Home / ਚੋਣਵੀ ਖਬਰ/ਲੇਖ / ਜੰਮੂ ਕਸ਼ਮੀਰ ਵਿੱਚ ਪੀਡੀਪੀ ਅਤੇ ਭਾਜਪਾ ਨੇ ਮਿਲਕੇ ਬਣਾਈ ਸਰਕਾਰ

ਜੰਮੂ ਕਸ਼ਮੀਰ ਵਿੱਚ ਪੀਡੀਪੀ ਅਤੇ ਭਾਜਪਾ ਨੇ ਮਿਲਕੇ ਬਣਾਈ ਸਰਕਾਰ

ਜੰਮੂ (1 ਮਾਰਚ, 2015): ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਨੇਤਾ ਮੁਫਤੀ ਮੁਹੰਮਦ ਸਈਦ ਵੱਲੋਂ ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਵੱਜੋਂ ਅਤੇ 24 ਹੋਰ ਮੰਤਰੀਆਂ ਵਲੋਂ ਅਹੁਦੇ ਦੀ ਸਹੁੰ ਚੁੱਕਣ ਨਾਲ ਨਵੀਂ ਗੱਠਜੋੜ ਸਰਕਾਰ ਨੇ ਸੂਬੇ ਵਿਚ ਸੱਤਾ ਦੀ ਵਾਗਡੋਰ ਸੰਭਾਲ ਲਈ ਹੈ। ਜੰਮੂ ਤੇ ਕਸ਼ਮੀਰ ਦੇ 12ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੁਫਤੀ ਮੁਹੰਮਦ ਸਈਦ ਦੂਸਰੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਉਹ 2002 ਵਿਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ।

ਮੱਖ ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਸ੍ਰੀ ਸਈਦ, ਰਾਜਪਾਲ ਐਨਐਨ ਵੋਹਰਾ ਦੀ ਵਧਾਈ ਕਬੂਲਦੇ ਹੋਏ

ਮੱਖ ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਸ੍ਰੀ ਸਈਦ, ਰਾਜਪਾਲ ਐਨਐਨ ਵੋਹਰਾ ਦੀ ਵਧਾਈ ਕਬੂਲਦੇ ਹੋਏ

ਸਈਦ ਸਮੇਤ 13 ਮੰਤਰੀ ਪੀ. ਡੀ. ਪੀ. ਨਾਲ ਅਤੇ 12 ਭਾਜਪਾ ਅਤੇ ਪੀਪਲਜ਼ ਕਾਨਫਰੰਸ ਨਾਲ ਸਬੰਧਤ ਹਨ। ਜੰਮੂ ਤੇ ਕਸ਼ਮੀਰ ਵਿਚ ਨਵੀਂ ਸਰਕਾਰ ਦੇ ਬਣਨ ਨਾਲ ਸੂਬੇ ਵਿਚ ਪਿਛਲੇ 49 ਦਿਨਾਂ ਤੋਂ ਲਾਗੂ ਰਾਜਪਾਲ ਸ਼ਾਸਨ ਖਤਮ ਹੋ ਗਿਆ ਹੈ।

ਸੂਬਾ ਸਰਕਾਰ ਵਿਚ ਭਾਜਪਾ ਦੇ ਪਹਿਲੀ ਵਾਰ ਸ਼ਾਮਿਲ ਹੋਣ ਨਾਲ ਇਤਿਹਾਸ ਸਿਰਜਿਆ ਗਿਆ ਹੈ ਜਿਸ ਨੇ ਆਪਣੇ ਪਹਿਲੇ ਪੱਖ ਤੋਂ ਪਿੱਛੇ ਹਟਦੇ ਹੋਏ ਧਾਰਾ 370 ਦੀ ਮੌਜੂਦਾ ਸਥਿਤੀ ਬਣਾਈ ਰੱਖਣ ਦਾ ਵਾਅਦਾ ਕੀਤਾ ਹੈ। ਜੰਮੂ ਯੂਨੀਵਰਸਿਟੀ ਦੇ ਜ਼ੋਰਾਵਰ ਸਿੰਘ ਆਡੀਟੋਰੀਅਮ ਵਿਖੇ ਰਾਜਪਾਲ ਐਨ. ਐਨ. ਵੋਹਰਾ ਨੇ 79 ਸਾਲਾ ਸਈਦ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਾਈ।

ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਐਲ. ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਜਨਰਲ ਸਕੱਤਰ ਰਾਮ ਮਾਧਵ ਸ਼ਾਮਿਲ ਹੋਏ।

ਭਾਜਪਾ ਦੇ ਪ੍ਰੋ: ਨਿਰਮਲ ਸਿੰਘ ਨੇ ਪੀ. ਡੀ. ਪੀ.-ਭਾਜਪਾ ਗੱਠਜੋੜ ਵਿਚ ਸੂਬੇ ਦੇ ਉਪ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ‘ਚ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਤੋਂ ਇਲਾਵਾ 15 ਕੈਬਨਿਟ ਮੰਤਰੀ ਅਤੇ 8 ਰਾਜ ਮੰਤਰੀ ਹਨ। ਨੈਸ਼ਨਲ ਕਾਨਫਰੰਸ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ। ਵੱਖਵਾਦੀ ਤੋਂ ਸਿਆਸਤਦਾਨ ਬਣੇ ਸੱਜਦ ਗਨੀ ਲੋਨ ਨੇ ਭਾਜਪਾ ਦੇ ਕੋਟੇ ‘ਚੋਂ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

ਜਿਨ੍ਹਾਂ ਹੋਰ ਮੰਤਰੀਆਂ ਨੇ ਸਹੁੰ ਚੁੱਕੀ ਉਨ੍ਹਾਂ ਵਿਚ ਆਸ਼ੀਆ ਨਕਾਸ਼, ਪਵਨ ਕੁਮਾਰ ਗੁਪਤਾ, ਪ੍ਰਿਆ ਸੇਠੀ, ਅਬਦੁਲ ਗਨੀ ਕੋਹਲੀ, ਮੁਹੰਮਦ ਅਸ਼ਰਫ ਮੀਰ, ਸੁਨੀਲ ਕੁਮਾਰ ਸ਼ਰਮਾ, ਅਬਦੁਲ ਮਜੀਦ, ਸ਼ਿਰੀਨ ਦੋਰਜੇ, ਨਈਮ ਅਖਤਰ, ਇਮਰਾਨ ਅੰਸਾਰੀ, ਸਈਦ ਮੁਹੰਮਦ ਅਲਤਾਫ ਬੁਖਾਰੀ, ਹਸੀਬ ਦਰਾਬੂ, ਚੌਧਰੀ ਜੁਲਫਕਾਰ ਅਲੀ, ਸੁਖਨੰਦਨ ਚੌਧਰੀ, ਬਸ਼ਾਰਤ ਬੁਖਾਰੀ, ਬਾਲੀ ਭਗਤ, ਅਬਦੁਲ ਹੱਕ ਖਾਨ, ਚੌਧਰੀ ਲਾਲ ਸਿੰਘ, ਜਾਵੇਦ ਮੁਸਤਫਾ ਮੀਰ, ਚੰਦ ਪ੍ਰਕਾਸ਼ ਅਤੇ ਅਬਦੁਲ ਰਹਿਮਾਨ ਬੱਟ ਸ਼ਾਮਿਲ ਹਨ।

ਪਿਛਲੇ ਸਾਲ 23 ਦਸੰਬਰ ਨੂੰ 87 ਮੈਂਬਰੀ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਸੀ ਮਿਲਿਆ। ਇਨ੍ਹਾਂ ਚੋਣਾਂ ‘ਚ ਪੀ. ਡੀ. ਪੀ. ਨੇ 28, ਭਾਜਪਾ,25, ਨੈਸ਼ਨਲ ਕਾਨਫਰੰਸ 15 ਅਤੇ ਕਾਂਗਰਸ ਨੇ 12 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।
ਮੁਫਤੀ ਮੁਹੰਮਦ ਸਈਦ ਦਾ ਸੰਖੇਪ ਜੀਵਨ

ਜੰਮੂ ਤੇ ਕਸ਼ਮੀਰ ਦੇ 12ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੁਫਤੀ ਮੁਹੰਮਦ ਸਈਦ ਦੂਸਰੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਉਹ 2002 ਵਿਚ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ। 12 ਜਨਵਰੀ 1936 ਵਿਚ ਜਨਮੇ ਸ੍ਰੀ ਸਈਦ ਪਹਿਲੀ ਵਾਰ ਰਾਜਨੀਤੀ ‘ਚ ਪੈਰ ਧਰਦਿਆਂ 1950 ਵਿਚ ਡੈਮੋਕਰੈਟਿਕ ਕਾਂਗਰਸ ਵਿਚ ਸ਼ਾਮਿਲ ਹੋਏ। 1962 ਵਿਚ ਪਹਿਲੀ ਵਾਰ ਵਿਧਾਨ ਸਭਾ ‘ਚ ਪਹੁੰਚਣ ਵਾਲੇ ਸ੍ਰੀ ਸਈਦ 1975 ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ।

1987 ਵਿਚ ਉਹ ਰਾਜੀਵ ਗਾਂਧੀ ਕੈਬਨਿਟ ਵਿਚ ਸੈਰ-ਸਪਾਟਾ ਮੰਤਰੀ ਬਣੇ। ਉਹ 1989 ਵਿਚ ਕਾਂਗਰਸ ਨੂੰ ਅਲਵਿਦਾ ਕਹਿ ਗਏ ਅਤੇ ਜਨਤਾ ਦਲ ਦੇ ਸੰਸਦ ਮੈਂਬਰ ਚੁਣੇ ਗਏ। ਉਹ ਵੀ ਪੀ ਸਿੰਘ ਸਰਕਾਰ ਵਿਚ ਕੇਂਦਰੀ ਗ੍ਰਹਿ ਮੰਤਰੀ ਬਣੇ। ਇਸ ਪਿੱਛੋਂ ਉਹ ਫਿਰ ਕਾਂਗਰਸ ਵਿਚ ਸ਼ਾਮਿਲ ਹੋ ਗਏ। 1999 ਵਿਚ ਫਿਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਉਨ੍ਹਾਂ ਆਪਣੀ ਮੌਜੂਦਾ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਨੀਂਹ ਰੱਖੀ।

ਟਿੱਪਣੀ ਕਰੋ:

About webmaster

Scroll To Top