੈਲੰਡਰ ਨੂੰ ਨਕਾਰ ਦਿੱਤਾ ਹੈ ਫਿਰ ਯੂ ਕੇ ਦੀਆਂ ਇਹ ਜਥੇਬੰਦੀਆਂ ਜੋ ਆਪਣੇ ਆਪ ਨੂੰ ਸਿੱਖਾਂ ਦੇ ਵੱਖਰੇ ਘਰ ਖਾਲਿਸਤਾਨ ਦੀ ਪ੍ਰਾਪਤੀ ਦੀਆਂ ਹਾਮੀ ਵੀ ਦਸਦੀਆਂ ਹਨ, ਇਹ ਸਪੱਸ਼ਟ ਕਰਨ ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਨੂੰ ਤੋੜਨ ਦਾ ਦੋਸ਼ ਉਪਰ ਦੱਸੀਆਂ ਸਾਰੀਆਂ ਧਿਰਾਂ ਵੱਲ ਲਗਾ ਰਹੀਆਂ ਹਨ ?

ਜਾਂ ਕਿਤੇ ਹੁਣ ਇਹ ਤਾਂ ਨਹੀਂ ਕਿ ਯੂ ਕੇ ਦੀਆਂ ਇਹ ਜਥੇਬੰਦੀਆਂ “ਨਾਨਕਸ਼ਾਹੀ” ਸੋਚ ਤਿਆਗ ਕੇ “ਨਾਗਪੁਰੀ” ਸੋਚ ਦੀਆਂ ਗੁਲਾਮ ਹੋ ਗਈਆਂ । ਕਿਤੇ ਇਹ ਜਥੇਬੰਦੀਆਂ ਇਹ ਇਸ਼ਾਰਾ ਤਾਂ ਨਹੀਂ ਕਰ ਰਹੀਆਂ ਕਿ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਜ਼ਾਹਰਾ ਤੌਰ ਤੇ ਬਾਦਲਾਂ ਦੇ ਹੁਕਮ ਅਧੀਨ ਕੰਮ ਕਰਦਾ ਹੈ ਤਾਂ ਫਿਰ ਸਾਨੂੰ ਫਿਰ ਕਿਸੇ ਅਧੀਨ ਦਾ ਹੁਕਮ ਮੰਨਣ ਦੀ ਤਾਂ ਸਿੱਧਾ ਬਾਦਲ ਦਾ ਹੀ ਹੁਕਮ ਮੰਨਣ ਲੈਣਾ ਚਾਹੀਦਾ ਹੈ ਤੇ ਗੁਲਾਮੀ ਨੂੰ ਖਿੜੇ ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ । ਕਿਰਪਾ ਕਰਕੇ ਇਹ ਜਥੇਬੰਦੀਆਂ ਕੌਮ ਨੂੰ ਆਪਣੀ ਸਥਿਤੀ ਸਪੱਸ਼ਟ ਜਰੂਰ ਕਰਨ ।

ਟਿੱਪਣੀ ਕਰੋ:

About editor

Scroll To Top