Home / ਸੰਪਾਦਕੀ ਟਿੱਪਣੀਆਂ / ਇੱਕੀਵੀਂ ਸਦੀ ਵਿਚ ਸਿੱਖ ਕੌਮ ਦੀ ਜਿੰਮੇਵਾਰੀ ਕੀ ?

ਇੱਕੀਵੀਂ ਸਦੀ ਵਿਚ ਸਿੱਖ ਕੌਮ ਦੀ ਜਿੰਮੇਵਾਰੀ ਕੀ ?

nishan sahibਅਕਾਲਪੁਰਖ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਇਹ ਸੱਚਾਈ ਜੁਗੋ ਜੁਗੋ ਅਟੱਲ ਹੈ ਅਤੇ ਇਹ ਸੱਚ ਹੀ ਮਨੁੱਖੀ ਜੀਵਨ ਦੀ ਹੋਂਦ ਦਾ ਸਰੋਤ ਹੈ। ਅਕਾਲਪੁਰਖ ਹਮੇਸ਼ਾਂ ਆਪਣੀ ਰਚਨਾ ਨੂੰ ਵੇਖ ਵੇਖ ਕੇ ਅਨੰਦਿਤ ਹੁੰਦਾ ਹੈ, ਆਪਣੀ ਸਿਰਜਣਾ ਵੱਲ ਤੱਕ ਕੇ ਬੇਪਰਵਾਹ ਹੋ ਕੇ ਖਿੜਦਾ ਹੈ ਨਿਹਾਲ ਹੁੰਦਾ ਹੈ । ਜਪੁਜੀ ਸਾਹਿਬ ਵਿਚ ਗੁਰੂ ਪਿਤਾ ਜੀ ਦੇ ਬਚਨ ਹਨ “ਕਰਿ ਕਰਿ ਵੇਖੈ ਨਦਰਿ ਨਿਹਾਲ”। ਅਕਾਲਪੁਰਖ ਦਾ ਵੇਪਰਵਾਹ ਹੋ ਕੇ ਖਿੜਨਾ ਹੀ ਸ੍ਰਿਸ਼ਟੀ ਨੂੰ ਮੌਲਣ ਲਈ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਨਵੀਆਂ ਪਰਤਾਂ ਉਜਾਗਰ ਹੁੰਦੀਆਂ ਹਨ, ਇਹ ਸਿਰਜਣਾ ਇਵੇਂ ਹੁੰਦੀ ਹੈ ਜਿਵੇਂ ਜਲ ਵਿਚ ਕਮਲ ਦਾ ਫੁਲ ਵਿਗਾਸ ਹੁੰਦਾ ਹੈ ।

ਸਿੱਖ ਅਕਾਲਪੁਰਖ ਦੀ ਇਸ ਵਿਸਮਾਦੀ ਰਚਨਾ ਅਤੇ ਬਹੁ ਪੱਖੀ ਸੰਯੋਗ ਦਾ ਵਾਰਿਸ ਹੈ ਅਤੇ ਕਲਗੀਧਰ ਸੱਚੇ ਪਾਤਸ਼ਾਹ ਦਾ ਸਿਰਜਿਆ ਖਾਲਸਾ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਹੀ ਸਰੂਪ ਹੈ। ਆਪ ਅਨੰਦ ਵਿਚ ਰਹਿਣਾ ਅਤੇ ਦੂਜਿਆਂ ਨੂੰ ਅਨੰਦ ਵਿਚ ਰੱਖਣਾ ਸਮੁੱਚੀ ਮਨੁੱਖਤਾ ਅਤੇ ਸਿਰਜਣਹਾਰ ਪ੍ਰਤੀ ਇੱਕ ਬਹੁਤ ਵੱਡੀ ਜਿੰਮੇਵਾਰੀ ਹੈ, ਜੋ ਸਿੱਖ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ ਉਦੋਂ ਮਨੁੱਖਤਾ ਲਈ ਸੰਕਟ ਖੜ੍ਹਾ ਹੁੰਦਾ ਹੈ। ਅਸਲ ਵਿਚ ਸਾਹਿਬ ਗੁਰੂ ਸ਼੍ਰੀ ਨਾਨਕ ਦੇਵ ਜੀ ਦਾ ਇਸ ਧਰਤੀ ਉੱਤੇ ਆਉਣ ਦਾ ਕਾਰਣ ਹੀ ਇਹੋ ਸੀ ਕਿਉਂਕਿ ਉਸ ਸਮੇਂ ਇਸਲਾਮ ਅਤੇ ਬ੍ਰਾਹਮਣ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਅਸਮਰੱਥ ਹੋ ਚੁੱਕੇ ਸਨ ਤੇ ਆਪੋ ਆਪਣੀ ਜਿੰਮੇਵਾਰੀ ਤੋਂ ਭੱਜ ਉੱਠੇ ਸਨ ਤੇ ਸਮਾਜ ਵਿਚ ਜੁਗ ਗਰਦੀ ਛਾਈ ਹੋਈ ਸੀ, ਇੱਕ ਪਾਸੇ ਇਸਲਾਮਿਕ ਤਾਕਤਾਂ ਤਲਵਾਰ ਦੇ ਬਲ ਨਾਲ ਸਭ ਨੂੰ ਇਸਲਾਮ ਦੇ ਝੰਡੇ ਹੇਠਾਂ ਲਿਆਉਣ ਦਾ ਤਜਰਬਾ ਕਰ ਰਹੀਆਂ ਸੀ ਤੇ ਦੂਜੇ ਪਾਸੇ ਬ੍ਰਾਹਮਣੀ ਮੱਤ ਜਾਤ ਪਾਤ ਦੇ ਪ੍ਰਬੰਧ ਰਾਹੀਂ ਆਪਣੀਆਂ ਥੋਥੀਆਂ ਕਦਰਾਂ ਕੀਮਤਾਂ ਦੂਸਰਿਆਂ ਸਿਰ ਮੜ੍ਹ ਕੇ ਅਕਾਲਪੁਰਖ ਦੇ ਸਹਿਜ ਅਨੰਦ ਵਿਚ ਖਲਨ ਪੈਦਾ ਕਰ ਰਿਹਾ ਸੀ । ਸੋ ਐਸੇ ਵਿਚ ਸਮਰੱਥ ਗੁਰੂ ਦੀ ਲੋੜ ਸੀ ਜੋ ਲੋਕਾਈ ਨੂੰ ਸੇਧ ਦੇ ਕੇ ਸਦੀਵੀ ਅਨੰਦ ਅਤੇ ਸਾਰਥਕਤਾ ਬਖਸ਼ੇ । ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ ਨਵੇਂ ਇਨਕਲਾਬ ਦੇ ਆਉਣ ਦਾ ਪਹਿਲਾ ਪੜਾਅ ਸੀ ਕਿਉਂਕਿ ਐਸੇ ਸੁੱਤੇ ਹੋਏ ਸੰਸਾਰ ਅੰਦਰ ਜਦੋਂ ਕੋਈ ਜਾਗਦੀ ਹੋਈ ਘਟਨਾ ਵਾਪਰਦੀ ਹੈ ਤਾਂ ਅਜਿਹੀ ਘਟਨਾ ਆਪਣਾ ਪ੍ਰਭਾਵ ਲੋਕਾਂ ਦੀ ਮਾਨਸਿਕਤਾ ਉੱਤੇ ਛੱਡਦੀ ਹੈ ਜੋ ਆਉਣ ਵਾਲੇ ਸਮੇਂ ‘ਚ ਇਨਕਲਾਬ ਦੇ ਰੂਪ ਚ ਉੱਘੜ ਕੇ ਸਾਹਮਣੇ ਆਉਂਦਾ ਹੈ । ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ਮਾਨ ਹੋ ਨਿਰਮਲ ਪੰਥ ਉਜਿਆਰਾ ਕੀਤਾ ਜਿਸ ਦਾ ਮੁੱਢ ਗੁਰੂ ਜੀ ਨੇ ਕੁਦਰਤ, ਸਮਾਜ ਅਤੇ ਮਨੁੱਖ ਦੇ ਵਰਤਾਰਿਆਂ ਨੂੰ ਘੋਖ ਕੇ ਬੰਨਿਆ ਤਾਂ ਜੋ ਇਹ ਪੰਥ ਆਦਿ ਜੁਗਾਦਿ ਸੱਚ ਦਾ ਰਥਵਾਨ ਬਣ ਸਕੇ । ਗੁਰੂ ਸਾਹਿਬ ਵੱਲੋਂ ਚਲਾਏ ਪੰਧ ਦਾ ਮੁੱਖ ਨਿਸ਼ਾਨਾ ਮਨੁੱਖ ਦੀ ਪੂਰਨ ਆਜਾਦੀ ਹੈ ਪਰ ਆਪ ਜੀ ਨੇ ਪਹਿਲਾਂ ਤੋਂ ਤੁਰੇ ਆ ਰਹੇ ਮੱਤਾਂ ਨੂੰ ਨਕਾਰਿਆ ਨਹੀਂ ਸਗੋਂ ਉਹਨਾਂ ਵਿਚ ਆਏ ਕਰਮਕਾਂਡਾਂ ਦਾ ਖੰਡਨ ਕੀਤਾ ਤੇ ਉਹਨਾਂ ਨੂੰ ਸ਼ੁਭ ਅਮਲਾਂ ਦੀ ਪਹਿਚਾਣ ਕਰਵਾਈ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਫੋਕੇ ਕਰਮ ਕਾਂਡਾਂ ਅਤੇ ਮਹਿਜ ਰੀਤੀ ਰਿਵਾਜਾਂ ਦੀ ਪੂਰਤੀ ਨੂੰ ਧਰਮ ਨਹੀਂ ਸਮਝਦੇ ਅਤੇ ਨਾ ਹੀ ਉਹਨਾਂ ਨੇ ਆਪਣੇ ਸਿੱਖ ਦਾ ਮਕਸਦ ਸਿਰਫ਼ ਰੂਹਾਨੀ ਅਨੰਦ ਦੀ ਖੋਜ ਕਰਨਾ ਤੈਅ ਕੀਤਾ ਹੈ ਜੋ ਸਿਆਸੀ ਗੁਲਾਮੀ ਨੂੰ ਕਬੂਲ ਕਰਦਿਆਂ ਹੋਇਆ ਹਾਸਲ ਹੋਵੇ । ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਇਹ ਕਾਰਜ ਆਰੰਭਿਆ ਉਸ ਸਮੇਂ ਲੋਕ ਜੀਵਨ ਦੇ ਹਰ ਪੱਖ ਵਿਚ ਹੀਣ ਭਾਵਨਾ ਆ ਚੁੱਕੀ ਸੀ, ਉਸ ਸਮੇਂ ਦੇ “ਰਾਜੇ ਸ਼ੀਹ ਮੁਕਦਮ ਕੁਤੇ” ਬਣ ਚੁੱਕੇ ਸਨ ਅਤੇ ਗੁਰੂ ਨਾਨਕ ਦੇਵ ਜੀ ਆਮ ਆਵਾਮ ਬਾਰੇ ਬਚਨ ਕਰਦੇ ਹਨ ਕਿ “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰ” ਸੋ ਮਾਨਸਿਕ ਤੌਰ ਉੱਤੇ ਗੁਲਾਮ ਹੋ ਚੁੱਕੇ ਅਤੇ ਜਾਤ ਪਾਤ ਦੀ ਖਾਈ ਵਿਚ ਡਿੱਗੇ ਹਿੰਦਵਾਸੀਆਂ ਦੇ ਪਾਰ ਉਤਾਰੇ ਵਾਸਤੇ ਪਾਰਬ੍ਰਹਮ ਪ੍ਰਮੇਸ਼ਵਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਾਰ ਵਰਣਾਂ ਨੂੰ ਇੱਕ ਓਅੰਕਾਰ ਦਾ ਸਾਝਾ ਉਪਦੇਸ਼ ਬਖਸ਼ਿਆ । ਐਮਨਾਬਾਦ ‘ਚ ਦੱਬੇ ਕੁਚਲੇ ਲੋਕਾਂ ਲਈ ਹਾਅ ਦਾ ਨਾਅਰਾ ਮਾਰ ਕੇ ਗੁਰੂ ਬਾਬਾ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਿਆ । ਹਿੰਦੋਸਤਾਨ ਦੇ ਲੋਕਾਂ ਲਈ ਇਹ ਵਰਤਾਰਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ ਜਦੋਂ ਕਿਸੇ ਨੇ ਜੁਲਮ ਖਿਲਾਫ ਆਵਾਜ ਬੁਲੰਦ ਕੀਤੀ । ਗੁਰੂ ਸਾਹਿਬ ਜੀ ਨੇ ਨਿਮਾਣਿਆ ਨਿਤਾਣਿਆ ਸੰਗ ਬੈਠੇ ਉਚਾਰਣ ਕੀਤਾ “ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਜਿਥੈ ਨੀਚ ਸਮਾਲਿਅਨ ਤਿਥੈ ਨਦਰਿ ਤੇਰੀ ਬਖਸੀਸ ॥ ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥”
ਪੰਦਰਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਸਤਾਰਵੀਂ ਸਦੀ ਦੇ ਆਗਮਨ ਤੱਕ ਗੁਰੂ ਨਾਨਕ ਦੇਵ ਜੀ ਦੀ ਚਲਾਈ ਵਿਚਾਰਧਾਰਾ ਦਾ ਸਿਖਰ ਦਸਵੇਂ ਨਾਨਕ ਨੇ ਖਾਲਸਾ ਪੰਥ ਦੇ ਰੂਪ ਵਿਚ ਸਾਹਮਣੇ ਲਿਆਂਦਾ । ਭਾਈ ਨੰਦ ਲਾਲ ਜੀ ਖਾਲਸੇ ਨੂੰ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ ਦੱਸਦੇ ਹਨ । ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ। ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਪਾਂਧੀ ਖਾਲਸੇ ਨੇ ਪੰਜ ਸਦੀਆਂ ਅੰਦਰ ਮਨੁੱਖੀ ਹਕੂਕਾਂ ਦੀ ਰਾਖੀ ਕਰਦਿਆਂ ਹੋਇਆਂ ਵੱਡੀਆਂ ਬਾਦਸ਼ਾਹੀਆਂ ਨਾਲ ਸਿੱਧੀ ਟੱਕਰ ਲਈ ਤੇ ਰਾਜ ਪ੍ਰੰਬਧ ਦੀ ਦੁਨੀਆ ਉੱਤੇ ਨਵੀਂ ਮਿਸਾਲ ਕਾਇਮ ਕੀਤੀ ਕਿ ਜਿੱਥੇ ਰੂਪ, ਰੰਗ, ਰੇਖ ਭੇਖ ਤੇ ਜਾਤਿ ਵਰਨ ਦਾ ਕੋਈ ਵਿਤਕਰਾ ਨਹੀਂ ਸਗੋਂ ਸਮੁੱਚੇ ਬ੍ਰਹਿਮੰਡ ਦਾ ਭਲਾ ਹੈ ।
ਅੱਜ ਇੱਕੀਵੀਂ ਸਦੀ ਵਿਚ ਜਦੋਂ ਪੂਰਾ ਸੰਸਾਰ ਪੂੰਜੀਵਾਦ ਅਤੇ ਸਾਮਰਾਜਵਾਦ ਦੇ ਦੋ ਪੁੜਾਂ ਵਿਚਕਾਰ ਪਿਸ ਰਿਹਾ ਹੈ ਕਿਧਰੇ ਵੀ ਸੰਤੋਖਮਈ ਜੀਵਨ ਨਹੀਂ ਹੈ । ਪੂੰਜੀਵਾਦ ਦੀ ਲੁੱਟ ਕਰੋੜਾਂ ਲੋਕਾਂ ਦੀ ਭੁੱਖ ਅਤੇ ਨਰਸੰਘਾਰ ਦਾ ਕਾਰਣ ਬਣੀ ਹੋਈ ਹੈ । ਵਿਸ਼ਵੀਕਰਣ ਅਤੇ ਮੰਡੀਕਰਣ ਦੇ ਸੰਦਰਭ ਵਿਚ ਦੁਨੀਆ ਭਰ ਵਿਚੋਂ ਲੁੱਟੀ ਹੋਈ ਕਮਾਈ ਨੂੰ ਵਰਤ ਕੇ ਧਨਾਢ ਵਰਗ ਨੇ ਇੱਕ ਕਮਜ਼ੋਰ ਤਬਕੇ ਉੱਤੇ ਆਪਣੀ ਹਕੂਮਤ ਕਾਇਮ ਕੀਤੀ ਹੋਈ ਹੈ । ਅੱਜ ਦੇ ਧਨਾਢਾਂ ਨੇ ਕਿਰਤੀਆਂ ਦੀ ਸੱਤ ਨੂੰ ਨਿਚੋੜਨ ਦਾ ਗਿਆਨ ਅਤੇ ਵਿਗਿਆਨ ਉੱਪਰ ਆਪਣੀ ਪਕੜ ਪੱਕਿਆ ਕਰਨ ਲਈ ਉਪਰਾਲੇ ਆਰੰਭੇ ਹੋਏ ਹਨ । ਵਿਕਸਤ ਦੇਸ਼ਾਂ ਦੇ ਹਾਕਮ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਲਿਤਾੜ ਕੇ ਦੁਨੀਆਂ ਭਰ ਉਪਰ ਆਪਣਾ ਤੇਂਦੂਆ ਜਾਲ ਵਿਛਾ ਰਹੇ ਹਨ ਤੇ ਵਿਰੋਧ ਵਿਚ ਉੱਠਦੀ ਆਵਾਜ ਨੂੰ ਅੱਤਵਾਦੀ ਦੱਸ ਕੇ ਗੋਲੀ ਸਿੱਕੇ ਦੀ ਵਰਤੋਂ ਨਾਲ ਕੁਚਲਿਆ ਜਾਂਦਾ ਹੈ । ਅਜਿਹੇ ਹੀ ਇੰਗਲੈਂਡ ਦੇ ਲੋਕਰਾਜੀ ਸ਼ੰਘਰਸ਼ ਦੇ ਦਿਨਾਂ ਦੌਰਾਨ ਉੱਥੇ ਦੇ ਪ੍ਰਧਾਨ ਮੰਤਰੀ ਨੇ ਮਨੁੱਖ ਨੂੰ ਕੁੱਤਾ ਦੱਸਦੇ ਹੋਏ ਕਿਹਾ ਸੀ ਕਿ “ਹਰ ਕੁੱਤੇ ਦੀ ਕੀਮਤ ਹੁੰਦੀ ਹੈ ਅਤੇ ਸੁੱਤੇ ਹੋਏ ਕੁੱਤਿਆਂ ਨੂੰ ਰਹਿਣ ਦਿਉ”, ਸੋ ਅਜਿਹੇ ਭੈ ਅਤੇ ਹੋਲਨਾਕ ਸਮਾਜ ਅੰਦਰ ਨਾਨਕ ਨਾਮ ਲੇਵਾ ਸਿੱਖਾਂ ਦਾ ਕਿਰਦਾਰ ਬਹੁਤ ਹੀ ਅਹਿਮ ਸਾਬਿਤ ਹੋਣ ਵਾਲਾ ਹੈ । ਜਿੱਥੇ ਇੱਕ ਪਾਸੇ ਮੰਡੀਕਰਣ ਦੀ ਦੌੜ ਹੈ, ਝੂਠ ਫਰੇਬ ਨਾਲ ਇਕੱਠੀ ਕੀਤੀ ਹੋਈ ਪੂੰਜੀ ਹੈ ਤਾਂ ਦੂਜੇ ਪਾਸੇ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ “ਘਾਲ ਖਾਇ ਕਿਛੁ ਹਥੁਹ ਦੇਇ” ਦਾ ਹੁਕਮ ਹੈ । ਅੱਜ ਲੋੜ ਹੈ ਸਾਮਰਾਜਵਾਦ ਦੇ ਦੈਂਤ ਨੂੰ ਠੱਲ ਪਾਉਣ ਦੀ, ਜਿਸਦੀ ਰੁਚੀ ਹੈ ਲੋਕ ਰਾਜ ਦੀ ਵਿਰੋਧਤਾ ਤੇ ਆਪ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਨੀ ਹੈ । ਲੋੜ ਹੈ ਗੁਰੂ ਬਾਬਾ ਜੀ ਦੇ ਸਰਬ ਸਾਂਝੀਵਾਲਤਾ ਦੇ ਨਾਅਰੇ ਨੂੰ ਬੁਲੰਦ ਕਰਨ ਦੀ ਤਾਂ ਜੋ ਕਿ ਸਮਾਜ ਅੰਦਰ ਪ੍ਰਚਲਿਤ ਖਰਵੀਂ ਨੀਤੀ ਹਰ ਕਰਮ ਦਾ ਪ੍ਰਤੀਕਰਮ ਨੂੰ ਰੋਕਿਆ ਜਾਵੇ ਤਾਂ ਜੋ ਕਿ ਇੱਕ ਵਧੀਆ ਸਮਾਜ ਦੀ ਬੁਨਿਆਦ ਧਰੀ ਜਾ ਸਕੇ । ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਬਾਣੀ ਰਾਹੀਂ ਨੇਕੀ ਆਧਾਰਿਤ ਸਮਾਜ ਚਲਾਉਣ ਦਾ ਹੁਕਮ ਕੀਤਾ ਹੈ ਤੇ ਉਸਦੀ ਪ੍ਰਾਪਤੀ ਵੱਲ ਸਿੱਖ ਨੂੰ ਸੱਭ ਤੋਂ ਪਹਿਲਾਂ ਗੁਰਮੁਖ ਹੋਣ ਦੀ ਸੇਧ ਦਿੱਤੀ ਸੀ । ਪੰਚਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਹਲੇਮੀ ਰਾਜ ਦਾ ਸੰਕਲਪ ਅੱਗੇ ਚੱਲ ਕੇ ਸਾਹਿਬ ਗੁਰੂ ਹਰਗੋਬਿੰਦ ਜੀ ਵੱਲੋਂ ਮੀਰੀ ਪੀਰੀ ਦੇ ਧਾਰਨੀ ਹੋਣ ਦਾ ਆਦੇਸ਼ ਅਤੇ ਕਲਗੀਧਰ ਜੀ ਵੱਲੋਂ ਖਾਲਸਾ ਪੰਥ ਪ੍ਰਗਟ ਕਰਨਾ ਇਸੇ ਰਾਹ ਦੇ ਪੈਂਤੜੇ ਸਨ ਕਿਉਂਕਿ ਗੁਰੂ ਸਾਹਿਬ ਜਾਣਦੇ ਸਨ ਕਿ ਬਦਲੇ ਹੋਏ ਮਨੁੱਖ ਤੋਂ ਬਿਨਾਂ ਨਵੇਂ ਅਤੇ ਉਸਾਰੂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਗੁਰੂ ਸਾਹਿਬ ਦੇ ਉਦੇਸ਼ਾਂ ਨੂੰ ਇੱਕ ਵਿਦਵਾਨ ਆਪਣੇ ਅੰਦਾਜ਼ ਵਿਚ ਲਿਖਦਾ ਹੈ ਕਿ “ਕ੍ਰਾਂਤੀਕਾਰੀ ਨੂੰ ਸਭ ਤੋਂ ਪਹਿਲਾਂ ਆਪਣੇ ਉਦੇਸ਼ ਨੂੰ ਆਪਣੇ ਸੁਪਨ ਜਗਤ ਅਤੇ ਇਸ ਦੇ ਸੌਂਦਰਯ ਨੂੰ ਮਨ ਅਤੇ ਦੇਹ ਵਿਚ ਰਚਾਉਣਾ ਪਵੇਗਾ । ਕ੍ਰਾਂਤੀਕਾਰੀ ਦੀ ਸੁਪਨੇ ਨਾਲ ਜਿਉਂ ਕੇ ਹੋਈ ਸਵੈ-ਪ੍ਰਫੁੱਲਤਾ ਹੀ ਉਸ ਨੂੰ ਆਪਣੀ ਮੰਜ਼ਿਲ ਵੱਲ ਤੋਰੇਗੀ” ।
ਅੰਤ ਗੁਰੂ ਸਾਹਿਬ ਦੇ ਹੁਕਮਾਂ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਮੂਰਤੀਮਾਨ ਕਰਨ ਲਈ ਸਿੱਖ ਕੌਮ ਨੇ ਅਜੇ ਲੰਮਾਂ ਪੈਂਡਾ ਤੈਅ ਕਰਨਾ ਹੈ ਕਿਉਂਕਿ 1947 ਤੋਂ ਲੈ ਕੇ ਹੁਣ ਤੱਕ ਸਿੱਖ ਆਪਣੇ ਗੁਆਚੇ ਹੋਏ ਸਵੈਮਾਣ ਨੂੰ ਲੱਭ ਰਹੀ ਹੈ । ਰਾਜਨੀਤੀ ਅਤੇ ਆਮ ਸਮਾਜਿਕ ਜੀਵਨ ਅੰਦਰ ਏਕਤਾ ਨਜ਼ਰ ਨਹੀਂ ਪੈਂਦੀ । ਪੰਥ ਅੰਦਰ ਅਜੀਬ ਹਾਲਤ ਬਣੀ ਹੋਈ ਹੈ । ਸਿਧਾਂਤਕ ਪੱਖੋਂ ਸਿੱਖ ਨੂੰ ਮਾਇਆ, ਹਉਮੇ ਤੋਂ ਨਿਰਲੇਪ ਹੋਣਾ ਚਾਹੀਦਾ ਹੈ ਪਰ ਅਮਲੀ ਜੀਵਨ ਵਿਚ ਸਿੱਖ ਮਾਇਆ ਅਤੇ ਹਉਮੈ ਦੀ ਖਾਈ ਅੰਦਰ ਫਸੇ ਹੋਏ ਹਨ । ਜਿਹਨਾਂ ਰੁਚੀਆਂ ਨੂੰ ਗੁਰੂ ਸਾਹਿਬ ਮਾਰੂ ਰੁਚੀਆਂ ਦੱਸਦੇ ਹਨ ਉਹ ਹੀ ਸਾਡੇ ਅੰਦਰ ਅੱਜ ਪ੍ਰਬਲ ਰੂਪ ਵਿਚ ਮਿਲਦੀਆਂ ਹਨ ।
ਲੋੜ ਹੈ ਸਮੁੱਚੇ ਜੀਵਣ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਪੰਥਕ ਮਾਰਗ ਉੱਤੇ ੴ ਦੇ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਸਾਹਮਣੇ ਰੱਖ ਕੇ ਚੱਲਣ ਦੀ ਕਿਉਂਕਿ ਵਧੀਆ ਸਮਾਜ ਦੀ ਸਿਰਜਣਾ ਵਧੀਆ ਮਨੁੱਖ ਹੀ ਕਰ ਸਕਦਾ ਹੈ ਅਤੇ ਐਸੇ ਵਧੀਆ ਸਮਾਜ ਦੀ ਸਿਰਜਣਾ ਵਾਸਤੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਧਾਰਨੀ ਹੋਣਾ ਅਤੀਅੰਤ ਜਰੂਰੀ ਹੈ । ਮੁੜ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਵਿਚਾਰਕੇ ਆਪਣੇ ਜੀਵਣ ਵਿਚ ਢਾਲੀਏ ਅਤੇ ਇੱਕਜੁੱਟ ਹੋ ਸਮਾਜ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਦਰੜ ਸੁੱਟੀਏ ਤਾਂ ਜੋ ਅਸੀਂ ਉਸ ਮੰਜ਼ਲ ਏ ਮਕਸੂਦ ਤੱਕ ਅੱਪੜ ਸਕੀਏ ਜਿੱਥੇ ਤੱਕ ਸਾਨੂੰ ਸਾਡੇ ਗੁਰੂ ਸਾਹਿਬਾਨ ਲੈ ਕੇ ਜਾਣਾ ਚਾਹੁੰਦੇ ਹਨ ਤੇ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿਸਦੀ ਸਵੈ-ਪ੍ਰਫੁੱਲਿਤਾ ਅਤੇ ਭਰਪੂਰਤਾ ਨੂੰ ਵੇਖ ਰਾਗ ਆਸਾ ਦੀ ਵਾਰ ਵਿਚ ਦਰਜ ਬਚਨ “ਵੇਖਿ ਵਿਡਾਣੁ ਰਹਿਆ ਵਿਸਮਾਦੁ” ਸੱਚ ਹੋਵਣ ।

ਟਿੱਪਣੀ ਕਰੋ:

About editor

Scroll To Top