Home / ਚੋਣਵੀ ਖਬਰ/ਲੇਖ / ਸਥਾਪਤੀ ਨੂੰ ਰਾਸ ਨਹੀਂ ਆਇਆ ਹਲ ਵਾਹਕ ਜਥੇਦਾਰ

ਸਥਾਪਤੀ ਨੂੰ ਰਾਸ ਨਹੀਂ ਆਇਆ ਹਲ ਵਾਹਕ ਜਥੇਦਾਰ

member_sgpc nandgarh makkarਬਠਿੰਡਾ – ਭਾਈ ਬਲਵੰਤ ਸਿੰਘ ਨੰਦਗੜ੍ਹ ਸਥਾਪਤੀ ਨੂੰ ਬਰਦਾਸ਼ਤ ਕਿਉਂ ਨਾ ਹੋਇਆ, ਇਸ ਦਾ ਵੱਡਾ ਕਾਰਨ ਰੀੜ੍ਹ ਦੀ ਹੱਡੀ ਰਹਿਤ ਪੁਜਾਰੀ ਵਰਗ ਦੀ ਬਜਾਏ ਕਿਸੇ ਤਖ਼ਤ ਦਾ ਜਥੇਦਾਰ ਹਲ ਵਾਹਕ ਕਿਰਤੀ ਸ਼੍ਰੇਣੀ ਨਾਲ ਸੰਬੰਧਤ ਹੋਣਾ ਸ਼ਾਇਦ ਉਸ ਦਾ ਸਭ ਤੋਂ ਵੱਡਾ ਗੁਨਾਹ ਹੈ।ਬਠਿੰਡਾ ਤੋਂ ਬਾਦਲ ਨੂੰ ਜਾਣ ਵਾਲੀ ਸੜਕ ਦੇ 23 ਕੁ ਕਿਲੋਮੀਟਰ ‘ਤੇ ਸਥਿਤ ਇੱਕ ਛੋਟੇ ਜਿਹੇ ਪਿੰਡ ਨੰਦਗੜ੍ਹ ਦਾ ਵਸਨੀਕ ਭਾਈ ਬਲਵੰਤ ਸਿੰਘ 1997 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਤੋਂ ਪਹਿਲਾਂ ਇੱਕ ਹਲ ਵਾਹਕ ਕਿਸਾਨ ਹੋਇਆ ਕਰਦਾ ਸੀ, ਜਿਸ ਦੀ ਪਹਿਲੀ ਤਰਜੀਹ ਹੱਥੀਂ ਕਿਰਤ ਕਰਨਾ ਸੀ। ਕਈ ਵਿਵਾਦਾਂ ਦੇ ਬਾਵਜੂਦ 2003 ਵਿੱਚ ਉਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਾਮਜ਼ਦ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਭਾਈ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਉਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਮੁੱਖ ਭੂਮਿਕਾ ਸੀ, ਪਰੰਤੂ ਹਕੀਕਤ ਕੁਝ ਹੋਰ ਹੀ ਹੈ। ਬਠਿੰਡਾ ਦਿਹਾਤੀ ਦੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਜੋ ਉਸ ਵੇਲੇ ਸਰਬ ਹਿੰਦ ਅਕਾਲੀ ਦਲ ਵਿੱਚ ਸਰਗਰਮ ਹੁੰਦੇ ਸਨ, ਦੀ ਜੱਦੀ ਰਿਹਾਇਸ਼ ਵਿਖੇ ਇੱਕ ਸਮਾਗਮ ਦੌਰਾਨ ਇਸ ਪੱਤਰਕਾਰ ਦੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਅਚਾਨਕ ਮੁਲਾਕਾਤ ਹੋ ਗਈ। ਉਹਨਾਂ ਦਿਨਾਂ ਵਿੱਚ ਕਿਉਂਕਿ ਭਾਈ ਨੰਦਗੜ੍ਹ ਟੌਹੜਾ ਸਾਹਿਬ ਦੇ ਅਲੋਚਕ ਹੋਇਆ ਕਰਦੇ ਸਨ, ਗੱਲਬਾਤ ਦੌਰਾਨ ਜਦ ਇਹ ਸਵਾਲ ਕੀਤਾ ਕਿ ਆਖਰ ਬਾਦਲ ਸਾਹਿਬ ਨੂੰ ਭਾਈ ਨੰਦਗੜ੍ਹ ਵਿੱਚ ਕਿਹੜੀ ਸਿਫਤ ਦਿੱਸੀ, ਜਿਸ ਦੇ ਚਲਦਿਆਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਿਕਟ ਦਿੱਤੀ ਗਈ। ਟੌਹੜਾ ਸਾਹਿਬ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਲਈ ਜਿੰਨੀਆਂ ਵੀ ਦਰਖਾਸਤਾਂ ਆਈਆਂ, ਉਹਨਾਂ ‘ਚੋਂ ਭਾਈ ਨੰਦਗੜ੍ਹ ਹੀ ਇੱਕ ਅਜਿਹੇ ਸ਼ਖ਼ਸ ਸਨ, ਜਿਹਨਾਂ ਦੀ ਅਰਜ਼ੀ ‘ਤੇ ਬਲਵੰਤ ਸਿੰਘ ਖਾਲਸਾ ਲਿਖਿਆ ਹੋਇਆ ਸੀ। ਟੌਹੜਾ ਸਾਹਿਬ ਨੇ ਦੱਸਿਆ ਕਿ ਹਾਸੇ ਠੱਠੇ ‘ਚ ਜਦ ਉਹਨਾਂ ਬਾਦਲ ਸਾਹਿਬ ਨੂੰ ਇਹ ਕਿਹਾ ਕਿ ਸਿਰਫ ਇੱਕੋ ਖਾਲਸੇ ਨੇ ਟਿਕਟ ਮੰਗੀ ਐ, ਇਸ ਦਾ ਕੀ ਕੀਤਾ ਜਾਵੇ, ਤਾਂ ਬਾਦਲ ਸਾਹਿਬ ਨੇ ਇਹ ਫੈਸਲਾ ਉਹਨਾਂ ‘ਤੇ ਹੀ ਛੱਡ ਦਿੱਤਾ, ਨਤੀਜੇ ਵਜੋਂ ਟੌਹੜਾ ਸਾਹਿਬ ਨੇ ਭਾਈ ਨੰਦਗੜ੍ਹ ਦੀ ਟਿਕਟ ਕਲੀਅਰ ਕਰ ਦਿੱਤੀ। ਉਹਨਾਂ ਦੇ ਕਾਰਜਕਾਲ ਦੇ ਪਲੇਠੇ ਸਾਲਾਂ ਦੌਰਾਨ ਇਹ ਸਮਝਿਆ ਜਾਂਦਾ ਸੀ ਕਿ ਭਾਈ ਨੰਦਗੜ੍ਹ ਬਾਦਲ ਪਰਵਾਰ ਦੀ ਰਬੜ ਦੀ ਮੋਹਰ ਤੋਂ ਵੱਧ ਕੁਝ ਵੀ ਨਹੀਂ, ਪਰੰਤੂ ਨਾਨਕਸ਼ਾਹੀ ਕੈਲੰਡਰ ‘ਤੇ ਉਹਨਾਂ ਜੋ ਸਟੈਂਡ ਲਿਆ, ਉਸ ਨੇ ਸਾਰੇ ਭਰਮ-ਭੁਲੇਖਿਆਂ ਨੂੰ ਦੂਰ ਕਰ ਦਿੱਤਾ। ਪਿਛਲੇ ਦਿਨੀਂ ਹੋਈ ਇੱਕ ਮੁਲਾਕਾਤ ਦੌਰਾਨ ਜਦ ਭਾਈ ਨੰਦਗੜ੍ਹ ਨੂੰ ਇਹ ਪੁੱਛਿਆ ਕਿ ਬਾਦਲ ਪਰਵਾਰ ਦੀ ਨਰਾਜ਼ਗੀ ਮੁੱਲ ਲੈ ਕੇ ਉਹ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ ਕਿਉਂ ਦੇ ਰਹੇ ਹਨ, ਤਾਂ ਉਹਨਾਂ ਦਾ ਉੱਤਰ ਸੀ, ”ਮੇਰਾ ਪਿਛੋਕੜ ਇੱਕ ਅਜਿਹੇ ਪਰਵਾਰ ਨਾਲ ਸੰਬੰਧਤ ਹੈ, ਜੰਗੇ ਅਜ਼ਾਦੀ ‘ਚ ਭਾਗ ਲੈਣ ਵਾਸਤੇ ਜਿਸ ਨੂੰ ਅਣਗਿਣਤ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ ਸੀ, ਦੂਜੀ ਹਕੀਕਤ ਇਹ ਹੈ ਕਿ ਮੈਂ ਦਾਲ ਪੀਣੀ ਪੁਜਾਰੀ ਸ਼੍ਰੇਣੀ ਦੀ ਬਜਾਏ ਗੁਰੂ ਆਸ਼ੇ ਅਨੁਸਾਰ ਹੱਥੀਂ ਕਿਰਤ ਕਰਨ ਵਾਲਾ ਹਲ ਵਾਹਕ ਜੱਟ ਹਾਂ।”ਹੱਥੀਂ ਕਿਰਤ ਕਰਨ ਵਾਲੇ ਵਰਗ ਨਾਲ ਸੰਬੰਧਤ ਹੋਣ ਕਰਕੇ ਭਾਈ ਨੰਦਗੜ੍ਹ ਵੱਲੋਂ ਅੱਜ ਦੇ ਸਮੇਂ ਦੇ ਸਕਤੀਸ਼ਾਲੀ ਸਿਆਸੀ ਪਰਵਾਰ ਦੀ ਈਨ ਨਾ ਮੰਨ ਕੇ ਆਪਣੇ ਅਕੀਦੇ ‘ਤੇ ਪਹਿਰਾ ਦੇਣ ਦਾ ਨਤੀਜਾ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਮ ਚਲਾਊ ਬਾਡੀ ਨੇ ਅੱਜ ਉਹਨਾਂ ਦੀ ਬਜਾਏ ਸ੍ਰੀ ਹਰਮੰਦਰ ਸਾਹਿਬ ਦੇ ਇੱਕ ਗ੍ਰੰਥੀ ਗੁਰਮੁਖ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪ ਦਿੱਤਾ।ਵਕਤੀ ਤੌਰ ‘ਤੇ ਇਹ ਫੈਸਲਾ ਭਾਵੇਂ ਭਾਈ ਨੰਦਗੜ੍ਹ ਲਈ ਕੋਈ ਸੁਖਾਵਾਂ ਨਹੀਂ, ਬਲਕਿ ਭਵਿੱਖ ਦੌਰਾਨ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕਾਰਜਸ਼ੈਲੀ ਦੀ ਚੀਰਫਾੜ ਕਰੇਗੀ, ਤਾਂ ਵਿੰਗੇ-ਟੇਢੇ ਰੂਪ ਵਿੱਚ ਸਿੱਖ ਧਰਮ ਦੀ ਇਸ ਸੰਸਥਾ ਨੂੰ ਠੀਕ ਉਸੇ ਤਰ੍ਹਾਂ ਆਪਣੀ ਗਲਤੀ ਨੂੰ ਮੰਨਣ ਲਈ ਮਜਬੂਰ ਹੋਣਾ ਪਵੇਗਾ, ਸਿੱਖ ਚਿੰਤਕ ਗਿਆਨੀ ਦਿੱਤ ਸਿੰਘ ਦੇ ਮਾਮਲੇ ਵਿੱਚ ਜਿਵੇਂ ਖ਼ੁਦ ਦੇ ਥੁੱਕੇ ਨੂੰ ਮੁੜ ਚੱਟਣਾ ਪਿਆ ਸੀ।

ਟਿੱਪਣੀ ਕਰੋ:

About editor

Scroll To Top