Home / ਸੰਪਾਦਕੀ ਟਿੱਪਣੀਆਂ / ਸਰਬੱਤ ਦਾ ਭਲਾ ਅਤੇ ਖਾਲਿਸਤਾਨ ਦਾ ਸੰਕਲਪ…. ਭਾਗ 1

ਸਰਬੱਤ ਦਾ ਭਲਾ ਅਤੇ ਖਾਲਿਸਤਾਨ ਦਾ ਸੰਕਲਪ…. ਭਾਗ 1

ਅਸੀਂ ਵਾਰ ਵਾਰ ਗੱਲ ਕਰਦੇ ਹਾਂ ਆਪਣੇ ਇਤਿਹਾਸ ਦੀ ਅਤੇ ਇਤਿਹਾਸ ਦੇ ਦੋਹਰਾਏ ਜਾਣ ਦੀ ਪਰ ਅਜੋਕੇ ਚੱਲ ਰਹੇ ਸਮੇਂ ‘ਚ ਨਾ ਤਾਂ ਅਸੀਂ ਆਪਣੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਆਪਣੇ ਸ਼ਾਨਮੱਤੇ ਇਤਿਹਾਸ ਤੋਂ ਸੇਧ ਲੈ ਕੇ ਉੱਜਲ ਭਵਿੱਖ ਦੀ ਕਲਪਨਾ ਕਰ ਸਕੇ । ਉਲਟਾ ਸਾਡੀ ਤ੍ਰਾਸਦੀ ਰਹੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਨ ਦੇ ਉਪਦੇਸ਼ਾਂ ਨੂੰ ਅਤੇ ਇਤਿਹਾਸ ਨੂੰ ਸਿਰਫ਼ ਅਧਿਆਤਮਿਕਤਾ ਤੱਕ ਸੀਮਤ ਕਰ ਦਿੱਤਾ ਹੈ ।

ਸਿੱਖ ਧਰਮ ਦੁਨੀਆ ਦਾ ਪੰਜਵਾਂ ਵੱਡਾ ਤੇ ਨਵੀਨਤਮ ਧਰਮ ਹੈ, ਜੋ ਇੱਕ ਓਅੰਕਾਰੁ ਦਾ ਪੁਜਾਰੀ ਹੈ । ਸ਼ਾਇਦ ਇਸੇ ਕਾਰਣ ਗੁਰੂ ਸਾਹਿਬਾਨ ਅਤੇ ਇਤਿਹਾਸ ਨੇ ਸਿੱਖ ਧਰਮ ਨੂੰ “ਸਗਲ ਧਰਮ ਮਹਿ ਸ੍ਰੇਸ਼ਟ ਧਰਮ” ਦਾ ਦਰਜਾ ਦਿੱਤਾ ਹੈ ਹਾਲਾਂਕਿ ਅਸੀਂ ਬਾਕੀ ਧਰਮਾਂ ਨੂੰ ਛੁਟਿਆਉਂਦੇ ਨਹੀਂ ਪਰ ਇਹ ਇੱਕ ਪ੍ਰਤੱਖ ਸੱਚ ਹੈ ਜਿਸਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜੋ ਟੀਚੇ ਜੋ ਸਿਧਾਂਤ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਮਿੱਥੇ ਹਨ ਉੱਥੇ ਤੱਕ ਹੋਰ ਕੋਈ ਨਹੀਂ ਪਹੁੰਚ ਸਕਿਆ । ਜਦੋਂ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਧਰਮ ਇਸਾਈ ਮੱਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਰੱਬ ਦੇ ਬੰਦਿਆਂ ਨੂੰ ਭੇਡਾਂ ਕਿਹਾ ਜਾਂਦਾ ਹੈ ਕਿ ਜੀਸਸ ਸਾਡਾ ਆਜੜੀ ਹੈ ਜਿਸਨੇ ਸਾਨੂੰ ਭੇਡਾਂ ਨੂੰ ਪਾਰ ਲੰਘਾਉਣਾ ਹੈ ਤੇ ਦੂਜੇ ਪਾਸੇ ਇਸਲਾਮ ਮੱਤ ਉਹ ਵੀ ਆਪਣੇ ਆਪ ਦੀ ਉੱਮਤ ਤੱਕ ਸੀਮਤ ਹੈ । ਅਜਿਹੇ ਵਿਚ ਜਦੋਂ ਅਸੀਂ ਲਗਭਗ ਪੰਜ ਸੌ ਸਾਲ ਪਹਿਲਾਂ ਹੋਂਦ ਵਿੱਚ ਆਏ ਸਿੱਖ ਧਰਮ ਵੱਲ ਵੇਖਦੇ ਹਾਂ ਤਾਂ ਇਸਦੇ ਬੁਨਿਆਦੀ ਸਿਧਾਂਤ ਜਾਤ ਪਾਤ, ਊਚ ਨੀਚ ਦਾ ਖੰਡਨ ਕਰਦੇ ਹੋਏ ਸਗਲੀ ਲੋਕਾਈ ਪ੍ਰਤੀ “ਏਕੁ ਪਿਤਾ ਏਕਸ ਕੇ ਹਮ ਬਾਰਿਕ॥” ਕਹਿ ਕੇ ਅਥਾਹ ਪ੍ਰੇਮ ਜਤਾਉਂਦੇ ਹਨ । ਸਮੁੱਚੀ ਕਾਇਨਾਤ ਨੂੰ ਅਕਾਲਪੁਰਖ ਦਾ ਪਰਿਵਾਰ ਦਰਸਾਉਂਦੇ ਹੋਏ ਸਿੱਖ ਧਰਮ ਦਾ ਮੁੱਖ ਮੰਤਵ ਗੁਰੂ ਸਾਹਿਬ ਦੇ ਬਚਨਾਂ “ਭੈ ਕਾਹੂ ਕੋ ਦੇਤਿ ਨਾਹਿ ਭੈ ਮਾਨਿਤ ਆਨਿ॥” ਦੀ ਪ੍ਰੋੜਤਾ ਕਰਦੇ ਹੋਏ ਇੱਕ ਭੈਅ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ, ਜਿੱਥੇ ਸੱਭ ਸੁਖਾਲੀ ਵਸਣ । ਇਸੇ ਕਰਕੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਵੱਲ ਵੇਖਦੇ ਹਨ ਤਾਂ ਉਹ ਗੁਰੂ ਬਾਬਾ ਜੀ ਨੂੰ ਜਾਹਰ ਪੀਰ ਜਗਤ ਗੁਰੂ ਬਾਬਾ ਲਿਖਦੇ ਹਨ । ਭਾਈ ਗੁਰਦਾਸ ਜੀ ਵੱਲੋਂ “ਚੜ੍ਹਿਆ ਸੋਧਣਿ ਧਰਤਿ ਲੁਕਾਈ॥” ਦੇ ਵਿਸ਼ਲੇਸ਼ਣ ਵਾਲੇ ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਗਲੇ ਸੜੇ ਸਮਾਜੀ ਅਤੇ ਰਾਜਨੀਤਕ ਪ੍ਰਬੰਧਕ ਢਾਂਚੇ ਵਿੱਚ ਨਰਕ ਭੋਗਦੇ ਮਨੁੱਖ ਲਈ ਇੱਕ ਚੰਗੇ ਸੁਖੀ ਵਾਤਾਵਰਣ ਦੀ ਸਿਰਜਣਾ ਕਰਨ ਲਈ ਨਵੀਂ ਸੋਝੀ ਉਜਾਗਰ ਕੀਤੀ । ਗੁਰੂ ਨਾਨਕ ਦੇਵ ਸਾਹਿਬ ਨੇ ਇਹ ਗੱਲ ਸ਼ਪੱਸ਼ਟ ਕਰ ਦਿੱਤੀ ਸੀ ਕਿ ਧਰਮ ਅਤੇ ਰਾਜ ਦੇ ਸੁਮੇਲ ਨਾਲ ਹੀ ਸੰਤੁਲਿਤ ਜੀਵਨ ਉਤਪੰਨ ਹੋ ਸਕਦਾ ਹੈ ਜਿਸਦਾ ਕਾਰ ਵਿਹਾਰ ਅਗਲੇ ਗੁਰੂ ਸਾਹਿਬਾਨਾਂ ਨੇ ਹੋਂਦ ਵਿਚ ਲਿਆਂਦਾ । ਸਿੱਖ ਵਿਚਾਰਧਾਰਾ ਨੂੰ ਆਮ ਲੋਕਾਂ ਵਿਚ ਪ੍ਰਗਟ ਕਰਨ ਸਮੇਂ ਗੁਰੂ ਸਾਹਿਬ ਜੀ ਨੇ “ਨਾ ਕੋ ਹਿੰਦੂ ਨਾ ਕੋ ਮੁਸਲਮਾਨ” ਦਾ ਹੋਕਾ ਦੇ ਕੇ ਧਰਮ ਦੇ ਵਖਰੇਵਿਆਂ ਨੂੰ ਰੱਦ ਕਰ ਦਿੱਤਾ ਅਤੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਦਰਸਾਉਂਦੇ “ਸਭੇ ਸਾਝੀਵਾਲ ਸਦਾਇਨਿ ਕੋਇ ਨ ਦਿਸੈ ਬਾਹਰਾ ਜੀਉ” ਸ਼ਬਦ ਉਚਾਰਣ ਕੀਤੇ । ਗੁਰੂ ਸਾਹਿਬ ਨੇ ਇਹ ਗੱਲ ਸਮਝਾ ਦਿੱਤੀ ਕਿ ਸਰਬੱਤ ਦੇ ਭਲੇ ਵਾਸਤੇ ਮਨੁੱਖ ਪਰਉਪਕਾਰੀ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ ਅਤੇ ਸਮਾਜ ਦੀ ਸਿਰਜਣਾ ਲਈ ਵਿੱਦਿਆਵਾਨ ਹੋਣਾ ਵੀ ਜਰੂਰੀ ਹੈ । ਇਸੇ ਲਈ ਦੂਜੇ ਗੁਰੂ ਪਿਤਾ ਜੀ ਗੁਰੂ ਅੰਗਦ ਦੇਵ ਜੀ ਨੇ ਗਿਆਨ ਦੀ ਰੋਸ਼ਨੀ ਦੇ ਕੇ ਪਰਉਪਕਾਰੀ ਬਣਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਤੀਜੇ ਜਾਮੇ ਵਿੱਚ ਸਤਿਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਵਰਗੀ ਭੈੜੀ ਰਸਮ ਨੂੰ ਬੰਦ ਕਰਵਾਇਆ । ਅੱਜ ਬੇਸ਼ੱਕ ਹਿੰਦੋਸਤਾਨ ਵਿੱਚ ਸਤੀ ਪ੍ਰਥਾ ਨੂੰ ਬੰਦ ਕਰਵਾਉਣ ਲਈ ਰਾਜਾ ਰਾਮ ਮੋਹਨ ਰਾਏ ਦੇ ਸੋਹਿਲੇ ਗਾਏ ਜਾ ਰਹੇ ਹਨ, ਪਰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਗੁਰੂ ਅਮਰਦਾਸ ਜੀ ਨੇ ਇਹ ਗੱਲ 500 ਸਾਲ ਪਹਿਲਾਂ ਹੀ ਲਾਗੂ ਕਰਵਾ ਦਿੱਤੀ ਸੀ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਸਰਬੱਤ ਦੇ ਭਲੇ ਦੇ ਮਿਸ਼ਨ ਦੀਆਂ ਨੀਹਾਂ ਮਜਬੂਤ ਕਰਨ ਲਈ ਹੋਈ ਸੀ। ਪੰਚਮ ਪਾਤਸ਼ਾਹ ਦੇ ਗੱਦੀ ਨਸ਼ੀਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਦੇ ਹਾਲਤਾਂ ਨੂੰ ਮੁੱਖ ਰੱਖ ਕੇ ਅਤੇ ਆਉਣ ਵਾਲੇ ਸਮੇਂ ‘ਚ ਸਿੱਖ ਨੂੰ ਦੁਨੀਆ ਦੀ ਅਗਵਾਈ ਬਖ਼ਸ਼ਿਸ਼ ਕਰਨ ਵਾਸਤੇ ਦਿੱਲੀ ਤਖ਼ਤ ਤੋਂ ਦੋ ਫੁੱਟ ਉੱਚਾ ਅਕਾਲ ਦਾ ਤਖ਼ਤ ਪ੍ਰਗਟ ਕੀਤਾ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਦਿੱਲੀ ਤਖ਼ਤ ਨੂੰ ਸ਼ਪੱਸ਼ਟ ਕਰ ਦਿੱਤਾ ਗਿਆ ਕਿ ਉਹ ਰਾਜਨੀਤੀ ਦੇ ਅਖਾੜੇ ਵਿਚ ਇੱਕ ਨਵੇਂ ਪੈਂਤੜੇ ਦੀ ਸਿਰਜਣਾ ਕਰਨ ਜਾ ਰਹੇ ਹਨ । ਤਾਰਣਹਾਰ ਗੁਰੂ ਹਰਿਰਾਏ ਸਾਹਿਬ ਜੀ ਦਾ ਆਪਣੇ ਨਾਲ 2200 ਹਥਿਆਰਬੰਦ ਸਿੱਖ ਫੋਜਾਂ ਨਾਲ ਰੱਖਣਾ ਆਉਣ ਵਾਲੇ ਸਮੇਂ ‘ਚ ਕੌਮ ਨੂੰ ਰਾਜ ਸ਼ਕਤੀ ਬਖਸ਼ਣ ਦਾ ਮੰਗਲਾਚਰਣ ਹੀ ਸੀ । ਬਾਲਾ ਪ੍ਰੀਤਮ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮਨੁੱਖਤਾ ਅੰਦਰ ਫੈਲੇ ਊਚ ਨੀਚ, ਜਾਤ ਪਾਤ, ਦਮਨਕਾਰੀ ਰੂਪੀ ਰੋਗਾਂ ਦੇ ਕੋਹੜ ਦਾ ਨਾਸ਼ ਕਰਨ ਵਾਸਤੇ ਦਿੱਲੀ ਅੰਦਰ ਚੁਬੱਚੇ ਵਿਚ ਚਰਣ ਪਾਏ । ਫ਼ਿਰ ਸਮਾਂ ਆਇਆ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਫਰਿਆਦ ਕਰਨ ਵਾਸਤੇ ਦਰ ਆਏ ਬ੍ਰਾਹਮਣਾਂ ਨੂੰ ਕਲਾਵੇ ਵਿਚ ਲਿਆ ਤੇ ਮੁਗਲੀਆ ਹਕੂਮਤ ਦੀ ਸ਼ਕਤੀ ਤੇ ਜਬਰ ਦੀ ਪਰਵਾਹ ਕੀਤੇ ਬਿਨਾਂ ਸੀਸ ਭੇਟ ਕੀਤਾ ਤੇ ਧਰਮ ਦੀ ਅਜ਼ਾਦੀ ਨੂੰ ਮਨੁੱਖ ਦਾ ਮੁੱਢਲਾ ਅਧਿਕਾਰ ਐਲਾਨਿਆ, ਜਿਸਨੂੰ ਅੱਜ ੁ.ਨ.ੋ ਨੇ ਵੀ ਆਪਣੇ ਚਹੳਰਟੲਰ ੋਡ ਹੁਮੳਨ ਰਗਿਹਟਸ ਵਿਚ ਕਬੂਲ ਕੀਤਾ ਹੋਇਆ ਹੈ । ਇਤਿਹਾਸ ਦਾ ਇਹ ਵੀ ਇੱਕ ਪੱਖ ਹੈ ਜਿਸਨੂੰ ਝੂਠਲਾਇਆ ਨਹੀਂ ਜਾ ਸਕਦਾ ਕਿ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਦੀ ਬਦੌਲਤ ਹੀ ਹਜ਼ਾਰ ਸਾਲ ਦੀ ਗੁਲਾਮੀ ਭੋਗਣ ਉਪਰੰਤ 1947 ਵਿਚ ਹਿੰਦੋਸਤਾਨ ਦੇ ਬ੍ਰਾਹਮਣਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਪਿੱਛੋਂ ਸਿੱਖ ਪੰਥ ਨੂੰ ਨਵੀਂ ਚੜ੍ਹਦੀਕਲਾ ਵਾਲੀ ਦਿੱਖ ਬਖਸ਼ਣ ਲਈ ਆਪਣੀ ਲੰਮੀ ਬੌਧਿਕ ਸਾਧਨਾਂ ਨਾਲ ਇਤਿਹਾਸ ਦੇ ਤਜਰਬਿਆਂ ਨੂੰ ਘੋਖ ਕੇ ਖਾਲਸਾ ਪੰਥ ਦੀ ਸਿਰਜਣਾ ਦਾ ਸੰਕਲਪ ਉਲੀਕਿਆ । ਇਹ ਉਹ ਰਾਹ ਸੀ ਜਿੱਥੇ ਸਿੱਖ ਨੂੰ ਸਿੰਘ ਦੀ ਨਵੀਂ ਪਹਿਚਾਣ ਮਿਲੀ । ਸਿੱਖ, ਜੋ ਹਰ ਵੇਲੇ ਅਕਾਲਪੁਰਖ ਦੀ ਅਗੰਮੀ ਹਜ਼ੂਰੀ ਵਿਚ ਵਿਚਰਦਾ ਹੈ ਤੇ ਸਰਬੱਤ ਦਾ ਭਲਾ ਲੋਚਦਾ ਹੈ । ਜਿਸਨੂੰ ਗੁਰੂ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ “ਬਿਸਰਿ ਗਈ ਸਭਿ ਤਾਤਿ ਪਰਾਈ ॥” ਅਤੇ “ਸਗਲ ਸੰਗਿ ਹਮ ਕਉ ਬਨਿ ਆਈ ॥” ਅਤੇ ਸਿੰਘ ਜੋ ਸ਼ਸਤਰਧਾਰੀ ਹੋ ਕੇ ਕੂੜ, ਫਰੇਬ ਤੇ ਧੱਕੇਸ਼ਾਹੀ ਖਿਲਾਫ ਟੱਕਰ ਲੈਣ ਲਈ ਵੱਚਨਬੱਧ ਰਹਿੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਖਾਲਸੇ ਦੀ ਸਿਰਜਣਾ ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ ਕੀਤੀ ਗਈ ਹੈ ।ਖਾਲਸਾ, ਜਿਸ ਨਾਲ ਦਸਮੇਸ਼ ਪਿਤਾ ਨੇ ਇਕਰਾਰ ਕੀਤਾ ਹੋਇਆ ਹੈ ਪਾਤਸ਼ਾਹੀ ਬਖਸ਼ਣ ਦਾ ਕਿ “ਇਨ ਕੋ ਮੈਂ ਸਰਦਾਰ ਬਣਾਊ ।ਰਾਜ ਕਰਨ ਕੀ ਰੀਤ ਸਿਖਾਊਂ ।”
ਆਖਰਕਾਰ ਕਲਗੀਧਰ ਪਾਤਸ਼ਾਹ ਦੇ ਇਸੇ ਇਕਰਾਰ ਵਿਚੋਂ ਅਤੇ ਰਾਜ ਕਰੇਗਾ ਖਾਲਸਾ ਦੇ ਮੰਤਵ ਨੂੰ ਹਕੀਕੀ ਰੂਪ ਵਿਚ ਮੂਰਤੀਮਾਨ ਕਰਨ ਲਈ ਸ਼ਹੀਦਾਂ ਦੀ ਡੁੱਲੀ ਰੱਤ ਦੀ ਉਪਜ ਸਾਡਾ ਮੌਜੂਦਾ ਸਿੱਖ ਸੰਘਰਸ਼ ਹੈ ਜਿਸਦਾ ਮੰਤਵ ਧਰਤੀ ਦੇ ਕਿਸੇ ਖਿੱਤੇ ਉੱਤੇ ਜਬਰੀ ਕਬਜ਼ਾ ਕਰਨਾ ਨਹੀਂ ਕਿਉਂਕਿ ਅਕਾਲਪੁਰਖ ਦੇ ਰਾਜ ਭਾਗ ਦਾ ਵਾਰਿਸ ਉਹੀ ਹੋ ਸਕਦਾ ਹੈ ਜੋ ਖਲਕ ਵਿਚ ਖੁਦਾ ਦਾ ਨੂਰ ਵੇਖਦਾ ਹੋਵੇ ਤੇ ਰਾਜ ਦੀ ਪ੍ਰਾਪਤੀ ਖਾਲਸੇ ਲਈ ਰੂਹਾਨੀਅਤ ਦੀ ਇੱਕ ਮੰਜ਼ਲ ਹੈ । ਮਤਲਬ ਕਿ ਐਸੇ ਬੇਗਮਪੁਰੇ ਦੀ ਸਿਰਜਣਾ ਕਰਨੀ ਹੈ ਜਿੱਥੇ ਬਲਿਹਾਰੀ ਕੁਦਰਤਿ ਵਸਿਆ ਹੋਇਆ ਹੈ।
ਅਕਸਰ ਕਈ ਵਾਰ ਸਵਾਲ ਹੁੰਦਾ ਹੈ ਕਿ ਖਾਲਿਸਤਾਨ ਅਤੇ ਸਰਬੱਤ ਦੇ ਭਲੇ ਸੁਮੇਲ ਕੀ ? ਜਿਸਦਾ ਜਵਾਬ ਅਸੀਂ ਅਗਲੇ ਭਾਗ ਵਿੱਚ ਸਾਂਝਾਂ ਕਰਾਂਗੇ ।

ਟਿੱਪਣੀ ਕਰੋ:

About editor

Scroll To Top